ਪੀਐੱਮਓ ਨੇ ਨੀਤੀ ਆਯੋਗ ਦੀਆਂ ਸਿਫ਼ਾਰਿਸ਼ਾਂ ਨੂੰ ਅਣਗੌਲਿਆ ਕਿਉਂ ਕੀਤਾ: ਕਾਂਗਰਸ

ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸ ਨੇ ਸਵਾਲ ਕੀਤਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਗ਼ੈਰ-ਤਜਰਬੇਕਾਰ ਅਡਾਨੀ ਗਰੁੱਪ ਨੂੰ ਛੇ ਹਵਾਈ ਅੱਡੇ ਸੌਂਪਣ ਖ਼ਿਲਾਫ਼ ਨੀਤੀ ਆਯੋਗ ਦੀਆਂ ਸਿਫ਼ਾਰਿਸ਼ਾਂ ਨੂੰ ਅਣਗੌਲਿਆ ਕਿਉਂ ਕੀਤਾ। ਕਾਂਗਰਸ ਦੇ ‘ਹਮ ਅਡਾਨੀ ਕੇ ਹੈਂ ਕੌਨ’ ਲੜੀ ਤਹਿਤ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ’ਤੇ ਤਿੰਨ ਸਵਾਲ ਦਾਗ਼ੇ ਅਤੇ ਕਿਹਾ ਕਿ ਗਰੁੱਪ ਥੋੜ੍ਹੇ ਸਮੇਂ ’ਚ ਹੀ ਹਵਾਈ ਅੱਡੇ ਦੇ ਕੰਮਕਾਰ ਨੂੰ ਸਾਂਭਣ ਵਾਲਾ ਸਭ ਤੋਂ ਵੱਡਾ ਅਪਰੇਟਰ ਕਿਵੇਂ ਬਣ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਨੇ ਸੈਕਟਰ ’ਚ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕੀਤਾ ਸੀ ਪਰ ਭਾਜਪਾ ਨੇ ਇਕ ਹੀ ਕਾਰੋਬਾਰੀ ਨੂੰ ਤਰਜੀਹ ਦਿੱਤੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਨੀਤੀ ਆਯੋਗ ਨੇ ਇਕ ਬੋਲੀਕਾਰ ’ਚ ਢੁੱਕਵੀਂ ਤਕਨੀਕੀ ਸਮਰੱਥਾ ਨਾ ਹੋਣ ਦੀ ਦਲੀਲ ਦਿੱਤੀ ਸੀ ਪਰ ਪੀਐੱਮਓ ਅਤੇ ਨੀਤੀ ਆਯੋਗ ਦੇ ਚੇਅਰਮੈਨ ਨੇ ਇਸ ਸਿਫ਼ਾਰਿਸ਼ ਨੂੰ ਅਣਗੌਲਿਆ ਕਰਦਿਆਂ ਛੇ ਹਵਾਈ ਅੱਡੇ ਅਡਾਨੀ ਗਰੁੱਪ ਹਵਾਲੇ ਕਰ ਦਿੱਤੇ। ਜੀਵੀਕੇ ਗਰੁੱਪ ਨੇ ਮੁੰਬਈ ਹਵਾਈ ਅੱਡੇ ਦੀ ਬੋਲੀ ਹਾਸਲ ਕੀਤੀ ਸੀ ਪਰ ਸੀਬੀਆਈ ਅਤੇ ਈਡੀ ਦੇ ਛਾਪਿਆਂ ਮਗਰੋਂ ਜੀਵੀਕੇ ਨੂੰ ਆਪਣੀ ਸਭ ਤੋਂ ਬੇਸ਼ਕੀਮਤੀ ਸੰਪਤੀ ਅਡਾਨੀ ਗਰੁੱਪ ਨੂੰ ਵੇਚਣ ਲਈ ਮਜਬੂਰ ਕਰ ਦਿੱਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜੀਵੀਕੇ ਗਰੁੱਪ ਖ਼ਿਲਾਫ਼ ਸੀਬੀਆਈ ਅਤੇ ਈਡੀ ਜਾਂਚ ਦਾ ਕੀ ਬਣਿਆ। ਉਂਜ ਜੀਵੀਕੇ ਗਰੁੱਪ ਨੇ ਕਿਹਾ ਹੈ ਕਿ ਉਨ੍ਹਾਂ ’ਤੇ ਮੁੰਬਈ ਹਵਾਈ ਅੱਡੇ ’ਚ ਹਿੱਸਾ ਵੇਚਣ ਦਾ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾਇਆ ਗਿਆ ਸੀ।

 

Previous articleਕਿਸਾਨਾਂ ਤੇ ਸਿੱਖ ਕੌਮ ਨਾਲ ਵਿਤਕਰਾ ਕਰ ਰਿਹੈ ਕੇਂਦਰ: ਹਰਸਿਮਰਤ ਕੌਰ
Next articleAzerbaijan offers its hospitals for treating survivors of Turkey-Syria quake