(ਸਮਾਜ ਵੀਕਲੀ)-ਜ਼ਿੰਦਗੀ ਬਹੁਤ ਖ਼ੂਬਸੂਰਤ ਹੈ । ਜ਼ਿੰਦਗੀ ਜਿਊਣ ਦਾ ਢੰਗ ਸਿਖਾਉਂਦੀ ਹੈ ।ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਕਿਸ ਤਰ੍ਹਾਂ ਜਿਉਂ ਰਹੇ ਹਨ । ਅੱਜਕਲ੍ਹ ਜੋ ਨੌਜਵਾਨ ਪੀੜ੍ਹੀ ਹੈ ਉਨ੍ਹਾਂ ਦੇ ਅੰਦਰ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੈ। ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ ।ਜੇ ਬੱਚੇ ਗਲਤ ਚੱਲ ਰਹੇ ਹੁੰਦੇ ਹਨ ਜਾਂ ਕੋਈ ਅਜਿਹਾ ਗਲਤ ਕੰਮ ਕਰ ਦਿੰਦੇ ਹਨ ਤਾਂ ਮਾਂ ਬਾਪ ਉਨ੍ਹਾਂ ਨੂੰ ਝਿੜਕਦੇ ਹਨ ।ਮਾਂ ਬਾਪ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਕੋਈ ਬਾਹਰ ਦਾ ਬੰਦਾ ਆ ਕੇ ਇਹ ਨਾ ਕਹੇ ਕਿ ਤੁਹਾਡੇ ਬੱਚੇ ਨੇ ਇਹ ਗਲਤ ਕੰਮ ਕੀਤਾ ਹੈ ।ਪਰ ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਉਹ ਗਲਤ ਰਾਹ ਪੈ ਚੁੱਕੀ ਹੈ ।
ਆਏ ਦਿਨ ਅਸੀਂ ਅਖ਼ਬਾਰਾਂ ਵਿੱਚ ਪੜ੍ਹਦੇ ਹਨ ਕਿ ਚੜ੍ਹਦੀ ਜਵਾਨੀ ਖੁਦਕੁਸ਼ੀਆਂ ਕਰ ਰਹੀ ਹੈ । ਜੇ ਉਨ੍ਹਾਂ ਨੂੰ ਕੋਈ ਕਿਸੇ ਨਾਲ ਮਨ ਮੁਟਾਵ ਹੈ ਜਾਂ ਕੋਈ ਉਨ੍ਹਾਂ ਤੋਂ ਗਲਤ ਕੰਮ ਹੋ ਚੁੱਕਿਆ ਹੈ, ਤਾਂ ਉਹ ਆਪਣੇ ਮਾਂ ਬਾਪ ਨਾਲ ਕਿਉਂ ਨਹੀਂ ਗੱਲ ਸਾਂਝੀ ਕਰਦੇ ।ਕਿਉਂ ਉਹ ਇਹ ਅਜਿਹਾ ਕਦਮ ਚੁੱਕਦੇ ਹਨ ।ਅਜਿਹਾ ਜਦੋਂ ਬੱਚੇ ਕਦਮ ਚੁੱਕਦੇ ਹਨ ਤਾਂ ਪਿੱਛੋਂ ਮਾਂ ਬਾਪ ਜਿਉਂਦੇ ਜੀਅ ਹੀ ਮਰ ਜਾਂਦੇ ਹਨ। ਮਾਂ ਬਾਪ ਦੇ ਬਹੁਤ ਵੱਡੇ ਵੱਡੇ ਅਰਮਾਨ ਹੁੰਦੇ ਹਨ ਕਿ ਕੱਲ ਨੂੰ ਉਨ੍ਹਾਂ ਦੀ ਔਲਾਦ ਵਧੀਆ ਅਫ਼ਸਰ ਬਣੇ ।ਬੱਚਿਆਂ ਨੂੰ ਇਹ ਹੁੰਦਾ ਹੈ ਕਿ ਜੇ ਉਹ ਆਪਣੇ ਘਰ ਮਾਂ ਬਾਪ ਨੂੰ ਦੱਸਣਗੇ ਤਾਂ ਸ਼ਾਇਦ ਉਨ੍ਹਾਂ ਨੂੰ ਕੁੱਟਣਗੇ।
ਇੱਕ ਮਾਂ ਬਾਪ ਹੀ ਆਪਣੇ ਬੱਚੇ ਦੇ ਸੱਚੇ ਦੋਸਤ ਹੁੰਦੇ ਹਨ ।ਮਾਂ ਬਾਪ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਦੋਸਤੀ ਨਿਭਾਉਣ ।ਕੱਲ੍ਹ ਨੂੰ ਬੱਚੇ ਵੱਡੇ ਵੀ ਹੁੰਦੇ ਹਨ, ਸੋ ਕਾਲਜਾਂ, ਯੂਨੀਵਰਸਿਟੀਆਂ ਵਿੱਚ ਗੱਲਾਂ ਹੋ ਜਾਂਦੀਆਂ ਹਨ ਤਾਂ ਬੱਚੇ ਬਿਨਾਂ ਬੇਝਿਜਕ ਆਪਣੇ ਮਾਂ ਬਾਪ ਨੂੰ ਦੱਸਣਗੇ ।ਸੋ ਮਾਂ ਬਾਪ ਦੀ ਜ਼ਿੰਮੇਵਾਰੀ ਸ਼ੁਰੂ ਤੋਂ ਹੀ ਬਣ ਜਾਂਦੀ ਹੈ ਕਿ ਆਪਣੇ ਬੱਚੇ ਨਾਲ ਨੇੜਤਾ ਪਾਈ ਜਾਏ ਤਾਂ ਜੋ ਕੱਲ੍ਹ ਨੂੰ ਬੱਚੇ ਇਹ ਗਲਤ ਕਦਮ ਨਾ ਚੁੱਕਣ ।ਹਮੇਸ਼ਾ ਮਾਂ ਬਾਪ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਣ। ਕਦੇ ਵੀ ਬੱਚਿਆਂ ਨਾਲ ਗੁੱਸੇ ਵਿੱਚ ਪੇਸ਼ ਨਾ ਆਉਣਾ ।ਜੇ ਅਸੀਂ ਆਪਣੇ ਬੱਚਿਆਂ ਨਾਲ ਸ਼ੁਰੂ ਤੋਂ ਹੀ ਵਧੀਆ ਵਤੀਰਾ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਬੱਚੇ ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹਨ ।
ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ। ਕੋਈ ਨਾ ਕੋਈ ਹੱਲ ਤਾਂ ਨਿਕਲ ਹੀ ਜਾਂਦਾ ਹੈ। ਪਰ ਖ਼ੁਦਕੁਸ਼ੀ ਕਰਨਾ ਕੋਈ ਹੱਲ ਨਹੀਂ ਹੁੰਦਾ ।ਅਕਸਰ ਅਸੀਂ ਦੇਖਦੇ ਹਨ ਕਿ ਜੋ ਡਿਪ੍ਰੈਸ਼ਨ ਚ ਚਲੇ ਜਾਂਦੇ ਹਨ ਉਹ ਅਕਸਰ ਖੁਦਕੁਸ਼ੀ ਕਰ ਲੈਂਦੇ ਹਨ ।ਕਿਉਂਕਿ ਉਹ ਆਪਣੇ ਦਿਲ ਦੀ ਗੱਲ ਕਿਸੇ ਨਾਲ ਵੀ ਸਾਂਝੀ ਨਹੀਂ ਕਰਦੇ। ਜੇ ਕੋਈ ਮੁਸ਼ਕਿਲ ਆ ਵੀ ਗਈ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਕਰੀਬੀਆਂ ਨੂੰ ਦੱਸੋ। ਉਹ ਕੋਈ ਨਾ ਕੋਈ ਹੱਲ ਕੱਢਣਗੇ ।ਮਾਂ ਬਾਪ ਦੀ ਵੀ ਅਹਿਮ ਜਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਘਰ ਵਿੱਚ ਕੋਈ ਵੀ ਇਨਸਾਨ ਇਸ ਤਰ੍ਹਾਂ ਦੇ ਮਾਹੌਲ ਵਿੱਚ ਆਪਣੇ ਆਪ ਨੂੰ ਢਾਲ ਲੈਂਦਾ ਹੈ, ਤਾਂ ਉਸ ਨਾਲ ਸਮਾਂ ਗੁਜ਼ਾਰਨਾ ਚੰਗਾ ਹੁੰਦਾ ਹੈ ।ਅਜਿਹੇ ਬੰਦੇ ਨੂੰ ਕਦੇ ਵੀ ਇਕੱਲਾ ਨਾ ਛੱਡੋ। ਜਿਸ ਕਰਕੇ ਉਸਨੂੰ ਇਕੱਲਾਪਣ ਮਹਿਸੂਸ ਹੋਵੇ ।ਤਾਂ ਜੋ ਉਹ ਕੋਈ ਵੀ ਗਲਤ ਕਦਮ ਨਾ ਚੁੱਕੇ । ਅਜਿਹੇ ਬੰਦੇ ਨਾਲ ਚੰਗੀਆਂ ਚੰਗੀਆਂ ਗੱਲਾਂ ਕਰੋ ।ਜਿਸ ਨਾਲ ਉਸ ਦਾ ਮਨ ਸਹੀ ਹੋਵੇਗਾ। ਚੰਗੀਆਂ ਚੰਗੀਆਂ ਕਿਤਾਬਾਂ ਪੜ੍ਹਨ ਲਈ ਕਹੋ ।ਜਿਸ ਨਾਲ ਉਸ ਦੇ ਦਿਮਾਗ ਵਿੱਚ ਘਟੀਆ ਵਿਚਾਰ ਨਹੀਂ ਪੈਦਾ ਹੋਣਗੇ ।
ਜੋ ਇਨਸਾਨ ਇਸ ਤਰ੍ਹਾਂ ਦੇ ਮਾਹੌਲ ਵਿੱਚ ਹੁੰਦਾ ਹੈ ਉਸ ਨੂੰ ਚੰਗੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਚੰਗੇ ਗਾਣੇ ਸੁਣੋ।ਖੁੱਲ੍ਹੀ ਹਵਾ ਵਿੱਚ ਜਾਓ। ਪਾਰਕ ਵਿੱਚ ਸੈਰ ਕਰੋ। ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਸੈਰ ਕਰਨ ਲਈ ਨਿਕਲ ਜਾਊ ।ਸਵੇਰ ਦਾ ਨਜ਼ਾਰਾ ਬਹੁਤ ਹੀ ਦਿਲ ਖਿੱਚਵਾਂ ਹੁੰਦਾ ਹੈ ।ਵਾਤਾਵਰਣ ਸਾਫ਼ ਸੁਥਰਾ ਹੁੰਦਾ ਹੈ। ਪੰਛੀਆਂ ਦੀਆਂ ਚਹਿਕ ਚਹਾਉਣ ਦੀਆਂ ਆਵਾਜ਼ਾਂ ਰਹੀਆਂ ਹੁੰਦੀਆਂ ਹਨ। ਗੁਰੂ ਘਰ ਦੀ ਬਾਣੀ ਕੰਨਾਂ ਵਿੱਚ ਪੈਂਦੀ ਹੈ । ਸਾਹਿਤ ਦੀਆਂ ਬਹੁਤ ਕਿਤਾਬਾਂ ਹੁੰਦੀਆਂ ਹਨ ।ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ।ਆਪਣੇ ਅੰਦਰ ਕੋਈ ਵੀ ਗੱਲ ਬਿਠਾ ਕੇ ਨਾ ਰੱਖੋ। ਅੱਜ ਉਹ ਸਮਾਂ ਹੈ ਜਿਹੜੀ ਵੀ ਮੁਸੀਬਤ ਪੈਂਦੀ ਹੈ, ਉਸ ਦਾ ਹੱਲ ਨਿਕਲ ਪੈਂਦਾ ਹੈ ।ਸੋ ਜ਼ਿੰਦਗੀ ਨੂੰ ਖੂਬਸੂਰਤ ਢੰਗ ਨਾਲ ਜੀਓ। ਜੇ ਜ਼ਿੰਦਗੀ ਨੂੰ ਖੂਬਸੂਰਤ ਢੰਗ ਨਾਲ ਜੀਵਾਂਗੇ ਤਾਂ ਸਾਡੇ ਦਿਮਾਗ ਵਿੱਚ ਅਜਿਹੇ ਭੈੜੇ ਖਿਆਲ ਨਹੀਂ ਆਉਣਗੇ ।ਤੇ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਆਨੰਦਮਈ ਗੁਜ਼ਾਰ ਸਕਾਂਗੇ ।
ਸੰਜੀਵ ਸਿੰਘ ਸੈਣੀ ,ਮੁਹਾਲੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly