ਔਰਤ ਰਾਜ

(ਸਮਾਜ ਵੀਕਲੀ)

ਸੰਸਾਰ ਰਾਜ ਦੇ ਭੁੱਖਿਆਂ ਦੀਆਂ ਵਿਛਾਈਆਂ ਲਾਸਾਂ ਤੇ ਖਲੋਇਆ ਹੈ। ਧਰਮ ਦੀ ਪ੍ਰਧਾਨਤਾ ਹਮੇਸ਼ਾਂ ਮਰਦ ਨੇ ਕੀਤੀ ਅਤੇ ਆਪਣੀ ਤ੍ਰਿਪਤੀ ਦੇ ਨਿਯਮ ਘੜੇ ਜਿਸ ਵਿੱਚ ਔਰਤ ਦਬ ਕੇ ਰਹਿ ਗਈ। ਮਰਦ ਜੰਗਾਂ ਦੀ ਘਾੜਤ ਘੜਦਾ ਹੈ ਅਤੇ ਉਨ੍ਹਾਂ ਮਨੁੱਖਾਂ ਨੂੰ ਆਪਸ ਵਿੱਚ ਖੂਨ ਦੇ ਵੈਰੀ ਬਣਾ ਦਿੰਦਾ ਹੈ ਜਿੰਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਡਾ ਇੱਕ ਦੂਜੇ ਨਾਲ ਵੈਰ ਹੈ ਕੀ? ਬੇਸ਼ੱਕ ਮਹਾਵਾਰੀ ਜਾਂ ਹੋਰ ਸਰੀਰਕ ਗਤੀਵਿਧੀਆਂ ਕਰਕੇ ਮਰਦ ਸਰੀਰਕ ਤੌਰ ਤੇ ਔਰਤ ਨਾਲੋਂ ਮਜ਼ਬੂਤ ਹੋ ਸਕਦਾ ਹੈ ਪਰ ਇਸ ਗੱਲ ਨੂੰ ਕੋਈ ਠੁਕਰਾ ਨਹੀਂ ਸਕਦਾ ਕਿ ਮਰਦ ਪ੍ਰਧਾਨ ਸਮਾਜ ਵਿਸ਼ਵ ਨੂੰ ਨਫਰਤ ਅਤੇ ਜੰਗਾਂ ਤੋਂ ਬਿਨਾਂ ਕੁਝ ਨਹੀਂ ਦੇ ਸਕਿਆ। ਹਿਰੋਸ਼ਿਮਾ ਅਤੇ ਨਾਗਾਸਾਕੀ ਵਰਗੇ ਸ਼ਹਿਰਾਂ ਉੱਤੇ ਬੰਬ ਸੁੱਟ ਕੇ ਹਜ਼ਾਰਾਂ ਲੱਖਾਂ ਮਾਸੂਮ ਲੋਕਾਂ ਨੂੰ ਇੱਕ ਝਟਕੇ ਵਿੱਚ ਮਾਰਨ ਦਾ ਪਲਾਨ ਔਰਤ ਦੇ ਮਨ ਦੀ ਉਪਜ ਕਦੇ ਨਹੀਂ ਹੋ ਸਕਦੀ, ਅਜਿਹਾ ਘਿਨੋਣਾ ਪਲਾਨ ਹੈਨਰੀ ਐੱਲ ਸਟਿਮਸਨ ਵਰਗਾ ਮਰਦ ਹੀ ਬਣਾ ਸਕਦਾ ਸੀ।

ਵਪਾਰ ਅਤੇ ਝੂਠੀ ਦੇਸ਼ ਭਗਤੀ ਦੇ ਨਾਂ ਤੇ ਵਿਸ਼ਵ ਭਰ ਦੇ ਮਰਦ ਨੇ ਮਨੁੱਖਤਾ ਦਾ ਅੰਨ੍ਹਾ ਘਾਣ ਕਰਕੇ ਰੱਖ ਦਿੱਤਾ ਹੈ। ਜੇਕਰ ਤੁਹਾਡੇ ਧਰਮ ਅਵਤਾਰ (ਲਗਭਗ ਸਾਰੇ ਮਰਦ) ਐਨੇ ਹੀ ਮਹਾਨ ਸਨ ਤਾਂ ਇਹ ਵਿਸ਼ਵ ਐਨੀ ਧਰਮੀਂ ਨਫਰਤ ਨਾਲ ਕਿਵੇਂ ਭਰ ਗਿਆ? ਅਸਲ ਵਿੱਚ ਮਰਦ ਕਦੇ ਇੱਕ ਜ਼ਿੰਦਗੀ ਦੇ ਮੋਲ ਨੂੰ ਸਮਝ ਨਹੀਂ ਸਕਿਆ ਅਤੇ ਨਾ ਹੀ ਸਮਝ ਸਕਦਾ ਹੈ ਕਿਉਂਕਿ ਜੀਵਨ ਦਾ ਮੋਲ ਸਿਰਫ਼ ਉਹੀ ਸਮਝ ਸਕਦਾ ਹੈ ਜੋ ਜੀਵਨ ਪੈਦਾ ਕਰਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਬੰਦਾ ਮਾਰਨ ਦੀ ਗੱਲ ਹਮੇਸਾਂ ਮਰਦ ਹੀ ਕਰੇਗਾ, ਉਸਨੂੰ ਦੂਸਰੇ ਦੀ ਜ਼ਿੰਦਗੀ ਖਤਮ ਕਰਨ ਵਿੱਚ ਆਪਣੀ ਮਰਦਾਨਗੀ ਦਾ ਅਹਿਸਾਸ ਹੈ ਜਦਕਿ ਔਰਤ ਅਜਨਬੀ ਬੱਚੇ ਦੀ ਮੌਤ ਦੀ ਖਬਰ ਸੁਣ ਕੇ ਵੀ ਟੁੱਟਦੀ ਨਜ਼ਰ ਆਵੇਗੀ।

ਔਰਤ ਦੇ ਭਾਵੁਕ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਔਰਤ ਕਮਜ਼ੋਰ ਹੈ, ਅਸਲ ਵਿੱਚ ਉਹ ਜਿੰਦਗੀ ਦਾ ਮੋਲ ਜਾਣਦੀ ਹੈ। ਇਤਿਹਾਸ ਕਹਿੰਦਾ ਹੈ ਕਿ ਅਨੇਕਾਂ ਧਰਮਾਂ ਨੇ ਵਿਸ਼ਵ ਦੇ ਵੱਖ ਵੱਖ ਕੋਨਿਆਂ ਤੇ ਰਾਜ ਕੀਤਾ ਪਰ ਸੱਚ ਇਹ ਹੈ ਕਿ ਰਾਜ ਹਮੇਸ਼ਾਂ ਮਰਦ ਜਾਤ ਨੇ ਕੀਤਾ, ਜੇਕਰ ਇੱਕ ਮਰਦ ਹੱਥੋਂ ਰਾਜ ਖੁੱਸਿਆ ਤਾਂ ਖੋਹਣ ਵਾਲਾ ਵੀ ਮਰਦ ਹੀ ਸੀ ਅਤੇ ਸੈਨਾਂ ਚ ਮਰਨ ਵਾਲੇ ਉਹ ਮਾਸੂਮ ਲੋਕ ਜਿੰਨਾਂ ਨੂੰ ਔਰਤ ਨੇ ਆਪਣੀ ਜਾਨ ਤਲੀ ਤੇ ਧਰ ਕੇ ਪਵਿੱਤਰ ਅੰਡਕੋਸ਼ ਵਿੱਚੋਂ ਪੈਦਾ ਕੀਤਾ।

ਕੋਈ ਧਰਮ ਦਾ ਰਾਜ ਮਨੁੱਖ ਦੇ ਜੀਵਨ ਨੂੰ ਸੁੱਖ ਦਾ ਸਾਹ ਨਾ ਦੇ ਸਕਿਆ ਅਤੇ ਨਾ ਹੀ ਦੇ ਸਕਦਾ ਹੈ ਕਿਉਂਕਿ ਨਿੱਜਤਵ ਦੀ ਗੰਦਗੀ ਤੇ ਖੜਾ ਮਰਦ ਮਨੁੱਖਤਾ ਹਿੱਤਕਾਰੀ ਫੈਸਲੇ ਕਦੇ ਲੈ ਹੀ ਨਹੀਂ ਸਕਦਾ। ਵਿਸ਼ਵ ਭਰ ਵਿੱਚ ਰਾਸ਼ਟਰਪਤੀ, ਪ੍ਰਧਾਨਮੰਤਰੀ, ਜੱਜ ਅਤੇ ਹੋਰ ਜਿੰਨੇ ਵੀ ਫੈਸਲੇ ਲੈਣ ਵਾਲੀਆਂ ਸੁਪਰੀਮ ਕੁਰਸੀਆਂ ਹਨ, ਸਭ ਨੂੰ ਔਰਤਾਂ ਦੇ ਸਨਮੁਖ ਕਰ ਦੇਣਾ ਚਾਹੀਦਾ ਹੈ ਤਦ ਹੀ ਮਨੁੱਖਤਾ ਵਿੱਚ ਕੋਈ ਬੇਗਮਪੁਰਾ ਵਾਪਰ ਸਕਦਾ ਹੈ….

ਅਮਨ ਜੱਖਲਾਂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਧਦੇ ਪ੍ਰਦੂਸ਼ਣ ਕਾਰਨ ਦੁਬਿਧਾ ਚ ਆਲਾ ਦੁਆਲਾ
Next articleਬਾਲੀ ਵਿੱਚ ਜੀ-20 ਆਗੂਆਂ ਨਾਲ ਆਲਮੀ ਮੁੱਦਿਆਂ ’ਤੇ ਚਰਚਾ ਕਰਾਂਗਾ: ਮੋਦੀ