ਕਿਉਂ ਮਨਾਇਆ ਜਾਂਦਾ 5 ਸਤੰਬਰ ਨੂੰ ਅਧਿਆਪਕ ਦਿਵਸ ?

ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਣਨ

ਭਾਰਤ ਦੇ ਰਾਸ਼ਟਰਪਤੀ ਸਰਵਪੱਲੀ ਡਾਕਟਰ ਰਾਧਾ ਕ੍ਰਿਸ਼ਣਨ ਨੂੰ ਯਾਦ ਕਰਦਿਆਂ…

ਅਜੀਤ ਖੰਨਾ

(ਸਮਾਜ ਵੀਕਲੀ)  5 ਸਤੰਬਰ ਦਾ ਦਿਨ ਭਾਰਤ ਦੇ ਇਤਿਹਾਸ ਚ ਬੜਾ ਖ਼ਾਸ ਤੇ ਮਹੱਤਪੂਰਨ ਮੰਨਿਆ ਜਾਂਦਾ ਹੈ ।ਕਿਉਂਕਿ ਇਸ ਦਿਨ ਭਾਰਤ ਦੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਣਨ ਦਾ ਜਨਮ ਹੋਇਆ ਸੀ।ਡਾਕਟਰ ਰਾਧਾ ਕ੍ਰਿਸ਼ਨਨ ਮਸ਼ਹੂਰ ਨੀਤੀਵਾਨ ਤੇ ਫਿਲਾਸਫ਼ਰ ਸਨ।ਜਿਨ੍ਹਾਂ ਦਾ ਜਨਮ ਤਾਮਿਲਨਾਡੂ ਦੇ ਤੀਰੂਤਨੀ ਸ਼ਹਿਰ ਚ 5ਸਤੰਬਰ 1888 ਨੂੰ ਹੋਇਆ।ਉਨ੍ਹਾਂ ਵੈਲੋਰ ਤੇ ਮਦਰਾਸ ਚ ਵਿਦਿਆ ਹਾਸਲ ਕੀਤੀ।ਉਹ ਬਹੁਤ ਹੀ ਫਰਾਖ ਦਿਲ ਤੇ ਦੂਰਅੰਦੇਸ਼ੀ ਸਨ।ਜੋ ਆਪਣੇ ਵਕਤ ਦੀ ਧਾਰਮਕ ਕੱਟੜਤਾ ਤੋ ਕੋਹਾਂ ਦੂਰ ਸਨ।ਉਨ੍ਹਾਂ ਦੇ ਦਿਲ ਚ ਹਿੰਦੂ ਧਰਮ ਲਈ ਬਹੁਤ ਜਿਆਦਾ ਪਿਆਰ ਤੇ ਸਤਿਕਾਰ ਸੀ।ਡਾਕਟਰ ਰਾਧਾ ਕ੍ਰਿਸ਼ਣਨ ਵੱਲੋਂ ਉਪਨਿਸ਼ਦਾਂ ਦਾ ਡੂੰਘਾ ਅਧਿਐਨ ਕੀਤਾ ਗਿਆ।ਉਨ੍ਹਾਂ ਫਿਲਾਸਫੀ  ਚ ਐਮਏ ਕੀਤੀ ਅਤੇ ਐਥਿਕਸ ਆਫ ਵਿਦਾਂਤ ਤੇ ਥੀਸਸ ਲਿਖਿਆ ।ਉਨ੍ਹਾਂ ਦਾ ਵਿਹਾਅ 18 ਵਰ੍ਹਿਆ ਚ ਹੋ ਗਿਆ ਸੀ।ਉਨ੍ਹਾਂ ਦੀ ਜੀਵਨ ਸਾਥਣ ਦਾ ਨਾ ਸ਼ਿਵਾਕਾਮੂ ਰਾਧਾ ਕ੍ਰਿਸ਼ਨਨ ਸੀ ।ਉਨ੍ਹਾਂ ਦੇ ਪੰਜ ਲੜਕੀਆਂ ਤੇ ਇਕ ਲੜਕਾ ਸੀ।

         ਸੰਨ 1909 ਚ ਸਰਵਪੱਲੀ ਡਾਕਟਰ ਰਾਧਾ ਕ੍ਰਿਸ਼ਨਨ ਪ੍ਰੈਜੀਜੈਂਸੀ ਕਾਲਜ  ਚ ਪਹਿਲਾਂ ਲੈਕਚਰਾਰ ਨਿਯੁਕਤ ਹੋਏ ਤੇ ਫੇਰ ਕੁਝ ਸਾਲਾਂ ਪਿੱਛੋਂ ਪ੍ਰੋਫੈਸਰ ਬਣ ਗਏ ।ਇਸ ਮਗਰੋਂ 1918 ਤੋ 1921 ਤੱਕ ਮੈਸੂਰ ਯੂਨੀਵਰਸਿਟੀ ਚ ਫਿਲਾਸਫੀ ਦੇ ਪ੍ਰੋਫ਼ੈਸਰ ਰਹੇ।ਉਸ ਮਗਰੋਂ 1921 ਤੋ 1931 ਤੱਕ ਕਲਕੱਤਾ ਯੂਨੀਵਰਸਿਟੀ ਚ ਪ੍ਰੋਫੈਸਰ ਰਹਿਣ ਪਿੱਛੋਂ 1931 ਚ ਉਹ ਆਂਧਰਾ ਯੂਇਨਵਰਸਿਟੀ ਦੇ ਵਾਈਸ ਚਾਂਸਲਰ ਬਣ ਗਏ।ਉਸ ਮਗਰੋਂ ਇਕ ਵਾਰ ਫਿਰ 1937 ਤੋ 1947 ਕਲਕੱਤਾ ਯੂਨੀਵਰਸਿਟੀ ਚ ਪ੍ਰੋਫ਼ੈਸਰ ਲੱਗ ਗਏ।ਸਾਲ 1948 ਚ ਉਹ ਯੂਨੀਵਰਸਿਟੀ ਅਜੂਕੇਸ਼ਨ ਕਮਿਸਨ ਦੇ ਚੇਅਰਮੈਨ ਬਣ ਗਏ।ਸੰਨ 1952 ਚ ਪ੍ਰੈਜ਼ੀਡੈਂਟ ਆਫ ਯੂਨੈਸਕੋ ਤੋ ਇਲਾਵਾ 1949 ਤੋ 1952 ਤੱਕ ਉਹ ਰੂਸ ਵਿਚ ਭਾਰਤ ਦੇ ਰਾਜਦੂਤ ਵਜੋਂ ਵੀ ਤੈਨਾਤ ਰਹੇ।ਉਸ ਮਗਰੋਂ 1952 ਚ ਉਨ੍ਹਾਂ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਲਾਇਆ ਗਿਆ।1956 ਤੋ 1962 ਤੱਕ ਉਹ  ਦੂਜੀ ਵਾਰ ਭਾਰਤ ਦੇ ਉਪ ਰਾਸ਼ਟਰਪਤੀ ਬਣੇ ।ਫੇਰ 1962 ਤੋ 1967 ਤੱਕ  ਉਹ ਭਾਰਤ ਦੇ ਰਾਸ਼ਟਰਪਤੀ ਬਣੇ।ਜੇ ਅਜਿਹਾ ਕਿਹਾ ਜਾਵੇ ਕਿ ਉਨ੍ਹਾਂ ਦੀ ਕਾਬਲੀਅਤ ਮੁਤਾਬਕ ਉਹਨਾਂ ਨੂੰ  ਜਿੰਦਗੀ ਚ ਪੂਰਾ ਮਾਨ ਸਨਮਾਨ ਮਿਲਿਆ ਤਾ ਇਸ ਪਿੱਛੇ ਕੋਈ ਦੋ ਰਾਂਵਾਂ ਨਹੀਂ ਹਨ ।ਉਨ੍ਹਾਂ ਨੂੰ ਸਾਲ 1931 ਚ ਨਾਈਟ ਹੁੱਡ ,1963 ਚ ਤਹਿਰਾਨ ਵਲੋਂ ਪੀਐੱਚਡੀ ਦੀ ਆਨਰੇਰੀ ਡਿਗਰੀ,ਤਿਰਭਵਨ ਯੂਨੀਵਰਸਿਟੀ (ਨੇਪਾਲ )ਵਲੋਂ ਆਨਰੇਰੀ ਡੀ ਲਿੱਟ ਦੀ ਡਿਗਰੀ ,1964 ਚ ਮਾਸਕੋ ਯੂਨੀਵਰਸਿਟੀ ਵੱਲੋਂ ਪੀਐੱਚਡੀ ਦੀ ਡਿਗਰੀ ਅਤੇ 1964 ਚ ਨੈਸ਼ਨਲ ਯੂਨੀਵਰਸਿਟੀ (ਆਇਰਲੈਂਡ) ਵਲੋਂ ਡਾਕਟਰ ਆਫ ਲਾਅ ਦੀ ਆਨਰੇਰੀ ਡਿਗਰੀ  ਪਰਦਾਨ ਕੀਤੀ ਗਈ  ।ਡਾਕਟਰ ਰਾਧਾ ਕ੍ਰਿਸ਼ਨਨ ਨੂੰ ਅੰਤਰ ਰਾਸ਼ਟਰੀ ਖੇਤਰ ਚ 100 ਦੇ ਕਰੀਬ ਆਨਰੇਰੀ ਡਿਗਰੀਆਂ ਦਿਤੀਆਂ ਮਿਲੀਆ ।ਉਨ੍ਹਾਂ ਅਨੇਕਾਂ ਮੁਲਕਾਂ ਦਾ ਦੌਰਾ ਕੀਤਾ ।ਹਿੰਦੂ ਸਦਾਚਾਰ ਦੇ ਮਾਇਆ ਦੇ ਸਿਧਾਂਤਾਂ ਬਾਰੇ ਡਾਕਟਰ ਰਾਧਾ ਕ੍ਰਿਸ਼ਨਨ ਵਲੋਂ ਰਬਿੰਦਰ ਨੱਥ ਟੈਗੋਰ ਉੱਤੇ ਫਿਲਾਸਫੀ ਆਫ ਰਬਿੰਦਰ ਨੱਥ ਟੈਗੋਰ ਵੀ ਲਿਖੀ ਗਈ।ਜਿਸ ਦੇ ਪ੍ਰਕਾਸ਼ਤ  ਹੋਣ ਨਾਲ ਉਨ੍ਹਾਂ ਦੀ ਯੂਰੋਪ ਤੇ ਅਮਰੀਕਾ ਵਿਚ ਮਾਨਤਾ ਵਧਣ ਲੱਗੀ।ਦੋ ਵਰ੍ਹਿਆਂ ਮਗਰੋਂ ਰਾਧਾ ਕ੍ਰਿਸ਼ਨਨ ਵੱਲੋਂ ਇਕ ਹੋਰ ਕਿਤਾਬ ਰੇਨ ਆਫ ਰਿਲੀਜਨ ਇਨ ਕੰਟੇਂਪਰੇਰੀ ਫਿਲਾਸਫੀ ਛਾਪੀ ਗਈ।ਜਿਸ ਦੇ ਸਿੱਟੇ ਵਜੋਂ ਸੰਸਾਰ ਭਰ ਚ ਉਨ੍ਹਾਂ ਨੂੰ ਹਿੰਦੂ ਫਿਲਾਸਫੀ ਦਾ ਨਿਰਮਾਤਾ ਮੰਨਿਆ ਜਾਣ ਲੱਗਾ।1926-27 ਚ ਉਨ੍ਹਾਂ ਨੇ ਇੰਡੀਅਨ ਫਿਲਾਸਫੀ ਦੋ ਜਿਲਦਾਂ ਚ ਪ੍ਰਕਾਸ਼ਤ ਕੀਤੀ ।ਜੋ ਉਨ੍ਹਾ ਦੀ  ਸਭ ਤੋ ਪ੍ਰਸਿੱਧ ਤੇ ਮਹੱਤਵ ਪੂਰਨ ਦੇਣ ਹੈ।ਕਹਿੰਦੇ ਹਨ ਕੇ ਭਾਰਤੀ ਫਲਸਫੇ ਤੇ ਇਸ ਤੋ ਵਧੀਆ ਕਿਤਾਬ ਸ਼ਾਇਦ ਨਾ ਲਿਖੀ ਗਈ ਹੋਵੇ।

ਉਨ੍ਹਾਂ ਹੋਰ  ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ।ਜਿਨ੍ਹਾਂ ਚ 1962 ਚ ਦੀ ਹਿੰਦੂ ਵਿਊ ਆਫ ਲਾਇਫ਼ ,1928 ਚ ‘ਦੀ ਰਿਲੀਜਨ ਵੀ ਨੀਡ’,1929  ਚ ਫਿਊਚਰ ਆਫ ਸਿਵਲਾਈਜੇਸ਼ਨ ,1933 ਚ ਈਸਟ ਐਂਡ ਵੈਸਟ ਇਨ ਰਿਲੀਜਨ ,1936 ਚ ਫ੍ਰੀਡਮ ਐਂਡ ਕਲਚਰ ਤੇ ,ਦੀ ਹਾਰਟ ਆਫ ਹਿੰਦੋਸਤਾਨ ,1937 ਚ ਮਾਈ ਸਰਚ ਫਾਰ ਟਰੁੱਥ ,1938 ਚ ਗੌਤਮ ਬੁੱਧ,1939 ਚ ਈਸਟਰਨ ਰਿਲੀਜਨ ਐਂਡ ਵੈਸਟਰਨ ਥਾਟ,1944 ਚ ਐਜੂਕੇਸ਼ਨ ਪੈਲੇਟਿਕਸ ਐਂਡ ਵਾਰ,1947 ਚ ਦੀ ਰਿਲੀਜਨ ਐਂਡ ਸੁਸਾਇਟੀ ,1948 ਚ ਭਗਵਦ ਗੀਤਾ ,1949 ਚ ਦੀ ਗ੍ਰੇਟ ਇੰਡੀਅਨ,1952 ਚ ਦੀ ਰਿਲੀਜਨ ਆਫ ਸਪਿਰਟ ਐਂਡ ਦੀ ਵਰਲਡਜ਼ ਨੀਡ ਸਵੈ ਬੀਤੀ ਪ੍ਰਕਾਸ਼ਤ ਹੋਈਆਂ।
1926-29 ਦੇ ਵਿਚਕਾਰ ਉਨ੍ਹਾਂ ਨੇ ਲੰਡਨ ਤੇ ਮਾਨਚੈਸਟਰ ਦੀਆਂ ਯੂਨੀਵਰਸਿਟੂਆਂ ਚ ਲੈਕਚਰ ਦਿੱਤੇ।ਹੁਣ ਤੱਕ ਉਹ ਇੰਨੇ ਮਸ਼ਹੂਰ ਹੋ ਗਏ ਸਨ ਕਿ ਉਨ੍ਹਾਂ ਨੂੰ ਦੇਸ਼ ਵਿਦੇਸ਼ ਤੋ ਸੱਦੇ ਆਉਣ ਲੱਗ ਪਏ ਸਨ।ਸਾਲ 1962 ਚ ਰਾਸ਼ਟਰਪਤੀ ਬਣਨ ਪਿੱਛੋਂ ਵੀ ਉਨ੍ਹਾਂ ਨੂੰ ਬੇਹੱਦ ਸੱਦਾ ਪੱਤਰ ਆਉਂਦੇ ਰਹੇ।ਉਨ੍ਹਾਂ ਭਾਰਤੀ ਫਿਲਾਸਫੀ ਦੀ ਵਿਆਖਿਆ ਕੀਤੀ ਤੇ ਉਸ ਨੂੰ ਨਵੇਂ ਭਾਵ ਦਿੱਤੇ ।1952 ਚ ਉਹ ਸਟਾਲਿਨ ਨੂੰ ਮਿਲਣ ਗਏ ।ਉਹ ਪਹਿਲੇ ਸਫ਼ੀਰ ਸਨ ।ਜਿਨ੍ਹਾਂ ਨੂੰ ਸਟਾਲਿਨ ਵਲੋਂ ਮੁਲਾਕਾਤ ਦਾ ਸੱਦਾ ਦਿੱਤਾ ਗਿਆ।ਉਹ ਕੇਵਲ ਇਕ ਫ਼ਿਲਾਸਫ਼ਰ ਹੀ ਨਹੀਂ ,ਸਗੋਂ ਇਕ ਕੋਮਲਚਿਤ ਇਨਸਾਨ ਵੀ ਸਨ।ਜੋ ਸ਼ਾਂਤ ਰਹਿ ਕੇ ਹਰ ਮੁਸ਼ਕਲ ਦਾ ਸਾਹਮਣਾ ਕਰਦੇ ਸਨ।ਡਾਕਟਰ ਰਾਧਾ ਕ੍ਰਿਸ਼ਨਨ ਦੇ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨਾਲ ਬੜੇ ਨੇੜੇ ਦੇ ਅਤੇ ਸੁਖਾਂਵੇ ਤਾਲੁਆਕਾਤ ਸਨ।1967 ਚ ਰਾਸ਼ਟਰਪਤੀ ਰਿਟਾਇਰ ਹੋਣ ਪਿੱਛੋਂ ਉਹਨਾਂ ਆਪਣੇ ਜਨਮ ਸਥਾਨ ਤੇ ਰਹਿ ਕੇ ਹੀ ਜਿਆਦਾ ਵਕਤ ਗੁਜ਼ਾਰਿਆ।ਇੱਥੇ ਹੀ ਕੁਝ ਵਕਤ ਬਿਮਾਰ ਰਹਿਣ ਪਿੱਛੋਂ ਓਨ੍ਹਾ ਦਾ 17 ਅਪ੍ਰੈਲ 1975 ਨੂੰ 86 ਸਾਲ ਦੀ ਉਮਰ ਚ ਦੇਹਾਂਤ ਹੋ ਗਿਆ।
       ਕਿਉਂ ਮਨਾਇਆ ਜਾਂਦਾ 5 ਸਤੰਬਰ ਨੂੰ ਅਧਿਆਪਕ ਦਿਵਸ ?
       ———————————————————
ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਅਧਿਆਪਕ ਦਿਵਸ ਦਾ ਪ੍ਰਬੰਧ ਹੁੰਦਾ ਹੈ। ਕੁੱਝ ਦੇਸ਼ਾਂ ਵਿੱਚ ਉਸ ਦਿਨ ਦੀ ਛੁੱਟੀ ਹੁੰਦੀ ਹੈ ।ਜਦੋਂ ਕਿ ਕੁੱਝ ਦੇਸ਼ ਇਸ ਦਿਨ ਨੂੰ ਕੰਮ-ਕਾਜ ਕਰਦੇ ਹੋਏ ਮਨਾਉਂਦੇ ਹਨ। ਭਾਰਤੀ ਫਲਸਫੇ ਅਨੁਸਾਰ ਗੁਰੁ ਦਾ ਦਰਜਾ ਪ੍ਰਮਾਤਮਾ ਤੋਂ ਉੱਪਰ ਹੈ ।ਕਹਿੰਦੇ ਹਨ ਕਿ ਸੰਨ1962 ‘ਚ ਜਦੋਂ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਣਨ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਹਨਾਂ ਦੇ ਕੁਝ ਵਿਦਿਆਰਥੀਆਂ ਤੇ ਦੋਸਤਾਂ ਨੇ ਉਹਨਾਂ ਦਾ ਜਨਮ ਦਿਨ ਮਨਾਉਣ ਦੀ ਇੱਛਾ ਜ਼ਾਹਰ ਕੀਤੀ ।ਪਰ ਡਾ.ਰਾਧਾ ਕ੍ਰਿਸ਼ਣਨ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ। ਜੋ ਕਿ ਉਹਨਾਂ ਦੇ ਅਧਿਆਪਨ ਕਿੱਤੇ ਲਈ ਪਿਆਰ ਦਾ ਸਬੂਤ ਹੈ। ਇਸੇ ਸਦਕਾ ਸਾਲ 1967 ਤੋਂ 5 ਸਤੰਬਰ ਦਾ ਦਿਨ ਅਧਿਆਪਕ ਦਿਵਸ ਦੇ ਰੂਪ ‘ਚ ਮਨਾਇਆ ਜਾਣ ਲੱਗਾ ਹੈ।ਭਾਰਤ ਸਰਕਾਰ ਵਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਉੱਤੇ ਸਿਖਿਆ ਦੇ ਖੇਤਰ ਚ ਨਵੇਕਲੀਆਂ ਪੈੜਾਂ ਪਾਉਣ ਵਾਲੇ ਅਧਿਆਪਕਾਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਤ ਕੀਤਾ ਜਾਂਦਾ ਹੈ।ਜਦੋਂ ਕਿ ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ਤੇ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਕੀਤਾ ਜਾਂਦਾ ਹੈ।ਇਸ ਸਮਾਗਮ ਦੌਰਾਨ ਸਿਖਿਆ ਦੇ ਖੇਤਰ ਚ ਵਧੀਆ ਸੇਵਾਵਾਂ ਬਦਲੇ ਅਧਿਆਪਕਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਤ ਕੀਤਾ  ਹੈ।ਭਾਂਵੇ ਕਿ ਅੱਜ ਕੱਲ ਏਨਾ ਐਵਾਰਡਾਂ ਉੱਤੇ ਵੀ ਭਾਈ ਭਤੀਜਾਵਾਦ ਦਾ ਪਰਛਾਂਵਾਂ ਝਲਕਦਾ ਵਿਖਾਈ ਦਿੰਦਾ ਹੈ।ਇਸ ਤੋ ਇਲਾਵਾ ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਨ ਮੌਕੇ ਸਕੂਲਾਂ ਕਾਲਜਾਂ ‘ਚ ਵਿਦਿਆਰਥੀਆਂ ਵਲ੍ਹੋਂ ਆਪਣੇ ਅਧਿਆਪਕਾਂ ਦੇ ਸਤਿਕਾਰ ਵਜੋਂ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਡਾ. ਰਾਧਾਕ੍ਰਿਸ਼ਨਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵਧ ਰੋਸ਼ਨ ਦਿਮਾਗ ਹੁੰਦੇ ਹਨ। ਅਨਪੜ੍ਹਤਾ ਕਾਰਨ ਬਹੁਤ ਸਾਰੀ ਸਮਾਜਿਕ ਸ਼ਕਤੀ ਦਿਸ਼ਾਹੀਣ ਹੁੰਦੀ ਹੈ ਅਤੇ ਉਸ ਸ਼ਕਤੀ ਨੂੰ ਗਿਆਨ ਪ੍ਰਦਾਨ ਕਰਕੇ ਦਿਸ਼ਾਬੱਧ ਬਣਾਉਣਾ ਅਧਿਆਪਕ ਦਾ ਪ੍ਰਮੁੱਖ ਕਾਰਜ ਹੈ। ਭਟਕਦੇ ਮਨ ਨੂੰ ਸ਼ਾਂਤ ਕਰਨ ਦਾ ਇਕਮਾਤਰ ਉਪਾਅ ਗਿਆਨ ਹੈ ।ਜੋ ਕਿ ਅਧਿਆਪਕ ਵਲੋਂ ਪ੍ਰਾਪਤ ਹੁੰਦਾ ਹੈ। ਡਾ.ਰਾਧਾਕ੍ਰਿਸ਼ਨਨ ਨੇ ਸਿੱਖਿਆ ਨੂੰ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਤਬਦੀਲੀ ਦੇ ਮੁੱਖ ਤੱਤ ਵਜੋਂ ਪਰਿਭਾਸ਼ਿਤ ਕੀਤਾ ਹੈ। ਭਾਰਤ ਵਰਗੇ ਵਿਕਾਸਸ਼ੀਲ ਮੁਲਕ ‘ਚ ਲੋੜੀਂਦੇ ਟੀਚੇ ਨਾਲੋਂ ਘੱਟ ਸਿੱਖਿਆ ਦਰ ਹੋਣ ਕਾਰਨ ਇਸ ਦਿਨ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ।ਸਾਨੂੰ ਸਭ ਨੂੰ ਅਧਿਆਪਕ ਦਿਵਸ ਉੱਤੇ ਸਿਖਿਆ ਦੇ ਵਿਸਤਾਰ ਲਈ ਰਲ ਕਿ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਇਕ ਨਰੋਏ ਤੇ ਮਜ਼ਬੂਤ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ ।ਇਸ ਤਰਾਂ ਕਰਕੇ ਹੀ ਅਸੀ ਭਾਰਤ ਦੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਣਨ  ਵੱਲੋ ਅਧਿਆਪਕਾਂ ਲਈ ਸੰਜੋਏ ਸੁਪਨਿਆਂ ਨੂੰ ਹਕੀਕਤ ਚ ਬਦਲ ਸਕਦੇ  ਹਾਂ।
————-
ਅਜੀਤ ਖੰਨਾ 
ਸਾਬਕਾ ਮੀਤ ਪ੍ਰਧਾਨ 
ਪੰਜਾਬ ਪ੍ਰਦੇਸ਼ ਟੀਚਰਜ਼ ਯੂਨੀਅਨ (ਪੰਜਾਬ )
ਮੋਬਾਇਲ :85448-54669 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜੁਬਾਨ ਰਸ ਬਨਾਮ ਕੌੜਾ ਮਿੱਠਾ
Next articleਪੰਜਾਬ ਦਿਵਸ ਨੂੰ ਸਮਰਪਿਤ ਟੋਰਾਂਟੋ ਵਿੱਚ ਲੱਗਿਆ ਵਿਸ਼ਾਲ ਸੱਭਿਆਚਾਰਕ ਮੇਲਾ ਕੋਰੇਆਲਾ ਮਾਨ, ਹੈਰੀ ਸੰਧੂ ,ਗਿੱਲ ਹਰਦੀਪ ਅਤੇ ਸੁੱਖੀ ਨੇ ਬੰਨ੍ਹੇ ਗਾਇਕੀ ਦੇ ਰੰਗ