- ਭਗਵੰਤ ਮਾਨ ਨਾਲ ਮਿਲ ਕੇ ਜਲੰਧਰ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ ਰੋਡ ਸ਼ੋਅ ਕੱਢਿਆ
- ਇਮਾਨਦਾਰ ਆਗੂਆਂ ਨੂੰ ਚੁਣਨ ਦਾ ਸੱਦਾ
ਜਲੰਧਰ (ਸਮਾਜ ਵੀਕਲੀ): ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ 80 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਟੀਵੀ ਚੈਨਲਾਂ ਦੇ ਸਰਵੇਖਣ ਵਿੱਚ ਭਾਵੇਂ ‘ਆਪ’ ਨੂੰ 60 ਤੋਂ 65 ਸੀਟਾਂ ਮਿਲਣ ਦੀ ਗੱਲ ਆਖੀ ਜਾ ਰਹੀ ਹੈ, ਪਰ ਪਾਰਟੀ ਇਸ ਤੋਂ ਬਿਹਤਰ ਪ੍ਰਦਰਸ਼ਨ ਕਰਦਿਆਂ 80 ਤੋਂ ਵੱਧ ਸੀਟਾਂ ਜਿੱਤੇਗੀ। ਕੇੇਜਰੀਵਾਲ ਪੰਜਾਬ ਵਿੱਚ ‘ਆਪ’ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨਾਲ ਅੱਜ ਜਲੰਧਰ ਸ਼ਹਿਰ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਕੀਤੇ ਰੋਡ ਸ਼ੋਅ ਦੌਰਾਨ ਬੋਲ ਰਹੇ ਸਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਮਾਨਦਾਰ ਆਗੂਆਂ ਨੂੰ ਚੁਣਨ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਆਪਣੇ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਝਾੜੂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ।
ਇਸ ਤੋਂ ਪਹਿਲਾਂ ਅੱਜ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਜਲੰਧਰ (ਪੱਛਮੀ) ਵਿਧਾਨ ਸਭਾ ਹਲਕੇ ਵਿੱਚ ਰੋਡ ਸ਼ੋਅ ਕੀਤਾ। ਇਸ ਮੌਕੇ ਉਨ੍ਹਾਂ ਨਾਲ ‘ਆਪ’ ਉਮੀਦਵਾਰ ਸ਼ੀਤਲ ਅੰਗੁਰਾਲ ਵੀ ਸਨ। ਕੇਜਰੀਵਾਲ ਤੇ ਮਾਨ ਹਲਕੇ ਵਿੱਚ ਪੈਂਦੇ ਗੁਰੂ ਰਵਿਦਾਸ ਧਾਮ ਵਿੱਚ ਨਤਮਸਤਕ ਵੀ ਹੋਏ। ਜਲੰਧਰ ਛਾਉਣੀ ਹਲਕੇ ਵਿੱਚ ਕੀਤੇ ਗਏ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਇਸ ਹਲਕੇ ਵਿੱਚ ਮਿੱਠਾਪੁਰ ਤੇ ਸੰਸਾਰਪੁਰ ਵਰਗੇ ਪਿੰਡ ਆਉਂਦੇ ਹਨ, ਜਿੱਥੋਂ ਹਾਕੀ ਦੇ ਵੱਡੇ ਖਿਡਾਰੀ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਵੋਟਰ ਗੋਲ ਕਰਕੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਜਿਤਾਉਣਗੇ। ਮਾਨ ਨੇ ਕਿਹਾ ਕਿ 20 ਫਰਵਰੀ ਨੂੰ ਪੰਜਾਬ ਵਾਸੀਆਂ ਕੋਲ ਆਪਣੇ ਬੱਚਿਆਂ ਤੇ ਪੰਜਾਬ ਦੀ ਕਿਸਮਤ ਨੂੰ ਬਦਲਣ ਦਾ ਮੌਕਾ ਹੈ।
ਜਲੰਧਰ (ਕੇਂਦਰੀ) ਵਿਧਾਨ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਰਮਨ ਅਰੋੜਾ ਰੋਡ ਸ਼ੋਅ ਦੌਰਾਨ ਕੇਜਰੀਵਾਲ ਦੇ ਪਿੱਛੇ ਖੜੇ ਸਨ। ਰੋਡ ਸ਼ੋਅ ਦੌਰਾਨ ਰਾਮਾ ਮੰਡੀ ਇਲਾਕੇ ਵਿੱਚ ਲੋਕਾਂ ਨੇ ‘ਆਪ’ ਦੇ ਝੰਡੇ ਲੈ ਕੇ ਇੱਕ ਮੌਕਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਣ ਦੇ ਨਾਅਰੇ ਲਾਏ। ਜਲੰਧਰ (ਉੱਤਰੀ) ਵਿਧਾਨ ਸਭਾ ਹਲਕੇ ਵਿੱਚ ਕੱਢੇ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਵਾਪਸ ਚਲੇ ਗਏ ਸਨ ਤੇ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਉਮੀਦਵਾਰ ਦਿਨੇਸ਼ ਢੱਲ ਨੂੰ ਵੋਟਾਂ ਪਾ ਕੇ ਜਿਤਾਉਣ। ‘ਆਪ’ ਦੀ ਸੂਬਾਈ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ ਨੇ ਅਰਵਿੰਦ ਕੇਜਰੀਵਾਲ ਵਾਲੀ ਗੱਡੀ ਵਿੱਚ ਚੜ੍ਹਨ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਅਮਲੇ ਨੇ ਗੱਡੀ ’ਤੇ ਸਿਰਫ ਚੋਣ ਲੜ ਰਹੇ ਉਮੀਦਵਾਰਾਂ ਨੂੰ ਹੀ ਚੜ੍ਹਨ ਦੀ ਆਗਿਆ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly