ਕਿੱਤਾਮੁਖੀ ਕੋਰਸਾਂ ਵਿਚ ਦਾਖ਼ਲੇ ਲਈ ਸਰਪੰਚਾਂ ਦੀ ਕਰਵਾਈ ਵਰਕਸ਼ਾਪ

ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਅਗਵਾਈ ਵਿਚ ਅੱਜ ਬੀ.ਡੀ.ਪੀ.ਓ ਦਫ਼ਤਰ ਬੰਗਾ ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਮੁਫ਼ਤ ਹੁਨਰ ਸਿਖਲਾਈ ਪ੍ਰੋਗਰਾਮਾਂ ਵਿਚ ਦਾਖ਼ਲੇ ਲਈ ਪਿੰਡ ਦੇ ਸਰਪੰਚਾਂ ਦੀ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਰੋਜਗਾਰ ਦੇ ਯੋਗ ਬਣਾਉਣ ਲਈ ਨੂਰਮਹਿਲ (ਜ਼ਿਲ੍ਹਾ ਜਲੰਧਰ) ਵਿਖੇ ਸਥਾਪਿਤ ਕੀਤੇ ਗਏ ਹੁਨਰ ਸਿਖਲਾਈ ਕੇਂਦਰ ਵਿਚ ਉਮੀਦਵਾਰਾਂ ਦਾ ਦਾਖ਼ਲਾ ਕੀਤਾ ਜਾ ਰਿਹਾ ਹੈ। ਇਸ ਸਕੀਮ ਅਧੀਨ ਬੇਰੋਜਗਾਰ ਨੌਜਵਾਨਾਂ ਨੂੰ ਸਰਕਾਰ ਵੱਲੋ ਮਨਜੂਰਸ਼ੁਦਾ ਰਿਹਾਇਸ਼ੀ ਟ੍ਰੇਨਿੰਗ ਸੈਂਟਰ ਵਿਚ ਇਲੈਕਟ੍ਰੀਕਲ ਫੋਰਮੈਨ ਅਤੇ ਫਰੰਟ ਆਫਿਸ ਐਸੋਸੀਏਟ ਕੋਰਸਾਂ ਵਿਚ ਪੰਜ ਮਹੀਨੇ ਦੀ ਮੁਫ਼ਤ ਰਿਹਾਇਸ਼ੀ ਹੁਨਰ ਸਿਖਲਾਈ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਪਾਰਟਨਰਾਂ ਵੱਲੋਂ ਸਥਾਪਿਤ ਇਨ੍ਹਾਂ ਟ੍ਰੇਨਿੰਗ ਸੈਂਟਰਾਂ ਵਿਚ ਮੁਫ਼ਤ ਹੁਨਰ ਸਿਖਲਾਈ ਤੋਂ ਇਲਾਵਾ ਮੁਫ਼ਤ ਰਿਹਾਇਸ਼, ਖਾਣਾ, ਕਾਪੀਆਂ/ਕਿਤਾਬਾਂ, ਵਰਦੀਆਂ ਅਤੇ ਖੇਡ ਮੈਦਾਨ ਦੀ ਸਹੂਲਤ ਦਿੱਤੀ ਜਾ ਰਹੀ ਹੈ।ਹੁਨਰ ਸਿਖਲਾਈ ਉਪਰੰਤ ਉਮੀਦਵਾਰਾਂ ਨੂੰ ਸਰਕਾਰੀ ਹੁਨਰ ਪ੍ਰਮਾਣਿਤ ਸਰਟੀਫਿਕੇਟ ਦਿੱਤਾ ਜਾਵੇਗਾ। ਟ੍ਰੇਨਿੰਗ ਉਪਰੰਤ ਉਮੀਦਵਾਰਾਂ ਦੀ ਇਨ੍ਹਾਂ ਕੋਰਸਾਂ ਨਾਲ ਸਬੰਧਤ ਪ੍ਰਾਈਵੇਰ ਕੰਪਨੀਆਂ ਵਿਚ ਪਲੇਸਮੈਂਟ ਕਰਵਾਈ ਜਾਵੇਗੀ। ਪਲੇਸਮੈਂਟ ਦੌਰਾਨ ਉਮੀਦਵਾਰਾਂ ਨੂੰ ਲਾਜ਼ਮੀ ਵਜ਼ੀਫ਼ਾ ਦਿੱਤਾ ਜਾਵੇਗਾ। ਇਨ੍ਹਾਂ ਕੋਰਸਾਂ ਵਿਚ 15-35 ਸਾਲ ਦੇ ਘੱਟੋ-ਘੱਟ ਦਸਵੀਂ ਪਾਸ ਉਮੀਦਵਾਰ ਦਾਖ਼ਲਾ ਲੈ ਸਕਦੇ ਹਨ। ਇਸ ਮੌਕੇ ਬੀ.ਡੀ.ਪੀ.ਓ ਬੰਗਾ ਆਦੇਸ਼ ਕੁਮਾਰ ਵੱਲੋ ਬਲਾਕ ਦੇ ਸਮੂਹ ਸਰਪੰਚਾਂ ਨੂੰ ਆਪਣੇ ਪਿੰਡ ਵਿਚੋਂ ਯੋਗ ਉਮੀਦਵਾਰਾਂ ਦੀ ਖੋਜ ਕਰਕੇ ਉਨ੍ਹਾਂ ਨੂੰ ਹੁਨਰ ਸਿਖਲਾਈ ਕੋਰਸਾਂ ਵਿਚ ਦਾਖ਼ਲਾ ਕਰਵਾਉਣ ਲਈ ਹਦਾਇਤ ਕੀਤੀ। ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਅਫ਼ਸਰ ਅਮਿਤ ਕੁਮਾਰ ਵੱਲੋਂ ਵਿਭਾਗ ਅਧੀਨ ਨੌਜਵਾਨਾਂ ਨੂੰ ਰੋਜਗਾਰ ਸਬੰਧੀ ਵੱਖ-ਵੱਖ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।ਉਪਰੋਕਤ ਦਰਸਾਏ ਹੁਨਰ ਸਿਖਲਾਈ ਕੋਰਸਾਂ ਵਿਚ ਦਾਖ਼ਲੇ ਸਬੰਧੀ ਡੀ.ਸੀ ਆਫਿਸ ਕੰਪਲੈਕਸ, ਜ਼ਿਲ੍ਹਾ ਰੋਜ਼ਗਾਰ ਬਿਊਰੋ, ਕਮਰਾ ਨੰਬਰ 413 ਵਿਖੇ ਅਤੇ ਮੋਬਾਈਲ ਨੰਬਰ 94192-18613 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹੇ ਦਾ ਕੋਈ ਵੀ ਪੇਂਡੂ ਬੇਰੋਜਗਾਰ ਨੌਜਵਾਨ ਜੇਕਰ ਸਰਕਾਰ ਦੀ ਇਸ ਸਕੀਮ ਵਿਚ ਦਾਖ਼ਲਾ ਲੈਣ ਦਾ ਚਾਹਵਾਨ ਹੋਵੇ ਤਾਂ ਆਪਣਾ ਆਧਾਰ ਕਾਰਡ, ਵਿੱਦਿਅਕ ਸਰਟੀਫਿਕੇਟ, ਬੈਂਕ ਅਕਾਊਂਟ, ਜਾਤੀ ਸਰਟੀਫਿਕੇਟ, ਗ਼ਰੀਬੀ ਰੇਖਾ ਨਾਲ ਸਬੰਧਤ ਕੋਈ ਵੀ ਸਰਟੀਫਿਕੇਟ (ਬੀ.ਪੀ.ਐਲ/ਨੀਲਾ ਕਾਰਡ/ਮਨਰੇਗਾ ਕਾਰਡ ਆਦਿ) ਦੀਆਂ ਨਕਲਾਂ ਅਤੇ 4 ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਉਪਰੋਕਤ ਪਤੇ ‘ਤੇ ਮਿਤੀ 31.01.2025 ਤੋਂ ਪਹਿਲਾਂ ਸੰਪਰਕ ਕਰ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨਗਰ ਨਿਗਮ ਕਮਿਸ਼ਨਰ ਨੇ ਸਫਾਈ ਸੇਵਕਾਂ ਨੂੰ ਵੰਡੀਆਂ ਜੈਕਟਾਂ
Next articleਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਵਿਖੇ ਕਜ਼ਾਕਿਸਤਾਨ ਅਤੇ ਭਾਰਤ ਦੇ ਸੰਗੀਤ ਤੇ ਸੱਭਿਆਚਾਰ ਦੇ ਬਿਖਰੇ ਰੰਗ