(ਸਮਾਜ ਵੀਕਲੀ)
ਹੁਣ ਕਿਉਂ ਨਹੀਂ ਸਰਦਾ…?
ਕੇਹਾ ਜ਼ਮਾਨਾ ਆ ਗਿਆ
ਪਹਿਲਾਂ ਤਾਂ ਸਾਰ ਲੈਂਦੇ ਸਾਂ…!
ਖਿਡੌਣੇ ਖਰੀਦਣ ਲਈ ਪੈਸੇ ਨਹੀਂ ਸਨ ਮਿਲ਼ਦੇ
ਹੱਥੀਂ ਚਿੱਕ ਦੇ ਬਣਾਏ ਬਲ਼ਦਾਂ ਨਾਲ਼
ਖੇਡ ਕੇ
ਸਾਰ ਲੈਂਦੇ ਸਾਂ
ਵੱਡੇ ਭਰਾ ਦੇ ਪਿਛਵਾੜਿਓਂ ਘਸੇ
ਫੱਟੇਦਾਰ ਪਜਾਮੇ ਦਾ
ਪਾਸਾ ਬਦਲਾ ਕੇ ਸਾਰ ਲੈਂਦੇ ਸਾਂ
ਪੀਜ਼ਾ ਬਰਗਰ ਉਦੋਂ ਨਹੀਂ ਸਨ ਹੁੰਦੇ
ਮੱਕੀ ਦੀ ਰੋਟੀ ‘ਤੇ
ਸੇੰਧਾ ਨਮਕ ਭੁੱਕ ਕੇ ਸਾਰ ਲੈਂਦੇ ਸਾਂ
ਕੋਲਡ ਡਰਿੰਕ ਕਿੱਥੇ ਸਨ ਓਦੋਂ.. ?
ਚਾਟੀ ਦੀ ਠੰਡੀ
ਖੱਟੀ ਜਾਂ ਮਿੱਠੀ ਲੱਸੀ ਨਾਲ ਸਾਰ ਲੈਂਦੇ ਸਾਂ
ਜੇਕਰ
ਵੱਧ ਘੱਟ ਖਾਧਿਆਂ
ਬਦਹਜ਼ਮੀ ਹੋ ਜਾਣੀ
ਅਜਵਾਇਣ ਦੀ ਤਲ਼ੀ ਫੱਕ ਲੈਂਦੇ
ਫੋੜਿਆਂ ਦੇ ਇਲਾਜ਼ ਖ਼ਾਤਿਰ
ਤਾਰੇਮੀਰੇ ਦੀ ਤਲ਼ੀ ਫੱਕ ਲੈਂਦੇ
ਦੁਖਦੀਆਂ ਅੱਖਾਂ ‘ਤੇ
ਉਬਲ਼ੀ ਚਾਹ ਪੱਤੀ ਲਾ
ਬਿਨਾਂ ਵੈਦ ਤੋਂ ਵੀ ਸਾਰ ਲੈਂਦੇ ਸਾਂ
ਰੇਡੀਓ ਟੈਲੀਵਿਜ਼ਨ ਅਤੇ ਮੋਬਾਈਲ ਕਿੱਥੇ ਹੁੰਦੇ ਸਨ
ਚੰਨ ਚਾਣਨੀ ਰਾਤੇ
ਛੱਤ ‘ਤੇ ਪਏ ਦਾਦਾ ਦਾਦੀ ਦੀਆਂ
ਪਾਈਆਂ ਬਾਤਾਂ ਕਹਾਣੀਆਂ ਨਾਲ਼ ਸਾਰ ਲੈਂਦੇ ਸਾਂ
ਪੱਖੇ ਕੂਲਰ ਏ ਸੀ ਨਹੀਂ ਸਨ ਹੁੰਦੇ
ਬੋਹੜਾਂ ਦੀਆਂ ਛਾਵਾਂ ਨਾਲ਼
ਛੱਪੜਾਂ ਦੀਆਂ ਤਾਰੀਆਂ ਨਾਲ਼
ਹੱਥ ਵਾਲ਼ੀ ਪੱਖੀ ਦੀ
ਵੱਜੀ ਝੱਲ ਨਾਲ਼ ਸਾਰ ਲੈਂਦੇ ਸਾਂ
ਅੱਗ ਬਾਲਣ ਲਈ
ਮਾਚਿਸਾਂ ਲਾਇਟਰ ਨਹੀਂ ਸਨ ਟੋਲ਼ਦੇ
ਗੁਆਂਢੀਆਂ ਦੇ ਬਲ਼ਦੇ ਚੁੱਲ੍ਹੇ ਚੋਂ
ਅੱਗ ਦੀ ਕੜਛੀ ਲਿਆ
ਜਾਂ ਰਾਤ ਨੂੰ ਚੁੱਲ੍ਹੇ ਦੀ ਅੱਗ
ਚੁੱਲ੍ਹੇ ਵਿੱਚ ਦੱਬਕੇ ਸਾਰ ਲੈਂਦੇ ਸਾਂ
ਸਾਨੂੰ ਕਾਜੂ ਬਦਾਮ ਪਿਸਤੇ
ਨਹੀਂ ਸਨ ਮਿਲ਼ਦੇ
ਅਸੀਂ ਤਾਂ ਹਰੇ ਛੋਲਿਆਂ ਦੀਆਂ ਹੋਲ਼ਾਂ ਨਾਲ਼
ਤਾਰੇਮੀਰੇ ਦੀਆਂ ਗੰਧਲ਼ਾਂ ਨਾਲ਼
ਬਾਜਰੇ ਦੀਆਂ ਗੂਲੀਆਂ ਨਾਲ਼
ਚੁੱਬ੍ਹੜਾਂ ਜਾਂ ਕੱਚੀਆਂ ਅੰਬੀਆਂ ਨਾਲ਼
ਸਾਰ ਲੈਂਦੇ ਸਾਂ
ਮਹਿੰਗੀਆਂ ਮੋਟਰਾਂ ਦੇ ਝੂਟੇ
ਸਾਡੀ ਪਹੁੰਚ ਤੋਂ ਦੂਰ ਸਨ
ਅਸੀਂ ਤਾਂ ਸੁਹਾਗਾ ਦਿੰਦੇ ਬਾਪੂ ਦੀਆਂ
ਲੱਤਾਂ ਵਿੱਚ ਵੜਕੇ
ਜਾਂ ਕਿਸੇ ਦੇ ਗੱਡੇ ਪਿੱਛੇ ਲਟਕ ਕੇ
ਸਾਰ ਲੈਂਦੇ ਸਾਂ
ਹੁਣ ਕਿਉਂ ਨਹੀਂ ਸਰਦਾ… ?
ਕੇਹਾ ਜ਼ਮਾਨਾ ਆ ਗਿਆ…!
ਸਵਰਨ ਕਵਿਤਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly