ਬੁੱਧ ਚਿੰਤਨ

ਬੁੱਧ ਸਿੰਘ ਨੀਲੋੱ

ਸ਼ਬਦ-ਸਮੁੰਦਰ ਵਿੱਚ ਉਤਰਦਿਆਂ…..!

ਗਿਆਨ ਵਿਹੂਣਾ ਗਾਵੈ ਗੀਤ..

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)  ਵਿਦਵਾਨ ਉਹ ਹੁੰਦਾ ਹੈ, ਜਿਸ ਅੰਦਰ ਵਿਦਵਤਾ ਹੋਵੇ। ਵਿਦਵਤਾ ਤਾਂ ਪੈਦਾ ਹੁੰਦੀ ਹੈ ਜੇ ਉਸ ਅੰਦਰ ਊਰਜਾ ਹੋਵੇ। ਊਰਜਾ ਪੈਦਾ ਕਰਨ ਲਈ ਸਾਧਨ ਈਜ਼ਾਦ ਕਰਨੇ ਪੈਂਦੇ ਹਨ। ਸਾਧਨ ਉਹ ਹੀ ਪੈਦਾ ਕਰ ਸਕਦਾ ਹੈ, ਜਿਸ ਅੰਦਰ ਕੁੱਝ ਕਰਨ ਦੀ ਲਲਕ ਹੋਵੇ, ਉਤਸ਼ਾਹ ਹੋਵੇ ਤੇ ਕੋਈ ਸੁਪਨਾ ਹੋਵੇ।
ਸੁਪਨੇ ਦੇਖਣੇ ਤੇ ਸਾਕਾਰ ਕਰਨ ਵਿੱਚ ਫ਼ਰਕ ਹੁੰਦਾ ਹੈ। ਸੁਪਨੇ ਹਰ ਕੋਈ ਵੇਖਦਾ ਹੈ, ਪਰ ਸਾਕਾਰ ਕਿਸੇ ਦੇ ਹੀ ਹੁੰਦੇ ਹਨ। ਸੁਪਨੇ ਦੇਖਣ ਲਈ ਤੁਹਾਡੇ ਅੰਦਰ ਕਲਪਨਾ ਸ਼ਕਤੀ ਦੀ ਲੋੜ ਹੁੰਦੀ ਹੈ।
ਇਹ ਸ਼ਕਤੀ ਸ਼ਬਦ ਸਮੁੰਦਰ ਵਿੱਚ ਉਤਰਿਆਂ ਹੀ ਪੈਦਾ ਹੁੰਦੀ ਹੈ, ਜਦੋਂ ਤੀਕ ਅਸੀਂ ਸ਼ਬਦਾਂ ਦੇ ਸਮੁੰਦਰ ਅੰਦਰ ਨਹੀਂ ਉਤਰਦੇ, ਉਦੋਂ ਤੀਕ ਸਾਡੇ ਅੰਦਰ ਚਿੰਤਨ ਨਹੀਂ ਪੈਦਾ ਹੁੰਦੀ ਤੇ ਚੇਤਨਾ ਨਹੀ ਆਉਂਦੀ। ਚਿੰਤਨ ਨੇ ਗਿਆਨ ਦੇ ਰਸਤੇ ਖੋਲ੍ਹਣੇ ਹਨ।
ਰਸਤਿਆਂ ‘ਤੇ ਤੁਰਦਿਆਂ ਹੀ ਮੰਜ਼ਿਲ ਲੱਭਦੀ ਹੈ!ਪਰ ਅਸੀਂ ਗਿਆਨਹੀਣ ਅਗਿਆਨੀ ਪਰ ਵਿਖਾਵਾ ਗਿਆਨ ਤੇ ਵਿਦਵਾਨ ਦਾ ਕਰਦੇ ਹਾਂ ।
ਕੁੱਝ ਪਾਉਣ ਲਈ ਕੁੱਝ ਗਵਾਉਣਾ ਪੈਂਦਾ ਹੈ। ਦੀਵਾ ਬਾਲਣ ਨਾਲ ਹੀ ਰੌਸ਼ਨੀ ਹੁੰਦੀ ਹੈ। ਚਾਨਣ ਦਾ ਛਿੱਟਾ ਉਹ ਹੀ ਦੇ ਸਕਦਾ ਹੈ, ਜਿਸਦੇ ਮਸਤਕ ਦੀ ਝੋਲੀ ਅੰਦਰ ਰੌਸ਼ਨੀ ਦਾ ਖ਼ਜ਼ਾਨਾ ਹੋਵੇ। ਇਹ ਖ਼ਜ਼ਾਨਾ ਭਰਨ ਲਈ ਦਿਨ ਰਾਤ ਸ਼ਬਦਾਂ ਨਾਲ ਜੰਗ ਲੜਨੀ ਪੈਂਦੀ ਹੈ।
ਸ਼ਬਦਾਂ ਨਾਲ ਜੰਗ ਉਹੀ ਲੜ ਸਕਦਾ ਹੈ, ਜਿਸ ਨੂੰ ਸ਼ਬਦਾਂ ਦੀ ਸਮਝ ਹੋਵੇ। ਸ਼ਬਦਾਂ ਨਾਲ ਮੋਹ ਹੋਵੇ, ਸ਼ਬਦਾਂ ਨਾਲ ਮੋਹ ਉਹ ਹੀ ਪਾਉਂਦਾ ਹੈ, ਜਿਸ ਨੂੰ ਸੀਸ ਤਲੀ ਉੱਤੇ ਰੱਖਣਾ ਆਉਂਦਾ ਹੈ। ਸੀਸ ਤਲੀ ‘ਤੇ ਰੱਖਣ ਵਾਲੀ ਸ਼ਕਤੀ ਇੱਕ ਦਿਨ ਵਿੱਚ ਪੈਦਾ ਨਹੀਂ ਹੁੰਦੀ। ਇਹ ਕਈ ਸਦੀਆਂ ਬਾਅਦ ਪੈਦਾ ਹੁੰਦੀ ਹੈ।
ਸ਼ਬਦਾਂ ਨਾਲ ਲੜਨ ਵਾਲੇ ਨੂੰ ਸਦਾ ਜ਼ਹਿਰ ਦਾ ਪਿਆਲਾ ਨਸੀਬ ਹੁੰਦਾ ਹੈ। ਜ਼ਹਿਰ ਦਾ ਪਿਆਲਾ ਕਿਸੇ ਕਿਸੇ ਨੂੰ ਹੀ ਮਿਲਦਾ ਹੈ। ਬਹੁਤੇ ਅਸੀਂ ਅੰਮ੍ਰਿਤ ਦੇ ਨਾਲ ਹੀ ਮਰ ਜਾਂਦੇ ਹਾਂ। ਸਾਨੂੰ ਜ਼ਹਿਰ ਤੇ ਅੰਮ੍ਰਿਤ ਦੀ ਸਮਝ ਨਹੀਂ ਹੁੰਦੀ।
ਅਸੀਂ ਜਦੋਂ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਸਮਝਣ ਲੱਗਦੇ ਹਾਂ ਤਾਂ ਸਾਡੀ ਸੋਚ ਰੁਕ ਜਾਂਦੀ ਹੈ। ਅਸੀਂ ਸੜਕ ਉੱਤੇ ਲੱਗੇ ਮੀਲ-ਪੱਥਰ ਬਣ ਜਾਂਦੇ ਹਾਂ। ਮੀਲ-ਪੱਥਰ ਮੰਜ਼ਿਲ ਨਹੀਂ ਹੁੰਦੇ। ਇਹ ਤਾਂ ਮੰਜ਼ਿਲ ਵੱਲ ਜਾਣ ਦੇ ਸੂਚਕ ਹਨ।
ਕਈ ਇਨਾਂ ਮੀਲ-ਪੱਥਰਾਂ ਨੂੰ ਹੀ ਆਪਣੀ ਮੰਜ਼ਿਲ ਸਮਝ ਕੇ ਰੁਕ ਜਾਂਦੇ ਹਨ। ਰੁਕੇ ਹੋਏ ਪਾਣੀ ਗੰਦਲੇ ਹੋ ਜਾਂਦੇ ਹਨ। ਗਤੀਸ਼ੀਲ ਮਨੁੱਖ ਹੀ ਮੰਜ਼ਿਲ ਤੱਕ ਪੁੱਜਦਾ ਹੈ।
ਮੰਜ਼ਿਲ ਉੱਤੇ ਪੁੱਜਣ ਲਈ ਬੜਾ ਕੁੱਝ ਗਵਾਉਣਾ ਪੈਂਦਾ ਹੈ। ਅਸੀਂ ਗਵਾਉਣ ਦੀ ਬਜਾਏ, ਪਾਉਣ ਦੀ ਲਾਲਸਾ ਵਿੱਚ ਭਟਕ ਜਾਂਦੇ ਹਾਂ।
ਇਹ ਭਟਕਣਾ ਹੀ ਹੈ ਜਿਹੜੀ ਸਾਨੂੰ ਸਦਾ ਚੈਨ ਨਾਲ ਬੈਠਣ ਨਹੀਂ ਦਿੰਦੀ। ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਫਿਲਾਸਫ਼ਰ ਸਮਝਣ ਦੀ ਗ਼ਲਤੀ ਵਿੱਚ ਉਲਝ ਜਾਂਦੇ ਹਾਂ।
ਅਸੀਂ ਮੋਮਬੱਤੀ ਵਾਂਗ ਜਲਣਾ ਨਹੀਂ ਚਾਹੁੰਦੇ। ਅਸੀਂ ਤਾਂ ਬਿਜਲੀ ਦੇ ਬੱਲਬ ਦੀ ਰੌਸ਼ਨੀ ਵਿੱਚ ਆਪਣੇ ਆਪ ਨੂੰ ਉਸਾਰਨਾ ਚਾਹੁੰਦੇ ਹਾਂ। ਅਸੀਂ ਭੁਲੇਖਿਆਂ ਦੇ ਸ਼ਿਕਾਰ ਹੋ ਕੇ ਆਪਣੇ ਆਪ ਤੋਂ ਦੂਰ ਹੋ ਜਾਂਦੇ ਹਾਂ। ਅਸੀਂ ਨਕਲ ਵਿੱਚ ਯਕੀਨ ਰੱਖਦੇ ਹਾਂ।
ਅਸੀਂ ਖ਼ੁਦ ਸਿਰਜਣਾ ਕਰਨ ਤੋਂ ਸਦਾ ਕੰਨੀਂ ਕਤਰਾਉਂਦੇ ਹਾਂ। ਸਾਡਾ ਮਕਸਦ ਰੋਜ਼ੀ-ਰੋਟੀ ਤੱਕ ਹੀ ਸੀਮਤ ਹੈ। ਅਸੀਂ ਸਿਰਜਣਾ ਨਹੀਂ ਕਰਦੇ। ਉਂਝ ਅਸੀਂ ਆਪਣੇ ਆਪ ਨੂੰ ਸਿਰਜਕ ਹੋਣ ਦਾ ਭਰਮ ਪਾਲੀ ਰੱਖਦੇ ਹਾਂ।
ਸਾਡਾ ਕੰਮ ਕਿਸੇ ਲਈ ਰਾਹ ਦਸੇਰਾ ਨਹੀਂ ਬਣਦਾ, ਸਗੋਂ ਰੋਜ਼ੀ-ਰੋਟੀ ਤੱਕ ਦਾ ਸਫ਼ਰ ਬਣਦਾ ਹੈ। ਅਸੀਂ ਸਿਰਜਕ ਪੈਦਾ ਨਹੀਂ ਕਰਦੇ, ਸਗੋਂ ਨਕਲਚੀ ਪੈਦਾ ਕਰਦੇ ਹਾਂ।
ਸਿਰਜਕ ਉਹੀ ਹੁੰਦਾ ਹੈ, ਜਿਸ ਅੰਦਰ ਰੇਸ਼ਮ ਦੇ ਕੀੜੇ ਵਰਗੇ ਰੇਸ਼ੇ ਹੋਣ, ਜਿਸ ਤੋਂ ਕੱਪੜਾ ਬਣਦਾ ਹੈ। ਕੱਪੜਾ ਕਿਸੇ ਦੇ ਕੰਮ ਆਉਂਦਾ ਹੈ। ਕਾਗਜ਼ ਕਾਲੇ ਕਰਨੇ ਔਖੇ ਨਹੀਂ ਹੁੰਦੇ। ਇਹ ਤਾਂ ਬੜਾ ਔਖਾ ਮਾਰਗ ਹੈ। ਸ਼ਬਦਾਂ ਦੇ ਸਮੁੰਦਰ ਵਿੱਚ ਗੋਤਾ ਉਹੀ ਲਾ ਸਕਦਾ ਹੈ, ਜਿਸਨੂੰ ਮਰਨ ਦਾ ਡਰ ਨਾ ਹੋਵੇ।
ਦਰਿਆ ਅੰਦਰ ਉਹੀ ਠਿੱਲ ਸਕਦਾ ਹੈ, ਜਿਸ ਅੰਦਰ ਤਰਨ ਦੀ ਸ਼ਕਤੀ ਹੋਵੇ। ਸ਼ਬਦਾਂ ਦੀ ਤੈਰਾਕੀ ਲਾਉਣੀ, ਸ਼ਬਦਾਂ ਵਿੱਚ ਹੰਸ ਪੈਦਾ ਕਰਨੇ, ਮੋਤੀ ਬਣਾਉਣੇ ਕਿਸੇ-ਕਿਸੇ ਦੇ ਹਿੱਸੇ ਆਉਂਦੇ ਹਨ। ਸ਼ਬਦਾਂ ਦੇ ਸਮੁੰਦਰ ਅੰਦਰ ਉਤਰਦਿਆਂ ਹੀ ਮੰਜ਼ਿਲ ਦਾ ਮਾਰਗ ਨਜ਼ਰ ਆਉਂਦਾ ਹੈ।
ਕੰਢੇ ਬੈਠ ਕੇ ਸੁਪਨੇ ਤਾਂ ਦੇਖੇ ਜਾ ਸਕਦੇ ਹਨ, ਪਰ ਸਮੁੰਦਰ ਅੰਦਰ ਛੁਪੇ ਰਹੱਸਾਂ ਦਾ ਨਜ਼ਾਰਾ ਨਹੀਂ ਦੇਖਿਆ ਜਾ ਸਕਦਾ।
ਵਿਦਵਾਨ, ਉਹੀ ਬਣਦਾ ਹੈ, ਜਿਸਨੂੰ ਸਮੁੰਦਰ ਵਿੱਚ ਉਤਰਨ ਦਾ ਬਲ ਆਉਂਦਾ ਹੈ। ਇਹ ਬਲ ਪੈਦਾ ਕਰਨ ਦੀ ਸ਼ਬਦਾਂ ਨੂੰ ਸੋਚ ਮਧਾਣੀ ਨਾਲ ਰਿੜਕਣਾ ਪੈਂਦਾ ਹੈ। ਸ਼ਬਦਾਂ ਨੂੰ ਰਿੜਕਣਾ ਹਰ ਕਿਸੇ ਨੂੰ ਨਹੀਂ ਆਉਂਦਾ। ਵਿਦਵਾਨ ਹੀ ਸ਼ਬਦਾਂ ਨੂੰ ਰਿੜਕਣਾ ਜਾਣਦਾ ਹੈ।
ਸ਼ਬਦਾਂ ਦਾ ਖਿਡਾਰੀ ਨਵੇਂ ਸੂਰਜ ਸਿਰਜਦਾ ਹੈ। ਉਹ ਸੂਰਜ, ਚੰਨ ਤੇ ਸਿਤਾਰੇ ਜਿਹੜੇ ਜਿੱਥੇ ਵੀ ਹਨੇਰ ਹੁੰਦਾ ਹੈ, ਉੱਥੇ ਰੌਸ਼ਨੀ ਵੰਡਦੇ ਹਨ। ਵਿਦਵਾਨ ਰੌਸ਼ਨੀ ਵੰਡਦੇ ਹਨ। ਗਿਆਨ ਵੰਡਿਆ ਵਧਦਾ ਹੈ! ਪਰ ਗਿਆਨੀ ,ਧਿਆਨੀ ਤੇ ਸ਼ੈਤਾਨ ਗਿਆਨ ਵੰਡ ਦੇ ਸਗੋਂ ਵੇਚਦੇ ਹਨ….ਪਰ ਬਾਬੇ ਨਾਨਕ ਨੇ ਵੰਡਿਆ ਵੀ ਤੇ ਦੂਰ ਪਿਆ ਸੰਭਾਲਿਆ ਵੀ.ਤੇ.ਪੋਥੀਆਂ ਤੋਂ ਗੁਰੂ ਅਰਜਨ ਦੇਵ ਜੀ ਸੰਪਾਦਨ ਕਰ ਕੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਾਧੀ ਦਿੱਤੀ.ਗੁਰੂ ਨੇ ਸ਼ਬਦ ਤੇ ਸੰਗੀਤ ਹੀ ਨਹੀਂ ਸੰਭਾਲਿਆ ਤੇ ਜ਼ੁਲਮ ਤੇ ਖਿਲਾਫ਼ ਤਲਵਾਰ ਵੀ.ਸੀਸ ਦਿੱਤੇ ਵੀ ਸੀਸ ਲਏ ਵੀ…ਪਰ ਅਸੀਂ ਸਭ ਭੁੱਲ ਗਏ ਹਾਂ ! ਚਾਰੇ ਪਾਸੇ ਹਨੇਰ ਵੱਧ ਰਿਹਾ ਹੈ! ਅਗਿਆਨ ਦੀ ਆਧੀ ਆਈ ਹੋਈ…!
ਹੁਣ ਸਾਡੇ ਕੋਲ ਕਿੰਨੇ ਕੁ ਸੂਰਜ ਹਨ? ਜਿਹੜੇ ਹਨੇਰ ਦੇ ਖ਼ਿਲਾਫ਼ ਜੰਗ ਲੜਦੇ ਹਨ? ਸਾਡੇ ਵਿੱਚੋਂ ਬਹੁਤੇ ਤਾਂ ਹਨੇਰ ਦੇ ਨਾਲ ਰਲ ਗਏ ਹਨ ਜਾਂ ਹਨੇਰ ਨੇ ਉਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਹ ਹੁਣ ਸੂਰਜ ਹੋਣ ਦਾ ਭਰਮ ਪਾਲ ਰਹੇ ਹਨ।
ਅਸਲ ਵਿੱਚ ਉਹ ਹਨੇਰ ਦੇ ਵਾਰਸ ਬਣ ਗਏ ਹਨ। ਉਹ ਅੱਗੇ ਦੀ ਅੱਗੇ ਇਹ ਹਨੇਰ ਵੰਡ ਰਹੇ ਹਨ। ਉਨਾਂ ਨੂੰ ਇਹ ਹਨੇਰ ਵੰਡਣ ਦਾ ਮੁੱਲ ਮਿਲਦਾ ਹੈ। ਮੁੱਲ ਉਸਦਾ ਹੀ ਪੈਂਦਾ ਹੈ, ਜੋ ਵਸਤੂ ਹੋਵੇ। ਵਸਤੂਆਂ ਕੋਈ ਸਿਰਜਣਾ ਨੀ ਕਰਦੀਆਂ।
ਉਹ ਤਾਂ ਅੱਗੇ ਦੀ ਅੱਗੇ ਇੱਕ ਥਾਂ ਤੋਂ ਦੂਜੀ ਥਾਂ ਵਿਕਦੀਆਂ ਹਨ ਕੁਦੇਸਣਾਂ ਵਾਂਗ। ਸਾਡੇ ਅੰਦਰੋਂ ਚਾਨਣ ਦੇ ਵਣਜਾਰੇ ਪੈਦਾ ਕਰਨ ਤੇ ਸੰਭਾਲਣ ਦੀ ਸ਼ਕਤੀ ਨਹੀਂ ਰਹੀ। ਅਸੀਂ ਮਨੁੱਖ ਤੋਂ ਵਸਤੂਆਂ ਵਿੱਚ ਤਬਦੀਲ ਹੋ ਗਏ ਹਾਂ।
ਇੱਕ ਦੂਜੇ ਨੂੰ ਲਿਤਾੜਦੇ ਹੋਏ, ਭੱਜੇ ਜਾ ਰਹੇ ਹਨੇਰ ਵੱਲ। ਇਹ ਹਨੇਰ ਇੱਕ ਦਿਨ ਸਾਡੀ ਹੋਂਦ ਖ਼ਤਮ ਕਰ ਦੇਵੇਗਾ। ਅਸੀਂ ਕੁਦਰਤੀ ਸੋਮੇ ਖਤਮ ਕਰਕੇ ਮਾਇਆ ਦੇ ਪੁਜਾਰੀ ਹੋ ਗਏ ਹਾਂ .ਪੁਜਾਰੀ, ਵਪਾਰੀ ਅਧਿਕਾਰੀ ਤੇ ਸ਼ਿਕਾਰੀ ਨਹੀਂ ਚਾਹੁੰਦੇ ਕਿ
ਅਸੀਂ ਸੁਕਰਾਤ ਬਣੀਏ? ਅਸੀਂ ਤੇ ਰੱਬ ਦੀ ਤਲਾਸ਼ ਵਿੱਚ ਭਟਕ ਰਹੇ ਹਾਂ। ਅਸੀਂ ਵਿਗਿਆਨੀਆਂ ਦੇ ਦੌਰ ਵਿੱਚ ਰੱਬ ਦਾ ਫਰਾੜ ਨਹੀਂ ਸਮਝ ਸਕੇ? ਇਹ ਸੱਤਾ ਤੇ ਸ਼ੈਤਾਨ ਦਾ ਪੈਂਦਾ ਕੀਤਾ ਭਰਮ ਹੈ ! ਭਰਮ ਦਾ ਕੋਈ ਵੀ ਇਲਾਜ ਨਹੀਂ ! ਇਸ ਕਰਕੇ ਅਸੀਂ ਸਵਰਗ ਦੀ ਤਲਾਸ਼ ਵਿੱਚ ਖੁਦ ਮੁਕਤ ਹੋ ਜਾਂਦੇ ਹਨ! ਅਸੀਂ ਕਤਲੇਆਮ ਨੂੰ ਰੱਬ ਦਾ ਭਾਣਾ ਮੰਨਦੇ ਹਾਂ ! ਜਦ ਕਿ ਰੱਬ ਦਾ ਕੋਈ ਰੂਪ ਨਹੀਂ ! ਅਸੀਂ ਤੇ ਪਦਾਰਥਾਂ ਦੇ ਪੁਜਾਰੀ ਤੇ ਮਾਇਆਧਾਰੀ ਬਣਕੇ ਅਸੀਂ ਕੋਹਲੂ ਦੇ ਬਲਦ ਵਾਂਗ ਇੱਕ ਥਾਂ ਉੱਤੇ ਹੀ ਗੇੜੇ ਦੇ ਰਹੇ ਹਾਂ। ਸਾਡੀ ਇਹ ਦੌੜ ਕਦੋਂ ਖ਼ਤਮ ਹੋਵੇਗੀ?
ਹਾਂ! ਇਹ ਭਟਕਣਾਂ ਤੇ ਦੌੜ ਖਤਮ ਹੋਵੇਗੀ ਜਦੋਂ ਅਸੀਂ “ਸ਼ਬਦ ਨਾਲ ਜੁੜਾਂਗੇ..ਤੇ ਆਪਣੇ ਲਈ ਨਹੀਂ ਮਨੁੱਖਤਾ ਦੇ ਭਲੇ ਲਈ ਜ਼ਬਰ ਤੇ ਜ਼ੁਲਮ ਦੇ ਖਿਲਾਫ਼ ਲੜ੍ਹਾਈ ਕਰਾਂਗੇ .ਸਾਨੂੰ ਚਿੰਤਨਸ਼ੀਲ ਹੋਣ ਲਈ ਸ਼ਬਦ ਦੇ ਸਮੁੰਦਰ ਵਿੱਚ ਛਾਲ ਮਾਰਨੀ ਪਵੇਗੀ! ਗਿਆਨ, ਸਮਝ ਚੇਤਨਾ ਪੁਸਤਕਾਂ ਨੇ ਦੇਣੀ ਹੈ! ਪਰ ਲੋੜ ਇਹ ਵੀ ਪੁਸਤਕ ਕਿਹੜੀ ਪੜ੍ਹਨੀ ਹੈ.ਇਸ ਸਮੇਂ ਬਹੁਤ ਗੰਭੀਰ ਮਸਲਾ ਹੈ ਪਰ ਇਸ ਮਸਲੇ ਦਾ ਹਲ ਵੀ ਸ਼ਬਦ ਸਮੁੰਦਰ ਦੇ ਅੰਦਰ ਹੀ ਹੈ! ਆਓ ! ਸ਼ਬਦ ਸਮੁੰਦਰ ਵਿੱਚ ਉਤਰੀਏ.ਗਿਆਨ ਦੇ ਮੋਤੀ ਹੀਰੇ ਲੱਭੀਏ!

ਬੁੱਧ ਸਿੰਘ ਨੀਲੋਂ
94643-70823
budhsinghneelon@gmail.com

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮਾਤਾ ਪ੍ਰਕਾਸ਼ ਕੌਰ ਨੂੰ ਵੱਖ-ਵੱਖ ਸੰਗਠਨਾਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ
Next articleਸਿਵਲ ਸਰਜਨ ਮਾਨਸਾ ਦੀ ਸਿਹਤ ਕਰਮਚਾਰੀਆਂ ਨਾਲ ਹੋਈ ਮੀਟਿੰਗ, ਡੇਂਗੂ ਬੁਖ਼ਾਰ ਦੀ ਰੋਕਥਾਮ ਸਬੰਧੀ ਅਤੇ ਸਿਹਤ ਕਰਮਚਾਰੀਆਂ ਨੂੰ ਕੰਮ ਦੌਰਾਨ ਆ ਰਹੀਆਂ ਮੁਸਕਲਾਂ ਤੇ ਕੀਤੀ ਚਰਚਾ