(ਸਮਾਜ ਵੀਕਲੀ) ਪੰਜਾਬੀ ਸਾਹਿਤਕ ਖ਼ੇਤਰ ‘ਚ ਔਰਤਾਂ ਦੇ ਪਾਏ ਯੋਗਦਾਨ ਨੂੰ ਕੋਈ ਅਣਗੋਲਿਆ ਨੀਂ ਕਰ ਸਕਦਾ। ਪੰਜਾਬੀ ਸਾਹਿਤ ਦੇ ਖ਼ੇਤਰ ‘ਚ ਔਰਤਾਂ ਨੇ ਆਪਣੀ ਸਿਰਫ਼ ਹਾਜ਼ਰੀ ਹੀ ਦਰਜ ਨੀਂ ਕਰਵਾਈ ਸਗੋਂ ਆਪਣੀ ਛਾਪ ਵੀ ਛੱਡੀ। ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ ਪੰਜਾਬੀ ਦੀਆਂ ਮਸ਼ਹੂਰ ਲੇਖਕਾ ਰਹੀਆਂ ਹਨ। ਹੋਰ ਵੀ ਅਨੇਕਾਂ ਔਰਤਾਂ ਨੇ ਪੰਜਾਬੀ ਸਾਹਿਤ ਦੀ ਦੁਨੀਆਂ ‘ਚ ਆਪਣਾ ਨਾਮ ਅਮਰ ਕੀਤਾ ਹੈ। ਅੱਜ ਦੇ ਦੌਰ ‘ਚ ਵੀ ਬਹੁਤ ਚੰਗੀਆਂ ਲੇਖਕਾ ਸੋਹਣਾਂ ਲਿਖ ਰਹੀਆਂ ਹਨ। ਪਹਿਲੇ ਦੌਰ ‘ਚ ਬੇਸ਼ੱਕ ਬਹੁਤ ਘੱਟ ਔਰਤਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਪਰ ਆਉਣ ਵਾਲਾ ਭਵਿੱਖ ਜਦੋਂ ਇਤਿਹਾਸ ਫਰੋਲੇਗਾ ਤਾਂ ਉਨ੍ਹਾਂ ਨੂੰ ਬਹੁਤ ਸਾਰੀਆਂ ਔਰਤ ਲੇਖਕਾਵਾਂ ਦੇ ਨਾਮ ਪੜ੍ਹਨ ਨੂੰ ਮਿਲਣਗੇ। ਸੁਖਵਿੰਦਰ ਅੰਮ੍ਰਿਤ ਵਰਗੀਆਂ ਔਰਤਾਂ ਪੰਜਾਬੀ ਸਾਹਿਤ ਦੇ ਪੰਨਿਆਂ ‘ਚ ਆਪਣਾ ਨਾਮ ਹਮੇਸ਼ਾ ਲਈ ਅਮਰ ਕਰਨਗੀਆਂ।
ਅਜੋਕਾ ਯੁੱਗ ਔਰਤਾਂ ਦਾ ਯੁੱਗ ਹੈ। ਹਰ ਖੇਤਰ ਵਿੱਚ ਔਰਤਾਂ ਬੇਮਿਸਾਲ ਨਾਮਣਾ ਖੱਟ ਰਹੀਆਂ ਹਨ, ਹਰ ਕੰਮ ‘ਚ ਆਪਣਾ ਯੋਗਦਾਨ ਪਾ ਰਹੀਆਂ ਹਨ। ਬਹੁਤ ਸਾਰੀਆਂ ਔਰਤਾਂ ਪੰਜਾਬੀ ਸਾਹਿਤ ਲਈ ਵੀ ਬਹੁਤ ਸੋਹਣਾ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਹੀ ਕੁੱਝ ਔਰਤਾਂ ਨੇ “ਯੁੱਗ ਔਰਤਾਂ ਦਾ” ਦੇ ਸਿਰਲੇਖ ਹੇਠ ਇੱਕ ਸਾਂਝਾ ਕਾਵਿ/ਵਾਰਤਕ ਸੰਗ੍ਰਹਿ ਕੀਤਾ ਜਿਸ ‘ਚ ਔਰਤ ਸਾਹਿਤਕਾਰਾਂ ਨੇ ਆਪਣੀਆਂ ਭਾਵਨਾਵਾਂ ਆਪਣੇ ਮਨ ਅੰਦਰਲੇ ਵਲਵਲੇ ਆਪਣੀ ਕਲ਼ਮ ਰਾਹੀਂ ਬਾਹਰ ਕੱਢੇ।
ਅੱਜ ਗੱਲ਼ ਕਰਾਂਗੇ “ਯੁੱਗ ਔਰਤਾਂ ਦਾ” ਕਿਤਾਬ ਦੀ। ਇਸ ਕਿਤਾਬ ਦੇ ਸੰਪਾਦਕ ਰਵਨਜੋਤ ਕੌਰ ਸਿੱਧੂ ਰਾਵੀ ਅਤੇ ਸਹਿ ਸੰਪਾਦਕ ਚਰਨਜੀਤ ਕੌਰ ਹਨ। ਇਸ ਕਿਤਾਬ ਨੂੰ ਹਰਸਰ ਪਬਲੀਕੇਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਕਿਤਾਬ ਦੇ ਸਰਵਰਕ ‘ਚ ਔਰਤਾਂ ਦਾ ਸਿੱਖਿਅਕ ਹੋਣਾ ਦਰਸਾਇਆ ਗਿਆ ਹੈ, ਅਗਰ ਔਰਤ ਸਿੱਖਿਅਕ ਹੋਵੇਗੀ ਤਾਂਹੀ ਉਹ ਸਮਾਜ ‘ਚ ਆਪਣਾ ਵਰਨਣਯੋਗ ਸਥਾਨ ਬਣਾ ਸਕੇਗੀ। ਸਰਵਰਕ ਜਸਪ੍ਰੀਤ ਸਿੰਘ ਜੱਸੀ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਕਿਤਾਬ ਗੁਣਵੱਤਾ ਪੱਖੋਂ ਠੀਕ ਜਾਪੀ। ਕਿਤਾਬ ਦੀ ਪਿੱਛਲੀ ਜਿਲਦ ‘ਤੇ ਉਨ੍ਹਾਂ ਸਭ ਬੀਬੀਆਂ ਦੀਆਂ ਤਸਵੀਰਾਂ ਹਨ ਜਿਨ੍ਹਾਂ ਨੇ ਇਸ ਕਿਤਾਬ ‘ਚ ਆਪਣੀਆਂ ਰਚਨਾਵਾਂ ਦਰਜ ਕਰਵਾਈਆਂ।
ਸੰਪਾਦਕੀ ਸ਼ਬਦ ‘ਚ ਰਾਵੀ ਸਿੱਧੂ ਨੇ ਕਿਤਾਬ ਨੂੰ ਸੰਪਾਦਿਤ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ। ਅਗਲੇ ਪੰਨੇ ‘ਤੇ ਸਹਿ ਸੰਪਾਦਕ ਚਰਨਜੀਤ ਕੌਰ ਨੇ ਆਪਣੇ ਖਿਆਲਾਂ ਦੀ ਉਡਾਰੀ ਸ਼ਬਦਾਂ ਸਹਾਰੇ ਭਰੀ ਤੇ ਉਨ੍ਹਾਂ ਨੇ ਆਪਣੇ ਵਿਚਾਰਾਂ ‘ਚ ਔਰਤਾਂ ਨੂੰ ਅੱਗੇ ਵੱਧਦਾ ਹੋਇਆ ਦੇਖਣ ਦੀ ਖ਼ਵਾਹਿਸ਼ ਜ਼ਾਹਰ ਕੀਤੀ। ਬਲਵਿੰਦਰ ਕੌਰ ਖੁਰਾਣਾ (ਪੰਜਾਬੀ ਲੇਖਕਾ) ਨੇ ਮੁੱਖਬੰਦ ‘ਚ ਕਿਤਾਬ ‘ਚ ਸ਼ਾਮਿਲ ਕਵਿਤਾਵਾਂ/ਵਾਰਤਕ ਦਾ ਵਿਸ਼ਲੇਸ਼ਣ ਕੀਤਾ। ਅਗਲੇ ਪੰਨੇ ‘ਤੇ ਹਰਪ੍ਰੀਤ ਕੌਰ (ਪ੍ਰੀਤ ਹੀਰ ) ਨੇ ਆਪਣੀਆਂ ਭਾਵਨਾਵਾਂ ਦਰਜ ਕਰਵਾਈਆਂ।
ਕਿਤਾਬ ‘ਚ ਪਹਿਲਾ ਭਾਗ ਕਵਿਤਾਵਾਂ ਦਾ ਰੱਖਿਆ ਗਿਆ ਹੈ। ਇਸ ਭਾਗ ‘ਚ ਕੁੱਲ 16 ਕਵਿਤਰੀਆਂ ਨੇ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਪਹਿਲੀ ਕਵਿਤਾ “ਪਿਤਾ” ਸਰਬਜੀਤ ਕੌਰ ਸਹੋਤਾ ਨੇ ਲਿਖੀ ਜਿਸ ‘ਚ ਉਨ੍ਹਾਂ ਨੇ ਇੱਕ ਪਿਓ ਦੁਆਰਾ ਆਪਣੀ ਔਲਾਦ ਲਈ ਕੀਤੀ ਕਠੋਰ ਤਪੱਸਿਆ ਨੂੰ ਜ਼ਾਹਰ ਕੀਤਾ ਹੈ,
“ਪਿਤਾ ਕੋਲੋਂ ਲਿਆ ਕੁੱਝ ਸਿੱਖ ਦੋਸਤੋ,
ਲੱਖਾਂ ਵਿੱਚੋਂ ਪਿਤਾ ਮੇਰਾ ਇੱਕ ਦੋਸਤੋਂ”
ਅਗਲੀ ਕਵਿਤਾ “ਧੀਆਂ ਦਾ ਸਤਿਕਾਰ” ‘ਚ ਉਨ੍ਹਾਂ ਨੇ ਪੁੱਤਰਾਂ ਦੇ ਨਾਲ ਨਾਲ ਧੀਆਂ ਨੂੰ ਤਰਜੀਹ ਦੇਣ ਲਈ ਵੀ ਪ੍ਰੇਰਿਆ।
ਇਸ ਤੋਂ ਬਾਅਦ ਸੁਰਜੀਤ ਕੌਰ ਭੋਗਪੁਰ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲੀਆਂ। ਪਹਿਲੀ ਕਵਿਤਾ “ਪੰਛੀ” ‘ਚ ਉਨ੍ਹਾਂ ਨੇ ਪੰਛੀਆਂ ਦੁਆਰਾ ਮਨੁੱਖ ਨੂੰ ਸੇਧ ਦਿੰਦਾ ਦਿਖਾਇਆ ਗਿਆ ਹੈ,
“ਚੁੰਝ ਆਪਣੀ ‘ਚ ਰੱਖਦੇ ਹਾਂ ਹੱਕ ਆਪਣਾ,
ਹੱਕ ਬੇਗਾਨਾ ਤੂੰ ਐਵੇਂ ਫੱਕਿਆ ਨਾ ਕਰ”
“ਭਰੂਣ ਹੱਤਿਆ” ਕਵਿਤਾ ‘ਚ ਉਨ੍ਹਾਂ ਨੇ ਭਰੂਣ ਹੱਤਿਆ ਨਾ ਕਰਨ ਦੀ ਅਪੀਲ ਕੀਤੀ। ਅਗਲੀ ਕਵਿਤਾ ‘ਚ ਉਨ੍ਹਾਂ ਨੇ ਮਾਂ ਪ੍ਰਤੀ ਆਪਣੇ ਪਿਆਰ ਦਾ ਵਰਣਨ ਕੀਤਾ।
ਅਗਲੀ ਕਵਿੱਤਰੀ ਕੁਲਵਿੰਦਰ ਕੌਰ ਨੰਗਲ ਨੇ “ਹੋਲੀ” ਕਵਿਤਾ ‘ਚ ਹੋਲੀ ਤਿਉਹਾਰ ਜ਼ਰੀਏ ਏਕਤਾ, ਪਿਆਰ, ਭਾਈਚਾਰਾ ਬਣਾਈ ਰੱਖਣ ਲਈ ਪ੍ਰੇਰਿਆ। “ਆਸ ਦਾ ਸੂਰਜ” ਕਵਿਤਾ ‘ਚ ਇੱਕ ਉਦਾਹਰਣ ਦੇਕੇ ਉਨ੍ਹਾਂ ਨੇ ਗਰੀਬੀ ‘ਚੋਂ ਨਿਕਲ ਕੇ ਪੜ੍ਹ ਲਿਖ ਕੇ ਆਪਣੀ ਜ਼ਿੰਦਗੀ ਸੰਵਾਰਨ ਦੀ ਗੱਲ ਕੀਤੀ,
“ਪੜ੍ਹ ਲਿਖ ਕੇ ਮੈਂ ਅਫ਼ਸਰ ਬਣ ਕੇ ਆਪਣੀ ਦਸਾਂ ਸੁਧਾਰਾਂਗਾ,
ਮਿਹਨਤ ਦੇ ਮਿੱਠੇ ਫਲ ਨੂੰ ਭਵਿੱਖ ਵਿੱਚ ਜ਼ਰੂਰ ਮੈਂ ਪਾ ਲਵਾਂਗਾ ”
ਅਗਲੀ ਕਵਿਤਾ ਗਗਨਦੀਪ ਕੌਰ ਨੇ ਲਿਖੀ। ਇਸ ‘ਚ ਦਿਲ ਦਾ ਹਾਲ ਬਿਆਂ ਕੀਤਾ ਗਿਆ,
“ਮੁੱਕੀ ਨਹੀਂ ਉਡੀਕ ਭਾਵੇਂ ਮੁੱਕੀ ਚੱਲੀ ਰਾਤ,
ਭਰੀ ਜਾਵਾਂਗੇ ਹੁੰਗਾਰੇ ਭਾਵੇਂ ਮੁੱਕ ਜਾਵੇ ਬਾਤ,
ਤੱਕ ਤੈਨੂੰ ਅਸੀਂ ਹੋ ਜਾਣਾ ਨਿਹਾਲ ਸੱਜਣਾਂ,
ਬੜ੍ਹਾ ਮਾੜਾ ਦਿਲ ਦਾ ਏ ਹਾਲ ਸੱਜਣਾਂ।”
ਅਗਲੀ ਕਵਿਤਾ ਸਹਿ ਸੰਪਾਦਿਕਾ ਚਰਨਜੀਤ ਕੌਰ ਨੇ ਲਿਖੀ।ਇਸ ਕਵਿਤਾ ਵਿੱਚ ਆਪਣੀ ਗੱਲ ਕੀਤੀ ਗਈ ਕਿ ਅਸੀਂ ਹਮੇਸ਼ਾ ਸਕਾਰਾਤਮਿਕ ਕੰਮ ਕਰਨ ‘ਚ ਯਕੀਨ ਰੱਖਦੇ ਹਾਂ,
“ਅਸੀਂ ਨਾ ਸ਼ਿਵ ਪੜ੍ਹਦੇ ਹਾਂ
ਨਾ ਹੀ ਪਾਸ ਪੜ੍ਹਦੇ ਹਾਂ,
ਅਸੀਂ ਨਾਨਕ ਦੇ ਸ਼ਬਦ ਆਦਿ ਤੋਂ
ਜੁਗਾਦ ਤੱਕ ਪੜ੍ਹਦੇ ਹਾਂ”
ਅਗਲੀ ਕਵਿਤਾ “ਕੁੜੀਆਂ ਯੁੱਗਾਂ ਤੋਂ ਅੱਜ ਤੱਕ “‘ਚ ਉਨ੍ਹਾਂ ਨੇ ਔਰਤਾਂ ਲਈ ਆਪਣੇ ਵਲਵਲਿਆਂ ਨੂੰ ਜ਼ਾਹਰ ਕੀਤਾ।
ਅਗਲੀ ਕਵਿਤਾ”ਔਰਤ ” ਜਸਵਿੰਦਰ ਕੌਰ ਜੱਸੀ ਨੇ ਲਿਖੀ। ਇਸ ਕਵਿਤਾ ‘ਚ ਉਨ੍ਹਾਂ ਨੇ ਅੱਜ ਦੀ ਔਰਤ ਦੀ ਗੱਲ ਕੀਤੀ,
“ਦੀਵਾ ਬਨੇਰੇ ‘ਤੇ ਜੱਗਦਾ ਏ,
ਸੱਜ ਧੱਜ ਕੇ ਰਹਿਣਾ
ਚੰਗਾ ਔਰਤਾਂ ਨੂੰ ਲੱਗਦਾ ਏ”
ਉਨ੍ਹਾਂ ਦੀ ਅਗਲੀ ਕਵਿਤਾ ‘ਚ ਇਹ ਲਾਈਨ ਬੜੀ ਸੋਹਣੀ ਲੱਗੀ,
“ਕੀਮਤ ਜਾਣਦੇ ਨਾ ਜੋ ਔਰਤ ਦੇ ਹੰਝੂਆਂ ਦੀ,
ਮਾਨਸਿਕ ਪੱਖੋਂ ਉਹ ਅਨਪੜ੍ਹ ਗਵਾਰ ਹੁੰਦੇ”
ਅਗਲੀ ਕਵਿਤਾ ਸਾਡੇ ਦੋਰਾਹੇ ਤੋਂ ਹੀ ਬੀਬੀ ਜਤਿੰਦਰ ਕੌਰ ਨੇ ਲਿਖੀ। ਉਨ੍ਹਾਂ ਨੇ ਇਸ ਕਵਿਤਾ ‘ਚ ਭਰੂਣ ਹੱਤਿਆ ਦੀ ਗੱਲ ਕੀਤੀ। ਇਸ ਕਵਿਤਾ ‘ਚ ਉਨ੍ਹਾਂ ਲਿਖਿਆ,
ਜੰਮਦੀ ਨੂੰ ਮਾਰ ਦੇਣਾ,
ਕੂੜੇ ਵਿੱਚ ਸੁੱਟ ਦੇਣਾ,
ਜਾਂ ਕੁੱਖ ਵਿੱਚ ਕਤਲ ਕਰਾ ਦੇਣਾ
ਕੀ ਇਹ ਮਰਦ ਦੀ ਵਡਿਆਈ..?”
ਉਨ੍ਹਾਂ ਨੇ ਇਸ ਕਿਤਾਬ ਰਾਹੀਂ ‘ਕੱਲੀ ਮਰਦ ਜਾਤ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਹੈ ਤੇ ਸਵਾਲ ਕੀਤਾ ਕਿ ਕੀ ਭਰੂਣ ਹੱਤਿਆ ਕਰਨਾ ਮਰਦ ਦੀ ਵਡਿਆਈ ਹੈ …? ਪਰ ਮੇਰਾ ਵੀ ਇੱਥੇ ਸਵਾਲ ਹੈ ਕਿ ਕੀ ਭਰੂਣ ਹੱਤਿਆਂ ਪਿੱਛੇ ਸਿਰਫ਼ ਮਰਦ ਦਾ ਹੀ ਹੱਥ ਹੁੰਦਾ, ਔਰਤ ਦਾ ਨੀਂ..? ਅਤੇ ਮਰਦ ਦਾ ਹੱਥ ਜ਼ਿਆਦਾ ਹੁੰਦਾ ਜਾਂ ਔਰਤ ਦਾ..?”
ਅਗਲੀਆਂ ਕਵਿਤਾ “ਮਰੇ ਹੋਏ ਸੁਪਨੇ” ਬਹੁਤ ਵਧੀਆ ਰਚਨਾ ਹੈ। ਅਗਲੀ ਕਵਿਤਾ ‘ਚ ਉਨ੍ਹਾਂ ਨੇ ਵਿਹਾਈ ਹੋਈ ਔਰਤ ਦੀ ਗੱਲ ਕੀਤੀ ਹੈ।
ਅਗਲੀ ਕਵਿਤਾ ਡਾਕਟਰ ਨਿਰਮ ਜੋਸਨ ਦੀ ਹੈ। ਉਨ੍ਹਾਂ ਨੇ ਮਨੁੱਖ ਦੀ ਘਟੀਆ ਸੋਚ ‘ਤੇ ਵਿਅੰਗ ਕੀਤਾ ਹੈ,
“ਚਿਹਰੇ ‘ਤੇ ਮਖੌਟੇ ਚੜ੍ਹਾਈ ਰੱਖਦੇ
ਉੰਝ ਗੱਲਾਂ ਜ਼ਮੀਰਾਂ ਦੀਆਂ ਕਰਦੇ,
ਜੋ ਦੂਜਿਆਂ ਦੀ ਤਰੱਕੀ ਨਾ ਜਰਦੇ,
ਵੇਖ ਹੋਰਾਂ ਨੂੰ ਜੋਸਨ ਸੜ ਸੜ ਮਰਦੇ”
ਅਗਲੀਆਂ ਦੋ ਕਵਿਤਾਵਾਂ ਵੀ ਉਨ੍ਹਾਂ ਦੀਆਂ ਸੋਹਣੀਆਂ ਕਵਿਤਾਵਾਂ ਹਨ।
ਅਗਲੀ ਕਵਿਤਾ “ਬੌਣੀ ਪੰਜਾਬਣ” ‘ਚ ਡਾ ਭੁਪਿੰਦਰ ਕੌਰ ਨੇ ਉਨ੍ਹਾਂ ਔਰਤਾਂ ਦੀ ਗੱਲ ਕੀਤੀ ਹੈ ਜੋ ਫੋਕੇ ਦਿਖਾਵੇ ਲਈ ਆਪਣੀ ਦੇਹ ਕੂੜਾ ਬਣਾ ਰਹੀਆਂ ਹਨ, ਫੈਸ਼ਨ ਦੇ ਰੰਗ ‘ਚ ਰੰਗ ਆਪਣੀ ਇੱਜ਼ਤ ਮਿੱਟੀ ‘ਚ ਮਿਲਾ ਰਹੀਆਂ ਹਨ, ਅੰਤ ‘ਚ ਕਵਿਤਰੀ ਨੇ ਔਰਤਾਂ ਨੂੰ ਸਹੀ ਕਦਮ ਵਧਾਉਣ ਵੱਲ ਪ੍ਰੇਰਿਆ ਵੀ,
“ਤੂੰਹੀਂ ਸਾਡੀ ਅਣਖ ਕੁੜੇ
ਤੂੰ ਹੀ ਸਾਡੀ ਸ਼ਾਨ ਕੁੜੇ,
ਜਾਗ ਧੀਏ ਹੁਣ ਮੁੜ ਧੀਏ
ਨਾ ਸੂਰਤ ਹੋਰ ਵਿਗਾੜ ਕੁੜੇ”
ਅਗਲੀ ਕਵਿਤਾ”ਤਰਕਾਂਜਲੀ ” ਉਨ੍ਹਾਂ ਦੀ ਇੱਕ ਮਿਆਰੀ ਰਚਨਾ ਹੈ।
ਅਗਲੀ ਕਵਿਤਾ ਨਵਜੋਤ ਕੌਰ ਬਾਜਵਾ ਨੇ ਲਿਖੀ ਹੈ। ਇਸ ਕਵਿਤਾ ‘ਚ ਉਨ੍ਹਾਂ ਨੇ ਆਪਣੀਆਂ ਸ਼ਰਤਾਂ ਅਧੀਨ ਗੁਜ਼ਾਰੀ ਜ਼ਿੰਦਗੀ ਦੀ ਗੱਲ ਕੀਤੀ। “ਮੇਰਾ ਸਵਾਲ ” ਕਵਿਤਾ ‘ਚ ਵੀ ਔਰਤ ਦੀ ਗੱਲ ਹੋਈ ਹੈ, ਜਿਸ ‘ਚ ਦੱਸਿਆ ਕਿ ਔਰਤ ਨੂੰ ਇੱਕ ਦਿਨ ਮਤਲਬ ਔਰਤ ਦਿਵਸ ਤੱਕ ਹੀ ਸੀਮਤ ਨਹੀਂ ਰੱਖਿਆ ਜਾ ਸਕਦਾ,
“ਮਹਿਲਾ ਦਿਵਸ ਦੇ ਮੌਕੇ ‘ਤੇ ਕੁੱਝ ਕਹਿਣ ਦਿਓ,
ਮੈਂ ਔਰਤ ਹਾਂ ਮੈਨੂੰ ਔਰਤ ਹੀ ਰਹਿਣ ਦਿਓ”
ਅਗਲੀ ਕਵਿਤਾ ਔਰਤ ਬਨਾਮ ਸ਼ੇਰਨੀ ਪਰਮਜੀਤ ਕੌਰ ਦੀ ਇੱਕ ਜੂਝਾਰੂ ਕਵਿਤਾ ਹੈ। ਇਸ ਕਵਿਤਾ ‘ਚ ਉਨ੍ਹਾਂ ਨੇ ਔਰਤਾਂ ਦੇ ਜੂਝਾਰੂਪਣ ਦੀ ਗੱਲ਼ ਕੀਤੀ ਹੈ,
“ਕੁੱਝ ਔਰਤਾਂ, ਔਰਤਾਂ ਨਹੀਂ ਹੁੰਦੀਆਂ
ਉਹ ਹੁੰਦੀਆਂ ਨੇ ਖੌਫ਼ਨਾਕ ਸ਼ੇਰਨੀਆਂ,
ਅਜਿਹੀਆਂ ਸ਼ੇਰਨੀਆਂ ਜਿਨ੍ਹਾਂ ਦੀ ਦਹਾੜ ਸੁਣ
ਲੁੱਕ ਜਾਂਦੇ ਨੇ ਖੌਫ਼ਨਾਕ ਭੇੜੀਏ….”
ਫਿਰ ਇਸੇ ਕਵਿਤਾ ‘ਚ ਔਰਤਾਂ ਨਾਲ ਹੁੰਦੇ ਅੱਜ ਵੀ ਵਿਤਕਰੇ ਦੀ ਗੱਲ ਕੀਤੀ ਗਈ ਹੈ। ਨਿੱਤ ਹੁੰਦੇ ਬਲਾਤਕਾਰ, ਚੀਰ ਹਰਨ ਦੀ ਗੱਲ ਕੀਤੀ ਹੈ। ਇਹ ਇੱਕ ਪੜ੍ਹਨਯੋਗ ਰਚਨਾ ਹੈ।
ਅਗਲੀ ਕਵਿਤਾ ਪ੍ਰਿੰਸੀਪਲ ਕਵਲਜੀਤ ਕੌਰ ਦੀ ਰਚਨਾ ਹੈ। ਇਸ ਕਵਿਤਾ ‘ਚ ਉਨ੍ਹਾਂ ਨੇ “ਕੌਰ” ਦਸਮੇਸ਼ ਪਿਤਾ ਦੀ ਬਖਸ਼ਿਸ਼ ਦੀ ਗੱਲ ਕੀਤੀ ਹੈ,
“ਕੌਰ ਜੀ ਨਾਂ ਦੀ ਰੱਖਿਓ ਲਾਜ
ਕਿਸੇ ਬਹਾਨੇ ਨਾ ਮਿਟਾਣਾ ਕੌਰ ਦਾ ਤਾਜ਼ ”
ਅਗਲੀ ਕਵਿਤਾ ਬਾਜਵਾ ਸਿਮਰਤ ਪਵਨ ਦੁਆਰਾ ਲਿਖੀ ਗਈ ਹੈ। ਇਸ ਕਵਿਤਾ ‘ਚ ਮਾਂ ਨੂੰ ਮੁਹੱਬਤ ਦੀ ਗੱਲ ਕੀਤੀ ਗਈ ਹੈ,
“ਮੇਰੇ ਵੱਜੇ ਸੱਟ ਤਾਂ ਉਹ ਹੌਂਕੇ ਭਰਦੀ,
ਮੈਂ ਆਪਣੀ ਮਾਂ ਨੂੰ ਮੁਹੱਬਤ ਹਾਂ ਕਰਦੀ”
ਅਗਲੀ ਕਵਿਤਾ “ਕੁੱਖ ਦੀ ਆਵਾਜ਼ ” ਵੀ ਭਰੁਣ ਹੱਤਿਆ ਨਾ ਕਰਨ ਦੀ ਅਪੀਲ ਕਰਦੀ ਹੈ।
ਅਗਲੀ ਰਚਨਾ ‘ਚ ਰਾਜਵਿੰਦਰ ਕੌਰ ਸੈਣੀ ਨੇ ਬਹੁਤ ਸੋਹਣੇ ਟੱਪੇ ਲਿਖੇ ਹਨ। ਜਿਸ ‘ਚ ਹਰ ਰੰਗ ਨੂੰ ਪਰੋਇਆ ਗਿਆ,
“ਸੁੰਨੇ ਮਹਿਲ ਤੇ ਚੁਬਾਰੇ ਨੇ
ਤੁਰ ਪਰਦੇਸ ਗਿਓਂ
ਪੱਲੇ ਹੰਝੂ ਖਾਰੇ ਨੇ…”
ਅਗਲੀ ਕਵਿਤਾਵਾਂ “ਮਾਂ ਦੀ ਪਹਿਰੇਦਾਰੀ” “ਮੇਰਾ ਅਕਸ” “ਜਾਣਾ ਘਰ ਤੇਰੇ” ਵੀ ਇੱਕ ਵਧੀਆ ਰਚਨਾਵਾਂ ਹਨ।
ਅਗਲੀ ਕਵਿਤਾ ‘ਚ ਰੁਪਿੰਦਰ ਕੌਰ ਗਰਚਾ ਨੇ ਔਰਤ ਦੇ ਵੱਖ ਵੱਖ ਰੂਪਾਂ ਦੀ ਗੱਲ ਕੀਤੀ ਹੈ,
“ਇੱਕ ਔਰਤ ਦੇ ਕਿੰਨੇ ਰੂਪ,
ਇੱਕ ਔਰਤ ਦੇ ਕਿੰਨੇ ਰਿਸ਼ਤੇ,
ਇੱਕ ਮਾਂ, ਭੈਣ, ਧੀ ਤੇ ਨੂੰਹ ਹੈ ਔਰਤ
ਸੱਸ ਨਣਦ ਭਰਜਾਈ ਹੈ ਔਰਤ ”
ਅਗਲੀ ਕਵਿਤਾ ‘ਚ ਲਖਵਿੰਦਰ ਕੌਰ ਪਿੰਕੀ ਨੇ ਪਰਿਵਾਰਿਕ ਰਿਸਤਿਆਂ ਦੀ ਸਾਂਝ ਪਾਈ ਹੈ। ਹਰ ਇੱਕ ਨੇੜਲੇ ਰਿਸਤੇ ਦਾ ਵਰਨਣ ਕੀਤਾ ਹੈ,
“ਜ਼ੁੰਮੇਵਾਰ ਬਣ ਇੱਥੇ ਰਹਿਣਾ ਪੈਂਦਾ ਜੀ
ਬੜਾ ਕੁੱਝ ਸੁਣਨਾ ਤੇ ਸਹਿਣਾ ਪੈਂਦਾ ਜੀ
ਏਹੀ ਮੇਰੀ ਪੁੱਛ ਤੇ ਪਛਾਣ ਦੋਸਤੋਂ
ਮੇਰਾ ਪਰਿਵਾਰ ਮੇਰੀ ਜਾਨ ਦੋਸਤੋ”
ਅਗਲੀਆਂ ਕਵਿਤਾਵਾਂ “ਅਣਖ ਪੰਜਾਬਣ ਦੀ” “ਹੱਕ ਸੱਚ ਦਾ ਐਲਾਨ” ਵੀ ਪੜ੍ਹਨਯੋਗ ਰਚਨਾਵਾਂ ਹਨ।
ਕਵਿਤਾਵਾਂ ਦੇ ਦੌਰ ਤੋਂ ਬਾਅਦ ਵਾਰਤਕ ਭਾਗ ਦਾ ਆਗਾਜ਼ ਹੁੰਦਾ ਹੈ। ਇਸ ਭਾਗ ਵਿੱਚ ਬਹੁਤ ਸਾਰੇ ਸੰਜੀਦਾ ਵਿਸ਼ਿਆਂ ‘ਤੇ ਖੋਜ ਭਰਪੂਰ ਲੇਖ/ਕਹਾਣੀ ਲਿਖੇ ਗਏ ਹਨ। ਇਨ੍ਹਾਂ ਲੇਖਾਂ ਨੂੰ ਪੜ੍ਹ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਇਸ ਭਾਗ ‘ਚ ਅੱਜ ਦੀ ਔਰਤ ਦੀ ਸਮਝ, ਸੋਝੀ ਨਜ਼ਰੀਂ ਆਵੇਗੀ।
ਇਸ ਭਾਗ ਵਿੱਚ 15 ਲੇਖ/ਕਹਾਣੀ ਲਿਖੇ ਗਏ ਹਨ, ਜਿਨ੍ਹਾਂ ਨੂੰ ਅਜੇ ਸ਼ਰਮਾ, ਮਿੱਠਤਵੀਰ ਕੌਰ, ਸਰਬਜੀਤ ਕੌਰ ਸਹੋਤਾ, ਸੁਰਿੰਦਰ ਕੌਰ, ਕਿਰਨਜੀਤ ਕੌਰ, ਕਿਰਨਪ੍ਰੀਤ ਕੌਰ ਜੈਤੋ, ਗਗਨਦੀਪ ਕੌਰ ਗਾਗਾ, ਚਰਨਜੀਤ ਕੌਰ, ਪਰਮਜੀਤ ਕੌਰ, ਕੰਵਲਜੀਤ ਕੌਰ, ਮਨਜੀਤ ਕੌਰ ਅੰਬਾਲਵੀ, ਰਵਨਜੋਤ ਕੌਰ ਸਿੱਧੂ ਰਾਵੀ, ਰਣਜੀਤ ਕੌਰ ਕੰਗ, ਰੁਪਿੰਦਰ ਕੌਰ ਗਰਚਾ, ਰਮਨਦੀਪ ਕੌਰ ਨੇ ਲਿਖਿਆ ਹੈ। ਵਾਰਤਕ ਭਾਗ ਨੂੰ ਤੁਸੀਂ ਕਿਤਾਬ ਖ਼ਰੀਦ ਕੇ ਜ਼ਰੂਰ ਪੜ੍ਹਿਓ।
ਸਾਰੀ ਕਿਤਾਬ ਪੜ੍ਹਨ ਤੋਂ ਬਾਅਦ ਵਧੀਆ ਮਹਿਸੂਸ ਹੋਇਆ। ਅੱਜ ਦੀਆਂ ਹੋਣਹਾਰ ਔਰਤਾਂ ਆਪਣੀ ਲਿਖਤ ਨਾਲ਼ ਸਾਡੇ ਸਮਾਜ ਨੂੰ ਸਹੀ ਸੇਧ ਦੇ ਰਹੀਆਂ ਹਨ। ਸਾਰੀ ਕਿਤਾਬ ‘ਚ ਹੋਰ ਵੀ ਬਹੁਤ ਵਿਸੇ ਨੇ ਪਰ ਜ਼ਿਆਦਾਤਰ ਵਿਸੇ ਔਰਤ ‘ਤੇ ਹੀ ਕੇਂਦਰਿਤ ਰਹੇ। ਮੈਂ ਹੋਰ ਪਾਸੇ ਵੀ ਦੇਖਦਾਂ ਕਿ ਅੱਜਕਲ੍ਹ ਜ਼ਿਆਦਾਤਰ ਲੇਖਕਾਵਾਂ “ਔਰਤਾਂ” ‘ਤੇ ਜ਼ਿਆਦਾ ਲਿਖਦਿਆਂ ਹਨ। ਚੰਗੀ ਗੱਲ ਹੈ ਔਰਤ ਦੀ ਗੱਲ ਕਰਨੀ, ਹਰ ਇਨਸਾਨ ਹਰ ਵਿਸੇ ਦੀ ਗੱਲ ਕਰਨੀ ਪਰ ਜੇਕਰ ਅੱਜ ਦੀ ਔਰਤ ਆਪਣੀਆਂ ਲਿਖਤਾਂ ‘ਚ ਸਿਰਫ਼ ਔਰਤ ‘ਤੇ ਹੀ ਕੇਂਦਰਿਤ ਰਹੀ ਤਾਂ ਪਾਠਕ ਵਰਗ ਬੋਰਿਅਤ ਮਹਿਸੂਸ ਕਰੇਗਾ, ਪਾਠਕ ਨੂੰ ਲੱਗੇਗਾ ਕਿ ਇਸ ਕਿਤਾਬ ‘ਚ ਵੀ ਔਰਤ ਦੇ ਉਨ੍ਹਾਂ ਦੁੱਖ, ਦਰਦ ਤਕਲੀਫਾਂ ਨੂੰ ਬਿਆਂ ਕੀਤਾ ਗਿਆ ਹੋਵੇਗਾ ਜਿਨ੍ਹਾਂ ਬਾਰੇ ਬਹੁਤ ਸਾਰੇ ਲੇਖਕ/ਲੇਖਕਾ ਨੇ ਪਹਿਲਾਂ ਹੀ ਖੁੱਲ੍ਹ ਕੇ ਗੱਲ ਕੀਤੀ ਹੋਈ ਹੈ। ਅਗਰ ਅਸੀਂ ਕਿਸੇ ਖਾਣ ਪੀਣ ਦੇ ਸ਼ੌਕੀਨ ਕੋਲ਼ ਖਾਣ ਨੂੰ ਇੱਕੋ ਚੀਜ਼ ਲਿਆ ਕੇ ਰੱਖੀ ਜਾਵਾਂਗੇ ਤਾਂ ਉਹ ਉੱਥੋਂ ਉੱਠ ਕੇ ਹੀ ਚਲਾ ਜਾਵੇਗਾ। ਇੱਕ ਪਾਸੇ ਅਸੀਂ ਕਹਿਣੇ ਆਂ ਕਿ ਔਰਤ ਮਰਦ ਨਾਲੋਂ ਜ਼ਿਆਦਾ ਤਰੱਕੀ ਕਰ ਰਹੀ ਹੈ ਤੇ ਦੂਜੇ ਪਾਸੇ ਅਸੀਂ ਔਰਤ ਦੇ ਦੁੱਖ ਦਰਦ ਵਾਰ ਵਾਰ ਬਿਆਂ ਕਰੀ ਜਾ ਰਹੇ ਹਾਂ। ਇਹ ਵੀ ਇੱਕ ਤਰ੍ਹਾਂ ਨਾਲ ਦੋਹਰਾ ਮਾਪਦੰਡ ਹੀ ਲੱਗਦਾ। ਕੋਈ ਸ਼ੱਕ ਨੀਂ ਕਿ ਅੱਜ ਔਰਤ ਮਰਦ ਤੋਂ ਕਿਤੇ ਜ਼ਿਆਦਾ ਤਰੱਕੀ ਕਰ ਜੀ ਹੈ ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨੀਂ ਕਿ ਅੱਜ ਵੀ ਔਰਤ ‘ਤੇ ਜ਼ੁਲਮ ਹੋ ਰਹੇ ਹਨ ਤੇ ਉਹ ਵੀ ਹਰ ਹਾਲ ‘ਚ ਬੰਦ ਹੋਣੇ ਚਾਹੀਦੇ ਹਨ ਪਰ ਸਮਾਜ ਦੇ ਹੋਰ ਵੀ ਬਹੁਤ ਸਾਰੇ ਵਿਸੇ ਹਨ, ਉਨ੍ਹਾਂ ਉੱਲਝੇ ਵਿਸ਼ਿਆਂ ਦੇ ਹੱਲ ‘ਚ ਹੀ ਕਿਤੇ ਨਾ ਕਿਤੇ ਔਰਤ ਦੇ ਨਾਲ ਨਾਲ ਮਰਦ ਦੀ ਵੀ ਭਲਾਈ ਲੁੱਕੀ ਹੋਈ ਹੈ। ਅਸੀਂ ਉਹ ਵਿਸੇ ਵੀ ਲਿਖੀਏ। ਸਾਹਿਤ ਦਾ ਸਮੁੰਦਰ ਬਹੁਤ ਵਿਸ਼ਾਲ ਹੈ, ਹਰ ਸਾਹਿਤਕਾਰ ਨੂੰ ਖ਼ਾਸ ਕਰਕੇ ਔਰਤ ਵਰਗ ਨੂੰ ਇਸ ਸਾਹਿਤ ਦੇ ਸਮੁੰਦਰ ‘ਚ ਸ਼ਬਦਾਂ ਦੀ ਗਹਿਰਾਈ ਨੂੰ ਮਾਪਣਾ ਤੇ ਸਮਝਣਾ ਚਾਹੀਦਾ ਹੈ। ਅਗਰ ਲੇਖਕਾਵਾਂ ਸਮਾਜ ਦੇ ਹੋਰ ਵਿਸ਼ਿਆਂ ਨੂੰ ਵੀ ਹੱਥ ਪਾਉਣਗੀਆਂ ਤਾਂ ਸਾਹਿਤ ਦੇ ਖੇਤਰ ‘ਚ ਔਰਤਾਂ ਦਾ ਨਾਮ ਹੋਰ ਚਮਕੇਗਾ। ਇਹ ਮੇਰੇ ਵਿਚਾਰ ਸੀ, ਗ਼ਲਤ ਵੀ ਹੋ ਸਕਦੇ ਨੇ ਅਗਰ ਕੋਈ ਨਹੀਂ ਸਹਿਮਤ ਤਾਂ ਮਾਫ਼ੀ ਚਾਹੁੰਣਾ।
ਤੇ ਗੱਲ਼ ਰਹੀ “ਔਰਤਾਂ ਦੇ ਯੁੱਗ ਦੀ” ਇਸ ਵਧੀਆ ਕਿਤਾਬ ਲਈ ਰਵਨਜੋਤ ਕੌਰ ਸਿੱਧੂ ਰਾਵੀ, ਚਰਨਜੀਤ ਕੌਰ ਸਮੇਤ ਉਨ੍ਹਾਂ ਸਾਰੀਆਂ ਲੇਖਕਾਵਾਂ ਨੂੰ ਮੁਬਾਰਕਾਂ ਜਿਨ੍ਹਾਂ ਦੀਆਂ ਰਚਨਾਵਾਂ ਇਸ ਕਿਤਾਬ ਵਿੱਚ ਦਰਜ ਹਨ। ਉਮੀਦ ਹੈ ਕਿ ਅੱਗੋਂ ਵੀ ਇਨ੍ਹਾਂ ਔਰਤਾਂ ਦੁਆਰਾ ਰਚਿਤ ਸੋਹਣੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਰਹਿਣਗੀਆਂ। ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਸ ਕਿਤਾਬ ਨੂੰ ਸਾਰੇ ਜਾਣੇ ਜ਼ਰੂਰ ਪੜ੍ਹਨ। ਇਸ ਕਿਤਾਬ ਨੂੰ ਭੇਟ ਕਰਨ ਲਈ ਰਾਵੀ ਸਿੱਧੂ ਦਾ ਧੰਨਵਾਦ ਤੇ ਪੜ੍ਹਨ ਲਈ ਪ੍ਰੇਰਿਤ ਕਰਨ ਲਈ ਚਰਨਜੀਤ ਕੌਰ ਹੁਨਾਂ ਦਾ ਵੀ ਸ਼ੁਕਰੀਆ।
• ਜੋਬਨ ਖਹਿਰਾ •
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj