(ਸਮਾਜ ਵੀਕਲੀ)
ਔਰਤ ਦਾ ਸਾਰਾ ਜੀਵਨ ਇੱਕ ਸਮਰਪਣ ਹੈ। ਉਹ ਜਿਆਦਾਤਰ ਦੂਜਿਆਂ ਲਈ ਹੀ ਜਿਉਂਦੀ ਹੈ। ਉਸਦਾ ਜੀਵਨ ਦੂਜਿਆਂ ਤੋਂ ਸ਼ੁਰੂ ਹੋ ਕੇ ਦੂਜਿਆਂ ਤੱਕ ਹੀ ਖਤਮ ਹੋ ਜਾਂਦਾ ਹੈ।
ਜਨਮ ਲੈਂਦਿਆਂ ਹੀ ਇੱਕ ਬੱਚੀ ਨੂੰ ਬਹੁਤ ਸਾਰੇ ਬੰਧਨਾਂ ਵਿੱਚ ਬੰਨ੍ਹ ਦਿੱਤਾ ਜਾਂਦਾ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਔਰਤ ਨੂੰ ਆਜ਼ਾਦੀ ਮਿਲ਼ ਗਈ ਹੈ….. ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਹੀ ਮੰਨਦੇ ਹਾਂ…… ਔਰਤ ਦਾ ਸਤਿਕਾਰ ਕਰਦੇ ਹਾਂ…..
ਪਰ ਹਜੇ ਵੀ ਔਰਤ ਨੂੰ ਪੜ੍ਹਨ ਲਈ ਆਪਣੇ ਪਿਤਾ, ਭਰਾ ਜਾਂ ਪਤੀ ਦੀ ਮਨਜ਼ੂਰੀ ਮਿਲਣੀ ਜ਼ਰੂਰੀ ਹੈ। ਅੱਜ ਵੀ ਅਸੀਂ ਕੁੜੀਆਂ ਨੂੰ ਮੁੰਡਿਆਂ ਦੀ ਤਰ੍ਹਾਂ ਬਾਹਰ ਇੱਕਲੇ ਨਹੀਂ ਭੇਜ ਸਕਦੇ। ਨਿੱਤ ਕੁੜੀਆਂ ਤੇ ਔਰਤਾਂ ਨਾਲ ਛੇੜਛਾੜ ਜਾਂ ਬਲਾਤਕਾਰ ਦੀਆਂ ਘਟਨਾਵਾਂ ਤੋਂ ਔਰਤ ਦੇ ਸਤਿਕਾਰ ਬਾਰੇ ਗੱਲਾਂ ਵੀ ਝੂਠੀਆਂ ਲੱਗਦੀਆਂ ਹਨ।
ਔਰਤਾਂ ਜੋ ਸਾਡੀ ਜ਼ਿੰਦਗੀ ਅਤੇ ਰਿਸ਼ਤਿਆਂ ਦਾ ਅਹਿਮ ਅਤੇ ਅਨਿੱਖੜਵਾਂ ਅੰਗ ਹਨ, ਉਸਨੂੰ ਅਸੀਂ ਅਣਗੌਲਿਆਂ ਕਰਦੇ ਹਾਂ। ਉਹ ਹਮੇਸ਼ਾਂ ਸਾਰੇ ਪਰਿਵਾਰ ਦਾ ਖ਼ਿਆਲ ਰੱਖਦੀ ਹੈ ਪਰ ਉਸਦਾ ਖ਼ਿਆਲ ਕੋਈ ਨਹੀਂ ਰੱਖਦਾ। ਜਦੋਂ ਉਹ ਖਾਣਾ ਬਣਾਉਂਦੀ ਹੈ ਤਾਂ ਸੱਭ ਦੀ ਪਸੰਦ ਦਾ ਧਿਆਨ ਰੱਖਦੀ ਹੈ ਪਰ ਆਪਣੀ ਪਸੰਦ ਭੁੱਲ ਜਾਂਦੀ ਹੈ। ਸਾਰਿਆਂ ਨੂੰ ਖਾਣਾ ਖਵਾ ਕੇ ਹੀ ਉਸਦਾ ਢਿੱਡ ਭਰ ਜਾਂਦਾ ਹੈ ਇਸ ਕਰਕੇ ਅਕਸਰ ਉਹ ਆਪ ਖਾਣਾ, ਖਾਣਾ ਹੀ ਭੁੱਲ ਜਾਂਦੀ ਹੈ। ਮਾਂ ਦੀ ਦਵਾਈ, ਬਾਪੂ ਦੀ ਨਸੀਹਤ, ਭਰਾ ਦੀ ਘੂਰੀ, ਪਤੀ ਪਰਮੇਸ਼ਵਰ ਦੀ ਤਾੜਨਾ, ਪੇਕਿਆਂ ਦੀ ਇੱਜ਼ਤ ਅਤੇ ਸਹੁਰਿਆਂ ਦੇ ਮਾਣ ਆਦਿ ਨੂੰ ਅਕਸਰ ਯਾਦ ਰੱਖਦੀ ਹੈ। ਮਾਪਿਆਂ ਦੇ ਲੱਭੇ ਵਰ ਨਾਲ ਹੱਸ ਕੇ ਜੀਵਨ ਬਿਤਾ ਦਿੰਦੀਆਂ ਹਨ ਭਾਵੇਂ ਕਿ ਉਹ ਸ਼ਰਾਬੀ ਜਾਂ ਨਸ਼ੇੜੀ ਹੀ ਕਿਉਂ ਨਾ ਹੋਵੇ। ਸੁਹਾਗਣ ਹੋਣ ਤੇ ਸੁਹਾਗ ਦੀਆਂ ਨਿਸ਼ਾਨੀਆਂ ਉਸ ਲਈ ਜ਼ਰੂਰੀ ਹਨ ਜਦਕਿ ਪਤੀ ਲਈ ਇਸ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਸਾਡੇ ਸਮਾਜ ਵਿੱਚ।
ਅੱਜ ਔਰਤ ਮਰਦ ਦੇ ਬਰਾਬਰ ਕੰਮ ਕਰਦੀ ਹੈ। ਬਾਹਰ ਨਿਕਲ ਕੇ ਆਪਣੀ ਪ੍ਰਤਿਭਾ ਦਿਖਾਉਂਦੀ ਹੈ। ਪਰ ਸਮਾਜ ਵਿੱਚ ਉਸਨੂੰ ਹਜ਼ੇ ਵੀ ਮਾੜੀਆਂ ਨਜ਼ਰਾਂ ਨਾਲ਼ ਦੇਖਿਆ ਜਾਂਦਾ ਹੈ। ਅਕਸਰ ਉਸਨੂੰ ਬਹੁਤ ਤਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਔਰਤ ਇੱਕਲੀ ਘਰ- ਬਾਹਰ, ਪਤੀ, ਬੱਚਿਆਂ , ਮਾਂ- ਬਾਪ, ਸੱਸ-ਸਹੁਰੇ ਅਤੇ ਰਿਸ਼ਤੇਦਾਰੀ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਸਕਦੀ ਹੈ। ਪਰ ਉਸਦੀ ਕਮਜ਼ੋਰੀ ਸਿਰਫ਼ ਇਹ ਹੀ ਹੈ ਕਿ ਉਹ ਆਪਣੇ ਲਈ ਕੁੱਝ ਨਹੀਂ ਕਰਦੀ। ਬਿਮਾਰ ਹੁੰਦਿਆਂ ਵੀ ਕੰਮਕਾਜ਼ ਨਹੀਂ ਛੱਡਦੀ। ਬੱਚਿਆਂ ਦਾ ਮੋਹ ਉਹਨੂੰ ਬਾਹਲਾ ਹੀ ਹੁੰਦਾ ਹੈ। ਉਹਨਾਂ ਲਈ ਤਾਂ ਉਹ ਆਪਣੀ ਹਰ ਖੁਸ਼ੀ ਕੁਰਬਾਨ ਕਰਨ ਲਈ ਤਿਆਰ ਰਹਿੰਦੀ ਹੈ। ਇਸ ਲਈ ਉਸਨੂੰ ਰੱਬ ਤੋਂ ਬਾਅਦ ਦੂਜਾ ਦਰਜਾ ਦਿੱਤਾ ਗਿਆ ਹੈ।
ਅੱਜਕਲ੍ਹ ਸ਼ੋਸ਼ਲ ਮੀਡੀਆ ਤੇ ਪਤੀ-ਪਤਨੀ ਦੇ ਬਹੁਤ ਸਾਰੇ ਚੁੱਟਕਲੇ ਬਣਦੇ ਹਨ। ਅਕਸਰ ਪਤੀ ਉੱਤੇ ਪਤਨੀ ਦਾ ਰੋਹਬਦਾਰ ਪੱਖ ਦਿਖਾਇਆ ਜਾਂਦਾ ਹੈ ਜੋ ਪੂਰਾ ਸੱਚ ਨਹੀਂ ਹੁੰਦਾ। ਦੂਜੀ ਗੱਲ ਇਹ ਕਿ ਪਤੀ ਜੇਕਰ ਝਾੜੂ-ਪੋਚਾ ਲਗਾ ਰਿਹਾ ਹੈ ਜਾਂ ਖਾਣਾ ਬਣਾ ਰਿਹਾ ਹੈ ਤਾਂ ਉਹ ਮਜ਼ਾਕ ਦਾ ਪਾਤਰ ਕਿਉਂ ਬਣਦਾ ਹੈ, ਇਹੀ ਸਾਰੇ ਕੰਮ ਪਤਨੀ ਤਾਂ ਅਕਸਰ ਕਰਦੀ ਹੈ ਫਿਰ ਉਸਦੀਆਂ ਵੀਡਿਓ ਕਿਉਂ ਨਹੀਂ ਪਾਈਆਂ ਜਾਂਦੀਆਂ ਨੈੱਟ ਤੇ। ਘਰ ਤਾਂ ਪਤੀ-ਪਤਨੀ ਦੋਵਾਂ ਦਾ ਜਾਂ ਜਿਆਦਾਤਰ ਪਤੀ ਦਾ ਹੀ ਕਿਹਾ ਜਾਂਦਾ ਹੈ, ਫ਼ਿਰ ਕੰਮ ਦੋਵਾਂ ਦਾ ਕਿਉਂ ਨਹੀਂ।
ਕਾਸ਼! ਕਦੇ ਮੇਰੇ ਦੇਸ਼ ਵਿੱਚ ਅਜਿਹਾ ਸਮਾਂ ਆਵੇ ਕਿ ਕੁੜੀਆਂ ਖੁੱਲ੍ਹ ਕੇ ਪੜ੍ਹ-ਲਿਖ ਸਕਣ, ਆਪਣੇ ਸੁਪਨਿਆਂ ਨੂੰ ਦਬਾਉਣ ਦੀ ਬਜਾਇ ਪੂਰਾ ਕਰ ਸਕਣ। ਔਰਤ ਨੂੰ ਸਿਰਫ਼ ਸੁੰਦਰਤਾ ਜਾਂ ਕਾਮ- ਵਾਸਨਾ ਦੇ ਰੂਪ ਵਿੱਚ ਨਾ ਦੇਖਿਆ ਜਾਵੇ, ਉਹਨਾਂ ਨੂੰ ਇਨਸਾਨ ਦੇ ਰੂਪ ਵਿੱਚ ਵਿਚਰਨ ਦਾ ਮੌਕਾ ਮਿਲੇ।
ਜਿਵੇਂ ਉਹ ਸਾਰੇ ਰਿਸ਼ਤਿਆਂ ਦਾ ਧਿਆਨ ਰੱਖਦੀਆਂ ਹਨ ਉਸੇ ਤਰ੍ਹਾਂ ਸਾਰੇ ਉਹਨਾਂ ਦਾ ਵੀ ਧਿਆਨ ਰੱਖਣ। ਵੈਸੇ ਵੀ ਔਰਤਾਂ ਬਹੁਤ ਭਾਵੁਕ ਹੁੰਦੀਆਂ ਹਨ ਉਹਨਾਂ ਦੇ ਜਜ਼ਬਾਤਾਂ ਰੂਪੀ ਬੂਟੇ ਨੂੰ ਥੋੜ੍ਹਾ ਜਿਹਾ ਧਿਆਨ ਰੂਪੀ ਪਾਣੀ ਮਿਲ਼ੇ ਤਾਂ ਉਹ ਫੁੱਲਾਂ ਦੀ ਤਰ੍ਹਾਂ ਖਿੜ ਕੇ ਮਹਿਕਾਂ ਵੰਡਦੀਆਂ
ਹਨ।
ਸੋ ਆਓ! ਆਪਣੇ ਆਪਣੇ ਹਿੱਸੇ ਆਈਆਂ ਇਹਨਾਂ ਬਹੁਮੁੱਲੀਆਂ ਨਿਆਮਤਾਂ ਨੂੰ ਸੰਭਾਲੀਏ ਤੇ ਕੁਦਰਤ ਦੀਆਂ ਖੁਸ਼ੀਆਂ ਨੂੰ ਪਾਈਏ। ਆਪਣੇ ਦੂਜੇ ਰੱਬ ਨੂੰ ਖੁਸ਼ ਕਰਕੇ ਪਹਿਲੇ ਰੱਬ ਦੀ ਮਿਹਰ ਦੇ ਯੋਗ ਬਣੀਏ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly