ਸ਼ੁਭ ਇੱਛਾਵਾਂ ਨਾਲ

ਡਾ. ਤੇਜਿੰਦਰ
(ਸਮਾਜ ਵੀਕਲੀ)
ਉਹਨਾਂ ਤੋਂ ਵੱਖ ਹੋਏ ਸ਼ੁਭ ਇੱਛਾਵਾਂ ਨਾਲ,
ਆਪਾਂ ਰਿਸ਼ਤਾ ਤੋੜ ਲਿਆ ਸਭ ਥਾਵਾਂ ਨਾਲ।
ਹਰ ਆਫ਼ਤ ਦੇ ਨਾਲ ਅਸੀਂ ਟਕਰਾਈਦੈ,
ਸਾਨੂੰ ਕਰਨਾ ਆਉਂਦੈ ਜ਼ੋਰ ਬਲਾਵਾਂ ਨਾਲ।
ਸਾਵਨ ਦੀ ਰੁੱਤ ਮੋਹ ਲੈਂਦੀ ਹੈ ਸਭਨਾਂ ਨੂੰ,
ਕੂਕੇ ਮੇਰੇ ਮਨ ਦਾ ਮੋਰ ਘਟਾਵਾਂ ਨਾਲ।
ਧੁੱਪਾਂ ਕਦ ਤੱਕ ਆਪਣਾ ਸਾਥ ਨਿਭਾਉਣਗੀਆਂ,
ਸਾਥ ਨਿਭਾਏਗਾ ਆਪਣਾ ਪ੍ਰਛਾਵਾਂ ਨਾਲ।
ਆਪਣੇ ਤੇ ਬਿਗਾਨੇ ਇੱਕ-ਮਿਕ ਹੋਏ ਨੇ,
ਦੇਖੇਂ ਅੱਜ ਮੈਂ ਦੁਸ਼ਮਣ ਖੜੇ ਭਰਾਵਾਂ ਨਾਲ।
‘ਨੇਰੀ ਪਲ ਵਿੱਚ ਆਲ੍ਹਣਿਆਂ ਨੂੰ ਝੰਬ ਗਈ,
ਤੀਲੇ-ਤੀਲੇ ਜੋੜੇ ਸੀ ਮੈਂ ਚਾਵਾਂ ਨਾਲ।
ਹੋਰ ਤਰੀਕਾ ਲੱਭ ਕੋਈ ਹੁਣ ਐ ਕਾਤਿਲ,
ਨਹੀਂ ‘ਤੇਜਿੰਦਰ’ ਮਰਨਾ ਸ਼ੋਕ ਅਦਾਵਾਂ ਨਾਲ।
ਡਾ. ਤੇਜਿੰਦਰ…
Previous articleਲੱਗ ਗਿਆ ਜ਼ਮਾਨਾ
Next articleਮੁਆਫ਼ ਕਰਣਾ