ਪੁਣੇ ’ਚ ਮੈਟਰੋ ਦਾ ਕੰਮ ਅਧੂਰਾ ਤਾਂ ਮੋਦੀ ਉਦਘਾਟਨ ਲਈ ਕਿਉਂ ਆ ਰਹੇ ਨੇ: ਪਵਾਰ

ਪੁਣੇ (ਸਮਾਜ ਵੀਕਲੀ):  ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਲਕੇ ਮੈਟਰੋ ਸੇਵਾ ਦੇ ਕੀਤੇ ਜਾਣ ਵਾਲੇ ਉਦਘਾਟਨ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਅਜੇ ਅਧੂਰਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ’ਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਪਵਾਰ ਨੇ ਕਿਹਾ ਕਿ ਹੁਕਮਰਾਨ ਪਾਰਟੀ ਨੂੰ ਇਸ ਵੱਲ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਸ਼ਹਿਰ ਦੇ ਵਾਰਜੇ ਇਲਾਕੇ ’ਚ ਹਸਪਤਾਲ ਦੇ ਉਦਘਾਟਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ ਕਿ ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਉਨ੍ਹਾਂ ਗੱਲਬਾਤ ਕੀਤੀ ਹੈ ਅਤੇ ਭਾਰਤੀ ਸਫ਼ਾਰਤਖਾਨਾ ਵੀ ਮਦਦ ਲਈ ਨਹੀਂ ਬਹੁੜ ਰਿਹਾ ਹੈ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਕਿਹਾ ਕਿ ਯੂਕਰੇਨ, ਭਾਰਤ ਵੱਲੋਂ ਲਏ ਗਏ ਸਟੈਂਡ ਤੋਂ ਨਾਖੁਸ਼ ਹੈ ਜਿਸ ਕਾਰਨ ਉਨ੍ਹਾਂ ਨੂੰ ਉਥੋਂ ਨਿਕਲਣ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਵਾਰ ਨੇ ਕਿਹਾ ਕਿ ਮਹੀਨਾ ਕੁ ਪਹਿਲਾਂ ਮੈਟਰੋ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੂਟ ਦਿਖਾਇਆ ਸੀ ਜਿਸ ਦਾ ਮੋਦੀ ਨੇ ਐਤਵਾਰ ਨੂੰ ਉਦਘਾਟਨ ਕਰਨਾ ਹੈ। ‘ਮੈਂ ਦੇਖਿਆ ਕਿ ਕੰਮ ਅਧੂਰਾ ਪਿਆ ਹੈ। ਮੈਨੂੰ ਮੋਦੀ ਦੇ ਆਉਣ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਮੈਟਰੋ ਦਾ ਕੰਮ ਅਧੂਰਾ ਪਿਆ ਹੈ।’ ਉਨ੍ਹਾਂ ਕਿਹਾ ਕਿ ਮੋਦੀ ਨੇ ਹੋਰ ਵੀ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨਾ ਹੈ ਪਰ ਲੋਕਾਂ ਨੂੰ ਇਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਫਿਰ ਵੀ ਉਹ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਇਡਨ ਤੇ ਜ਼ੇਲੈਂਸਕੀ ਵਿਚਾਲੇ ਫੋਨ ’ਤੇ ਗੱਲਬਾਤ
Next articleਨੌਜਵਾਨੀ ਵਿੱਚ ਦੀਪ ਸਿੱਧੂ ਦੀ ਵਿਚਾਰਧਾਰਾ ਦਾ ਪ੍ਭਾਵ