ਸਵੇਰ ਦੀ ਪਹਿਲੀ ਕਿਰਣ ਨਾਲ ਕਰੀਏ ਖੁਸ਼ਹਾਲ ਭਵਿੱਖ ਦੀ ਸ਼ੁਰੂਆਤ

ਪਲਕਪ੍ਰੀਤ ਕੌਰ ਬੇਦੀ
(ਸਮਾਜ ਵੀਕਲੀ) ਜਦੋਂ ਸੂਰਜ ਦੀ ਪਹਿਲੀ ਕਿਰਣ ਧਰਤੀ ਨੂੰ ਚੁੰਮਦੀ ਹੈ ਤੇ ਉਹ ਸਿਰਫ਼ ਰੋਸ਼ਨੀ ਹੀ ਨਹੀਂ ਬਲਕਿ ਸਾਡੇ ਲਈ ਨਵੀਆਂ ਉਮੀਦਾਂ, ਨਵੇਂ ਅਰਮਾਨ ਅਤੇ ਭਵਿੱਖ ਨੂੰ ਸੰਵਾਰਨ ਲਈ ਅਨਗਿਣਤ ਮੌਕੇ ਵੀ ਲੈਕੇ ਆਉਂਦੀ ਹੈ। ਹਰ ਸਵੇਰ, ਸਾਡੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਵਿੱਚ ਲਿਜਾਣ ਦਾ ਮੌਕਾ ਦਿੰਦੀ ਹੈ, ਜਿੱਥੇ ਅਸੀਂ ਪਿਛਲੇ ਦਿਨ ਦੇ ਸੰਘਰਸ਼ ਅਤੇ ਬੋਝ ਨੂੰ ਪਿੱਛੇ ਛੱਡਕੇ ਇੱਕ ਨਵੀਂ ਸ਼ੁਰੂਆਤ ਕਰ ਸਕੀਏ। ਇਹ ਸਵੇਰ ਸਾਡੀ ਰੂਹ ਨੂੰ ਇਕ ਨਵੀਂ ਤਾਜ਼ਗੀ ਦੇਕੇ ਸਾਡੇ ਮਨ ਵਿੱਚ ਨਵੇਂ ਸੁਪਨੇ ਵਸਾਉਂਦੀ ਹੈ।
ਹਰ ਨਵੀਂ ਸਵੇਰ ਦੇ ਨਾਲ ਆਉਣ ਵਾਲੇ ਇਹ ਸੁਨਿਹਰੇ ਮੌਕੇ ਸਾਡੇ ਜੀਵਨ ਨੂੰ ਨਵੇਂ ਰਾਹਾਂ ਵੱਲ ਮੋੜਨ ਦੀ ਸਮਰੱਥਾ ਰੱਖਦੇ ਹਨ। ਇਹ ਕਿਰਣ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਿਵੇਂ ਅਸੀਂ ਰਾਤ ਦੇ ਹਨੇਰੇ ਨੂੰ ਪਾਰ ਕਰ ਸਵੇਰ ਦੇ ਚਾਨਣ ਦਾ ਆਨੰਦ ਮਾਣਦੇ ਹਾਂ, ਓਸੇ ਤਰ੍ਹਾਂ ਹੀ ਸਾਡੇ ਜੀਵਨ ਦੀਆਂ ਚੁਣੌਤੀਆਂ ਦੇ ਪੜਾਵਾਂ ਤੋਂ ਉਪਰ ਉੱਠਕੇ ਜਿੱਤ ਨੂੰ ਪਾਉਣਾ ਲਾਜ਼ਮੀ ਹੈ। ਇਹ ਸਵੇਰ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕਿਸੇ ਵੀ ਸੰਘਰਸ਼ ਦੇ ਅੱਗੇ ਨਹੀਂ ਝੁਕਣਾ ਅਤੇ ਹਰ ਦਿਨ ਨਵੀਆਂ ਕੋਸ਼ਿਸ਼ਾਂ ਨਾਲ ਅੱਗੇ ਵਧਣਾ ਹੈ।
ਸਵੇਰ ਦੀ ਇਹ ਨਵੀਂ ਸ਼ੁਰੂਆਤ ਸਾਡੇ ਹੌਂਸਲਿਆਂ ਨੂੰ ਬੁਲੰਦ ਕਰਦੀ ਹੈ ਅਤੇ ਸਾਡੇ ਅੰਦਰ ਉਸ ਜਜ਼ਬੇ ਨੂੰ ਬਾਹਰ ਲਿਆਉਂਦੀ ਹੈ ਜੋ ਸਾਨੂੰ ਸਾਰਿਆਂ ਦੇ ਸਾਹਮਣੇ ਨਵੀਆਂ ਲਹਿਰਾਂ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ। ਇਹ ਸਵੇਰ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਪਿਛਲੇ ਸਮੇਂ ਦੇ ਸੰਘਰਸ਼ਾਂ ਅਤੇ ਤਜ਼ਰਬੇ ਨੂੰ ਪਿੱਛੇ ਛੱਡ ਕੇ ਨਵੀਆਂ ਮਾਰਗ ਦਰਸ਼ਕ ਲਕੀਰਾਂ ਖਿੱਚਣ ਲਈ ਤਿਆਰ ਹੋਈਏ। ਇਹ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਸਵੇਰ ਦਾ ਸੂਰਜ, ਹਰ ਰਾਤ ਦੇ ਹਨੇਰੇ ਤੋਂ ਬਾਅਦ, ਜਿਵੇਂ ਰੋਸ਼ਨੀ ਦਾ ਪੈਗਾਮ ਲਿਆਉਂਦਾ ਹੈ, ਓਸੇ ਤਰ੍ਹਾਂ ਸਾਡੇ ਜੀਵਨ ਦੀ ਹਰ ਮੁਸ਼ਕਲ ਤੋਂ ਬਾਅਦ ਹੀ ਸੁੱਖ ਦੀ ਇੱਕ ਕਿਰਣ ਦਾ ਚਮਕਣਾ ਲਾਜ਼ਮੀ ਹੈ।
ਇਸ ਲਈ, ਹਰ ਸਵੇਰ ਸਾਨੂੰ ਨਵੀਂ ਜ਼ਿੰਦਗੀ ਦੇ ਪੰਨੇ ਖੋਲ੍ਹਣ ਦਾ ਮੌਕਾ ਦਿੰਦੀ ਹੈ, ਅਤੇ ਸਾਨੂੰ ਆਪਣੇ ਮਨ ਨੂੰ ਖੁੱਲ੍ਹਾ ਰੱਖ ਕੇ, ਨਵੀਆਂ ਇੱਛਾਵਾਂ ਅਤੇ ਨਵੇਂ ਇਰਾਦਿਆਂ ਨਾਲ ਉਡੀਕਾਂ ਨੂੰ ਗਲੇ ਲਗਾਉਣ ਦੀ ਪ੍ਰੇਰਣਾ ਦਿੰਦੀ ਹੈ। ਹਰੇਕ ਸਵੇਰ ਦਾ ਸਵਾਗਤ ਕਰਨਾ ਸਾਡਾ ਫਰਜ਼ ਹੈ, ਕਿਉਂਕਿ ਜਿਵੇਂ ਸੂਰਜ ਸਾਰੀ ਧਰਤੀ ਨੂੰ ਆਪਣੀ ਰੋਸ਼ਨੀ ਨਾਲ ਚਮਕਾਉਂਦਾ ਹੈ ਓਵੇਂ ਹੀ ਅਸੀਂ ਵੀ ਆਪਣੀ ਜ਼ਿੰਦਗੀ ਦੇ ਸਾਰੇ ਸੁਪਨਿਆਂ ਨੂੰ ਨਵੇਂ ਚਨਣ ਨਾਲ ਰੌਸ਼ਨ ਕਰ ਸਕਦੇ ਹਾਂ।
✍️ ਪਲਕਪ੍ਰੀਤ ਕੌਰ ਬੇਦੀ
 ਕੇ,ਐਮ.ਵੀ. ਕਾਲਜੀਏਟ 
 ਸੀਨੀਅਰ ਸੈਕੰਡਰੀ ਸਕੂਲ, 
 ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੋਣ ਨਹੀਂ ਦੇਂਦਾ
Next articleਸੀ.ਬੀ.ਐੱਸ.ਈ ਵੱਲੋਂ ਕਰਵਾਏ ਗਏ ਸਹੋਦਿਆ ਇੰਟਰ ਸਕੂਲ 17 ਸਾਲ ਉਮਰ ਵਰਗ ਫੁੱਟਬਾਲ ਮੁਕਾਬਲਿਆਂ ਵਿੱਚੋਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਹਾਸਲ ਕੀਤਾ ਤੀਸਰਾ ਸਥਾਨ।