(ਸਮਾਜ ਵੀਕਲੀ)
ਇੱਕ ਦਿਨ ਮਹਿਲਾ ਦਿਵਸ ਮਨਾਂ ਕੇ,
ਸਾਰੇ ਫਰਜ਼ ਗਲਾਂ ਤੋਂ ਲਾਹ ਕੇ।
ਕਰਕੇ ਤਰੀਫਾਂ ਔਰਤ ਦੀਆਂ,
ਬਹਿ ਗਏ ਸਾਰੇ ਭੁੱਲ ਭੁਲਾ ਕੇ।
ਇੱਕ ਦਿਨ….
ਲਾਸ਼ਾਂ ਮਿਲਣ ਨਿੱਤ ਨਵਜੰਮੀਆਂ,
ਕੁੜੀਆਂ ਤਾਂ ਜਿਉਂ ਲੱਗਣ ਨਿਕੰਮੀਆਂ।
ਹਾਏ ਰੱਬਾ! ਜੋ ਮਾਰਦੇ ਧੀਆਂ,
ਕਾਹਨੂੰ ਉਹਨਾਂ ਦੀਆਂ ਮਾਵਾਂ ਜੰਮੀਆਂ।
ਲੱਗਦਾ ਤੂੰ ਵੀ ਮਿਹਣਾ ਲਾਹਿਆ,
ਕੀ ਮਿਲਿਆ ਇਸ ਜਨਮ ‘ਚ ਪਾ ਕੇ।
ਇੱਕ ਦਿਨ…
ਦਾਜ ਦੀ ਖ਼ਾਤਰ ਅੱਜ ਵੀ ਮਰਦੀਆਂ,
ਨਵ-ਵਿਆਹੀਆਂ ਬਲੀ ਨੇ ਚੜ੍ਹਦੀਆਂ।
ਪਿੱਛੋਂ ਮਾਪੇ ਕਰਜ਼ ਸਹੇੜਨ,
ਅੱਗੋਂ ਧੀਆਂ ਤੇਲ ‘ਚ ਸੜਦੀਆਂ।
ਜੋ ਬੀਜਿਆ ਉਹ ਵੱਢਣਾ ਪੈਣਾ,
ਵੇਖ ਲਿਓ ਜ਼ਰਾ ਧੋਣ ਘੁਮਾ ਕੇ।
ਇੱਕ ਦਿਨ…..
ਬਲਤਕਾਰ ਦੀਆਂ ਹੋਈਆਂ ਸ਼ਿਕਾਰ,
ਮੁੱਕਰ ਗਈਆ ਜੋ ਕਰਨੋਂ ਪਿਆਰ।
ਨਿਕੀਆਂ ਮਾਸੂਮਾਂ ਤਾਈਂ ਨੋਚਦੇ,
ਕਿੰਨਾ ਇਹਨਾਂ ਦਾ ਡਿੱਗਿਆ ਮਿਆਰ।
ਕੁੜੀਆਂ ਨੂੰ ਸੰਸਕਾਰ ਨੇ ਦਿੰਦੇ,
ਮਾਪੇ ਭੁੱਲਦੇ ਪੁੱਤ ਜਮਾਂ ਕੇ।
ਇੱਕ ਦਿਨ….
ਆਪੋ ਆਪਣਾ ਕਿਰਦਾਰ ਬਣਾਈਏ,
ਔਰਤਾਂ ਨੂੰ ਸਨਮਾਨ ਦਵਾਈਏ।
ਔਰਤਾਂ ਨਾਲ਼ ਨਿਭਾਅ ਕੇ ਰਿਸਤੇ,
ਤਾਂਹੀਓਂ ਅਸਲੀ ਮਰਦ ਕਹਾਈਏ।
ਕਿਸੇ ਇੱਕ ਦਿਵਸ ਦੀ ਲੋੜ ਨਹੀਂ,
ਫੇਰ ਬੋਲੋ ਭਾਵੇਂ ਹੁੰਮ ਹੁੰਮਾਂ ਕੇ।
ਇੱਕ ਦਿਨ ਮਹਿਲਾ ਦਿਵਸ ਮਨਾਂ ਕੇ,
ਸਾਰੇ ਫਰਜ਼ ਗਲਾਂ ਤੋਂ ਲਾਹ ਕੇ।
ਕਰਕੇ ਤਰੀਫਾਂ ਔਰਤ ਦੀਆਂ,
ਬਹਿ ਗਏ ਸਾਰੇ ਭੁੱਲ ਭੁਲਾ ਕੇ।
ਮਨਜੀਤ ਕੌਰ ਲੁਧਿਆਣਵੀ ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly