ਕਿਉਂ ਨਹੀਂ ਸਮਝਦੇ ਹਾਂ ਅਸੀਂ…..

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਅੱਜਕਲ੍ਹ ਸਾਡੇ ਭਾਰਤੀ ਖਾਸਕਰ ਪੰਜਾਬੀ ਪਰਿਵਾਰਾਂ ਵਿੱਚ ਦਿਖਾਵਾ ਬਹੁਤ ਵੱਧ ਗਿਆ ਹੈ। ਇਸਦੇ ਨਾਲ਼ ਹੀ ਸਿਹਤ ਦਾ ਤਾਂ ਬੁਰਾ ਹਾਲ ਹੈ। ਕਦੇ ਸਮਾਂ ਹੁੰਦਾ ਸੀ ਕਿ ਅਸੀਂ ਪਿੰਡਾਂ ਵਿੱਚ ਰਹਿੰਦੇ ਸਾਂ ਤੇ ਕੱਚੇ ਭਾਂਡਿਆਂ ਜਾਂ ਪੱਤਲਾਂ ਆਦਿ ਤੇ ਖਾਣਾ ਖਾਂਦੇ ਸਾਂ ਪਰ ਬਿਮਾਰ ਬਹੁਤ ਘੱਟ ਹੁੰਦੇ ਸਾਂ। ਸਿਆਣੇ ਕਹਿੰਦੇ ਹਨ ਕਿ ਆਹ ਜਿਹੜੀਆਂ ਹੁਣ ਜੈ- ਖਾਣੀਆਂ ਬਿਮਾਰੀਆਂ ਆ ਗਈਆਂ ਅਸੀਂ ਤਾਂ ਕਦੇ ਇਹਨਾਂ ਦੇ ਨਾਮ ਵੀ ਨਹੀਂ ਸੁਣੇ ਸਨ। ਹੁਣ ਤਾਂ ਨਿੱਕੇ ਨਿੱਕੇ ਨਿਆਣਿਆਂ ਨੂੰ ਵੀ ਵੱਡੇ ਵੱਡੇ ਰੋਗ ਲੱਗੇ ਹੋਏ ਹਨ।

ਵੈਸੇ ਤਾਂ ਕਹਿੰਦੇ ਹਨ ਕਿ ਅਸੀਂ ਵਿਕਾਸ ਕੀਤਾ ਹੈ। ਚਲੋ ਵਿਕਾਸ ਕਰਨਾ ਤਾਂ ਕੋਈ ਬੁਰੀ ਗੱਲ ਨਹੀਂ ਹੈ। ਪਰ ਇਸ ਵਿਕਾਸ ਦੇ ਨਾਲ਼ ਨਾਲ਼ ਜਿਹੜਾ ਅਸੀਂ ਝੂਠ,ਦਿਖਾਵਾ ਤੇ ਆਲਸ ਸਹੇੜਿਆ ਹੈ ਓਹਨੇ ਸਾਨੂੰ ਕਿਸੇ ਪਾਸੇ ਜੋਗਾ ਵੀ ਨਹੀਂ ਛੱਡਿਆ ਹੈ। ਸਾਡੇ ਪਰਿਵਾਰ ਪਹਿਲਾਂ ਸਾਦਾ ਖਾ ਪੀ ਕੇ ਗੁਜ਼ਾਰਾ ਕਰ ਲੈਂਦੇ ਸਨ ਤੇ ਰੱਬ ਦਾ ਸ਼ੁਕਰ ਕਰਦੇ ਸਨ। ਹੁਣ ਪਤਾ ਨਹੀਂ ਕਿੰਨੇ ਭਾਂਤ ਦੇ ਖਾਣੇ ਖਾਂਦੇ ਹਾਂ ਤਾਂ ਵੀ ਖ਼ੁਸ਼ ਤੇ ਤੰਦਰੁਸਤ ਨਹੀਂ ਹਾਂ।

ਸਭ ਤੋਂ ਪਹਿਲਾਂ ਤਾਂ ਮੈਂ ਮਾਵਾਂ ਤੋਂ ਹੈਰਾਨ ਹਾਂ। ਬੇਸ਼ੱਕ ਉਹਨਾਂ ਨੂੰ ਵੀ ਅੱਗੇ ਵੱਧਣ ਦਾ ਪੂਰਾ ਹੱਕ ਹੈ ਪਰ ਆਪਣੇ ਬੱਚਿਆਂ ਲਈ ਹੁਣ ਮਾਵਾਂ ਕੋਲ਼ ਬਿਲਕੁੱਲ ਸਮਾਂ ਨਹੀਂ ਹੈ, ਇਹ ਬਹੁਤ ਦੁੱਖ ਦੀ ਗੱਲ ਹੈ। ਮੰਨਦੇ ਹਾਂ ਕਿ ਮਹਿੰਗਾਈ ਨੇ ਸਾਰੇ ਪਰਿਵਾਰ ਨੂੰ ਕੰਮ ਤੇ ਲਗਾ ਦਿੱਤਾ ਹੈ ਪਰ ਜ਼ਰਾ ਸੋਚੋ ਕਿ ਇੰਨੇ ਖਰਚੇ ਵਧੇ ਹੀ ਕਿਉਂ?

ਅੱਜਕਲ੍ਹ ਮਾਂ ਬਾਪ ਬੱਚਿਆਂ ਨੂੰ ਵੱਡੇ ਵੱਡੇ ਸਕੂਲਾਂ ਵਿੱਚ ਸਿੱਖਿਆ ਦਵਾਉਂਦੇ ਹਨ। ਇਹਨਾਂ ਸਕੂਲਾਂ ਦਾ ਪੱਧਰ ਬਹੁਤ ਉੱਚਾ ਹੁੰਦਾ ਹੈ। ਕਈ ਬੱਚੇ ਖਾਣਾ ਨਹੀਂ ਲੈ ਕੇ ਆਉਂਦੇ ਸਗੋਂ ਕੰਟੀਨਾਂ ਤੋਂ ਖਾਂਦੇ ਹਨ। ਹੈਰਾਨੀ ਓਦੋਂ ਹੁੰਦੀ ਹੈ ਜਦੋਂ ਛੋਟੇ ਛੋਟੇ ਬੱਚੇ ਇਹਨਾਂ ਕੰਟੀਨਾਂ ਤੋਂ ਸਿਹਤ ਨੂੰ ਖ਼ਰਾਬ ਕਰਨ ਵਾਲੀਆਂ ਚੀਜ਼ਾਂ ਬੜੇ ਸ਼ੌਂਕ ਨਾਲ਼ ਖਾਂਦੇ ਹਨ। ਭਲਾ ਇਹਨਾਂ ਬੱਚਿਆਂ ਨੂੰ ਆਪਣੇ ਭਲੇ ਬੁਰੇ ਬਾਰੇ ਕੀ ਪਤੈ! ਉਹ ਤਾਂ ਕੁਝ ਮਿੰਟਾਂ ਦੇ ਜੀਭ ਦੇ ਸੁਆਦ ਲਈ ਇਹ ਚੀਜ਼ਾਂ ਲੈ ਕੇ ਖਾ ਲੈਂਦੇ ਹਨ।

ਪਰ ਜਿਹੜੇ ਘਰਦੇ ਇਹਨਾਂ ਬੱਚਿਆਂ ਨੂੰ ਖਰਚਣ ਲਈ ਪੈਸੇ ਦਿੰਦੇ ਹਨ ਉਹ ਕਿਉਂ ਨਹੀਂ ਸੋਚਦੇ, ਸਮਝਦੇ? ਉਹ ਘਰ ਤੋਂ ਸਿਹਤਮੰਦ ਖਾਣਾ ਬਣਾ ਕੇ ਕਿਉਂ ਨਹੀਂ ਭੇਜ ਸਕਦੇ? ਜਾਂ ਫ਼ੇਰ ਉਹਨਾਂ ਨੂੰ ਇਹ ਲਗਦਾ ਹੈ ਕਿ ਇਹ ਪਲਸਟਿਕ ਦੀਆਂ ਕੌਲੀਆਂ ਜਿਹੀਆਂ ਵਿੱਚ ਪਾ ਕੇ ਜਿਹੜੇ ਗਰਮ ਗਰਮ ਨੂਡਲਜ਼ ਜਾਂ ਮੈਕਰੋਨੀ, ਪਾਸਤਾ ਆਦਿ ਮਿਲ਼ਦੇ ਹਨ ਉਹਨਾਂ ਨੂੰ ਖਾ ਕੇ ਬੱਚਿਆਂ ਦੇ ਢਿੱਡ ਭਰ ਜਾਂਦੇ ਹਨ ਜਾਂ ਬੰਦ ਪੈਕਟਾਂ ਵਿੱਚ ਪਾਏ ਚਾਰ ਕੁ ਛਿੱਲੜ ਉਹਨਾਂ ਦੇ ਬੱਚਿਆਂ ਨੂੰ ਬਿਮਾਰੀ ਨਾਲ਼ ਲੜਨ ਜੋਗੇ ਬਣਾ ਦੇਣਗੇ। ਜਾਂ ਫੇਰ ਪੈਸੇ ਬਹੁਤੇ ਹਨ ਤੇ ਦਿਖਾਵਾ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਓਹਦੇ ਬਦਲੇ ਆਪਣੇ ਬੱਚਿਆਂ ਨੂੰ ਬਲੀ ਚੜ੍ਹਾ ਦਿਓ।

ਵਾਹ ਜੀ ਵਾਹ! ਕਮਾਲ ਹੈ ਫੈਸ਼ਨ ਦੀ ਵੀ। ਜਿਹੜੀਆਂ ਜ਼ਨਾਨੀਆਂ ਬਾਹਰ ਕੰਮ ਕਰਦੀਆਂ ਉਹ ਤਾਂ ਮੰਨਿਆ ਪਰ ਜਿਹੜੀਆਂ ਘਰੇ ਰਹਿੰਦੀਆਂ ਉਹ ਵੀ ਕੰਮ ਵਾਲੀਆਂ ਰੱਖੀ ਬੈਠੀਆਂ। ਅਖੇ ਮੇਰਾ ਤਾਂ ਆਹ ਦੁੱਖਦਾ ਹੈ, ਓਹ ਦੁੱਖਦਾ ਹੈ। ਭਲਾਂ ਭਲੇ ਮਾਣਸੋ! ਜੇ ਸਰੀਰ ਨੂੰ ਖੇਚਲ ਦੇਣੀ ਹੀ ਨਹੀਂ ਤਾਂ ਓਹਨੇ ਉਹੋ ਜਿਹਾ ਹੀ ਹੋ ਜਾਣਾ ਹੈ। ਪੈਸੇ ਬੇਸ਼ੱਕ ਬਹੁਤੇ ਹੋਣ ਪਰ ਦਿਖਾਵਿਆਂ ਦੇ ਚੱਕਰਾਂ ਵਿੱਚ ਆਪਣਾ ਆਪ ਨਾ ਗਾਲੋ। ਜੇ ਪੈਸੇ ਜ਼ਿਆਦਾ ਹਨ ਤਾਂ ਕੋਈ ਭਲੇ ਦੇ ਕੰਮ ਕਰ ਲਓ। ਕਿਸੇ ਜ਼ਰੂਰਤਮੰਦ ਨੂੰ ਦਾਨ ਪੁੰਨ ਕਰ ਦਿਓ। ਆਪਣੇ ਆਪ ਨੂੰ ਵਿਅਸਤ ਰੱਖੋ ਤਾਂ ਕਿ ਸਰੀਰ ਨਿਕੰਮਾਂ ਨਕਾਰਾ ਨਾ ਹੋ ਜਾਵੇ।

ਬੰਦੇ ਵੀ ਹੁਣ ਹੈਂਕੜਪੁਣੇ ਛੱਡ ਦੇਣ ਤੇ ਘਰਦੇ ਕੰਮਾਂ ਵਿੱਚ ਮਾਂ, ਭੈਣ, ਪਤਨੀ ਜਾਂ ਧੀ ਦਾ ਬਰਾਬਰ ਹੱਥ ਵੰਡਾਉਣ।

ਸਾਡਾ ਸਮਾਜ ਹੁਣ ਸਿਹਤਮੰਦ ਨਹੀਂ ਰਿਹਾ। ਹਰ ਕੋਈ ਬੀਮਾਰ ਨਜ਼ਰ ਆਉਂਦਾ ਹੈ ਫ਼ੇਰ ਭਾਵੇਂ ਉਹ ਬਜ਼ੁਰਗ ਹੋਵੇ, ਨੌਜ਼ਵਾਨ ਜਾਂ ਬੱਚਾ। ਬਾਹਰ ਦੇ ਮਸਾਲਿਆਂ ਭਰੇ ਸੁਆਦੀ ਤੇ ਬੇਹੇ-ਸੇਹੇ ਖਾਣੇ ਪਿੱਛੇ ਘਰ ਦੇ ਸ਼ੁੱਧ ਖਾਣੇ ਦੀ ਬੇਕਦਰੀ ਜੁ ਕੀਤੀ ਹੈ।

ਪੈਸੇ ਦੀ ਦੌੜ ਵਿੱਚ ਲੱਗਾ ਇਨਸਾਨ ਇਹ ਭੁੱਲ ਗਿਆ ਹੈ ਕਿ ਉਹ ਕਮਾਂ ਕਿਉਂ ਰਿਹਾ ਹੈ?ਤਰ੍ਹਾਂ ਤਰ੍ਹਾਂ ਦੇ ਨਸ਼ੇ ਖਾ ਕੇ ਉਹ ਅੱਗੇ ਵਧਣਾ ਚਾਉਂਦਾ ਹੈ ਮਤਾਂ ਕੋਈ ਓਸ ਤੋਂ ਅੱਗੇ ਨਾ ਨਿੱਕਲ ਜਾਵੇ! ਪਰ ਉਹ ਇਹ ਨਹੀਂ ਸੋਚਦਾ ਕਿ ਇਹ ਸਭ ਓਹ ਕਿਉਂ ਕਰ ਰਿਹਾ ਹੈ, ਸਿਰਫ਼ ਦਿਖਾਵੇਬਾਜ਼ੀ ਲਈ ਜਾਂ ਉਸ ਝੂਠੇ ਨਾਮ ਲਈ ਜਿਹੜਾ ਇੱਕ ਦਿਨ ਖਤਮ ਹੋ ਜਾਣਾ ਹੈ। ਜੇ ਅੱਗੇ ਵੱਧਣਾ ਹੀ ਹੈ ਤਾਂ ਤਰੀਕੇ ਬਦਲੋ। ਸੱਚੇ ਮਾਰਗ ਤੇ ਚਲੋ ਤਾਂ ਕਿ ਕੋਈ ਤੁਹਾਨੂੰ ਨੁਕਸਾਨ ਪਹੁੰਚਾ ਹੀ ਨਾ ਸਕੇ।

ਜ਼ਿੰਦਗ਼ੀ ਪਤਾ ਨਹੀਂ ਕਿੰਨੇ ਦਿਨ ਦੀ ਹੈ ਪਰ ਅਸੀਂ ਖੂਹ ਭਰੀ ਜਾ ਰਹੇ ਹਾਂ। ਇਹਦੇ ਨਾਲ਼ੋਂ ਜ਼ਿਆਦਾ ਚੰਗਾ ਹੈ ਕਿ ਵਿਕਾਸ ਵੀ ਕਰੀਏ, ਜਿੰਦਗ਼ੀ ਨੂੰ ਵੀ ਜੀਵੀਏ।

ਦਿਖਾਵੇ ਭਰੀ ਜਿੰਦਗ਼ੀ ਨੂੰ ਛੱਡ ਕੇ ਅਸਲੀਅਤ ‘ਚ ਜੀਣਾ ਚਾਹੀਦਾ ਹੈ। ਆਪ ਚੰਗੀ ਜ਼ਿੰਦਗ਼ੀ ਜੀਵਾਂਗੇ ਤਾਂ ਬੱਚਿਆਂ ਨੂੰ ਵੀ ਸਿਖਾ ਸਕਾਂਗੇ। ਘਰ ਵਿੱਚ ਪਿਆਰ ਤੇ ਅਪਣਤ ਦਿਖਾਈਏ ਤੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਈਏ। ਪੈਸੇ ਨੂੰ ਕਮਾਈਏ ਪਰ ਪੈਸੇ ਦੇ ਸ਼ਿਕਾਰ ਨਾ ਹੋਈਏ।

ਖਾਣਾ ਤਨ ਮਨ ਨੂੰ ਤਾਕਤ ਦਿੰਦਾ ਹੈ, ਇਸ ਕਰਕੇ ਸ਼ੁੱਧ ਤੇ ਸਿਹਤਮੰਦ ਖਾਣਾ ਖਾਈਏ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਸੱਚੇ-ਸੁੱਚੇ ਆਪਣੇ !