ਚੰਡੀਗੜ੍ਹ (ਦਵਿੰਦਰ ਪਾਲ):ਪੰਜਾਬ ਦੀ 16ਵੀਂ ਵਿਧਾਨ ਸਭਾ ਲਈ ਸੂਬੇ ਦੇ ਲੋਕਾਂ ਵੱਲੋਂ ਲੰਘੀਆਂ ਤਿੰਨ ਵਿਧਾਨ ਸਭਾ ਚੋਣਾਂ ਨਾਲੋਂ ਘੱਟ ਮਤਦਾਨ ਕਰਨ ਨੇ ਸਿਆਸੀ ਧਿਰਾਂ ਨੂੰ ਫਿਕਰਾਂ ’ਚ ਪਾ ਦਿੱਤਾ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਵਿੱਚ 72 ਫੀਸਦੀ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਹੈ। ਵੋਟਾਂ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਅਤੇ ਚੋਣ ਵਿਸ਼ਲੇਸ਼ਕਾਂ ਨੂੰ ਵੀ ਜਿੱਤ-ਹਾਰ ਦਾ ਅੰਦਾਜ਼ਾ ਲਾਉਣਾ ਔਖਾ ਹੋ ਗਿਆ ਹੈ। ਉਂਜ ਸਾਰੀਆਂ ਹੀ ਪ੍ਰਮੁੱਖ ਧਿਰਾਂ ਸੂਬੇ ਦੀ ਸੱਤਾ ’ਤੇ ਕਾਬਜ਼ ਹੋਣ ਲਈ ਆਸਵੰਦ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਗੱਠਜੋੜ ਸਰਕਾਰ ਦੇ ਗਠਨ ਲਈ ਜੋੜ-ਤੋੜ ਬਾਰੇ ਸੋਚਣ ਲੱਗ ਪਏ ਹਨ।
ਉਧਰ ਸੰਯੁਕਤ ਸਮਾਜ ਮੋਰਚਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਲੋਕ ਇਨਸਾਫ਼ ਪਾਰਟੀ ਸਮੇਤ ਆਜ਼ਾਦ ਉਮੀਦਵਾਰਾਂ ਵੱਲੋਂ ਵੀ ਇਨ੍ਹਾਂ ਚੋਣਾਂ ਦੌਰਾਨ ਨਿਭਾਈ ਗਈ ਭੂਮਿਕਾ ’ਤੇ ਤਸੱਲੀ ਪ੍ਰਗਟਾਈ ਜਾ ਰਹੀ ਹੈ। ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਤਾਂ ਸੇਵਾਮੁਕਤ ਅਤੇ ਮੌਜੂਦਾ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਆਰੰਭ ਦਿੱਤੀਆਂ ਹਨ ਜਦੋਂ ਕਿ ਕਾਂਗਰਸ ਵੀ ਸੱਤਾ ’ਤੇ ਕਾਬਜ਼ ਰਹਿਣ ਦੇ ਸੁਪਨੇ ਦੇਖ ਰਹੀ ਹੈ। ਸੂਬੇ ’ਚ ਵੋਟ ਪ੍ਰਕਿਰਿਆ ਖਤਮ ਹੋਣ ਮਗਰੋਂ ਰਿਟਰਨਿੰਗ ਅਫ਼ਸਰਾਂ ਵੱਲੋਂ ਵੋਟਾਂ ਦੇ ਭੁਗਤਾਨ ਸਬੰਧੀ ਜੋ ਅੰਕੜੇ ਭੇਜੇ ਗਏ ਹਨ, ਉਨ੍ਹਾਂ ਮੁਤਾਬਕ ਦਿਹਾਤੀ ਖੇਤਰ ਨਾਲ ਸਬੰਧਤ ਵਿਧਾਨ ਸਭਾ ਹਲਕਿਆਂ ਵਿੱਚ ਸ਼ਹਿਰੀ ਖੇਤਰ ਦੀਆਂ ਵੋਟਾਂ ਨਾਲੋਂ ਜ਼ਿਆਦਾ ਭੁਗਤਾਨ ਹੋਇਆ ਹੈ। ਇਹ ਤੱਥ ਵੀ ਦੇਖਣ ਨੂੰ ਮਿਲੇ ਹਨ ਕਿ ਜਿੱਥੇ ਉਮੀਦਵਾਰਾਂ ਦੇ ਬਹੁਕੋਣੇ ਮੁਕਾਬਲੇ ਸਨ ਜਾਂ ਬਰਾਬਰ ਦੇ ਉਮੀਦਵਾਰਾਂ ਦੇ ਸਿੰਗ ਫੱਸੇ ਹੋਏ ਸਨ, ਉਥੇ ਵੀ ਸਾਧਾਰਨ ਵਿਧਾਨ ਸਭਾ ਹਲਕਿਆਂ ਦੇ ਮੁਕਾਬਲੇ ਜ਼ਿਆਦਾ ਵੋਟਾਂ ਪਈਆਂ ਹਨ।
ਪੰਜਾਬ ਵਿੱਚ ਵਿਧਾਨ ਸਭਾ ਹਲਕਾਵਾਰ ਵੋਟਾਂ ਦੇ ਭੁਗਤਾਨ ਦੀ ਸਥਿਤੀ ਦੇਖੀ ਜਾਵੇ ਤਾਂ ਸੁਜਾਨਪੁਰ ਵਿੱਚ 76.33 ਫੀਸਦੀ, ਭੋਆ ਵਿੱਚ 73.91, ਪਠਾਨਕੋਟ ਵਿੱਚ 73.82, ਗੁਰਦਾਸਪੁਰ ਵਿੱਚ 72.0, ਦੀਨਾਨਗਰ ਵਿੱਚ 71.56, ਕਾਦੀਆਂ ਵਿੱਚ 72.24, ਬਟਾਲਾ ਵਿੱਚ 67.40, ਸ੍ਰੀ ਹਰਗੋਬਿੰਦਪੁਰ ਵਿੱਚ 69.03, ਫਤਿਹਗੜ੍ਹ ਚੂੜੀਆਂ ਵਿੱਚ 72.94, ਡੇਰਾ ਬਾਬਾ ਨਾਨਕ ਵਿੱਚ 73.70, ਅਜਨਾਲਾ ਵਿੱਚ 77.29, ਰਾਜਾ ਸਾਂਸੀ ’ਚ 75, ਮਜੀਠਾ ਵਿੱਚ 72.85, ਜੰਡਿਆਲਾ ਵਿੱਚ 70.87, ਅੰਮ੍ਰਿਤਸਰ ਉੱਤਰੀ ਵਿੱਚ 60.97, ਅੰਮ੍ਰਿਤਸਰ ਪੱਛਮੀ ਵਿੱਚ 55.40, ਅੰਮ੍ਰਿਤਸਰ ਕੇਂਦਰੀ ਵਿੱਚ 59.19, ਅੰਮ੍ਰਿਤਸਰ ਪੂਰਬੀ ਵਿੱਚ 64.05, ਅੰਮ੍ਰਿਤਸਰ ਦੱਖਣੀ ਵਿੱਚ 59.48, ਅਟਾਰੀ ਵਿੱਚ 67.37, ਬਾਬਾ ਬਕਾਲਾ ਵਿੱਚ 65.32, ਤਰਨ ਤਾਰਨ ਵਿੱਚ 65.81, ਖੇਮਕਰਨ ਵਿੱਚ 71.33, ਪੱਟੀ ਵਿੱਚ 71.28, ਖਡੂਰ ਸਾਹਿਬ ਵਿੱਚ 71.76, ਭੁਲੱਥ ਵਿੱਚ 66.30, ਕਪੂਰਥਲਾ ਵਿੱਚ 67.77, ਸੁਲਤਾਨਪੁਰ ਲੋਧੀ ਵਿੱਚ 72.55, ਫਗਵਾੜਾ ਵਿੱਚ 66.13, ਫਿਲੌਰ ਵਿੱਚ 67.28, ਨਕੋਦਰ ਵਿੱਚ 68.66, ਸ਼ਾਹਕੋਟ ਵਿੱਚ 72.85, ਕਰਤਾਰਪੁਰ ਵਿੱਚ 67.49, ਜਲੰਧਰ ਪੱਛਮੀ ਵਿੱਚ 67.31, ਜਲੰਧਰ ਕੇਂਦਰੀ ਵਿੱਚ 60.65, ਜਲੰਧਰ ਉੱਤਰੀ ਵਿੱਚ 66.70, ਜਲੰਧਰ ਛਾਉਣੀ ਵਿੱਚ 64.02, ਆਦਮਪੁਰ ਵਿੱਚ 67.53 ਅਤੇ ਮੁਕੇਰੀਆਂ ਵਿੱਚ 69.72 ਫੀਸਦੀ ਵੋਟਾਂ ਪਈਆਂ।
ਇਸੇ ਤਰ੍ਹਾਂ ਦਸੂਹਾ ਵਿੱਚ 66.90 ਫੀਸਦੀ, ਉੜਮੁੜ ਵਿੱਚ 68.60, ਸ਼ਾਮ ਚੁਰਾਸੀ ਵਿੱਚ 69.43, ਹੁਸ਼ਿਆਰਪੁਰ ਵਿੱਚ 65.92, ਚੱਬੇਵਾਲ ਵਿੱਚ 71.19, ਗੜ੍ਹਸ਼ੰਕਰ ਵਿੱਚ 69.40, ਬੰਗਾ ਵਿੱਚ 69.39, ਨਵਾਂ ਸ਼ਹਿਰ ਵਿੱਚ 69.37, ਬਲਾਚੋਰ ਵਿੱਚ 73.77, ਆਨੰਦਪੁਰ ਸਾਹਿਬ ਵਿੱਚ 73.58, ਰੂਪਨਗਰ ਵਿੱਚ 73.84, ਚਮਕੌਰ ਸਾਹਿਬ ਵਿੱਚ 74.57, ਖਰੜ ਵਿੱਚ 66.17, ਮੁਹਾਲੀ ਵਿੱਚ 64.76, ਡੇਰਾਬੱਸੀ ਵਿੱਚ 69.25, ਬੱਸੀ ਪਠਾਣਾਂ ਵਿੱਚ 74.85, ਫਤਹਿਗੜ੍ਹ ਸਾਹਿਬ ਵਿੱਚ 77.23, ਅਮਲੋਹ ਵਿੱਚ 78.56, ਖੰਨਾ ਵਿੱਚ 74.41, ਸਮਰਾਲਾ ’ਚ 75.49, ਸਾਹਨੇਵਾਲ ਵਿੱਚ 67.43, ਲੁਧਿਆਣਾ ਪੂਰਬੀ ਵਿੱਚ 66.23, ਲੁਧਿਆਣਾ ਦੱਖਣੀ ਵਿੱਚ 59.04, ਆਤਮ ਨਗਰ ਵਿੱਚ 61.25, ਲੁਧਿਆਣਾ ਕੇਂਦਰੀ ਵਿੱਚ 61.77, ਲੁਧਿਆਣਾ ਪੱਛਮੀ ਵਿੱਚ 63.73, ਲੁਧਿਆਣਾ ਉੱਤਰੀ ਵਿੱਚ 61.26, ਗਿੱਲ ਵਿੱਚ 67.07, ਪਾਇਲ ਵਿੱਚ 76.12, ਦਾਖਾ ਵਿੱਚ 75.63, ਰਾਏਕੋਟ ਵਿੱਚ 72.33, ਜਗਰਾਓਂ ਵਿੱਚ 67.54, ਨਿਹਾਲ ਸਿੰਘ ਵਾਲਾ ਵਿੱਚ 71.06, ਬਾਘਾ ਪੁਰਾਣਾ ਵਿੱਚ 77.15, ਮੋਗਾ ਵਿੱਚ 70.63, ਧਰਮਕੋਟ ਵਿੱਚ 77.88, ਜ਼ੀਰਾ ਵਿੱਚ 80.47, ਫਿਰੋਜ਼ਪੁਰ ਸ਼ਹਿਰ ਵਿੱਚ 71.41 ਜਦਕਿ ਫਿਰੋਜ਼ਪੁਰ ਦਿਹਾਤੀ ਵਿੱਚ 77.22 ਫੀਸਦੀ, ਗੁਰੂ ਹਰ ਸਹਾਏ ਵਿੱਚ 81.08 ਅਤੇ ਜਲਾਲਾਬਾਦ ਵਿੱਚ 80 ਫੀਸਦੀ ਮਤਦਾਨ ਹੋਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly