ਸਫ਼ਾਈ ਸੇਵਕਾਂ ਨਾਲ ਹੋ ਰਹੀ ਸਿਆਸੀ ਸਾਜ਼ਿਸ਼ ’ਤੇ ਉਂਗਲ ਧਰਦਾ ਨਾਵਲ ਐ ‘ਅਛੂਤ’

ਯਾਦਵਿੰਦਰ +916284336773
(ਸਮਾਜ ਵੀਕਲੀ)  ਅਛੂਤ, ਭਾਰਤੀ ਇਤਿਹਾਸ ਦਾ ਉਹ ਕੋਝਾ ਪੱਖ ਹੈ, ਜਿਹੜਾ ਕਿ ਇੰਡੀਆ ਅਖਵਾਉਦੀ ਇਸ ਧਰਤ ’ਤੇ ਕਈ ਸਦੀਆਂ ਤਕ ਲਾਗੂ ਰਿਹਾ ਹੈ। ਸੂਰਤੇਹਾਲ ਦਾ ਸੰਤਾਪ ਵੇਖੋ ਕਿ ਹਰ ਨਵ-ਜੰਮਿਆ ਬਾਲ, ਕਿਸੇ ਜਾਤ-ਪਾਤ ਤੇ ਫ਼ਿਰਕੇ ਤੋਂ ਸੱਖਣਾ ਪੈਦਾ ਹੁੰਦਾ ਹੈ ਪਰ ਪਹਿਲਾਂ ਤੋਂ ਕਾਬਜ਼ ਨਿਜ਼ਾਮ ਉਸ ਨੂੰ ਨਾਮ, ਜਾਤ ਤੇ ਧਾਰਮਿਕ ਪਛਾਣ ਦੇਣ ਦੀ ਕਾਹਲ ਕਰਦਾ ਹੈ ਤੇ ਇਹ ‘ਅਣ-ਮੰਗੀ ਦੇਣ’ ਸਦਾ ਲਈ ਉਹਦੀ ਪਛਾਣ ਨਾਲ ਨੱਥੀ ਕਰ ਦਿੱਤੀ ਜਾਂਦੀ ਹੈ।
 ਲੋਕਾਈਨਾਮਾ ਦੀ ਏਸ ਲਪੜਚੋਲ ਅਧੀਨ ਨਾਵਲ ‘ਅਛੂਤ’ ਵੀ ਭਾਰਤੀ ਸਮਾਜਿਕ ਵਰਤਾਰੇ ਦੇ ਨੁਕਸਦਾਰ ਜਾਤ-ਪਾਤ ਅਮਲ ’ਤੇ ਉਗਲ ਧਰਦਾ ਹੈ। ਇਸ ਨਾਵਲ ਦਾ ਕੇਂਦਰੀ ਪਾਤਰ ‘ਬੱਖਾ’ ਹੈ ਤੇ ਉਸ ਤੋਂ ਅਗਾਂਹ ਕਹਾਣੀ ਜਦੋਂ ਰਵਾਂ ਹੁੰਦੀ ਹੈ ਤਾਂ ਉਸ ਦੀ ਭੈਣ ‘ਸੋਹਣੀ’ ਵੀ ਫੋਕਸ ਵਿਚ ਆ ਜਾਂਦੀ ਹੈ।
ਮਿਹਨਤੀ ਸਫ਼ਾਈ ਮੁਲਾਜ਼ਮ ਬੱਖਾ, ਸਫ਼ਾਈ ਸੇਵਕ ਪਰਿਵਾਰ ਦਾ ਉਹ ਫ਼ਰਜ਼ੰਦ ਹੈ, ਜਿਹੜਾ ਕਿ ਜ਼ਿੰਦਗੀ ਦੀਆਂ ਸਾਦਾ ਹਸਰਤਾਂ ਜਿਵੇਂ ਨਵੇਂ ਕੱਪੜੇ, ਬਦਬੂ ਰਹਿਤ ਆਲਾ-ਦੁਆਲਾ, ਸਹਿਜ ਸਮਾਜਿਕ ਮੇਲ-ਜੋਲ ਲਈ ਤਰਸਦਾ/ਸਹਿਕਦਾ ਹੈ ਤੇ ਉਹਦੇ ਨਿੱਕੇ-ਨਿੱਕੇ ਮਾਸੂਮ ਸੁਪਨੇ ਵੀ ਇਨ੍ਹਾਂ ‘ਖ਼ਾਹਿਸ਼ਾਂ’ ਦੀ ਪੂਰਤੀ ਲਈ ਸਰਗਰਮ ਰਹਿੰਦੇ ਹਨ।
ਬੱਖਾ, ਜਦੋਂ ਨਿੱਕੇ ਹੁੰਦੇ ਬੱਚਿਆਂ ਨਾਲ ਖੇਡਦਾ ਹੈ ਤਾਂ ਉਸ ਨੂੰ ਕਥਿਤ ਉੱਚ-ਵਰਗਾਂ ਦੇ ਬੱਚਿਆਂ ਨਾਲ ਖੇਡਣ ’ਤੇ ਤਿ੍ਰਸਕਾਰ ਝੱਲਣਾ ਪੈਂਦਾ ਹੈ। ਇਸੇ ਪ੍ਰਥਾਏ ਉਸ ਦੀ ਭੈਣ ਸੋਹਣੀ ਦਾ ਦੁਖਾਂਤ ਹੈ ਜੋ ਕਿ ਮਿਹਨਤਕਸ਼ ਹੋਣ ਸਦਕਾ ਚੰਗੇ ਡੀਲ ਡੌਲ ਤੇ ਮਜ਼ਬੂਤ ਪੱਠਿਆਂ ਵਾਲੀ ਹੈ ਤੇ ਉਸ ਦੀ ਛੋਹ ਮਾਣਨ ਲਈ ਅਖੌਤੀ ਉੱਚੇ ਵਰਗਾਂ ਦੇ ਲੋਕ ਹਰ ਵੇਲੇ ਲਲਚਾਏ ਰਹਿੰਦੇ ਹਨ ਜਦਕਿ ਸਮਾਜਿਕ ਪਾਖੰਡ ਨੂੰ ਚਲਾਇਮਾਨ ਰੱਖਣ ਲਈ ਉਹ ‘ਭਿੱਟ ਗਿਆ, ਭਿੱਟ ਗਿਆ…’ ਦਾ ਕੋਝਾ ਰਾਗ ਕੂਕਦੇ ਰਹਿੰਦੇ ਹਨ। ਇਸ ਇਨਸਾਨ-ਦੁਸ਼ਮਣ ਵਰਤਾਰੇ ਨੂੰ ਮੁਲਕ ਰਾਜ ਅਨੰਦ ਨੇ ਫੜਿਆ ਜੋ ਕਿ ਆਪਣੀ ਫ਼ਿਤਰਤ ਦੇ ਹਵਾਲੇ ਨਾਲ ਇਨਸਾਨ ਹਤੈਸ਼ੀ ਕਿਸਮ ਦੇ ਸਾਹਿਤਕਾਰ ਸਨ। ਇਸ ਨਾਵਲ ਦਾ ਅਨੁਵਾਦ ਪੰਜਾਬੀ ਦੇ ਅਲਬੇਲੇ ਸ਼ੈਲੀਕਾਰ ਤੇ ਨਾਟਕਰਮੀ ਬਲਵੰਤ ਗਾਰਗੀ ਦੇ ਹੱਥੀਂ ਕੀਤਾ ਹੋਣ ਸਦਕਾ ਇਹ ਨਾਵਲ ਸ਼ੈਲੀ-ਰਸ ਨਾਲ ਲਬਾਲਬ ਹੈ। ਲੋਕਾਈਨਾਮਾ ਮੁਤਾਬਕ ਐਸ ਨਾਵਲ ਦੇ ਕਥਾਨਕ ਦੀ ਕਰੀਏ ਤਾਂ ਸਫ਼ਾਈ ਸੇਵਕਾਂ ਦੇ ਪੁੱਤਰ ਬੱਖਾ ਨੂੰ ਨਿੱਕੇ ਹੁੰਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਜਾਤ-ਪਾਤ ਦਾ ਸ਼ੈਤਾਨੀ ਸਿਸਟਮ ਉਸ ਨੂੰ ਹੋਰਨਾਂ ਮਨੁੱਖਾਂ ਦੇ ਬਰਾਬਰ ਮਨੁੱਖ ਪ੍ਰਵਾਨ ਨਹੀਂ ਕਰਦਾ।
 ‘ਪੋਸ਼-ਪੋਸ਼ ਸਫ਼ਾਈ ਵਾਲਾ ਆ ਰਿਹਾ ਹੈ…’ ਕਹਿ ਕੇ ਉਸ ਨੂੰ ਸਮਾਜ ਵਿਚ ‘ਵਿਚਰਨਾ’ ਪੈਂਦਾ ਹੈ। ਉਸ ਸਮੇਂ ਦੇਸ਼ ਵਿਚ ਬਿ੍ਰਟਿਸ਼ ਰਾਜ ਹੋਣ ਸਦਕਾ ‘ਗੋਰੇ’ ਤਾਂ ਉਸ ਨਾਲ ਖਹਿ ਕੇ ‘ਭਿੱਟੇ’ ਨਹੀਂ ਜਾਂਦੇ ਪਰ ‘ਕਾਲੇ-ਭੂਰੇ ਸਾਬ੍ਹ’ ਭਾਵ ਕਿ ਹਮਵਤਨ ਭਾਰਤੀ ਬੰਦੇ ਬਸ਼ਰ ਆਪਣੇ ਬਾਪ-ਦਾਦੇ ਦੀਆਂ ਮਾਣਮੱਤੀਆਂ ਰਵਾਇਤਾਂ ਕਾਰਨ ‘ਭਿੱਟੇ’ ਜਾਂਦੇ ਸਨ। ਅਜੋਕੇ ਦੌਰ ਦੇ ਬਾਲ ਤੇ ਜਵਾਨ ਭਾਵੇਂ ਮੋਬਾਈਲ ਤੇ ਇੰਟਰਨੈੱਟ ਵਿਚ ਗਰਕੇ ਪਏ ਹਨ ਪਰ ਏਸੇ ਪੀੜ੍ਹੀ ਵਿੱਚੋਂ ਜਿਹੜੇ ਸਾਹਿਤ-ਰਸੀਏ ਇਸ ਨਾਵਲ ਨੂੰ ਸਾਹਿਤਕ ਚੱਸ ਪੂਰਾ ਕਰਨ ਲਈ ਪੜ੍ਹਨਗੇ, ਉਹ ਲਾਜ਼ਮੀ ਸੋਚਣਗੇ ਕਿ ਇਹ ਕਿਹੋ ਜਿਹਾ ਸ਼ੈਤਾਨੀ ਦੌਰ ਸੀ! (ਉਝ, ਅੱਜ ਵੀ ਵੇਖਿਆ ਜਾਵੇ ਤਾਂ ਸਫ਼ਾਈ ਸੇਵਕਾਂ ਦੀ ਜ਼ਿੰਦਗੀ ਕੀ ਹੈ? ਵੇਲਾ ਵਿਹਾਅ ਚੁੱਕੇ ਦਸਤਾਨੇ, ਕੱਪੜੇ ਪਾ ਕੇ ਉਹ ਗਟਰ ਵਿਚ ਉੱਤਰਦੇ ਹਨ। ਸਾਰੀ ਦੁਨੀਆ21ਵੀਂ ਸਦੀ ਵਿਚ ਪੁੱਜ ਚੁੱਕੀ ਹੈ ਤੇ ਸਾਡੀਆਂ ਨਗਰ ਕੌਂਸਲਾਂ, ਨਗਰ ਨਿਗਮਾਂ ਦੇ ਨਾ-ਅਹਿਲ ਅਫ਼ਸਰ ਹਾਲੇ ਤਕ ਸਫ਼ਾਈ ਕਾਮਿਆਂ ਨੂੰ ਵਿਦੇਸ਼ਾਂ ਦੀ ਤਰਜ਼ ’ਤੇ ਚੱਜ ਦੀਆਂ ਸਫ਼ਾਈ-ਕਿੱਟਾਂ ਨਹੀਂ ਲਿਆ ਕੇ ਦੇ ਸਕੇ। ਇਹ ਨੌਕਰਸ਼ਾਹੀ ਹਾਲੇ ਵੀ ਜ਼ਿਹਨੀ ਤੌਰ ’ਤੇ 16ਵੀਂ ਸਦੀ ਵਾਲੀ ਜਹਾਲਤ ’ਤੇ ਮਾਣ ਕਰੀ ਫਿਰਦੀ ਹੈ) ਨਤੀਜਤਨ, ਗਟਰ ਦੀ ਸਫ਼ਾਈ ਵੇਲੇ ਹੀ ਅਣਗਿਣਤ ਸਫ਼ਾਈ-ਮੁਲਾਜ਼ਮ ਪਾਣੀ ਵਿਚ ਰੁੜ੍ਹ ਜਾਂਦੇ ਹਨ ਤੇ ਜਿਹੜੇ ਹੇਠੋਂ ਗ਼ਾਰ ਤੇ ਗੰਦਗੀ ਵਿੱਚੋਂ ਬੱਚ ਕੇ ਬਾਹਰ ਆ ਜਾਂਦੇ ਹਨ, ਉਹ ਜਵਾਨ-ਵਰ੍ਹੇਸ ਵਿਚ ਦਮਾ, ਸ਼ੂਗਰ ਤੇ ਦਿਲ ਦੇ ਰੋਗ ਲਵਾ ਬਹਿੰਦੇ ਹਨ। ਹਾਲਾਂਕਿ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਤੇ ਅਰਬ ਮੁਲਕਾਂ ਵਿਚ ਸਫ਼ਾਈ ਸਿਸਟਮ ਸਮੇਂ ਦੇ ਹਾਣ ਦਾ ਭਾਵ ਕਿ 21ਵੀਂ ਸਦੀ ਵਾਲਾ ਹੈ।
ਇਸ ਨਾਵਲ ਦੀ ਖ਼ਾਸੀਅਤ ਇਹ ਐ ਕਿ ਲਿਖਣ ਵਾਲਾ ਮੁਲਖ ਰਾਜ ਅਨੰਦ ਵੀ ਉੱਚ ਵਰਗ ਨਾਲ ਵਾ-ਬਸਤਾ ਸੀ, ਲੰਡਨ ਜਾਂਦਾ ਹੁੰਦਾ ਸੀ ਉਥੇ ਪੱਬਾਂ-ਕਲੱਬਾਂ ਵਿਚ ਪੈੱਗ-ਸ਼ੈੱਗ ਲਾ ਕੇ ਰੰਗੀਨੀਆਂ ਮਾਣਦਾ ਸੀ ਤੇ ਤਰਜਮਾ ਕਰਨ ਵਾਲਾ ਲਿਖਾਰੀ ਗਾਰਗੀ ਵੀ ਵੱਡੇ ਜਾਤ ਵਰਗ ਵਿੱਚੋਂ ਸੀ ਪਰ ਅਛੂਤ ਨਾਵਲ ਬਹਾਨੇ ਦੋਵਾਂ ਨੇ ਸਮਾਜ ਦੇ ਠੇਕੇਦਾਰਾਂ ਨੂੁੰ ਲੱਖਾਂ ਲਾਹਨਤਾਂ ਪਾਈਆਂ ਹਨ। ਨਾਵਲ ‘ਅਛੂਤ’ ਵਿਚ ‘ਆਜ਼ਾਦੀ’ ਤੋਂ ਪਹਿਲਾਂ ਦੇ ਭਾਰਤ ਵਿਚ ਸਫ਼ਾਈ ਸੇਵਕਾਂ ਦੀ ਤ੍ਰਾਸਦੀ ਪੂਰਨ ਰਹਿਣੀ-ਬਹਿਣੀ ਨੂੁੰ ਉਭਾਰਿਆ ਗਿਆ ਹੈ। ਫਿਰ ਇਸੇ ਵਰਗ ਨੂੰ ‘ਹਰੀ ਜਨ’ ਕਹਿ ਕੇ ਮਾਨਸਿਕ ਤਸੱਲੀ ਦੇ ਕੇ ਸਿਆਸੀ ਵੋਟਰ ਤਾਂ ਬਣਾ ਲਿਆ ਗਿਆ ਪਰ ਹਾਲੇ ਤਕ ‘ਅਣ-ਦਿਸਦੀ ਲਕੀਰ’ ਨੂੁੰ ਪਾਰ ਕਰ ਕੇ ਸਮਾਜ ਵਿਚ ਆਮ ਵਿਹਾਰ ਨਹੀਂ ਕੀਤਾ ਜਾਂਦਾ।
ਨਾਵਲ ਵਿਚ ਕੇਂਦਰੀ ਪਾਤਰ ਬੱਖਾ ਸਾਫ਼ ਬਿਆਨ ਕਰਦਾ ਹੈ ਕਿ ਬਿ੍ਰਟਿਸ਼ ਗੋਰੇ ਤੇ ਮੁਸਲਮਾਨ ਉਸ ਦੀ ਛੋਹ ਨਾਲ ‘ਭਿੱਟੇ’ ਨਹੀਂ ਜਾਂਦੇ, ਬਸ, ਉਹਦੇ ‘ਆਪਣੇ ਧਰਮ’ ਦੇ ਲੋਕ ਹੀ ਭਿੱਟਪੁਣੇ ਦਾ ਕਲੇਸ਼ ਪਾ ਕੇ ਦੁਹਾਈ ਪਾਉਦੇ ਹਨ।
 ਉਫ਼! ਕੈਸਾ ਦੁਖਾਂਤ ਸੀ ਜ਼ੁਲਮਤ ਦੇ ਓਸ ਦੌਰ ਦਾ ਵੀ! ਸਫ਼ਾਈ ਸੇਵਕ ਨੂੰ ਅਖੌਤੀ ਉੱਚੀ ਜਾਤ ਵਾਲਾ ਜਣਾ-ਖਣਾ ਗਾਲ੍ਹ ਕੱਢ ਕੇ ਸੰਬੋਧਨ ਕਰਦਾ ਸੀ
। ਪਹਿਲਾਂ ਮੁਗ਼ਲ ਤੇ ਹੋਰ ਅਫ਼ਗਾਨ ਮੁਸਲਮਾਨ ਆਏ, ਫੇਰ ਬਿ੍ਰਟਿਸ਼ ਸਾਮਰਾਜੀਏ ਬਹੁੜੇ ਤਾਂ ਜਾਤ-ਪਾਤ ਪ੍ਰਣਾਲੀ ਦੀਆਂ ਚੂਲ਼ਾਂ ਢਿੱਲੀਆਂ ਪੈਣ ਮਗਰੋਂ ਇਸ ਜਨ-ਵਿਰੋਧੀ ਨਿਜ਼ਾਮ ਦੀ ਜਾਨ ਜਿਹੀ ਨਿੱਕਲ ਗਈ, ਵਰਨਾ! ਜੇ ਇਹ ਧਾੜਵੀ ਤੇ ਈਸਟ ਇੰਡੀਆ ਕੰਪਨੀ ਨਾ ਬਹੁੜਦੇ ਤਾਂ ਪਤਾ ਨਹੀਂ ਸਫ਼ਾਈ ਸੇਵਕਾਂ ਤੇ ਕਹੇ ਜਾਂਦੇ ਅਛੂਤਾਂ ਨਾਲ ਪਤਾ ਨਹੀਂ ਕੀ ਵਾਪਰਨੀ ਸੀ।( ਇਹ, ਦਲਿਤ ਚਿੰਤਕਾਂ ਦੇ ਵਸਵਸੇ ਨੇ।)
ਸਵਾਲ ਇਹ ਨਹੀਂ ਕਿ ਕੁੱਲ ਦੁਨੀਆ ਦੇ ਬਾਕੀ ਮੁਲਕਾਂ ਵਿਚ  ‘ਸਰਨੇਮ’ ਹੁੰਦੇ ਨੇ, ਸਵਾਲ ਇਹ ਹੈ ਕਿ ਇਸ ਪਛਾਣ ਨੂੰ ‘ਭਿੱਟਪੁਣੇ’ ਵਿਚ ਕਿਹਨੇ ਤੇ ਕਿੰਨੀ ਮੀਸਣੇ ਅੰਦਾਜ਼ ਨਾਲ ਭਰਿਆ, ਉਹ ਲੋਕ-ਦੁਸ਼ਮਣ ਗਰੋਹ ਕੌਣ ਸਨ? ਸਮਾਜ ਉਨ੍ਹਾਂ ਨੂੰ ਜਮਾਂਦਰੂ-ਉੱਚੇ ਕਿਉ ਮੰਨ ਲੈਂਦਾ ਹੈ! ਕੋਈ ਬੱਚਾ ਆਪਣੇ ਬਾਲ-ਵਰ੍ਹੇਸ ਤੋਂ ਲੈ ਕੇ ਮਰਨ ਤਕ ਸਰਾਪਿਆ ਜਿਹਾ ਜੀਵਨ ਜੀਵੇ? ਕਿਉ? ਆਖ਼ਰ ਕਿਉ?
 ਇਸ ਨਾਵਲ ਨੂੰ ਮਾਣ ਬੁਕ ਸਟੋਰ ਪਬਲੀਕੇਸ਼ਨ ਬਠਿੰਡਾ ਵੱਲੋਂ ਮੁੜ-ਪੇਸ਼ ਕੀਤਾ ਗਿਆ ਹੈ ਜਿਸ ਦੀ ਕੀਮਤ 300 ਰੁਪਏ ਹੈ। ਸਾਂਝਵਾਲ ਸਾਹਿਤ ਸਭਾ ਦਬਾਬਾ ਨੇ ਏਸ ਦਾ ਪ੍ਰਚਾਰ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਾਕਿਸਤਾਨ ‘ਚ ਆਰਥਿਕ ਸੰਕਟ ਡੂੰਘਾ, ਡੇਢ ਲੱਖ ਸਰਕਾਰੀ ਨੌਕਰੀਆਂ ਛੁੱਟੀਆਂ; ਸਰਕਾਰ ਨੇ 6 ਮੰਤਰਾਲਿਆਂ ਨੂੰ ਵੀ ਭੰਗ ਕਰ ਦਿੱਤਾ ਹੈ
Next articleਨਾਗਪੁਰ ਦੀ ਇੱਕ ਵਿਚਾਰ-ਚਰਚਾ