(ਸਮਾਜ ਵੀਕਲੀ)
ਤੁਸੀਂ
ਸਮਾਜ ਦੇ ਦੁੱਖ
ਲੋਕਾਈ ਦੀ ਪੀੜ ਨੂੰ
ਬਾਖੂਬੀ ਸਮਝ ਲੈਂਦੇ ਹੋ
ਹਵਾ ‘ਚ ਰਲੀ
ਰੁੱਖਾਂ, ਪਸ਼ੂ-ਪੰਛੀਆਂ ਦੀ
ਆਵਾਜ਼ ਸੁਣ ਕੇ
ਉਹਨਾਂ ਦਾ ਦਰਦ
ਮਹਿਸੂਸ ਕਰ ਲੈਂਦੇ ਹੋ
ਸੁੰਨੇ ਰਾਹਾਂ, ਫਸਲਾਂ ਤੋਂ
ਹਾਲ ਪੁੱਛਦੇ ਹੋ
ਪਾਣੀ, ਮਿੱਟੀ ਦੀ ਗੱਲ
ਬੁੱਝ ਜਾਂਦੇ ਹੋ….
ਪਿਆਰੇ ਕਵੀ ਪਤੀ ਜੀ
ਮੈਨੂੰ ਦੱਸੋਗੇ
ਮੈਂ ਇਨ੍ਹਾਂ ਵਿੱਚੋਂ
ਕਿਸੇ ਸ਼੍ਰੇਣੀ ਵਿਚ ਆਉਣੀ ਆ
ਜੇ ਹਾਂ ਤਾਂ ਫਿਰ
ਮੇਰੀ ਮੁਹੱਬਤ ਤੋਂ
ਮੇਰੀ ਤੜਫ ਤੋਂ
ਮੇਰੀ ਅੱਖ ਦੇ ਹੰਝੂ ਤੋਂ
ਮੇਰੀ ਖੁਸ਼ੀ ਗਮੀ ਤੋਂ
ਮੇਰੇ ਫ਼ਿਕਰ ਤੋਂ
ਅਣਜਾਨ ਕਿਉੰ ਹੋ
ਕਦੇ ਮੈਨੂੰ ਵੀ
ਆਪਣੇ ਨਾਲ ਮਹਿਸੂਸ ਕਰੋ
ਸਮਾਜ ਵਾਂਗ
ਲੋਕਾਈ ਵਾਂਗ
ਕੁਦਰਤ ਵਾਂਗ
ਕਲਮ ਤੇ ਕਵਿਤਾ ਵਾਂਗ
ਸ਼ਾਇਦ
ਫਿਰ ਮੇਰੀ ਚੀਕ ‘ਚ
ਚੁੱਪ ਵਰਗੀ
ਡੂੰਘੀ ਪੀੜ ਦਾ
ਅਹਿਸਾਸ ਹੋਵੇ….।
ਜਸਵੰਤ ਗਿੱਲ ਸਮਾਲਸਰ
97804-51878