ਪਰਮ ‘ਪ੍ਰੀਤ’ ਬਠਿੰਡਾ
(ਸਮਾਜ ਵੀਕਲੀ) ਮਨੀਪੁਰ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਸੁਣਕੇ ਰੂਹ ਕੰਬ ਉੱਠੀ ਸੀ ਮਨੀਪੁਰ ਵਿੱਚ ਔਰਤਾਂ ਤੇ ਹੋਏ ਤਸ਼ੱਸਦ,ਬੇਪੱਤੀ ਨੇ ਹਰ ਔਰਤ ਦਾ ਦਿਲ ਹੀ ਨਹੀਂ ਵਲੂੰਧਰਿਆ ਸਗੋਂ ਪੂਰੀ ਮਰਦਜਾਤ ਨੂੰ ਵੀ ਸ਼ਰਮਸਾਰ ਕੀਤਾ ਹੈ । ਔਰਤਾਂ ਘਰ ਤੋਂ ਬਾਹਰ ਸੁਰੱਖਿਅਤ ਨਹੀਂ ਹਨ ਇਹ ਅਕਸਰ ਦੇਖਿਆ ਗਿਆ ਹੈ । ਪਰੰਤੂ ਬੀਤੇ ਦਿਨੀਂ ਇੱਕ ਡਾਕਟਰ ਟਰੇਨੀ ਜੋ ਕਲਕੱਤਾ ਇੱਕ ਇੱਕ ਮੈਡੀਕਲ ਕਾਲਜ ਵਿੱਚ ਐਮ ਡੀ ਦੀ ਸਟੱਡੀ ਕਰ ਰਹੀ ਸੀ ਦੇ ਨਾਲ ਡਿਊਟੀ ਦੌਰਾਨ ਹੋਏ ਗੈਂਗ ਰੇਪ ਅਤੇ ਮਰਡਰ ਨੇ ਇੱਕ ਵਾਰ ਫੇਰ ਔਰਤਾਂ ਦੀ ਸੁਰੱਖਿਆ ਉਪਰ ਸਵਾਲੀਆਂ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। ਕੀ ਬੀਤਦੀ ਹੋਵੇਗੀ ਉਹਨਾਂ ਭੈਣਾਂ ਤੇ ? ਜਦੋਂ ਉਹਨਾਂ ਦੀ ਪੱਤ ਦੇ ਰਾਖੇ ਕਹਿਲਾਉਣ ਵਾਲੀ ਮਰਦ ਜਾਤ ਵਹਿਸੀਪੂਣੇ ਦੀਆਂ ਸਭ ਹੱਦਾਂ ਪਾਰ ਕਰ ਦਿੰਦੀ ਹੈ ਅਤੇ ਨਿਆਂ ਲਈ ਸੜਕਾਂ ਉੱਤੇ ਨਿਕਲਣਾ ਪੈਂਦਾ ਹੈ। ਲਾਹਨਤ ਹੈ ਐਸੇ ਹਰ ਮਰਦ ਜੋ ਔਰਤ ਦੇ ਢਿੱਡੋਂ ਜਨ ਕੇ ਹੀ ਉਸਦਾ ਸਤਿਕਾਰ ਕਰਨ ਦੀ ਬਜਾਇ ਇੱਕ ਔਰਤ ਜੋ ਮਾਂ,ਧੀ ਅਤੇ ਭੈਣ ਦੇ ਸਮਾਨ ਹੁੰਦੀ ਹੈ ਦੀ ਪਤ ਲੁੱਟਦਾ ਹੈ ਅਤੇ ਉਸਨੂੰ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਤਸੀਹੇ ਦਿੰਦਾ ਹੈ ਉਸਦਾ ਕਤਲ ਤੱਕ ਕਰ ਦਿੱਤਾ ਜਾਂਦਾ ਹੈ। ਅਜਿਹੇ ਦਰਿੰਦਿਆਂ ਨੂੰ ਜੋ ਇੱਕ ਔਰਤ ਦੀ ਇੱਜ਼ਤ ਨਾਲ ਸ਼ਰੇਆਮ ਖੇਡਦੇ ਹਨ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਕੋਈ ਅਜਿਹਾ ਕਰਨ ਦੀ ਸੋਚੇ ਵੀ ਨਾ ।
ਔਰਤਾਂ ਨੂੰ ਸੋਸ਼ਲ ਮੀਡੀਆ ਉੱਪਰ ਵੀ ਘਟੀਆ ਮੇਸੈਜ ਕਰਕੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਗਿਰੀ ਹੋਈ ਅਤੇ ਘਟੀਆ ਮਾਨਸਿਕਤਾ ਦੇ ਧਾਰਨੀ ਔਰਤ ਨੂੰ ਇਤਰਾਜ਼ਯੋਗ ਮੈਸੈਜ ਤਸਵੀਰਾਂ ਜਾਂ ਵੀਡੀਓਜ਼ ਭੇਜਕੇ ਉਹਨਾਂ ਦਾ ਮਾਨਸਿਕ ਸ਼ੋਸ਼ਣ ਕਰਦੇ ਹਨ , ਉਸ ਦੀਆਂ ਕੋਮਲ ਭਾਵਨਾਵਾਂ ਅਤੇ ਨਾਜ਼ੁਕ ਦਿਲ ਨੂੰ ਚੋਟ ਪਹੁੰਚਦੇ ਹਨ । ਕਿਉਂਕਿ ਔਰਤਾਂ ਉਪਰ ਇਨ੍ਹਾਂ ਘਟੀਆ ਸੰਦੇਸ਼ਾਂ ਦਾ ਇਨ੍ਹਾਂ ਨਾਕਾਰਤਮਕ ਪ੍ਰਭਾਵ ਪੈਂਦਾ ਹੈ ਇਸਲਈ ਉਹ ਯੋਗਤਾ ਰੱਖਣ ਦੇ ਬਾਵਜੂਦ ਵੀ ਅੱਗੇ ਨਹੀਂ ਆਉਣਾ ਚਾਹੁੰਦੀ, ਉਹ ਆਪਣੇ ਚਾਵਾਂ ਅਤੇ ਸ਼ੌਕਾਂ ਦਾ ਗਲਾ ਘੋਟ ਲੈਂਦੀ ਹੈ । ਕੀ ਔਰਤ ਨੂੰ ਜਿਉਣ, ਖੁਸ਼ ਰਹਿਣ ਅਤੇ ਸ਼ੌਂਕ ਪੁਗਾਉਣ ਦਾ ਵੀ ਹੱਕ ਨਹੀਂ ਹੈ? ਏਨੇਂ ਪਾਪਾਂ ਦੇ ਭਾਗੀ ਨਾ ਬਣੋ, ਯਾਦ ਰੱਖੋ, ਬਦ-ਦੁਆਵਾਂ ਤਬਾਹ ਕਰ ਦਿੰਦੀਆਂ ਹਨ, ਜਦੋਂ ਕੋਈ ਦੁੱਖੀ ਹੁੰਦਾ ਹੈ, ਕਿਸੇ ਦਾ ਮਨ ਵਿਰਲਾਪ ਕਰਦਾ ਹੈ ਤਾਂ ਅਪਸ਼ਬਦ, ਬਦ- ਦੁਆਵਾਂ, ਟੀਸ, ਹਾਏ ਨਿਕਲਦੀ ਹੈ ਜੋ ਵੱਡੇ ਅਤੇ ਤਾਕਤਵਰ ਕਹਾਉਣ ਵਾਲ਼ਿਆਂ ਨੂੰ ਵੀ ਥਾਏਂ ਸਾੜ ਕੇ ਸੁਆਹ ਕਰ ਦਿੰਦੀਆਂ ਹਨ ।
ਔਰਤ ਨੂੰ ਸਮਾਜ ਵਿੱਚ ਉਸਦੇ ਬਣਦੇ ਰੁਤਬੇ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ ਉਸ ਦਾ ਹੱਕ ਹੈ, ਜੇਕਰ ਸਮਾਜ ਵਿੱਚ ਔਰਤ ਨੂੰ ਉਸਦਾ ਬਣਦਾ ਸਨਮਾਨ ਨਹੀਂ ਮਿਲੇਗਾ ਅਤੇ ਇਸੇ ਤਰ੍ਹਾਂ ਦਾ ਸਲੂਕ ਹੁੰਦਾ ਰਿਹਾ ਤਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਕਈ ਫੁੱਲਣ ਦੇਵੀਆਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਇਤਿਹਾਸ ਗਵਾਹ ਹੈ ਜਦੋਂ ਜਦੋਂ ਜ਼ੁਲਮ ਦੀ ਅੱਤ ਹੋਈ ਹੈ ਤਾਂ ਰਾਕਸ਼ਾਂ ਦਾ ਵਿਨਾਸ਼ ਕਰਨ ਲਈ ਔਰਤ ਮਾਂ ਦੁਰਗਾ, ਮਾਂ ਕਾਲੀ ,ਚੰਡੀ ਦਾ ਰੂਪ ਵੀ ਧਾਰਨ ਕਰ ਸਕਦੀ ਹਨ । ਹਰ ਔਰਤ ਉਹਨਾਂ ਭੈਣਾਂ ਲਈ ਇਨਸਾਫ਼ ਦੀ ਮੰਗ ਕਰਦੀ ਹੈ । ਆਜ਼ਾਦੀ ਦੇ ਇੰਨ੍ਹੇ ਸਾਲਾਂ ਬਾਅਦ ਵੀ ਔਰਤ ਅਸੁਰੱਖਿਅਤ ਹੈ , ਅਖੀਰ ਕਿਉਂ ? ਸਾਡੇ ਲੀਡਰਾਂ ਦੇ ਵੱਡੇ ਵੱਡੇ ਦਾਅਵੇ ਝੂਠੇ ਸਾਬਿਤ ਹੋ ਗਏ ਹਨ ।
ਲੇਖਿਕਾ ਅਤੇ ਅਧਿਆਪਿਕਾ
ਪਰਮ ‘ ਪ੍ਰੀਤ ‘ ਬਠਿੰਡਾ
ਜਿਕਰਯੋਗ ਹੈ ਕਿ ਲੇਖਿਕਾ ਪਰਮਪ੍ਰੀਤ ੳਅੲ ਅਦਬੀ ਸਾਹਿਤਕ ਮੰਚ ਬਠਿੰਡਾ ਦੀ ਪ੍ਰਧਾਨ ਹੈ । ਉਹ ਔਰਤਾਂ ਨਾਲ ਹੁੰਦੀ ਧੱਕੇਸ਼ਾਹੀ ਵਿਰੁੱਧ ਹਮੇਸ਼ਾ ਆਪਣੀ ਅਵਾਜ਼ ਬੁਲੰਦ ਕਰਦੀ ਰਹਿੰਦੀ ਹੈ ।