ਹਲਕਾ ਸੁਲਤਾਨਪੁਰ ਲੋਧੀ ਵਿੱਚ ਟਿਕਟ ਦੀ ਉਮੀਦ ਲਗਾਈ ਬੈਠੇ ਟਕਸਾਲੀ ਅਕਾਲੀ ਆਗੂਆਂ ਵਿੱਚ ਨਿਰਾਸ਼ਾ ਦਾ ਆਲਮ
ਖੁੱਲ੍ਹ ਕੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਟਕਸਾਲੀ ਅਕਾਲੀ ਆਗੂ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬ ਮਿਲਕਫੈੱਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੂੰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਸਿਆਸੀ ਸਮੀਕਰਨ ਬਦਲ ਗਏ ਹਨ । ਕਈ ਸਾਲਾਂ ਤੋਂ ਅਕਾਲੀ ਦਲ ਦੀ ਟਿਕਟ ਦੀ ਉਮੀਦ ਲਗਾਈ ਬੈਠੇ ਟਕਸਾਲੀ ਆਗੂਆਂ ਨੂੰ ਮਾਯੂਸੀ ਹੱਥ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਨ ਦੇ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਦਾਅਵੇਦਾਰ ਭਾਰੀ ਨਿਰਾਸ਼ ਹਨ। ਪ੍ਰੰਤੂ ਹੁਣ ਤੱਕ ਖੁੱਲ੍ਹ ਕੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ । ਕੈਪਟਨ ਹਰਮਿੰਦਰ ਸਿੰਘ ਦੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਆਉਣ ਨਾਲ ਹਲਕੇ ਦੀ ਰਾਜਨੀਤੀ ਪ੍ਰਭਾਵਿਤ ਹੋਣ ਤੋਂ ਪਿੱਛੇ ਨਹੀਂ ਰਹੇਗੀ।
ਕੈਪਟਨ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਆਮਦ ਨਾਲ ਕਾਂਗਰਸ ਦੇ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਲਈ ਕੋਈ ਚੁਣੌਤੀ ਪੈਦਾ ਹੋ ਸਕਦੀ ਹੈ ? ਇਸ ਘਟਨਾਕ੍ਰਮ ਨਾਲ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਸੱਜਣ ਸਿੰਘ ਚੀਮਾ ਨੂੰ ਕੋਈ ਲਾਭ ਮਿਲੇਗਾ ? ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ । ਪਰੰਤੂ ਕੈਪਟਨ ਹਰਮਿੰਦਰ ਸਿੰਘ ਦੇ ਸ਼੍ਰੋਮਣੀ ਅਕਾਲ ਦਲ ਵਿੱਚ ਆਉਣ ਨਾਲ ਹਲਕੇ ਦੀ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ। ਕੈਪਟਨ ਹਰਮਿੰਦਰ ਸਿੰਘ ਦੇ ਆਉਣ ਨਾਲ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਅਕਾਲੀ ਦਲ ਦੇ ਵੱਡੇ ਕਾਫ਼ਲੇ ਦੀ ਅਗਵਾਈ ਕਰਨ ਵਾਲੀ ਸਾਬਕਾ ਵਿੱਤ ਮੰਤਰੀ ਡਾ ਉਪਿੰਦਰਜੀਤ ਕੌਰ ਅਤੇ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਸਾਬਕਾ ਖਜ਼ਾਨਾ ਮੰਤਰੀ ਤੇ ਐੱਸ ਜੀ ਪੀ ਸੀ ਦੇ ਸਾਬਕਾ ਪ੍ਰਧਾਨ ਬਾਊ ਆਤਮਾ ਸਿੰਘ ਦੇ ਪਰਿਵਾਰ ਨੂੰ ਨਜ਼ਰਅੰਦਾਜ਼ ਕਰਕੇ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਇਕ ਨਵੇਂ ਚਿਹਰੇ ਨੂੰ ਮੈਦਾਨ ਵਿੱਚ ਉਤਾਰਨ ਨਾਲ ਇਹ ਸਾਫ ਹੋ ਗਿਆ ਹੈ, ਕਿ ਸੁਖਬੀਰ ਸਿੰਘ ਬਾਦਲ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੋਂ ਬਿਲਕੁਲ ਵੱਖ ਹੋ ਕੇ ਜਿੱਥੇ ਫ਼ੈਸਲੇ ਲੈ ਰਹੇ ਹਨ।
ਉੱਥੇ ਹੀ ਇਨ੍ਹਾਂ ਵਿਧਾਨ ਸਭਾ ਚੋਣਾਂ ਲਈ ਬੇਹੱਦ ਸੰਜੀਦਗੀ ਵਿੱਚ ਜੁਟੇ ਹੋਏ ਹਨ। ਪਿਛਲੀਆਂ ਦੋ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਸਾਬਕਾ ਵਿੱਤ ਮੰਤਰੀ ਡਾ ਉਪਿੰਦਰਜੀਤ ਕੌਰ ਦੀ ਬਜਾਏ ਇਕ ਨਵੇਂ ਉਮੀਦਵਾਰ ਨੂੰ ਅਕਾਲੀ ਦਲ ਦੇ ਚਿਹਰੇ ਦੇ ਤੌਰ ਤੇ ਪੇਸ਼ ਕੀਤਾ ਹੈ। ਹਾਲਾਂਕਿ ਕੁਝ ਮਹੀਨਾ ਪਹਿਲਾਂ ਸਾਬਕਾ ਵਿੱਤ ਮੰਤਰੀ ਡਾ ਉਪਿੰਦਰਜੀਤ ਕੌਰ 2022 ਦੀਆਂ ਚੋਣਾਂ ਨਾ ਲੜਨ ਦਾ ਫੈਸਲਾ ਲੈ ਕੇ ਆਪਣੇ ਦੋਹਤ ਜਵਾਈ ਇੰਜੀਨੀਅਰ ਸਵਰਨ ਸਿੰਘ ਨੂੰ ਆਪਣਾ ਸਿਆਸੀ ਵਾਰਸ ਘੋਸ਼ਿਤ ਕਰ ਚੁੱਕੇ ਹਨ । ਪ੍ਰੰਤੂ ਇਸ ਸਭ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਦਰ ਕਿਨਾਰ ਕਰ ਕੇ ਕੈਪਟਨ ਹਰਮਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਘੋਸ਼ਿਤ ਕਰਨ ਨਾਲ ਇਹ ਸੀਟ ਕਿਸ ਦੇ ਖਾਤੇ ਜਾਏਗੀ? ਇਸ ਦਾ ਜਵਾਬ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੀ ਹੈ।
ਕਾਂਗਰਸ ਨੂੰ ਅਲਵਿਦਾ ਕਹਿ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਕੈਪਟਨ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਜ਼ਨ ਬਹੁਤ ਸਾਫ਼ ਹੈ। ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਅਕਾਲੀ ਦਲ ਵਿੱਚ ਆਏ ਹਨ। ਉਹ ਹਲਕੇ ਦੇ ਅਕਾਲੀ ਨੇਤਾਵਾਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਉਹ ਉਨ੍ਹਾਂ ਨੂੰ ਨਾਲ ਲੈ ਕੇ ਇਹ ਲੜਾਈ ਲੜਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੰਥਕ ਹਲਕੇ ਵਿੱਚ ਹਰ ਅਕਾਲੀ ਪਰਿਵਾਰ ਦਾ ਉਨ੍ਹਾਂ ਨੂੰ 100 ਫ਼ੀਸਦੀ ਸਾਥ ਤੇ ਸਹਿਯੋਗ ਮਿਲੇਗਾ ।
ਉੱਧਰ ਕਾਂਗਰਸ ਦੇ ਵਿਧਾਇਕ ਤੇ ਸੰਭਾਵੀ ਉਮੀਦਵਾਰ ਨਵਤੇਜ ਸਿੰਘ ਚੀਮਾ ਦਾ ਕਹਿਣਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਧੰਨਵਾਦੀ ਹਨ। ਜਿਨ੍ਹਾਂ ਨੇ ਉਨ੍ਹਾਂ ਦੇ ਲਈ 2022 ਦੀਆਂ ਚੋਣਾਂ ਜਿੱਤਣੀਆਂ ਆਸਾਨ ਕਰ ਦਿੱਤੀਆਂ ਹਨ । ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਇਹ ਇਤਿਹਾਸ ਰਿਹਾ ਹੈ ਕਿ ਜਦੋਂ ਵੀ ਅਕਾਲੀ ਦਲ ਨੇ ਕੋਈ ਬਾਹਰੋਂ ਉਮੀਦਵਾਰ ਪੈਰਾਸ਼ੂਟ ਐਂਟਰੀ ਰਾਹੀਂ ਚੋਣ ਮੈਦਾਨ ਵਿੱਚ ਉਤਾਰਿਆ ਹੈ ਤਾਂ ਉਸ ਉਮੀਦਵਾਰ ਦਾ ਸਿਆਸੀ ਕੈਰੀਅਰ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ। ਜਿਸ ਦੀ ਉਦਾਹਰਣ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਦੇ ਬੇਟੇ ਵੱਲੋਂ ਅਕਾਲੀ ਦਲ ਵਿੱਚ ਆਉਣ ਤੋਂ ਮਿਲਦੀ ਹੈ। ਜਿਸ ਦਾ ਨਾਂ ਅੱਜ ਸਿਆਸੀ ਨਕਸ਼ੇ ਵਿਚੋਂ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ।
ਉਧਰ ਆਮ ਆਦਮੀ ਪਾਰਟੀ ਦੇ ਸੰਭਾਵਿਤ ਉਮੀਦਵਾਰ ਅਰਜੁਨਾ ਐਵਾਰਡੀ ਸੱਜਣ ਸਿੰਘ ਦਾ ਕਹਿਣਾ ਹੈ ਕਿ ਕੈਪਟਨ ਹਰਮਿੰਦਰ ਸਿੰਘ ਦਾ ਸਰਗਰਮ ਰਾਜਨੀਤੀ ਵਿੱਚ ਸਵਾਗਤ ਹੈ। ਪ੍ਰੰਤੂ ਉਹ ਇਕ ਐਸੇ ਦਲ ਨਾਲ ਜੁੜੇ ਹਨ । ਜਿਨ੍ਹਾਂ ਦੇ ਕਾਰਨਾਮਿਆਂ ਬਾਰੇ ਉਨ੍ਹਾਂ ਨੂੰ ਹਲਕੇ ਦੀ ਜਨਤਾ ਨੂੰ ਜਵਾਬ ਜ਼ਰੂਰ ਦੇਣਾ ਪਵੇਗਾ। ਹਲਕੇ ਵਿੱਚ ਟਿਕਟ ਦੀ ਦਾਅਵੇਦਾਰੀ ਕਰਨ ਵਾਲੀ ਟਕਸਾਲੀ ਅਕਾਲੀ ਆਗੂਆਂ ਦੇ ਕਾਫਲੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਈਕਮਾਨ ਵੱਲੋਂ ਧੋਖਾ ਕਰਨ ਦਾ ਖਮਿਆਜ਼ਾ ਕੈਪਟਨ ਹਰਮਿੰਦਰ ਸਿੰਘ ਨੂੰ ਅਗਾਮੀ ਚੋਣਾਂ ਵਿੱਚ ਭੁਗਤਣਾ ਪਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly