ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਮਨੁੱਖੀ ਜ਼ਿੰਦਗੀ ਦੇ ਬਹੁਤ ਸਾਰੇ ਕਿਰਿਆ ਕਲਾਪ ਦੇ ਵਿੱਚੋਂ ਇੱਕ ਰੋਣਾ ਵੀ ਹੈ। ਅਕਸਰ ਰੋਣ ਵਾਲੇ ਨੂੰ ਕਮਜ਼ੋਰ ਸਮਝ ਲਿਆ ਜਾਂਦਾ ਹੈ। ਉਸ ਨੂੰ ਤਰਸ ਦਾ ਪਾਤਰ ਮੰਨਿਆ ਜਾਂਦਾ ਹੈ। ਕਈ ਵਾਰ ਇਸੇ ਡਰ ਤੋਂ ਲੋਕ ਰੋਂਦੇ ਨਹੀਂ। ਸਾਡੇ ਭਾਰਤੀ ਸਮਾਜ ਵਿੱਚ ਮਰਦ ਨੂੰ ਖਾਸ ਤੌਰ ਤੇ ਰੋਣ ਦੀ ਇਜਾਜ਼ਤ ਨਹੀਂ ਹੈ। ਬਚਪਨ ਤੋਂ ਹੀ ਇਹ ਦੱਸਿਆ ਜਾਂਦਾ ਹੈ ਕਿ ਮੁੰਡੇ ਨਹੀਂ ਰੋਂਦੇ।
ਰੋਣਾ ਬਾਕੀ ਭਾਵਨਾਵਾਂ ਦੀ ਤਰ੍ਹਾਂ ਇੱਕ ਭਾਵਨਾ ਹੈ। ਇਸ ਦੇ ਮਨੁੱਖੀ ਸਰੀਰ ਲਈ ਅਨੇਕਾਂ ਫਾਇਦੇ ਹਨ। ਇਹ ਮਾਨਸਿਕ ਸਿਹਤ ਲਈ ਵੀ ਜ਼ਰੂਰੀ ਹੈ। ਕਿਸੇ ਵੀ ਭਾਵਨਾ ਨੂੰ ਦਬਾ ਦੇਣਾ ਉਚਿਤ ਨਹੀਂ ਹੈ। ਜਦੋਂ ਵੀ ਕਿਸੇ ਭਾਵਨਾ ਨੂੰ ਦਬਾਇਆ ਜਾਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਹੋਰ ਰੂਪ ਵਿੱਚ ਪ੍ਰਗਟ ਹੁੰਦੀ ਹੈ ਜੋ ਕਿ ਸਾਡੀ ਮਾਨਸਿਕ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ। ਉਸ ਵਿੱਚ ਹੋਰ ਕਈ ਤਰ੍ਹਾਂ ਦੀਆਂ ਭਾਵਨਾਵਾਂ ਜਨਮ ਲੈਂਦੀਆਂ ਹਨ ਜਿਹੜੀਆਂ ਮਨੁੱਖ ਲਈ ਹਾਨੀਕਾਰਕ ਹਨ।
ਰੋਣਾ ਹੱਸਣ ਤੇ ਖੇਡਣ ਦੀ ਤਰ੍ਹਾਂ ਇੱਕ ਆਮ ਪ੍ਰਕਿਰਿਆ ਹੈ। ਜਦੋਂ ਦਰਦ ਹੁੰਦੀ ਹੈ ਜਦ ਤਕਲੀਫ ਹੁੰਦੀ ਹੈ ਤਾਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਇਹ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹਨ। ਇਹ ਕੁਦਰਤੀ ਪ੍ਰਕਿਰਿਆ ਹੈ। ਰੋਣ ਦੇ ਅਨੇਕਾਂ ਫਾਇਦੇ ਹਨ ਜਿਹਨਾਂ ਬਾਰੇ ਅਸੀਂ ਕਦੀ ਧਿਆਨ ਹੀ ਨਹੀਂ ਦਿੱਤਾ।
ਮਨੁੱਖ ਜਦੋਂ ਰੋਂਦਾ ਹੈ ਤਾਂ ਉਸ ਦੇ ਸਰੀਰ ਵਿੱਚੋਂ ਕਈ ਤਰ੍ਹਾਂ ਦੇ ਟੋਕਸਿਕ ਨਿਕਲ ਜਾਂਦੇ ਹਨ। ਰੋਣ ਨਾਲ ਉਸਦੀਆਂ ਅੱਖਾਂ ਵੀ ਨਰਮ ਹੁੰਦੀਆਂ ਹਨ। ਉਹਨਾਂ ਦੇ ਵਿੱਚ ਦੀ ਨਮੀ ਬਰਕਰਾਰ ਰਹਿੰਦੀ ਹੈ। ਇਸ ਤਰ੍ਹਾਂ ਉਹਨਾਂ ਵਿੱਚ ਕਿਸੇ ਕਿਸਮ ਦੇ ਇਨਫੈਕਸ਼ਨ ਹੋਣ ਤੋਂ ਬਚਾਅ ਰਹਿੰਦਾ ਹੈ। ਵੱਧਦੀ ਉਮਰ ਵਿੱਚ ਅਕਸਰ ਡਾਕਟਰ ਲੁਬਰੀਕੈਂਟ ਅੱਖਾਂ ਵਿੱਚ ਪਾਉਣ ਲਈ ਦਿੰਦੇ ਹਨ ਤਾਂ ਜੋ ਅੱਖਾਂ ਦੀ ਨਮੀ ਨੂੰ ਬਰਕਰਾਰ ਰੱਖਿਆ ਜਾ ਸਕੇ।
ਰੋਣ ਨਾਲ ਤੁਹਾਡਾ ਕਥਾਰਸਿਸ ਵੀ ਹੁੰਦਾ ਹੈ। ਤੁਸੀਂ ਆਪਣੇ ਅੰਦਰ ਦੀ ਨਿਰਾਸ਼ਾ ਤੋਂ ਮੁਕਤੀ ਪਾ ਲੈਂਦੇ ਹੋ। ਦੁੱਖ ਅਕਸਰ ਹੰਝੂਆਂ ਦੇ ਨਾਲ ਹੀ ਵਹਿ ਜਾਂਦੇ ਹਨ। ਬਹੁਤ ਵਾਰ ਭਰਿਆ ਹੋਇਆ ਮਨ ਰੋਣ ਤੋਂ ਬਾਅਦ ਹਲਕਾ ਮਹਿਸੂਸ ਹੁੰਦਾ ਹੈ। ਕਈ ਵਾਰ ਜਦੋਂ ਅਸੀਂ ਬਹੁਤ ਪਰੇਸ਼ਾਨ ਹੋਈ ਏ ਤਾਂ ਚਿੱਤ ਰੋਣ ਨੂੰ ਕਰਦਾ ਹੈ। ਆਨੇ ਬਹਾਨੇ ਰੋ ਲੈਂਦੇ ਹਾਂ ਤੇ ਹਲਕੇ ਹੋ ਲੈਂਦੇ ਹਾਂ।
ਰੋਣ ਨਾਲ ਸਾਡੇ ਸਰੀਰ ਵਿੱਚ ਇੰਡੋਰਫਿਨ ਨਾਂ ਦਾ ਇੱਕ ਹਾਰਮੋਨ ਬਣਦਾ ਹੈ। ਇਹ ਸਾਡੀ ਮਾਨਸਿਕ ਅਵਸਥਾ ਨੂੰ ਸਹਿਜ ਕਰਦਾ ਹੈ। ਇਸ ਹਾਰਮੋਨ ਨਾਲ ਅਸੀਂ ਆਪਣੇ ਤਨਾਅ ਆਪਣੇ ਦੁੱਖ ਤਕਲੀਫ ਤੋਂ ਮੁਕਤੀ ਪਾ ਲੈਂਦੇ ਹਾਂ ਤੇ ਮਨ ਖੁਸ਼ੀ ਵੱਲ ਤੁਰ ਪੈਂਦਾ ਹੈ। ਇਹ ਸਿਰਫ ਤੇ ਸਿਰਫ ਰੋਣ ਨਾਲ ਹੀ ਸੰਭਵ ਹੋ ਸਕਦਾ ਹੈ ਕਿ ਅਸੀਂ ਆਪਣੇ ਅੰਦਰ ਦੇ ਭਰੇ ਹੋਏ ਮਨ ਨੂੰ ਖਾਲੀ ਕਰ ਸਕੀਏ।
ਸਾਡੇ ਸਮਾਜ ਵਿੱਚ ਕਿਸੇ ਦੀ ਮੌਤ ਉਪਰੰਤ 13 ਦਿਨ ਤੱਕ ਰੋਇਆ ਜਾਂਦਾ ਸੀ। ਇੰਨਾ ਲੰਬਾ ਸਮਾਂ ਇਸੇ ਲਈ ਦਿੱਤਾ ਜਾਂਦਾ ਸੀ ਕਿ ਮਨੁੱਖ ਆਪਣੇ ਹੰਝੂਆਂ ਰਾਹੀਂ ਆਪਣੇ ਅੰਦਰ ਦੇ ਗਮ ਨੂੰ ਬਾਹਰ ਕੱਢ ਦੇਵੇ। ਸਮੂਹਿਕ ਤੌਰ ਤੇ ਰੋਣ ਦੀ ਪ੍ਰਥਾ ਵੀ ਸ਼ਾਇਦ ਇਸੇ ਲਈ ਹੀ ਚੱਲੀ ਹੋਵੇਗੀ ਕਿ ਰੋਣ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਸ਼ਰੀਕੇ ਭਾਈਚਾਰੇ ਵਿੱਚ ਮਿਲ ਕੇ ਔਰਤਾਂ ਅਕਸਰ ਰੋਂਦੀਆਂ ਤੇ ਹੌਲੀਆਂ ਹੋ ਜਾਂਦੀਆਂ। ਪਰ ਪੁਰਸ਼ਾਂ ਨੂੰ ਸਮਾਜ ਨੇ ਕਦੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ। ਇਸੇ ਕਰਕੇ ਤੁਸੀਂ ਵੇਖੋਗੇ ਕਿ ਹਾਰਟ ਅਟੈਕ ਪੁਰਸ਼ਾਂ ਵਿੱਚ ਵਧੇਰੇ ਹੁੰਦਾ ਹੈ।
ਰੋਣ ਨਾਲ ਤੁਹਾਨੂੰ ਸਮਾਜ ਦੀ ਹਮਦਰਦੀ ਵੀ ਮਿਲਦੀ ਹੈ। ਇਹ ਵੀ ਬਹੁਤ ਜਰੂਰੀ ਹਿੱਸਾ ਹੈ ਸਾਡੀ ਜ਼ਿੰਦਗੀ ਦਾ। ਜੇਕਰ ਅਸੀਂ ਆਪਣਾ ਦੁੱਖ ਵੰਡਾਉਂਦੇ ਹਾਂ ਤਾਂ ਉਹ ਘੱਟ ਜਾਂਦਾ ਹੈ ਤੇ ਖੁਸ਼ੀ ਵੰਡਾਉਂਦੇ ਹਾਂ ਤਾਂ ਵੱਧ ਜਾਂਦੀ ਹੈ ਇਹ ਅਕਸਰ ਕਿਹਾ ਜਾਂਦਾ ਹੈ। ਇਹ ਹੈ ਵੀ ਬਿਲਕੁਲ ਸੱਚ। ਆਪਣੀ ਸਮੱਸਿਆ ਆਪਣੇ ਅੰਦਰ ਦੀ ਨਿਰਾਸ਼ਾ ਆਪਣੀ ਤਕਲੀਫ ਨੂੰ ਕਿਸੇ ਨਾਲ ਸਾਂਝਾ ਕਰ ਲੈਣ ਨਾਲ ਕਈ ਹੱਲ ਸਾਹਮਣੇ ਆ ਜਾਂਦੇ ਹਨ। ਬਹੁਤ ਵਾਰ ਇਹ ਵੀ ਪਤਾ ਲੱਗਦਾ ਹੈ ਕਿ ਅਸੀਂ ਇਕੱਲੇ ਹੀ ਦੁਖੀ ਨਹੀਂ ਸਾਡੇ ਵਰਗੇ ਹੋਰ ਵੀ ਬਹੁਤ ਦੁਖੀ ਲੋਕ ਹਨ। ਇਹ ਗੱਲ ਸਾਡੇ ਮਨ ਨੂੰ ਸ਼ਾਂਤ ਕਰਦੀ ਹੈ। ਨਹੀਂ ਤਾਂ ਬੰਦਾ ਇਹੀ ਸੋਚ ਕੇ ਕਲਪਦਾ ਰਹਿੰਦਾ ਹੈ ਕਿ ਮੈਂ ਹੀ ਦੁਖੀ ਹਾਂ।
ਅੱਜ ਅਸੀਂ ਕਿਸੇ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਹੇਠੀ ਸਮਝਦੇ ਹਾਂ। ਅਸੀਂ ਕਮਜ਼ੋਰ ਦਿਖਣਾ ਨਹੀਂ ਚਾਹੁੰਦੇ। ਇਸ ਦੇ ਪਿੱਛੇ ਇੱਕ ਵਜਹਾ ਇਹ ਵੀ ਹੈ ਕਿ ਲੋਕ ਤੁਹਾਨੂੰ ਤਰਸ ਦਾ ਪਾਤਰ ਸਮਝਣ ਲੱਗ ਜਾਂਦੇ ਹਨ। ਪਰ ਇਸ ਦਾ ਸਭ ਤੋਂ ਵੱਡਾ ਨੁਕਸਾਨ ਸਾਡੀ ਮਾਨਸਿਕ ਸਿਹਤ ਨੂੰ ਹੋ ਰਿਹਾ ਹੈ। ਜੋ ਲੋਕ ਆਪਣੀਆਂ ਸਮੱਸਿਆਵਾਂ ਆਪਣੇ ਦੁੱਖ ਤਕਲੀਫ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਦੇ, ਆਪਣੀਆਂ ਅੱਖਾਂ ਚੋਂ ਹੰਝੂ ਬਣ ਕਿਸੇ ਗਮ ਨੂੰ ਵਹਿ ਨਹੀਂ ਜਾਣ ਦਿੰਦੇ ਉਹ ਅਕਸਰ ਮਾਨਸਿਕ ਰੋਗਾਂ ਵਿੱਚ ਘਿਰ ਜਾਂਦੇ ਹਨ। ਉਹ ਜਿਉਂਦੇ ਹਨ ਉੱਪਰੋਂ ਹੱਸਦੇ ਹੋਏ ਪਰ ਅੰਦਰੋਂ ਬੇਹਦ ਦੁਖੀ ਹੁੰਦੇ ਹਨ।ਸਿਤਮਜਰੀਫੀ ਇਹ ਕਿ ਉਹ ਆਪਣਾ ਦੁੱਖ ਫਿਰ ਕਿਸੇ ਨੂੰ ਦਿਖਾ ਵੀ ਨਹੀਂ ਸਕਦੇ। ਉਹਨਾਂ ਇੱਕ ਵਾਰ ਦੁੱਖ ਨਾ ਦਿਖਾਉਣ ਦਾ ਮੁਖੌਟਾ ਜੋ ਪਹਿਨ ਲਿਆ ਹੁੰਦਾ ਹੈ।
ਰੋਣਾ ਬਾਕੀ ਸਰੀਰਕ ਕਿਰਿਆਵਾਂ ਵਾਂਗ ਇੱਕ ਆਮ ਕਿਰਿਆ ਹੈ। ਨਾ ਤਾਂ ਇਹ ਕਮਜ਼ੋਰੀ ਹੈ ਤੇ ਨਾ ਹੀ ਨਿਰਾਸ਼ਾ। ਸਗੋਂ ਇਹ ਕਮਜ਼ੋਰੀ ਤੇ ਨਿਰਾਸ਼ਾ ਚੋਂ ਕੱਢਣ ਵਾਲਾ ਇੱਕ ਤਰੀਕਾ ਹੈ। ਇਹ ਤੁਹਾਡੇ ਮਨ ਤੇ ਸਰੀਰ ਦੋਹਾਂ ਲਈ ਜਰੂਰੀ ਹੈ। ਜਦੋਂ ਮਨ ਹੋਵੇ ਰੋ ਲਓ ਰੋਣ ਤੋਂ ਸੰਕੋਚ ਨਾ ਕਰੋ। ਰੋਣ ਤੋਂ ਬਾਅਦ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਮਨ ਹਲਕਾ ਹੋ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly