ਨਾਰੀ ਦਿਵਸ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਤੂੰ ਔਰਤ ਜੱਗ ਦੀ ਜਣਨੀ ਏਂ ਜ਼ਰਾ ਅਪਣਾ ਆਪ ਪਹਿਚਾਣ ਕੁੜੇ।
ਤੇਰੇ ਵਰਗੀਆਂ ਲੱਖਾਂ ਧੀਆਂ ਭੈਣਾਂ ਕਾਹਤੋਂ ਧੱਕੇ ਖਾਣ ਕੁੜੇ ।
ਤੈਨੂੰ ਹਰ ਧੱਕੇ ਨਾਲ਼ ਟੱਕਰ ਲੈਣ ਲਈ ਧੱਕੇਬਾਜਾਂ ਨਾਲ਼ ਲੜਨਾ ਪਊ।
ਜੇਕਰ ਹੱਕ ਬਰਾਬਰ ਲੈਣੇਂ ਨੇ ਤੈਨੂੰ ਏਕੇ ਦਾ ਰਾਹ ਫੜਨਾ ਪਊ ।
ਤੂੰ ਸਭ ਤੋਂ ਪਹਿਲਾਂ ਸਾਖਰ ਹੋ ਤੇ ਪੜ੍ਹਨਾ ਲਿਖਣਾ ਸਿੱਖ ਕੁੜੇ।
ਫ਼ਿਰ ਚੇਤਨ ਹੋ ਤੇ ਚੇਤਨ ਕਰ ਤਾਂ ਨਿੱਖਰੂ ਤੇਰੀ ਦਿੱਖ ਕੁੜੇ ।
ਕੋਈ ਇੱਕ ਦੋ ਦਿਨ ਦੀ ਗੱਲ ਨਹੀਂ ਪੌੜੀ ਦਰ ਪੌੜੀ ਚੜ੍ਹਨਾ ਪਊ।
ਤੈਨੂੰ ਪਤਾ ਨਾ ਅਪਣੀ ਤਾਕਤ ਦਾ ਤੂੰ ਕੋਮਲ ਹੈਂ ਕਮਜ਼ੋਰ ਨਹੀਂ ।
ਜੇ ਤੂੰ ਆ ਜਾਏਂ ਅਪਣੀ ਆਈ ‘ਤੇ ਤੇਰੇ ਵਰਗਾ ਕੋਈ ਹੋਰ ਨਹੀਂ।
ਤੈਨੂੰ ਲੋਕ ਏਕਤਾ ਕਰਨ ਵਾਸਤੇ ਲੋਕਾਂ ਦੇ ਨਾਲ਼ ਖੜ੍ਹਨਾ ਪਊ ।
ਤੇਰੀ ਮੱਤ ਨੂੰ ਖਬਰੇ ਕੀ ਹੋ ਗਿਆ ਤੂੰ ਅਪਣਾ ਆਪ ਲੁਟਾਉਂਣ ਲੱਗੀ।
ਲੱਗ ਸਾਧਾਂ ਸੰਤਾਂ ਦੇ ਪਿੱਛੇ ਤੂੰ ਸੋਨਾ ਰੇਤ ਰਲਾਉਂਣ ਲੱਗੀ ।
ਤੈਨੂੰ ਝੂਠ ਦਾ ਪਰਦਾ ਫਾਸ਼ ਕਰਨ ਲਈ ਸੱਚੀ ਗੱਲ ‘ਤੇ ਅੜਨਾਂ ਪਊ।
ਤੂੰ ਧੀ ਹੈਂ ਮਾਈ ਭਾਗੋ ਦੀ ਰਾਣੀ ਝਾਂਸੀ ਦੀ ਭੈਣ ਕੁੜੇ ।
ਤੈਨੂੰ ਚੰਡੀ ਬਣਨਾ ਆਉਂਦਾ ਏ ਇਹ ਸੱਚ ਸਿਆਣੇ ਕਹਿਣ ਕੁੜੇ।
ਤੈਨੂੰ ਭੈੜੀਆਂ ਰੀਤਾਂ ਰਸਮਾਂ ਦੇ ਨਾਲ਼ ਦੋਵੇਂ ਹੱਥੀਂ ਲੜਨਾ ਪਊ ।
ਤੂੰ ਭੈਣਾਂ ਨੂੰ ਜਥੇਬੰਦ ਕਰਨ ਦੀ ਗੱਲ ਜੇ ਲੜ ਨਾਲ਼ ਬੰਨ੍ਹੀਂ ਨਾ।
ਤੈਂ ਪਿੰਡ ਰੰਚਣਾਂ ਵਾਲ਼ੇ ਦੀ ਹੁਣ ਵੀ ਜੇ ਨਸੀਅਤ ਮੰਨੀਂ ਨਾ ।
ਤੈਨੂੰ ਏਦਾਂ ਹੀ ਕੁੱਟ ਖਾਣੀ ਪਊ ਤੇ ਸਹੁਰਿਆਂ ਹੱਥੋਂ ਸੜਨਾ ਪਊ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ  9914836037
Previous articleਸਵੈ-ਵਿਸ਼ਲੇਸ਼ਣ ਦੀ ਸ਼ਕਤੀ (ਆਪਣੇ ਆਦਰਸ਼ ਆਪ ਬਣਨ ਦਾ ਰਸਤਾ)
Next article12 ਅਤੇ 13 ਮਾਰਚ ਨੂੰ ਹੋਣਗੇ ‘ਭਲੂਰ’ ਦੀ ਧਰਤੀ ‘ਤੇ ਸਾਨ੍ਹਾਂ ਦੇ ਭੇੜ