(ਸਮਾਜ ਵੀਕਲੀ)
ਤੂੰ ਜਿਸ ਨੇ ਸਭ ਨੂੰ ਜੰਮਿਆ ਏਂ
ਤੂੰ ਜਿਸ ਨੇ ਆਪਣੇ ਆਪ ਨੂੰ ਜੰਮਿਆ ਏਂ
ਪਰ ਤੇਰੀ ਆਤਮਾ
ਹਰ ਯੁੱਗ ‘ਚ
ਹਰ ਸਮੇਂ ‘ਚ
ਹਰ ਸ਼ਾਸਨ ‘ਚ
ਲਹੂ-ਲੁਹਾਣ ਹੋਈ ਏ
ਤੇ ਉਹ ਵੀ
ਆਪਣੇ ਢਿੱਡੋਂ ਜੰਮਿਆ ਹੱਥੋਂ
ਜਦੋਂ ਵੀ ਸਰਹੱਦਾਂ ਦੇ ਐਧਰ ਓਧਰ ਬੈਠੇ
ਕੁਰਸੀਆਂ ਦੇ ਟੋਟੜੂਆਂ ਨੇ
ਜੰਗ ਛੇੜੀ ਏ
ਤੂੰ ਲਹੂ ਦੇ ਅੱਥਰੂ ਰੋਈ ਏਂ
ਸਰਹੱਦੋਂ ਐਧਰ ਮਰਨ ਜਾਂ ਓਧਰ
ਤੇਰਾ ਹੀ ਪੁੱਤਰ ਮਰਿਆ ਏ
ਤੇਰਾ ਹੀ ਸੰਧੂਰ ਉੱਜੜਿਆ ਏ
ਤੇਰਾ ਹੀ ਬਾਲ ਵਰੇਸੇ ਬਾਬਲ ਮੋਇਆ ਏ
ਫਿਰ ਤੇਰੇ ਜੰਮਿਆਂ
ਜਿੱਤ ਦੇ ਜਸ਼ਨ ਮਨਾਉਣ ਲਈ
ਤੇਰੀ ਆਬਰੂ ਲੁੱਟੀ ਏ
ਤੇਰੀਆਂ ਜੰਮੀਆਂ ਦੀ ਆਬਰੂ ਲੁੱਟੀ
ਤੇ ਫਿਰ ਵੀ ਤੂੰ ….
ਫਿਰ ਵੀ ਤੂੰ
ਸੈਆਂ ਆਦਮੀ ਹੋਰ ਜੰਮੇ
ਜੇ ਗਰੀਬੀ ਵੀ ਹੋਈ
ਤਾਂ ਹਰ ਯੁੱਗ ਅੰਦਰ
ਤੂੰ ਆਪਣਾ ਜਿਸਮ ਵੇਚਿਆ ਏ
ਆਪਣੇ ਜੰਮਿਆਂ ਨੂੰ,
ਵੇਸ਼ਵਾ ਹੋ ਜਾਣਾ ਜਰ ਲਿਆ ਤੂੰ
ਪਰ ਜਰਿਆ ਨਹੀਂ ਕਿ
ਭੁੱਖਾ ਮਰ ਜਾਏ
ਕੋਈ ਦੋਧੇ ਦੰਦਾਂ ਵਾਲ਼ਾ ਆਦਮੀ
ਤੂੰ ਜਦੋਂ ਸਾਹਿਬਾਂ ਬਣ ਕੇ
ਭਰਾਵਾਂ ਨਾਲ਼ ਵਫ਼ਾ ਕੀਤੀ
ਸਾਰੇ ਮੁਲਖ ਨੇ
ਤੇਰੀ ਮਿਰਜ਼ੇ ਨਾਲ਼ ਬੇਵਫ਼ਾਈ ਨੂੰ
ਹਿੱਕ ਦੇ ਜ਼ੋਰ ਨਾਲ਼ ਗਾਇਆ ਏ
ਪਰ ਜਦੋਂ ਵੀ ਤੂੰ ਕਿਸੇ ਮਿਰਜ਼ੇ ਨਾਲ਼
ਉਮਰਾਂ ਲੰਘਾਉਣ ਦੀ ਗੱਲ ਕੀਤੀ
ਤਾਂ ਤੈਨੂੰ ਇਸੇ ਮੁਲਖ ਨੇ
ਚਰਿੱਤਰਹੀਣ ਕਿਹਾ ਏ
ਤੈਨੂੰ ਸਭ ਨੇ ਕਿਹਾ
ਪੂਰਨ ਤੇਰਾ ਪੁੱਤਰ ਏ
ਪਰ ਸਲਵਾਨ ਨੂੰ ਕੋਈ ਨਾ ਕਹਿ ਸਕਿਆ
ਕਿ ਲੂਣਾ ਉਹਦੀ ਧੀ ਏ
ਇਹ ਆਦਮੀ ਜੇ ਰਾਮ ਵੀ ਬਣਿਆ
ਤਾਂ ਰਾਮ ਹੀ ਰਿਹਾ ਏ
ਤੂੰ ਸੀਤਾ ਹੋ ਕੇ ਵੀ
ਦਾਅਵਾ ਨਹੀਂ ਕਰ ਸਕੀ
ਆਪਣੇ ਨੇਕ ਚਰਿੱਤਰ ਦਾ
ਬਿਨਾਂ ਅਗਨੀ ਪ੍ਰੀਖਿਆ ‘ਚੋਂ ਲੰਘਿਆਂ
ਤੈਨੂੰ ਪਹਿਲਾਂ ਭਰੀ ਸਭਾ ‘ਚ
ਨਗਨ ਕਰਦੇ ਰਹੇ
ਫਿਰ ਯੁੱਧ ਵਿੱਢ ਲੈਂਦੇ
ਤੇ ਫਿਰ ਤੇਰੇ ਲੱਖਾਂ ਜਾਏ ਲੱਖਾਂ ਭਰਾ
ਲਾਸ਼ਾਂ ਬਣ ਵਿੱਛਦੇ ਰਹੇ
ਕੁਰਕਸ਼ੇਤਰ ਦੇ ਮੈਦਾਨ ਅੰਦਰ
ਸੁਣਿਆ ਏ ਹਰ ਚੀਜ਼ ਮਰਦੀ ਏ
ਪਰ ਆਪਣੇ ਜੰਮਣ ਤੋਂ ਬਾਅਦ
ਤੂੰ, ਜਿਸ ਨੂੰ
ਇਸ ਉਨਤ ਦੁਨੀਆਂ ਦੇ ਔਜ਼ਾਰ
ਮਾਂ ਦੀ ਕੁੱਖ ‘ਚ ਲੱਭ ਲੈਂਦੇ ਨੇ
ਤੇ ਫਿਰ ਤੇਰੇ ਇਹ ਸੱਭਿਅਕ ਜਾਏ
ਤੈਨੂੰ ਕਤਲ ਕਰਦੇ ਨੇ
ਉਹ ਵੀ ਜੰਮਣ ਤੋਂ ਪਹਿਲਾਂ
ਪਤਾ ਨਹੀਂ ਤੂੰ ਐਨਾ ਹਨੇਰ
ਕਿਵੇਂ ਜਰ ਲਿਆ ਹੈ
ਤੇ ਕਿਵੇਂ ਜਰ ਰਹੀ ਏਂ
ਸ਼ਾਇਦ ਤੂੰ ਔਰਤ ਏਂ
ਆਦਮੀ ਦੀ ਮਾਂ
ਨਾ ਕਿ ਆਦਮੀ।
ਅਮਰਜੀਤ ਸਿੰਘ ਅਮਨੀਤ
8872266066
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly