ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਪ੍ਰੀਗਾਬਾਲਿਨ ਦਵਾਈ ਨੂੰ ਕੇਵਲ ਸਮਰੱਥ ਡਾਕਟਰ ਦੀ ਪ੍ਰਵਾਨਗੀ ਦੇ ਆਧਾਰ ‘ਤੇ ਹੀ ਅਤੇ ਮਿੱਥੇ ਹੋਏ ਸਮੇਂ ਲਈ ਹੀ ਫਾਰਮੇਸੀ ਵਲੋਂ ਦਿੱਤਾ ਜਾਵੇ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਫਾਰਮੇਸੀ ਵਲੋਂ ਇਸ ਦਵਾਈ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਨੇ ਆਪਣੇ ਦਫ਼ਤਰ ਦੇ ਪੱਤਰ ਨੰਬਰ ਡਰੱਗਜ਼/2023/452 ਮਿਤੀ 24.8.2023 ਰਾਹੀਂ ਦੱਸਿਆ ਹੈ ਕਿ ਪ੍ਰੀਗਾਬਾਲਿਨ ਦੀ ਵਰਤੋਂ ਫਾਈਬਰੋ ਮਾਇਲਜੀਆ/ਨਿਉਰਲਜੀਆ ਆਦਿ ਬਿਮਾਰੀਆਂ ਨਾਲ ਸਬੰਧਤ ਮਰੀਜ਼ਾਂ ਦੇ ਇਲਾਜ ਲਈ ਆਮ ਤੌਰ ‘ਤੇ ਮੈਡੀਕਲ ਸਪੈਸ਼ਲਿਸਟ/ ਸਾਈਕੈਟਰਿਸਟ/ ਜੀ.ਡੀ.ਐਮ.ਓ ਵਲੋਂ ਕੀਤੀ ਜਾਂਦੀ ਹੈ, ਪਰ ਜ਼ਿਆਦਾ ਮਾਤਰਾ ਵਿੱਚ ਪ੍ਰੀਗਾਬਾਲਿਨ ਦੀ ਦੁਰਵਰਤੋਂ ਨਸ਼ੇ ਦੇ ਤੌਰ ‘ਤੇ ਕੀਤੀ ਜਾ ਸਕਦੀ ਹੈ। ਇਸ ਲਈ ਪ੍ਰੀਗਾਬਾਲਿਨ ਦਵਾਈ ਨੂੰ ਕੇਵਲ ਸਮਰੱਥ ਡਾਕਟਰ ਦੀ ਪ੍ਰਵਾਨਗੀ ਦੇ ਆਧਾਰ ‘ਤੇ ਹੀ ਅਤੇ ਮਿੱਥੇ ਹੋਏ ਸਮੇਂ ਲਈ ਹੀ ਫਾਰਮੇਸੀ ਵਲੋਂ ਦਿੱਤੀ ਜਾਣੀ ਚਾਹੀਦੀ ਹੈ। ਇਹ ਹੁਕਮ 25 ਅਕਤੂਬਰ, 2024 ਤੱਕ ਲਾਗੂ ਰਹੇਗਾ।
ਜ਼ਿਲ੍ਹੇ ‘ਚ ਮੂੰਹ ਢੱਕ ਕੇ ਡਰਾਈਵਿੰਗ ਕਰਨ ‘ਤੇ ਲਗਾਈ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਆਮ ਨਾਗਰਿਕਾਂ ਨੂੰ ਦੋ-ਪਹੀਆਂ ਵਾਹਨ ਚਲਾਉਂਦੇ ਹੋਏ ਮੂੰਹ ਢੱਕ ਕੇ/ਮੂੰਹ ਬੰਨ ਕੇ ਡਰਾਈਵਿੰਗ ਕਰਨ ‘ਤੇ ਪਾਬੰਦੀ ਲਗਾਈ ਹੈ। ਇਹ ਪਾਬੰਦੀ ਉਨ੍ਹਾਂ ਵਿਅਕਤੀਆਂ ‘ਤੇ ਲਾਗੂ ਨਹੀਂ ਹੋਵੇਗੀ, ਜਿਨ੍ਹਾਂ ਨੇ ਕਿਸੇ ਬਿਮਾਰੀ ਜਾਂ ਅਲੱਰਜੀ ਦੀ ਵਜਾਹ ਕਾਰਨ ਮੈਡੀਕਲ ਸੁਪਰਵਿਜਨ ਦੇ ਹੇਠਾਂ ਮਾਸਕ ਜਾਂ ਕੋਈ ਹੋਰ ਚੀਜ ਪਹਿਨੀ ਹੋਵੇ। ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮ ਵਿੱਚ ਦੱਸਿਆ ਹੈ ਕਿ ਬਜਾਰਾਂ ਵਿੱਚ ਆਮ ਤੌਰ ਤੇ ਮੂੰਹ ਢੱਕ ਕੇ ਵਹੀਕਲ ਚਾਲਕਾਂ (ਖਾਸ ਤੌਰ ‘ਤੇ ਦੋ-ਪਹੀਆਂ ਵਹੀਕਲ ਚਾਲਕਾਂ) ਵੱਲੋਂ ਲੁਟਾਂ–ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਮੂੰਹ ਢੱਕਣ ਨਾਲ ਅਪਰਾਧ ਕਰਨ ਵਾਲਿਆਂ ਦੀ ਪਹਿਚਾਣ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਜ਼ਿਲ੍ਹੇ ਅੰਦਰ ਮੂੰਹ ਢੱਕ ਕੇ ਅਪਰਾਧਕ ਵਾਰਦਾਤਾਂ ਨੂੰ ਰੋਕਣ ਲਈ ਉਕਤ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 25 ਅਕਤੂਬਰ, 2024 ਤੱਕ ਲਾਗੂ ਰਹਿਣਗੇ।
ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੂੰ ਦੇਣਾ ਲਾਜ਼ਮੀ
ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ, ਆਈ.ਏ.ਐਸ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਈਆਂ ਸਕਤੀਆਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹੇ ਦੇ ਮਿਉਂਸਪਲ ਕੌਂਸਲ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਜੇਕਰ ਆਪਣੇ ਘਰ/ਹੋਟਲ/ਰੈਸਟੋਰੈਂਟ ਵਿੱਚ ਕਿਰਾਏਦਾਰ/ਨੌਕਰ/ਪੇਇੰਗ ਗੈਸਟ/ਨੇਪਾਲੀ ਲਾਗਰੀ ਰੱਖੇਗਾ ਤਾਂ ਉਹ ਉਸ ਦੀ ਸੂਚਨਾ [email protected] ਅਤੇ [email protected] ਤੇ ਇੱਕ ਹਫਤੇ ਦੇ ਅੰਦਰ-ਅੰਦਰ ਦੇਣ ਲਈ ਪਾਬੰਦ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹਾ ਮਕਾਨ ਮਾਲਕਾਂ ਨੇ ਅਜ ਤੱਕ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ ਹੈ, ਉਹ ਉਕਤ ਈ-ਮੇਲ ਤੇ ਕਿਰਾਏਦਾਰ (ਨਾਮ, ਪਿਤਾ ਦਾ ਨਾਮ, ਫੋਟੋ ਅਤੇ ਆਧਾਰ ਕਾਰਡ) ਦੀ ਸੂਚਨਾ ਇਸ ਹੁਕਮ ਦੇ ਜਾਰੀ ਹੋਣ ਦੀ ਮਿਤੀ ਤੇ ਇੱਕ ਹਫਤੇ ਦੇ ਅੰਦਰ-ਅੰਦਰ ਦੇਣ। ਉਨ੍ਹਾਂ ਨੇ ਕਿਹਾ ਕਿ ਮਕਾਨ ਮਾਲਕਾ ਵੱਲੋਂ ਰੱਖੋ ਗਏ ਕਿਰਾਏਦਾਰ/ਨੌਕਰ/ਪੇਇੰਗ ਗੈਸਟ ਆਦਿ ਕਈ ਵਾਰ ਨਸ਼ੇ, ਅਸਮਾਜਿਕ ਅਤੇ ਅਪਰਾਧਿਕ ਪਿਛੋਕੜ ਦੇ ਹੁੰਦੇ ਹਨ ਅਤੇ ਕਿਰਾਏ ਵਾਲੇ ਮਕਾਨਾਂ ਅਤੇ ਪਬਲਿਕ ਸਥਾਨਾਂ ਤੇ ਹੁੜਦੰਗ ਕਰਦੇ ਰਹਿੰਦੇ ਹਨ, ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿੱਤੀ ਵਿਗੜਨ ਦਾ ਡਰ ਹੈ, ਪਰ ਮਕਾਨ ਮਾਲਕਾਂ ਵੱਲੋਂ ਇਨ੍ਹਾਂ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਪਾਸ ਸਮੇਂ ਸਿਰ ਦਰਜ ਨਹੀਂ ਕਰਵਾਈ ਜਾਂਦੀ ਹੈ। ਇਸ ਤਰਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਉਕਤ ਹੁਕਮ ਲਾਗੂ ਕੀਤਾ ਗਿਆ ਹੈ। ਇਹ ਹੁਕਮ 24 ਅਕਤੂਬਰ, 2024 ਤੱਕ ਲਾਗੂ ਰਹੇਗਾ।
ਦੋਪਹੀਆ ਵਾਹਨਾਂ ਦੇ ਸਾਇਲੰਸਰ ਬਦਲਣ ਅਤੇ ਪਟਾਕੇ ਬਜਾਉਣ ਤੇ ਲਗਾਈ ਪਾਬੰਦੀ
ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਅਤੇ ਆਮ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਦੇ ਲਈ ਦੋਪਹੀਆ ਵਾਹਨਾਂ ਦੇ ਸਾਇਲੰਸਰ ਬਦਲਣ ਅਤੇ ਪਟਾਖੇ ਬਜਾਉਣ ਤੇ ਪੂਰਨ ਤੌਰ ਤੇ ਪਾਬੰਧੀ ਲਗਾ ਦਿੱਤੀ ਹੈ। ਇਹ ਹੁਕਮ ਸਾਇਲੰਸਰ ਬਦਲਣ ਵਾਲੇ ਦੁਕਾਨਦਾਰਾਂ/ਮਕੇਨਿਕਾਂ ਅਤੇ ਪਟਾਖੇ ਬਜਾਉਣ ਵਾਲੇ ਵਾਹਨ ਮਾਲਕਾਂ ਤੇ ਵੀ ਲਾਗੂ ਹੋਣਗੇ। ਇਹ ਹੁਕਮ 27 ਅਕਤੂਬਰ,2024 ਤੱਕ ਲਾਗੂ ਰਹੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly