ਔਰਤ ਰਿਸ਼ਤੇ ਤੇ ਸਮਾਜ

ਹਰਪ੍ਰੀਤ ਕੌਰ ਸੰਧੂ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ) ਔਰਤ ਸਿਰਫ ਇੱਕ ਸ਼ਬਦ ਨਹੀਂ, ਸਿਰਫ ਇੱਕ ਮਨੁੱਖ ਨਹੀਂ ਸਗੋਂ ਜ਼ਿੰਦਗੀ ਦਾ ਪ੍ਰਤੀਕ ਹੈ। ਇਹ ਵੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਹੈ। ਔਰਤ ਕਰਕੇ ਮਨੁੱਖਤਾ ਆਬਾਦ ਹੈ। ਔਰਤ ਜਨਮ ਦਿੰਦੀ ਹੈ। ਨੌਂ ਮਹੀਨੇ ਬਾਲ ਨੂੰ ਆਪਣੇ ਗਰਭ ਵਿੱਚ ਰੱਖਦੀ ਹੈ। ਉਸਨੂੰ ਜਣਨ ਪੀੜ੍ਹਾ ਵਿਚੋਂ ਗੁਜ਼ਰਨਾ ਪੈਂਦਾ ਹੈ। ਪਰ ਇਹ ਸਭ ਉਸ ਲਈ ਖੁਸ਼ੀ ਦੀ ਵਜ੍ਹਾ ਹੁੰਦਾ ਹੈ। ਉਹ ਕਦੇ ਵੀ ਆਪਣੀ ਔਲਾਦ ਨੂੰ ਨਹੀਂ ਚਿਤਾਰਦੀ ਕਿ ਤੇਰੇ ਲਈ ਮੈਂ ਅਨੇਕਾਂ ਹੱਡੀਆਂ ਦੇ ਇੱਕੋ ਸਮੇਂ ਟੁੱਟ ਜਾਣ ਬਰਾਬਰ ਪੀੜ ਸਹੀ ਹੈ। ਉਹ ਬਾਲ ਨੂੰ ਆਪਣਾ ਦੁੱਧ ਪਿਆਉਂਦੀ ਹੈ। ਉਸਦੀ ਦੇਖ ਭਾਲ ਵਿੱਚ ਆਪਣਾ ਆਪ ਭੁੱਲ ਜਾਂਦੀ ਹੈ। ਉਸਦੀ ਜ਼ਿੰਦਗੀ ਦੇ ਕਰੀਬ ਦਸ ਸਾਲ ਉਹ ਸਮਾਂ ਜੋ ਉਸਦੇ ਜੀਵਨ ਦਾ ਸਿਖਰ ਹੁੰਦਾ ਹੈ, ਜਿਸ ਸਮੇਂ ਉਸ ਵਿੱਚ ਜੋਸ਼ ਹੁੰਦਾ ਹੈ, ਜਿਸ ਸਮੇਂ ਉਹ ਤਰੱਕੀ ਕਰ ਸਕਦੀ ਹੈ, ਆਪਣੇ ਸੁਪਨੇ ਪੂਰੇ ਕਰ ਸਕਦੀ ਹੈ, ਉਹ ਬੇਸ਼ਕੀਮਤੀ ਸਮਾਂ ਉਹ ਆਪਣੀ ਔਲਾਦ ਦੀ ਪਰਵਰਿਸ਼ ਵਿੱਚ ਲਾਉਂਦੀ ਹੈ। ਬੱਚੇ ਦੀ ਹਰ ਸਹੂਲਤ ਦਾ ਧਿਆਨ ਰੱਖਦੀ ਹੈ। ਉਹ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ, ਮਾਂ ਬੋਲੀ ਵੀ ਸਿਖਾਉਂਦੀ ਹੈ ਤੇ ਪੜ੍ਹਨਾ ਲਿਖਣਾ ਵੀ। ਬਾਪ ਬੱਚੇ ਨੂੰ ਬਹੁਤ ਪਿਆਰ ਕਰਦਾ ਹੈ। ਸੁੱਖ ਸਹੂਲਤਾਂ ਦਿੰਦਾ ਹੈ ਪਰ ਪਰਵਰਿਸ਼ ਮਾਂ ਦੇ ਹਿੱਸੇ ਆਉਂਦੀ ਹੈ।

ਜਿਵੇਂ ਜਿਵੇਂ ਉਮਰ ਅੱਗੇ ਵਧਦੀ ਹੈ ਔਰਤ ਦੇ ਰੂਪ ਬਦਲਦੇ ਹਨ। ਔਰਤ ਭੈਣ ਦੇ ਰੂਪ ਵਿੱਚ ਭਰਾ ਤੇ ਪਿਆਰ ਲੁਟਾਉਂਦੀ ਹੈ। ਕਿਸੇ ਭੈਣ ਲਈ ਉਸ ਦੇ ਭਰਾ ਤੋਂ ਵੱਧ ਕੁਝ ਵੀ ਨਹੀਂ ਹੁੰਦਾ। ਜਿਸ ਦਾ ਭਰਾ ਨਾ ਹੋਵੇ ਉਹ ਭਰਾ ਲਈ ਤਰਸਦੀ ਹੈ ਤੇ ਰੱਬ ਤੋਂ ਭਰਾ ਮੰਗਦੀ ਹੈ।

ਕਿਸ਼ੋਰ ਅਵਸਥਾ ਵਿੱਚ ਔਰਤ ਇੱਕ ਮਿੱਤਰ ਦੇ ਰੂਪ ਵਿਚ ਬੰਦੇ ਨੂੰ ਸੰਪੂਰਨ ਕਰਦੀ ਹੈ। ਨੌਜਵਾਨਾਂ ਦਾ ਕੋਈ ਗਰੁੱਪ ਦੇਖੋ ਉਸ ਵਿਚ ਸ਼ਾਮਿਲ ਕੁੜੀਆਂ ਉਹਨਾਂ ਨੂੰ ਸਿੱਧੇ ਰਹਿ ਪਾਉਣ ਵਿੱਚ ਅਹਿਮ ਯੋਗਦਾਨ ਪਾਉਦੀਆਂ ਹਨ। ਉਸ ਉਮਰ ਵਿਚ ਬੱਚੇ ਮਾਂ ਬਾਪ ਦੀ ਗੱਲ ਨਹੀਂ ਸੁਣਦੇ ਤੇ ਦੋਸਤਾਂ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਅਜਿਹੇ ਵਿਚ ਕੁੜੀਆਂ ਆਪਣੀ ਸੁਲਝੀ ਸੋਚ ਨਾਲ ਮੁੰਡਿਆਂ ਨੂੰ ਸ਼ੀ ਰਾਹ ਦਿਖਾਉਂਦੀਆਂ ਹਨ। ਉਹ ਸ਼ਰਾਰਤ ਨਾਲ ਸੋਝੀ ਤੇ ਅਖੜਤਾ ਨਾਲ ਨਰਮਾਈ ਦਾ ਸੁਮੇਲ ਕਰਦੀਆਂ ਹਨ

ਕਾਲਿਜ ਤੱਕ ਅਪੜਦਿਆ ਇੱਕ ਸੁਲਝਿਆ ਰਿਸ਼ਤਾ ਔਰਤ ਤੇ ਮਰਦ ਵਿੱਚ ਉਭਰਦਾ ਹੈ। ਇਸਨੂੰ ਪਿਆਰ ਕਹੋ ਜਾਂ ਦੋਸਤੀ। ਇਹ ਮਨੁੱਖ ਦੀ ਜ਼ਿੰਦਗੀ ਦੀ ਅਹਿਮ ਕੜੀ ਹੋ ਨਿਬੜਦਾ ਹੈ। ਇਹ ਪਿਆਰ ਇੱਕ ਦੂਜੇ ਨੂੰ ਪੂਰਣਤਾ ਦਿੰਦਾ ਹੈ। ਉਮਰ ਦੇ ਇਸ ਦੌਰ ਵਿਚ ਇੱਕ ਅਜਿਹੇ ਰਿਸ਼ਤੇ ਦੀ ਨੀਂਹ ਬੱਝਦੀ ਹੈ ਜਿਸ ਤੇ ਜ਼ਿੰਦਗੀ ਦੀ ਇਮਾਰਤ ਟਿਕੀ ਹੁੰਦੀ ਹੈ। ਔਰਤ ਮਰਦ ਨੂੰ ਉਸਦੇ ਗੁਣਾਂ ਨੂੰ ਨਿਖਾਰਨ ਵਿੱਚ ਮੱਦਦ ਕਰਦੀ ਹੈ। ਪੁਰਸ਼ ਅਕਸਰ ਆਪਣੇ ਆਪ ਤੋਂ ਹੀ ਅਨਜਾਣ ਹੁੰਦਾ ਹੈ। ਔਰਤ ਉਸਦੀ ਸੋਚ ਵਿਚ  ਨਿਖਾਰ ਲਿਆਉਂਦੀ ਹੈ। ਔਰਤ ਮਰਦ ਨੂੰ ਭਰਦੀ ਹੈ। ਫਿਰ ਵਿਆਹ ਦੇ ਬੰਧਨ ਵਿੱਚ ਬੱਝ ਉਸਨੂੰ ਪੂਰਨਤਾ ਦਿੰਦੀ ਹੈ।

ਵਿਆਹ ਦੋ ਰੂਹਾਂ ਦਾ ਮੇਲ ਹੁੰਦਾ ਹੈ। ਔਰਤ ਪਤੀ ਨੂੰ ਸਰੀਰਕ ਸੁਖ ਦੇ ਨਾਲ ਨਾਲ ਮਾਨਸਿਕ ਰੂਪ ਵਿਚ ਤੇ ਅੱਜਕਲ ਆਰਥਿਕ ਰੂਪ ਵਿਚ ਵੀ ਮਦਦ ਕਰਦੀ ਹੈ। ਦੋਹਾਂ ਦੇ ਮੇਲ ਤੋਂ ਪਰਿਵਾਰ ਵਧਦਾ ਹੈ। ਔਰਤ ਘਰ ਦਾ ਧੁਰਾ ਬਣ ਜਾਂਦੀ ਹੈ। ਜਦੋਂ ਤੋਂ ਉਹ ਆਰਥਿਕ ਤੌਰ ਤੇ ਮਜ਼ਬੂਤ ਹੋਈ ਹੈ ਉਸਨੇ ਬਹੁਤ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਬੱਚਿਆਂ ਦੀ ਦੇਖਭਾਲ, ਬਜ਼ੁਰਗਾਂ ਦਾ ਖਿਆਲ ਰਖਦੀ ਹੈ। ਔਰਤ ਦਾ ਪਰਿਵਾਰ ਲਈ ਭੋਜਨ ਬਣਾਉਣਾ ਇੱਕ ਅਜਿਹਾ ਕਾਰਜ ਹੈ ਜੋ ਉਸਨੂੰ ਘਰ ਦੀ ਰੂਹ ਬਣਾ ਦਿੰਦਾ ਹੈ। ਇਸ ਸੇਵਾ ਦਾ ਕੋਈ ਮੁਕਾਬਲਾ ਹੀ ਨਹੀਂ। ਔਰਤ ਆਪਣੇ ਸਾਰਿਆ ਪ੍ਰਤੀ ਫ਼ਰਜ਼ ਪੂਰੇ ਕਰਦੀ ਹੈ। ਬੱਚਿਆਂ ਦੀ ਵੱਧਦੀ ਉਮਰ ਨਾਲ ਉਹ ਉਹਨਾਂ ਦੀ ਦੋਸਤ ਬਣ ਜਾਂਦੀ ਹੈ। ਇਸ ਤਰ੍ਹਾ ਉਸ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ।

ਆਪਣੀ ਜ਼ਿੰਦਗੀ ਦੇ ਦਸ ਸਾਲ ਉਹ ਇਕ ਔਲਾਦ ਦੇ ਲੇਖੇ ਲਾਉਂਦੀ ਹੈ। ਬੱਚਾ ਪਾਲਦੇ ਹੋਏ ਉਸਨੂੰ ਆਪਣੀ ਸੁਧ ਨਹੀਂ ਰਹਿੰਦੀ। ਉਸ ਨੂੰ ਦਿਨ ਰਾਤ ਦੀ ਖਬਰ ਨਹੀਂ ਹੁੰਦੀ ਜਦੋਂ ਬੱਚੇ ਦੇ ਕੈਰੀਅਰ ਦਾ ਸਵਾਲ ਹੁੰਦਾ। ਉਸ ਬੱਚਿਆਂ ਨੂੰ ਉਤਸਾਹਿਤ ਵੀ ਕਰਨਾ ਹੁੰਦਾ ਤੇ ਮਾਨਸਿਕ ਤਣਾਓ ਤੋਂ ਵੀ ਬਚਾਉਂਦਾ ਹੁੰਦਾ। ਔਰਤ ਮਨੋਵਿਗਿਆਨ ਦੀ ਮਦਦ ਨਾਲ ਸਭ ਦੇ ਨੇੜੇ ਰਹਿੰਦੀ। ਇਹ ਉਹ ਕਿਤੋਂ ਸਿੱਖਦੀ ਨਹੀਂ। ਉਸਨੂੰ ਇਹ ਸਭ ਦਾ ਪਤਾ ਹੁੰਦਾ। ਉਹ ਆਪਣੀ ਔਲਾਦ ਤੋਂ ਵੱਧ ਕਿਸੇ ਨੂੰ ਪਿਆਰ ਨਹੀਂ ਕਰਦੀ।

ਇਕ ਮਾਂ,ਭੈਣ ,ਪਤਨੀ, ਧੀ ਦੇ ਰੂਪ ਵਿਚ ਉਹ ਪੂਰੀ ਤਰ੍ਹਾਂ ਸਮਰਪਿਤ ਰਹਿੰਦੀ। ਅੱਵਲ ਤਾਂ ਉਹ ਆਪਣੇ ਫ਼ਰਜ਼ ਵਿੱਚ ਕੋਈ ਕੁਤਾਹੀ ਨਹੀਂ ਕਰਦੀ ਪਰ ਜੇਕਰ ਕਿਤੇ ਕੁਤਾਹੀ ਹੋ ਜਾਵੇ ਤਾਂ ਉਸਦੇ ਮਨ ਵਿਚ ਇਸ ਦੀ ਗਲਾਨੀ ਹਮੇਸ਼ਾ ਰਹਿੰਦੀ ਹੈ। ਔਰਤ ਹਰ ਰੂਪ ਵਿੱਚ ਆਪਣਾ ਸਭ ਕੁਝ ਵਾਰ ਦਿੰਦੀ ਹੈ। ਮਰਦ ਦੀ ਹੋਂਦ ਉਸ ਦੇ ਵਿਅਕਤੀਤਵ ਉਸ ਦੀ ਤਰੱਕੀ ਹਰ ਪੱਖ ਵਿਚ ਕਿਸੇ ਨਾ ਕਿਸੇ ਰੂਪ ਵਿੱਚ ਔਰਤ ਦਾ ਹੱਥ ਹੁੰਦਾ ਹੈ। ਇਸ ਗੱਲ ਨੂੰ ਕੋਈ ਵੀ ਨਕਾਰ ਨਹੀਂ ਸਕਦਾ। ਕੁਦਰਤ ਨੇ ਔਰਤ ਨੂੰ ਬਣਾਇਆ ਹੀ ਕੁਝ ਇਸ ਤਰ੍ਹਾਂ ਹੈ ਕਿ ਕੁਰਬਾਨੀ ਉਸਨੂੰ ਆਪਣਾ ਧਰਮ ਲੱਗਦੀ ਹੈ। ਆਪਣਿਆ ਲਈ ਬਹੁਤ ਕੁੱਝ ਕਰਕੇ ਵੀ ਉਹ ਕਦੇ ਜਤਾਉਂਦੀ ਨਹੀਂ।

ਅੱਜ ਕੱਲ ਵੇਖਣ ਵਿੱਚ ਆ ਰਿਹਾ ਹੈ ਕਿ ਧੀ ਦੇ ਰੂਪ ਵਿੱਚ ਵੀ ਉਹ ਆਪਣੇ ਮਾਤਾ-ਪਿਤਾ ਦਾ ਬਹੁਤ ਖਿਆਲ ਰੱਖਦੀ ਹੈ। ਉਹ ਆਪਣਾ ਪਰਿਵਾਰਕ ਸੁੱਖ ਇੱਕ ਪਾਸੇ ਰੱਖ ਆਪਣੇ ਮਾਤਾ-ਪਿਤਾ ਦੀ ਸੇਵਾ ਸੰਭਾਲ ਕਰਦੀ ਹੈ। ਆਪਣੇ ਮਾਤਾ-ਪਿਤਾ ਲਈ ਹਰ ਉਹ ਫਰਜ਼ ਅਦਾ ਕਰਦੀ ਹੈ ਜੋ ਉਸ ਨੂੰ ਲੱਗਦਾ ਹੈ ਕਿ ਉਸਨੂੰ ਕਰਨਾ ਚਾਹੀਦਾ ਹੈ।

ਇਸ ਸਭ ਦੇ ਬਾਵਜੂਦ ਵੀ ਔਰਤ ਨੂੰ ਨਕਾਰਿਆ ਜਾਂਦਾ ਹੈ। ਧੀ ਦੇ ਜੰਮਣ ‘ਤੇ ਮੂੰਹ ਮਸੋਸ ਲਏ ਜਾਂਦੇ ਹਨ। ਦਾਜ ਵਰਗੀਆਂ ਕੁਰੀਤੀਆਂ ਨੇ ਧੀ ਨੂੰ ਇੱਕ ਬੋਝ ਬਣਾ ਦਿੱਤਾ ਹੈ। ਸਮਾਜ ਦੀਆਂ ਗਿਰ ਰਹੀਆਂ ਕਦਰਾਂ ਕੀਮਤਾਂ ਨੇ ਧੀ ਲਈ ਮਾਪਿਆਂ ਨੂੰ ਚਿੰਤਾਤੁਰ ਕਰ ਦਿੱਤਾ ਹੈ। ਅੱਜ ਲੋੜ ਹੈ ਮਰਦ ਨੂੰ ਅੱਗੇ ਆ ਕੇ ਔਰਤ ਲਈ ਇੱਕ ਨਰੋਆ ਸਮਾਜ ਸਿਰਜਣ ਦੀ। ਇਹ ਮਦਦ ਦੀ ਜ਼ਿੰਮੇਵਾਰੀ ਹੈ ਤੇ ਔਰਤ ਦਾ ਹੱਕ। ਜਿਨ੍ਹਾਂ ਵੀ ਕੀਤਾ ਜਾਵੇ ਔਰਤ ਲਈ ਉਹ ਘਟ ਹੀ ਹੋਵੇਗਾ। ਔਰਤ ਦੇ ਕਿਸੇ ਵੀ ਰੂਪ ਵਿੱਚ ਉਸ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ।
ਔਰਤ ਕੁਦਰਤ ਦਾ ਇੱਕ ਅਜਿਹਾ ਮੁਜੱਸਮਾ ਹੈ ਜੋ ਮਨੁੱਖੀ ਜੀਵਨ ਦਾ ਆਧਾਰ ਹੈ। ਇਸਦੀ ਕਦਰ ਕਰਨੀ ਬਣਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚ ਨੂੰ ਜ਼ੰਜੀਰਾਂ
Next articleਸਾਹਿਤ ਅਕੈਡਮੀ ਦਿੱਲੀ ਵੱਲੋਂ ਮੋਗਾ ਵਿਖੇ ਸਮਾਗਮ 6 ਅਕਤੂਬਰ ਨੂੰ – ਬੂਟਾ ਸਿੰਘ ਚੌਹਾਨ