HOME ਪੰਜਾਬ ਦੇ ਨੌਜਵਾਨਾਂ ਨੂੰ, ਕਿਉਂ ਆਪਣਾ ਪਿੰਡ ਹੀ ਚੰਗਾ ਲੱਗਣੋਂ ਹਟ ਗਿਆ...

ਪੰਜਾਬ ਦੇ ਨੌਜਵਾਨਾਂ ਨੂੰ, ਕਿਉਂ ਆਪਣਾ ਪਿੰਡ ਹੀ ਚੰਗਾ ਲੱਗਣੋਂ ਹਟ ਗਿਆ ?

1

ਸਮਾਜ ਦੀਆਂ ਕਦਰਾਂ ਕੀਮਤਾਂ, ਵਿਰਸੇ ਅਤੇ ਇਤਿਹਾਸ ਦੇ ਗਿਆਨ ਤੋਂ ਹੁਣ ਕੋਹਾਂ ਦੂਰ ਹੈ ਪੰਜਾਬ ਦੀ ਜਵਾਨੀ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਇੱਕ ਵਕਤ ਸੀ ਕਿ ਪੰਜਾਬ ਦੇ ਪਿੰਡਾਂ ਨੂੰ ਦੁਨੀਆਂ ਦਾ ਸਵਰਗ ਮੰਨਿਆ ਜਾਂਦਾ ਸੀ, ਲੋਕਾਂ ਦੇ ਸੰਸਕਾਰ, ਸੱਭਿਆਚਾਰ ਦੀਆਂ ਕਦਰਾਂ ਕੀਮਤਾਂ, ਪੰਜਾਬੀਆਂ ਦੀ ਬਹਾਦਰੀ, ਖੇਡਾਂ ਦੀ ਦੁਨੀਆਂ ਵਿੱਚ ਇੱਕ ਵਿਲੱਖਣ ਪਹਿਚਾਣ, ਸਿੱਖਿਆ ਦੇ ਖੇਤਰ ਵਿੱਚ ਪੰਜਾਬ ਮੋਹਰੀ ਸੂਬਾ, ਦੇਸ਼ ਦੀਆਂ ਜੰਗਾਂ ਵਿੱਚ ਸਿੱਖਾਂ ਦੀ ਦਲੇਰੀ ਦੇ ਕਿੱਸੇ, ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਪੰਜਾਬੀਆਂ ਦੀ 93 ਪ੍ਰਤੀਸ਼ਤ ਭੂਮਿਕਾ, ਦੇਸ਼ ਦਾ ਅੰਨਦਾਤਾ ਹਰੀ ਕ੍ਰਾਂਤੀ ਪੈਦਾ ਕਰਨ ਵਾਲਾ ਪੰਜਾਬ ਦਾ ਕਿਸਾਨ, ਇੱਜ਼ਤਾਂ ਦਾ ਰਖਵਾਲਾ ਪੰਜਾਬ, ਜੋ ਦੁਨੀਆਂ ਲਈ ਇੱਕ ਮਿਸ਼ਾਲ ਹੁੰਦਾ ਸੀ ਪਰ  ਅੱਜ ਉਹ ਪਹਿਲਾਂ ਵਾਲਾ ਪੰਜਾਬ, ਉਹ ਪੰਜਾਬ ਨਹੀਂ ਰਿਹਾ ਪਤਾ ਨਹੀਂ ਕਿਉਂ ਅੱਜ ਦੇ ਪੰਜਾਬੀ ਨੌਜਵਾਨ ਨੂੰ ਪੰਜਾਬ ਤਾਂ ਦੂਰ ਦੀ ਗੱਲ, ਉਸ ਨੂੰ ਆਪਣਾ ਪਿੰਡ ਹੀ ਵਧੀਆ ਲੱਗਣੋਂ ਹਟ ਗਿਆ ਹੈ । ਹਰ ਮਾਂ ਬਾਪ ਦੀ, ਹਰ ਨੌਜਵਾਨ ਬੱਚੇ ਦੀ ਅੱਜ ਇੱਕੋ ਤਮੰਨਾ ਹੈ ਕਿ ਉਹ ਕਦੋਂ ਆਪਣੀ ਜ਼ਮੀਨ ਜਾਇਦਾਦ ਅਤੇ ਘਰ ਬਾਰ ਵੇਚ ਕੇ ਬਾਹਰਲੇ ਮੁਲਕ ਸੈਟਲ ਹੋਵੇ, ਪਿੰਡ ਪ੍ਰਤੀ, ਪੰਜਾਬ ਦੀ ਸੰਸਕ੍ਰਿਤੀ ਪ੍ਰਤੀ, ਇਤਿਹਾਸ ਪ੍ਰਤੀ, ਖੇਡਾਂ ਜਾਂ ਹੋਰ ਕੰਮਾਂ ਪ੍ਰਤੀ ਉਸ ਦਾ ਕੋਈ ਮੋਹ ਨਹੀਂ, ਕੋਈ ਗਿਆਨ ਨਹੀ ਬੱਸ ਓੁਸਦਾ ਇੱਕੋ ਨਿਸ਼ਾਨਾਂ ਪਹਿਲਾਂ ਆਈਲੈਟਸ ਕਰਨਾ ਤੇ ਫਿਰ ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਜਾਂ ਕਿਸੇ ਹੋਰ ਮੁਲਕ ਜਾ ਕੇ ਵੱਸਣਾ ਹੈ । ਇੱਕ ਸਮਾਂ ਸੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੰਬਰ ਇੱਕ, ਆਈ ਏ ਐਸ , ਆਈ ਪੀ ਐਸ ਬਣਦੇ ਸੀ ਪੰਜਾਬੀ ਪਰ ਅੱਜ ਖਾਸ ਕਰਕੇ ਸਿੱਖਾਂ ਦੇ ਬੱਚਿਆਂ ਨੂੰ ਪੰਜਾਬੀ ਨਹੀ ਲਿਖਣੀ ਆਓੁਦੀਂ । ਪੰਜਾਬੀ ਸਿਹਤ ਪੱਖੋਂ ਪੰਜਾਬੀ ਦੁਨੀਆਂ ਭਰ ਚ ਮੋਹਰੀ, ਪਰ ਅੱਜ ਨਸ਼ਿਆਂ ਦੀ ਰਾਜਧਾਨੀ ਬਣ ਗਿਆ । ਓਲੰਪਿਕ ਖੇਡਾਂ ਵਿੱਚ ਤਗ਼ਮੇ ਜਿੱਤਣ ਵਾਲਿਆਂ ਵਿੱਚ ਪੰਜਾਬੀਆਂ ਦੀ ਤੂਤੀ ਬੋਲਦੀ ਸੀ।  ਭਾਰਤ   ਅਤੇ ਕੀਨੀਆਂ, ਤਨਜ਼ਾਨੀਆ, ਮਲੇਸ਼ੀਆ ਵਰਗੇ ਮੁਲਕਾਂ ਦੀਆਂ ਹਾਕੀ ਟੀਮਾਂ ਵਿੱਚ ਵਧੇਰੇ ਗਿਣਤੀ ਸਿੱਖ ਖਿਡਾਰੀਆਂ ਦੀ ਭਰਮਾਰ, ਪੰਜਾਬੀਆਂ ਦੀ ਬਹਾਦਰੀ ਦੀਆਂ ਗੱਲਾਂ ਦੁਨੀਆਂ ਵਿੱਚ ਹੁੰਦੀਆਂ ਸਨ ,ਪਰ ਸਮੇਂ ਸਮੇਂ ਦੀਆਂ ਸਰਕਾਰਾਂ ਅਤੇ ਰਾਜਨੀਤਕ ਆਗੂਆਂ ਨੇ ਆਜ਼ਾਦੀ ਤੋਂ ਬਾਅਦ ਕਦੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ, ਕਦੇ ਨਕਸਲਾਈਟ ਮੂਵਮੈਂਟ ਦੌਰਾਨ ਪੰਜਾਬ ਦੇ ਨੌਜਵਾਨਾਂ ਦਾ ਘਾਣ, ਫੇਰ 1984 ਤੋਂ 1993 ਤੱਕ ਸਿੱਖ ਨੌਜਵਾਨੀ ਦਾ ਕਤਲੋ ਗਾਰਦ ਹੋਇਆ, ਭਾਵੇਂ ਮੌਤਾਂ ਦੀ ਤਬਾਹੀ ਮੱਚੀ ਪਰ ਫਿਰ ਵੀ ਪੰਜਾਬ ਦਾ ਨੌਜਵਾਨ ਬੇਇਨਸਾਫੀ ਦੇ ਵਿਰੁੱਧ ਡਟ ਕੇ ਲੜਿਆ, ਸਰਕਾਰਾਂ ਤੋਂ ਇਹ ਬਹਾਦਰੀ ਬਰਦਾਸ਼ਤ ਨਾ ਹੋਈ । ਆਖ਼ਰ ਸਰਕਾਰਾਂ ਅਤੇ ਏਜੰਸੀਆਂ ਨੇ 1990ਵੇੰ  ਦਹਾਕੇ ਦੌਰਾਨ  ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਪੱਧਰ ਤੇ ਤਬਦੀਲੀ ਲਿਆਂਦੀ, ਬਹਾਦਰੀ ਵਾਲੇ ਇਤਿਹਾਸ ਨੂੰ ਖ਼ਤਮ ਕਰਕੇ ਅਤੇ ਮਾਂ ਬੋਲੀ ਪੰਜਾਬੀ ਤੋਂ ਦੂਰ ਕਰਕੇ ਉਨ੍ਹਾਂ ਨੂੰ ਰੋਮਾਂਚਕ ਅਤੇ ਫੈਸ਼ਨ ਵਾਲੀ ਜ਼ਿੰਦਗੀ ਵੱਲੋਂ ਮੋੜਿਆ । ਕਦਰਾਂ ਕੀਮਤਾਂ ਵਾਲੇ ਸੱਭਿਆਚਾਰ ਨੂੰ ਨਸ਼ਿਆਂ ਅਤੇ ਹਥਿਆਰਾਂ ਵੱਲ ਮੋੜਿਆ, ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਹੋਵੇ, ਹਥਿਆਰਾਂ ਵਾਲੇ ਗੀਤ, ਗੁੰਡਾਗਰਦੀ ਵਾਲੇ ਗੀਤਾਂ ਨੂੰ ਉਤਸ਼ਾਹ ਕੀਤਾ । ਪੰਜਾਬ ਦਾ ਉਹ ਹਥਿਆਰ ਜੋ ਗੁੰਡਾਗਰਦੀ  ਦਾ ਟਾਕਰਾ ਕਰਦਾ ਸੀ ਉਸ ਨੂੰ ਗੁੰਡਾਗਰਦੀ ਵਾਲੇ ਮਾਹੌਲ ਵਿੱਚ ਤਬਦੀਲ ਕੀਤਾ । ਇੰਨਾ ਗਾਓੁਣ ਵਾਲਿਆਂ ਨੇ ਇੱਕ ਸਾਜਿਸ਼ ਤਹਿਤ ਹੀ ਪੰਜਾਬ ਦੀ ਧੀ ਨੂੰ ਵੀ ਆਪਣੇ ਗਾਣਿਆਂ ਵਿੱਚ ਇੱਕ ਸ਼ੁੰਦਰ ਵਸਤੂ ਵਜੋੰ ਪੇਸ ਕੀਤਾ । ਗੈੰਗਸਟਰ ਜੋ ਸਬਦ ਕਦੇ ਕਿਸੇ ਪੰਜਾਬੀ ਨੇ ਸੁਣਿਆ ਹੀ ਨਹੀੰ ਸੀ ਉਹ ਅੱਜ ਪੰਜਾਬ ਦੇ ਹੀਰੋ, ਗਾਓੁਣ ਵਾਲਿਆਂ, ਕਬੱਡੀ ਵਾਲਿਆਂ, ਅਤੇ ਕੱਦਵਾਰ ਰਾਜਨੀਤਿਕ ਲੋਕਾਂ ਦੇ ਰਖਵਾਲੇ ਹਨ। ਪੰਜਾਬ ਦੇ ਸ੍ਰੋਤ ਧਰਤੀ, ਪਾਣੀ, ਹਵਾ ਨੂੰ ਯੋਜਨਾ ਤਹਿਤ ਗੰਧਲਾ ਕੀਤਾ । ਪੰਜਾਬ ਦੇ ਮੁੱਦੇ, ਪਾਣੀਆਂ ਦੇ ਮਸਲੇ, 1984 ਸਿੱਖਾਂ ਦੀ ਨਸਲਕੁਸ਼ੀ , ਪੰਜਾਬ ਦੇ ਹੱਕਾਂ ਅਤੇ ਅਧਿਕਾਰਾਂ ਤੋਂ ਵਾਂਝੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਦਲਦਲ ਵਿੱਚ ਸੁੱਟਣਾ, ਕਿਸਾਨਾਂ ਨੂੰ ਕਰਜ਼ਿਆਂ ਦੀ ਮਾਰ ਹੇਠ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ, ਗ਼ਰੀਬ ਨੂੰ ਅਨਪੜ੍ਹਤਾ ਅਤੇ ਧਰਮ ਦੇ ਅੰਧ ਵਿਸ਼ਵਾਸ ਥੱਲੇ, ਕੌਮ ਦੀ ਮਾਨਸਿਕਤਾ ਨੂੰ ਇੱਕ ਯੋਜਨਾ ਤਹਿਤ ਦੱਬਿਆ ਹੈ। ਕਿਸੇ ਵੀ ਸਰਕਾਰ ਨੇ ਕਿਸੇ ਵੀ ਦੇਸ਼ ਜਾਂ ਰਾਜ ਵਿੱਚ ਜਦੋਂ ਤਬਾਹੀ ਦੀ ਤਬਦੀਲੀ ਲਿਆਉਣੀ ਹੁੰਦੀ ਹੈ ਤਾਂ ਉਹ ਅਜਿਹੇ ਸੰਕਟ ਖੜ੍ਹੇ ਕਰਦੀਆਂ ਹੀ ਹਨ ਜੋ ਪੰਜਾਬ ਨਾਲ ਹੋਇਆ ਅਤੇ ਹੋ ਰਿਹਾ ਹੈ ਇਸ ਕਰਕੇ ਆਪਣਾ ਧੁੰਦਲਾ ਭਵਿੱਖ ਦੇਖਦਾ ਹੋਇਆ ਪੰਜਾਬ ਦਾ ਹਰ ਬੰਦਾ ਖਾਸ ਕਰਕੇ ਨੌਜਵਾਨ ਇੱਥੇ ਰਹਿਣਾ ਹੀ ਨਹੀਂ ਚਾਹੁੰਦਾ ਉਸ ਨੂੰ ਵਿਦੇਸ਼ਾਂ ਦੇ ਵਿੱਚ ਆਪਣੀ ਜ਼ਿੰਦਗੀ ਸੁਨਹਿਰੀ ਜਾਪਦੀ ਹੈ। ਆਪਣਾ ਵਧੀਆ ਭਵਿੱਖ ਦਿਸਦਾ ਹੈ, ਜਦ ਕੋਈ ਪੰਜਾਬ ਦਾ ਨੌਜਵਾਨ ਪੰਜਾਬ ਚ ਰਹਿਣਾ ਹੀ ਨਹੀਂ ਚਾਹੁੰਦਾ ਉਹ ਕਿਸ ਤਰ੍ਹਾਂ ਆਪਣੇ ਪਿੰਡ ਨੂੰ, ਆਪਣੇ ਇਲਾਕੇ ਨੂੰ, ਆਪਣੇ ਮੁਹੱਲੇ ਨੂੰ ਜਾਂ ਫਿਰ ਆਪਣੇ ਪੰਜਾਬ ਨੂੰ ਪਿਆਰ ਕਰੇਗਾ। ਇਹ ਵਿਦੇਸ਼ਾਂ ਵਾਲਾ ਪ੍ਰਵਾਸ ਵੀ ਇੱਕ ਯੋਜਨਾ ਤਹਿਤ ਹੀ ਹੋ ਰਿਹਾ ਹੈ। ਪੁਰਾਣੇ ਬਜ਼ੁਰਗ ਜੋ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਨੇ ਉਹ ਆਪਣੇ ਲਾਇਲਪੁਰ, ਲਾਹੌਰ ਅਤੇ ਹੋਰ ਸ਼ਹਿਰਾਂ ਪਿੰਡਾਂ ਦੀਆਂ ਬਾਤਾਂ ਪਾਉਂਦੇ ਜਹਾਨੋਂ ਤੁਰ ਗਏ ਨੇ, ਹੁਣ ਦੀ ਪਨੀਰੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾ ਕੇ ਆਪਣੇ ਪਿੰਡਾਂ ਦੀਆਂ ਯਾਦਾਂ ਦੀਆਂ ਬਾਤਾਂ ਸੁਣਾਉਂਦੀ ਵੀ ਇੱਕ ਦਿਨ ਤੁਰ ਜਾਵੇਗੀ। ਉਹਨਾਂ ਦੇ ਬੱਚਿਆਂ ਨੂੰ ਸਿਰਫ ਇੰਨਾਂ ਕੁ ਹੀ ਗਿਆਨ ਹੋਵੇਗਾ ਕਿ ਸਾਡੇ ਪਿਉ ਦਾਦਿਆਂ ਦੀ ਜਨਮ-ਭੂਮੀ ਪੰਜਾਬ ਸੀ। ਪਿੰਡ ਉਹਨਾਂ ਦੇ ਚੇਤਿਆਂ ਵਿੱਚੋ ਵਿਸਰ ਜਾਵੇਗਾ,  ਇਹੀ ਸਾਡਾ ਵੱਡਾ ਦੁਖਾਂਤ ਹੋਵੇਗਾ। ਪੰਜਾਬ ਦੇ ਨੌਜਵਾਨਾਂ ਦੇ ਵਿਦੇਸੀ ਪਰਵਾਸ ਦੀ ਨਿਖੇਧੀ ਤਾਂ ਹਰ ਕੋਈ ਕਰ ਰਿਹਾ ਹੈ ਪਰ ਇਸਨੂੰ ਰੋਕਣ ਦਾ ਯਤਨ ਕੋਈ ਨਹੀ ਕਰ ਰਿਹਾ ਹੈ, ਜੇਕਰ ਕਿਸੇ ਨੇਤਾਵਾਨ ਜਾਂ ਸਰਕਾਰ ਨੇ ਪ੍ਰਵਾਸ ਰੋਕਣ ਦਾ ਉਪਰਾਲਾ ਕਰਨ ਦਾ ਯਤਨ ਕਰੇਗਾ ਤਾਂ ਹੀ ਪੰਜਾਬ ਦੀ ਤਸਵੀਰ ਬਦਲੇਗੀ । ਫੇਰ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਵੀ ਮਿਲੇਗਾ ਅਤੇ ਪੜ੍ਹੇ ਲਿਖੇ ਨੌਜਵਾਨ ਰਾਜਭਾਗ ਦੇ ਹਿੱਸੇਦਾਰ ਵੀ ਬਣਨਗੇ ਜੋ ਸਾਡੇ ਨੇਤਾ ਸਹਿਬਾਨਾਂ ਨੂੰ ਕਦੇ ਵੀ ਬਰਦਾਸਤ ਨਹੀ ਹੋਵੇਗਾ । ਉਹਨਾਂ ਨੂੰ ਤਾਂ ਅਨਪੜ੍ਹ  ਤੇ ਮਰੀਆਂ ਜ਼ਮੀਰਾਂ ਵਾਲੇ ਵੋਟਰ ਚਾਹੀਦੇ ਹਨ। ਗੈਰਤਮੰਦ ਅਤੇ ਭਲੇਮਾਣਸ ਪੰਜਾਬੀਓ ਤੁਹਾਡਾ ਉਜਾੜਾ ਤਾਂ ਹੋਣਾ ਹੀ ਹੋਣਾ ਹੈ ਜਿਸਦਾ ਆਪਣੇ ਪਿੰਡ ਵਿੱਚੋਂ ਉਜੜਣਾ ਹੀ ਯਕੀਨੀ ਹੋਵੇ ਉਹ ਫੇਰ ਆਪਣੇ ਪਿੰਡ ਨੂੰ ਕਿਉਂ ਪਿਆਰ ਕਰੂਗਾ ?  ਬੱਸ ਇਸ ਸਵਾਲ ਦਾ ਜਵਾਬ ਤੁਸੀ ਆਪ ਲੱਭ ਲੈਣਾ,  ਬਾਕੀ ਪੰਜਾਬ ਦੇ ਨੌਜਵਾਨਾਂ ਦਾ, ਰੱਬ ਹੀ ਰਾਖਾ !
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੌਂਸਲਰ ਅਮਨ ਬੱਗਾ ਨੇ ਗਲੀਆਂ ਦੇ ਨਿਰਮਾਣ ਕਾਰਜਾਂ ਦਾ ਕੀਤਾ ਉਦਘਾਟਨ, ਇਲਾਕਾ ਨਿਵਾਸੀਆਂ ਨੇ ਕੌਂਸਲਰ ਅਮਨ ਬੱਗਾ ਦੀ ਕੀਤੀ ਪ੍ਰਸੰਸਾ
Next articleਟ੍ਰੈਕਟਰ ਤੇ ਕਾਰ ਦੀ ਟੱਕਰ ‘ਚ ਕਾਰ ਚਾਲਕ ਗੰਭੀਰ ਜਖ਼ਮੀ