ਦੁਖਾਂ ‘ ਚ ਝੱਲੇ ਹੋਏ ਫਿਰਦੇ ਗੈਂਗਸਟਰ ਕਾਕਿਆਂ ਦਾ ਦੁੱਖ ਕਿਉਂ ਨਹੀਂ ਸਮਝਦਾ ਸਮਾਜ!

(ਸਮਾਜ ਵੀਕਲੀ)

ਅਜੋਕੇ ਦੌਰ ਵਿਚ ਗੈਂਗਸਟਰ ਬਣੇ ਗੁਮਰਾਹ ਕਾਕੇ ਦੋਹਰਾ ਸੰਤਾਪ ਹੰਢਾਅ ਰਹੇ ਹਨ। ਇਕ ਪਾਸੇ ਓਹ ਇਹ ਖੂਨੀ ਰਸਤਾ ਛਡਣਾ ਚਾਹੁੰਦੇ ਨੇ, ਦੂਜੇ ਪਾਸੇ ਗੁਮਰਾਹ “ਫੈਨ” ਉਨ੍ਹਾਂ ਨੂੰ ਸ਼ਰਾਫ਼ਤ ਦਾ ਰਾਹ ਦੁਬਾਰਾ ਫੜ੍ਹਨ ਨਹੀਂ ਦਿੰਦੇ।

ਚੱਲ ਰਹੇ ਸਮੇਂ ਵਿਚ, ਜਿਹੜੇ ਮੁੰਡੇ ਗੈਂਗਸਟਰਾਂ ਨੂੰ ਆਪਣੇ ਨਾਇਕ ਮੰਨ ਕੇ ਇਹੋ ਜਿਹੀਆਂ ਕਾਰਵਾਈਆਂ ਵਿਚ ਲੱਗੇ ਹਨ, ਜਿਹਦੇ ਨਾਲ ਉਹ ਗੈਂਗਸਟਰਾਂ ਦੀ ਦੁਨੀਆਂ ਵਿਚ “ਧੱਸਣਾ” ਚਾਹੁੰਦੇ ਹਨ, ਹੋਰ ਕੋਈ ਨਹੀਂ ਸਗੋਂ ਕਾਹਲਬਾਜ਼, ‘ਅੰਡਰ ਡਵੈਲਪ’ ਤੇ ਸਿਸਟਮ ਤੋਂ ਪੀੜਤ ਬੱਚੇ ਹਨ। ਜੋ ਕੁਝ ਮੈਂ ਈਮਾਨਦਾਰਾਨਾ ਪਹੁੰਚ ਅਪਣਾਅ ਕੇ ਲਿਖਿਆ ਹੈ, ਇਹ ਮੇਰੀ ਨਿੱਜੀ ਮਹਿਸੂਸੀਅਤ ਦਾ ਨਿਚੋੜ ਹੈ, ਨਹੀਂ ਤਾਂ ਅਫ਼ਸਰਸ਼ਾਹੀ, ਸਿਆਸਤਦਾਨ, ਧਰਮਾਚਾਰੀਆ, ਫ਼ਿਲਮੀ ਕਲਾਕਾਰ ਤੇ ਹੋਰ ‘ਪਹੁੰਚੇ ਹੋਏ ਲੋਕ’ ਕਾਫ਼ੀ ਕੁਝ ਜਾਣਦੇ ਹੋਏ ਵੀ, ਇਹ ਸਭ ਲੁਕਾ ਲੈਂਦੇ ਹਨ, ਜਿਹਦਾ ਕਾਰਨ ਬੜਾ ਸਾਫ਼ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ‘ਆਰਾਮਦੇਹ ਜ਼ੋਨ’ ਹੱਥੋਂ ਖੁੱਸ ਜਾਵੇ।

ਗੈਂਗਸਟਰ, ਲਫ਼ਜ਼ ਦਾ ਦੂਜਾ ਹਿੱਸਾ ‘ਸਟਰ’ ਬੋਲਣ ਤੇ ਸੁਣਨ ਵਾਲੇ ‘ਤੇ ਮਨੋਵਿਗਿਆਨਕ ਅਸਰ ਪਾਉਂਦਾ ਹੈ, ਹਰ ਗੈਂਗਸਟਰ, ਯੰਗਸਟਰ ਤਾਂ ਹੁੰਦਾ ਹੈ। ਇਹ ਸਭ ਕੁਦਰਤੀ ਵਰਤਾਰਾ ਹੁੰਦਾ ਹੈ। ਮੁੰਡੇ ਤੇ ਅਜੋਕੇ ਗੈਂਗਸਟਰ ਜੇ ਇਹ ਸਮਝਦੇ ਹਨ ਕਿ ਇਹ ਅੱਥਰੀ ਜਵਾਨੀ, ਜਿਹੋ-ਜਿਹੀ ਉਨ੍ਹਾਂ ਨੂੰ ਚੜ੍ਹੀ ਹੈ, ਹੋਰ ਕਿਸੇ ਨੂੰ ਚੜ੍ਹੀ ਹੀ ਨਹੀਂ (ਸੀ) ਤਾਂ ਇਹ ਸਿਰਫ਼ ਮਡੀਰ ਦੀ ਖ਼ਾਮ ਖ਼ਿਆਲੀ ਹੈ, ਇਹ ਅੱਥਰੀ ਜਵਾਨੀ ਸਾਰਿਆਂ ਨੂੰ ਇਸੇ ਤਰ੍ਹਾਂ ਈ ਚੜ੍ਹਦੀ ਹੈ, ਇਹਦਾ ਮਿੱਠਾ ਮਿੱਠਾ ਸਰੂਰ… ਸਾਰਿਆਂ ਲਈ ਇਕੋ ਜਿਹਾ ਈ ਹੁੰਦੈ, ਬੱਸ ਫ਼ਰਕ ਸਿਰਫ ਏਨਾ ਕਿ ਕੋਈ ਝੱਲ ਜਾਂਦੈ ਤੇ ਕੋਈ ਫਿਸਲ ਜਾਂਦੈ। ਮੈਨੂੰ ਗਵੰਤਰੀ ਲਿਖਣਤਰੀ ਗੁਰਦਾਸ ਮਾਨ ਦੇ ਗੀਤ ਦੀਆਂ ਕੁਝ ਤੁਕਾਂ ਚੇਤੇ ਆਉਂਦੀਆਂ ਨੇ ;

‘ਵਾਹ ਨੀ ਜਵਾਨੀਏ, ਤੇਰਾ ਵੀ ਜਵਾਬ ਨਈਂ…
… ਦੱਸ ਕਿਹੜਾ ਬੰਦਾ ਜਿਹੜਾ ਕੀਤਾ ਤੂੰ ਖ਼ਰਾਬ ਨਈਂ, ਨੀਂ ਵਾਹ ਨੀਂ..!”

ਇਹ ‘ਗੈਂਗਸਟਰ’ ਕੋਈ ਲੋਕ-ਨਾਇਕ ਨਹੀਂ ਹਨ, ਹਾਂ, ਏਨਾ ਜ਼ਰੂਰ ਹੈ ਕਿ ਜਦੋਂ ਮਸਾਲਾ ਫਿਲਮਾਂ ਬਣਾਉਣ ਵਾਲੇ ਸ਼ਰਾਰਤੀ ਇਹੋ ਜਿਹੇ ਕਿਸੇ ‘ਹੀਰੋ’ ਨੂੰ ਧੁਰੇ ਵਿਚ ਰੱਖ ਕੇ ਕੋਈ ਫਿਲਮ ਬਣਾਉਣਦੇ ਨੇ ਤਾਂ ਇਹ ਮਜ਼ੇ ਵਾਲਾ ਵਿਸ਼ਾ ਹੁੰਦਾ ਹੈ। ਪਿੱਛੇ ਜਿਹੇ ਕੰਗਨਾ ਰਨੋਤ ਤੇ ਅਜੈ ਦਿਓਗਣ ਦੀ ਫਿਲਮ ਵੀ ਦੁਨੀਆ-ਏ-ਜੁਰਮ ਦੇ ‘ਸੁਲਤਾਨ’ ‘ਤੇ ਕੇਂਦਰਤ ਸੀ। ਇਹ ਸਭ ਪਰਦੇ ‘ਤੇ ਦੇਖਣ ਵੇਲੇ ਬਹੁਤ ਚੰਗਾ ਲੱਗਦਾ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਆਪਣੇ ਪਿੰਡੇ ‘ਤੇ ਮਾਰ ਪੈਂਦੀ ਹੈ ਜਾਂ ਥਰਡ ਡਿਗਰੀ ਟ੍ਰੀਟਮੈਂਟ ਕੀਤਾ ਜਾਂਦਾ ਹੈ ਤਾਂ ਝੱਲਣ ਲਈ ਹਰ ਕਿਸੇ ਕੋਲ ਜਿਗਰਾ ਨਹੀਂ ਹੁੰਦਾ।

*ਇਨਸਾਨ ਤੇ ਜੰਗਲ ਵਾਸ ਦਾ ਇਤਿਹਾਸ*
ਮਸਲੇ ਦੀ ਜੜ੍ਹ ਇਹ ਹੈ ਕਿ ਅਸੀਂ ਸਾਰੇ ਉਨ੍ਹਾਂ ਵਣ ਮਾਨਸਾਂ ਦੇ ਵਾਰਿਸ ਹਾਂ, ਜਿਹੜਾ ਡਰੇ ਡਰੇ ਰਹਿੰਦੇ ਸਨ ਤੇ ਜੰਗਲਾਂ/ਪਹਾੜਾਂ ਦੀਆਂ ਕੁੰਦਰਾਂ ਵਿਚ, ਆਪਣੇ ਨੁਕੀਲੇ ਤਿੱਖੇ ਨਹੁੰਆਂ ਤੇ ਪੰਜਿਆਂ ਨਾਲ ਪੁੱਟੀਆਂ ਗੁਫ਼ਾਵਾਂ ਵਿਚ (ਮਜਬੂਰਨ) ਰਹਿੰਦੇ ਸਾਂ। ਆਓ ਇਹ ਵਰਤਾਰਾ ਆਪਣੇ ਮਨ-ਮਸਤਕ ਵਿਚ ਉਭਾਰਦੇ ਹਾਂ ਕਿ ਜਦੋਂ ਸਾਰਾ ਦਿਨ, ਖਾਣ ਪੀਣ ਦੇ ਸਾਮਾਨ ਦੀ ਭਾਲ ਵਿਚ ਧੱਕੇ ਖਾਣ ਵਾਲੇ ਵਣ-ਮਾਨਸ ਰਾਤ ਨੂੰ ਸੁਹਾਣੀ ਨੀਂਦ ਲੈਣ ਲਈ ਜਤਨ ਕਰਦੇ ਰਹਿੰਦੇ ਸਨ। ਉਨ੍ਹਾਂ ਨੂੰ ਖ਼ੂੰਖਾਰ ਜੰਗਲੀ ਜਾਨਵਰਾਂ ਤੇ ਕੁਦਰਤੀ ਸ਼ਕਤੀਆਂ ਤੋਂ ਡਰ ਲੱਗਦਾ ਹੁੰਦਾ ਸੀ। ਉਦੋਂ ਨੀਂਦ ਲੈਣ ਲੱਗਿਆਂ ਵੀ (ਇਕ) ਰਾਖਾ, ਗੁਫ਼ਾ ਦੇ ਬਾਹਰ ਬਿਠਾਉਣਾ ਪੈਂਦਾ ਸੀ, ਵਜ੍ਹਾ ਇਹ ਸੀ ਕਿ ਹਰ ਪਾਸਿਓਂ ਜ਼ਿੰਦਗੀ ਖ਼ਤਰੇ ਵਿਚ ਰਹਿੰਦੀ ਸੀ।

ਫੇਰ, ਉਹ ਦੌਰ ਆਇਆ ਜਦੋਂ ਅੱਗ ਬਾਲਣ ਦੀ ਜਾਚ ਆ ਗਈ ਤਾਂ ਵਾਰੇ-ਨਿਆਰੇ ਹੋ ਗਏ, ਉਨ੍ਹਾਂ ਦੇ ਓਸ ਯੁੱਗ ਵਿਚ ਇਨਕਲਾਬੀ ਤਬਦੀਲੀ ਆ ਗਈ, ਅੰਦਰੂਨੀ ਸੂਝ ਨੇ ਸਿਆਣਪ ਦਾ 1 ਕਦਮ ਹੋਰ ਅੱਗੇ ਵਧਾ ਦਿੱਤਾ, ਜਿਨ੍ਹਾਂ ਖ਼ੂੰਖਾਰ ਪਸ਼ੂਆਂ ਤੋਂ ਵਣ-ਮਾਨਸ ਡਰਦਾ ਹੁੰਦਾ ਸੀ, ਜਿਨ੍ਹਾਂ ਨੂੰ ਖ਼ਾਸ ਸ਼ਕਤੀਆਂ ਦੇ ਭੇਜੇ ਮੰਨ ਕੇ ਜ਼ਮੀਨ ‘ਤੇ ਉਨ੍ਹਾਂ ਦੇ ਚਿੱਤਰ ਵਾਹੁੰਦਾ ਸੀ, ਜਿਨ੍ਹਾਂ ਦੀ ਪੂਜਾ ਲਈ ਅਨੇਕ ਓਹੜ੍ਹ ਪੋਹੜ੍ਹ ਕਰਦਾ ਹੁੰਦਾ ਸੀ, ਉਨ੍ਹਾਂ ਆਫ਼ਤਾਂ ਤੋਂ ਬਚਾਅ ਕਰਨ ਦਾ ਹੁਨਰ ‘ਅੱਗ’ ਨੇ ਬਖਸ਼ ਦਿੱਤਾ। ਇਸੇ ਕਰ ਕੇ ਅੱਗ ਵੀ #ਦੇਵ ਮੰਡਲ# ਵਿਚ ਸ਼ੁਮਾਰ ਕਰ ਲਈ।

ਅੱਗ ਦੀ ਖੋਜ ਮਗਰੋਂ ਵਣ-ਮਾਨਸ ਨੂੰ ਟਿਕਾਣੇ ਬਦਲ-ਬਦਲ ਕੇ ਰਹਿਣ ਦੀ ਖ਼ਾਸੀ ਲੋੜ ਨਹੀਂ ਰਹੀ, ਉਨ੍ਹਾਂ ਵਣ ਮਾਨਸਾਂ ਨੇ ਅੱਗ ਦੀ ਤਾਕਤ ਹੱਥ ਆਉਣ ਮਗਰੋਂ ਸਿਰਫ਼ ਉਦੋਂ ਹੀ ਟਿਕਾਣੇ ਬਦਲੇ, ਜਦੋਂ ਪਾਣੀਆਂ ਨੇ ਆਪਣੀ ਤੋਰ ਬਦਲ ਲਈ ਜਾਂ ਦਰਿਆਵਾਂ ਦੀਆਂ ਸੇਧਾਂ ਬਦਲ ਗਈਆਂ। ਇਸੇ ਕਰ ਕੇ ਤਾਂ ਨਦੀਆਂ-ਦਰਿਆਵਾਂ ਲਾਗੇ ਸੱਭਿਅਤਾਵਾਂ ਪੁੰਗਰੀਆਂ ਸਨ। ਇਸ ਤਰ੍ਹਾਂ #ਟੈਬੂ (ਪਰਹੇਜ਼ਗ਼ਾਰੀਆਂ) ਦੀ ਤਰਤੀਬ ਬੰਨ੍ਹੀ ਗਈ ਤਾਂ ਕਿਤੇ ਜਾ ਕੇ ਕਬੀਲੇ ਟਿਕੇ। ਖ਼ੂੰਖਾਰ ਕਬੀਲਿਆਂ ਨੇ ਜਦੋਂ ਬਹੁਤ ਸਾਰੇ ‘ਦੁਸ਼ਮਣ’ ਮਾਰ-ਮੁਕਾਏ ਤਾਂ ਉਨ੍ਹਾਂ ਕਬਾਈਲਿਆਂ ਨੇ ਮਹਿਸੂਸ ਕੀਤਾ ਕਿ ਏਦਾਂ ਤਾਂ ਆਪਾਂ ਸਾਰੇ ਮਾਰੇ ਜਾਵਾਂਗੇ, ਉਦੋਂ ਉਨ੍ਹਾਂ ਨੇ ਆਪਸ ਵਿਚ ਰਿਸ਼ਤੇ ਕਰਨ ਦੀ ਵਿਉਂਤ ਬਣਾਈ ਤਾਂ ਜੋ ਕੁਲਾਂ ਦਾ ਨਾਸ ਨਾ ਹੋਵੇ ਸਗੋਂ ਬੰਦਾ ‘ਕੁਲਵੰਤ’ ਹੋਵੇ ਤੇ ਬਲਸ਼ਾਲੀ ‘ਬਲਵੰਤ’ ਬੰਦੇ ਭੰਗ ਦੇ ਭਾਅ ਨਾ ਰੁੜ ਜਾਣ।

ਹੁਣ, ਅਸੀਂ, ਜਦੋਂ, ਵਿਆਹੁਣ ਜਾਂਦੇ ਹਾਂ ਤਾਂ ਹੱਥਾਂ ਵਿਚ ਕਿਰਪਾਨ ਵਗੈਰਾ ਹੁੰਦੀ ਹੈ, ਇਹ ਸਭ ਹੁਣ ਭਾਵੇਂ ਰਸਮਾਂ ਨੇ ਉਦੋਂ ਇਹ ਜ਼ਰੂਰਤ ਸਨ, ਉਦੋਂ ਵਿਆਹ ਦਾ ਮਤਲਬ ਇਹੀ ਸੀ ਕਿ ਕਿਹੜਾ ਕਿੰਨਾ ਜ਼ੋਰਦਾਰ ਹੈ? ਇਹ ਪਰਖਣ ਲਈ ਉਸ ਨੂੰ ਮਨਪਸੰਦ ਨਾਰ ਚੁੱਕ ਕੇ ਲਿਆਉਣੀ ਪੈਂਦੀ ਸੀ, ਜਿਹੜਾ ਮਾਰਿਆ ਜਾਂਦਾ ਸੀ ਤੇ ਜਿਹੜਾ ਮੁਹਿੰਮ ਸਰਅੰਜਾਮ ਦੇ ਦਿੰਦਾ ਸੀ, ਉਹਦੇ ਨਾਲ ਆਏ ਬਰਾਤੀਆਂ ਨੂੰ ਮੁੰਦਰੀਆਂ, ਛਾਪਾਂ-ਛੱਲੇ ਪੈਂਦੇ ਸਨ। ਹੁਣ ਦੇ ਵਿਆਹ ਵੇਖ ਲਓ, ਸਭ ਕੁਝ ਉਸੇ ਵਰਤਾਰੇ ਦੀ ਨਕਲ ਹੈ। … ਭਾਵੇਂ ਉਹ ਦੌਰ ਨਹੀਂ ਰਿਹਾ ਪਰ ਉਸ ਦੌਰ ਦੀਆਂ ਕੁਝ ਬੇਵਕੂਫ਼ੀਆਂ ਅਸੀਂ ਹਾਲੇ ਤਕ ਚੁੱਕੀ ਫਿਰਦੇ ਹਾਂ, ਅਸੀਂ ਬਿਨਾਂ ਗੱਲੋਂ ਡਰੇ ਰਹਿੰਦੇ ਹਾਂ ਤੇ ਬਿਨਾਂ ਗੱਲੋਂ ਨਿਰਾਸ਼ੇ ਰਹਿੰਦੇ ਹਾਂ। ਕਲਪਨਾ ਕਰੋ, ਉਸ ਵੇਲੇ ਦੀ, ਜਦੋਂ ਕੁਲ ਮਨੁੱਖਤਾ ਦੇ ਵਡੇਰੇ ਜੰਗਲ-ਬੇਲੇ ਰਹਿੰਦੇ ਸੀ ਤੇ ਕੁਦਰਤੀ ਤਾਕਤਾਂ ਤੋਂ ਤ੍ਰਹਿੰਦੇ ਸਨ। ਉਦੋਂ ਕਿਸੇ ਨੂੰ ਇਹ ਨਹੀਂ ਸੀ ਪਤਾ ਹੁੰਦਾ, ਕਿਸੇ ਦਾ ਬਾਪ ਕੌਣ ਹੈ? ਪਤਾ ਨਹੀਂ!!

ਹਾਂ, ਮਾਂ ਬਾਰੇ ਜ਼ਰੂਰ ਪਤਾ ਹੁੰਦਾ ਸੀ। ਫੇਰ, ਕਬੀਲੇ ਤੇ ਬਹੁ-ਵਿਆਹ ਹੋਂਦ ਵਿਚ ਆਏ… ਫੇਰ ਇਕ-ਵਿਆਹ ਦਾ ਵਿਚਾਰ ਜ਼ੋਰ ਫੜਣ ਲੱਗਾ। ਇਹ ਹੈ ਸਾਡਾ ਅਸਲ ਇਤਿਹਾਸ, ਜਿਹਦੇ ਥਾਣੀਂ ਲੰਘ ਕੇ ਅਸੀਂ ਅੱਜ ਵਿਕਸਤ ਹੋਏ ਹਾਂ। ਅਸੀਂ ‘ਸੱਭਿਅਤ’ ਅਖਵਾਉਂਦੇ ਹਾਂ… ਪਰ ਅਫ਼ਸੋਸ ਕਿ ਗੈਂਗਸਟਰਾਂ ਦੇ ਵੱਡੇ ਤੋਂ ਵੱਡੇ ਸਰਗਣੇ ਨੂੰ ਇਸ ਸੱਚ ਦੀ ਭਿਣਕ ਨਹੀਂ। ਗੈਂਗਸਟਰਾਂ ਦੇ ਮੋਹਰੀ ਵੀ ਇਸ ‘ਸੁਪਰਸਟ੍ਰੱਕਚਰ’ ਨੂੰ ਸੱਚ ਮੰਨੀ ਬੈਠੇ ਹਨ, ਜਿਹੜਾ ਸਰਕਾਰ (ਸਟੇਟ), ਲਾਲਫ਼ੀਤਾਸ਼ਾਹੀ, ਦਲਾਲਾਂ, ਸੂਹੀਆ ਏਜੰਸੀਆਂ, ਛੈਣੇ ਢੋਲਕੀਆਂ ਖੜਕਾਉਣ ਤੇ ਵਾਜੇ ਵਜਾਉਣ ਵਾਲੇ ਧਾਰਮਿਕ ਪੁਰੋਹਿਤਾਂ ਨੇ ਇਹ ਸਮਾਜਕ ਡਰਾਮਾ ਹੋਂਦ ਵਿਚ ਲਿਆਂਦਾ ਹੈ, ਹਾਲੇ ਤਕ ਉਸੇ ਵਣ-ਮਾਨਸ ਦਾ ਡੀ.ਐੱਨ.ਏ. ਤੇ ਜੀਨਜ਼ ਸਾਡੇ ਅੰਦਰ ਗਸ਼ਤ ਕਰ ਰਿਹੈ। ਡੀ.ਐੱਨ.ਏ. ਸਾਇੰਸ ਤੇ ਜੀਨਜ਼ ਬਾਰੇ ਖ਼ੁਦ ਮੈਨੂੰ ਸੀਮਤ ਜਾਣਕਾਰੀ ਹੈ ਤੇ ਇਹ ਜਾਣਕਾਰੀ ਗੁਮਰਾਹਕੁੰਨ ਕਾਕਿਆਂ ਕੋਲ ਬਿਲਕੁਲ ਨਹੀਂ ਹੋਵੇਗੀ।

ਵਿਗਿਆਨ ਨੂੰ ਆਪਣਾ ਅਕੀਦਾ ਮੰਨਣ ਵਾਲੇ ਦੱਸਦੇ ਹਨ ਕਿ ਮਨੁੱਖ ਮਸਾਂ 10 ਜਾਂ 15 % ਹਨ, ਬਾਕੀ ਸਾਰਾ ਕੁਝ ਲਾਈਲੱਗਪੁਣੇ ਨਾਲ ਚੱਲਿਆ ਤੁਰਿਆ ਆਉਂਦਾ ਹੈ। ਅੱਜ ਵੀ ਮਨੁੱਖ ਆਪਣੇ ਆਪ ਨੂੰ ਆਪਣੇ ਵਰਗ, ਆਪਣੇ ਮੁਲਕ, ਆਪਣੇ ਖਿੱਤੇ, ਆਪਣੇ ‘ਖ਼ੂਨ’ ਨਾਲ ਜੋੜ ਕੇ ਸੋਚਦਾ ਤੇ ਪੇਸ਼ ਕਰਦਾ ਹੈ, ਵਣ-ਮਾਨਸ, ਜਿਹੜਾ ਹਜ਼ਾਰਾਂ ਸਾਲ ਪਹਿਲਾਂ ਜੰਗਲ-ਵਾਸ ਦੌਰਾਨ ਹਰ ਵੇਲੇ ਸੰਸਿਆਂ, ਭੈਆਂ ਤੇ ਕੁਦਰਤੀ ਆਫ਼ਤਾਂ ਵਿਚ ਘਿਰਿਆ ਰਹਿੰਦਾ ਸੀ, ਉਸ ਨੂੰ ਪਈਆਂ ਆਦਤਾਂ ਦਾ ਖਮਿਆਜਾ ਅਸੀਂ ਭੁਗਤ ਰਹੇ ਹਾਂ। ਇਹ ‘ਵਿਰਾਸਤ’ ਸਾਨੂੰ ਖ਼ੂਨ ਦੇ ਸੰਚਾਰ ਜ਼ਰੀਏ ਹਾਸਿਲ ਹੁੰਦੀ ਹੈ।

ਜੇ ਗੱਲ ਗਾਇਕੀ ਦੀ ਕਰੀਏ ਤਾਂ ਸਾਰੇ ਨਹੀਂ ਪਰ ਬਹੁਤ ਸਾਰੇ ਗਵੰਤਰੀ ਜੋ ਵੀ ਗਾਉਂਦੇ ਹਨ, ਉਹ ਗੁਮਰਾਹਕੁੰਨ ਹੈ। ਬਿਨਾਂ ਸ਼ੱਕ ਜਦੋਂ ਅੱਲ੍ਹੜ ਮੁੰਡੇ ਇਹੋ ਜਿਹੇ ਗਾਣੇ ਸੁਣਦੇ ਹੋਣਗੇ ‘#ਕੋਈ ਬੰਦਾ ਬੁੰਦਾ ਮਾਰਨਾ ਹੋਇਆ ਤਾਂ ਦੱਸੀ…’ ਜਾਂ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ..’ ਤਾਂ ਸੁਣਨ ਵਾਲੇ ਚੋਬਰ ਨੂੰ ਇੰਜ ਲੱਗਦਾ ਹੋਣਾ ਕਿ ਸ਼ਾਇਦ ਇਹੀ ‘ਸੱਭਿਆਚਾਰ’ ਹੁੰਦਾ ਹੈ, ਇੱਥੋਂ ਹੀ ਕਿਸੇ ਮੁੰਡੇ ਦੀ ਤਿਲਕਣਬਾਜ਼ੀ ਸ਼ੁਰੂ ਹੁੰਦੀ ਹੈ। ਪੈਸੇ ਦੇ ਲਾਲਚੀ ਗਵੰਤਰੀ, ਸੱਭਿਆਚਾਰ ਦੇ ਸੇਵਕ ਹੋਣ ਦੀ ਦੁਹਾਈ ਪਾ ਕੇ ਉਹ ਕੁਝ ਗਾ ਚੁੱਕੇ ਹਨ ਕਿ ਜੇ ਕੋਈ ਇਹ ਸੋਚ ਲਵੇ ਕਿ ਇੰਨਾ ਦੀਆਂ ਸੀਡੀਜ਼, ਐਲਬਮਾਂ ਲੱਭ ਕੇ ਅੱਗ ਨਾਲ ਲੂਹ ਦਈਏ ਤਦ ਵੀ ਇਹ ਯਤਨ ਕਾਮਯਾਬ ਨਹੀਂ ਹੋ ਸਕਣੇ ਕਿਉਂਕਿ ਮੰਡੀ ਵਿਚ ਗੰਦ ਬਹੁਤ ਫੈਲ ਚੁੱਕਾ ਹੈ, ਸਾਡੀ ਤ੍ਰਾਸਦੀ ਹੈ ਕਿ ਫਿਲਮਾਂ ਉੱਤੇ ਤਾਂ ਸੈਂਸਰ ਬੋਰਡ ਹੈ ਪਰ ਪੰਜਾਬੀ ਗਾਇਕਾਂ ਤੇ ਲੰਡਰ ਬਿਰਤੀ ਵਾਲੇ ਗੀਤਕਾਰਾਂ (ਸਾਰੇ ਨਹੀਂ, ਜਿਹੜੇ ਇਹੋ ਜਿਹੇ ਹਨ, ਸੰਦਰਭ ਉਨ੍ਹਾਂ ਦਾ ਹੈ) ਉੱਤੇ ਕੋਈ ਰੋਕ ਨਹੀਂ। ਗਾਇਕ ਤੋਂ ਨਾਇਕ ਬਣੇ ਅਖੌਤੀ ਕਲਾਕਾਰ, ਵਿੱਦਿਅਕ ਅਦਾਰਿਆਂ ਵਿਚ ‘ਪ੍ਰਮੋਸ਼ਨ’ ਲਈ ਆ ਜਾਂਦੇ ਹਨ। ਹੁਣ, ਨਵੀਂ ਪੀੜ੍ਹੀ ਹਰ ਪਾਸਿਓਂ ਇਹੀ ਅਸਰ ਲੈਂਦੀ ਹੈ ਕਿ ਸੱਭਿਆਚਾਰ ਇਹੀ ਹੁੰਦਾ ਹੈ।

ਕਿੰਨੀ ਤ੍ਰਾਸਦੀ ਦੀ ਗੱਲ ਹੈ ਕਿ ਊਰਜਾਵਾਨ ਮੁੰਡੇ, ਜਿਹੜੇ ਜੀਵਨ ਦਾ ਟੀਚਾ ਪਛਾਣ ਕੇ ਮੰਜ਼ਿਲ ਨੂੰ ਹਾਸਿਲ ਕਰ ਸਕਦੇ ਸੀ, ਉਹ ਬਰਬਾਦੀਆਂ ਦੇ ਰਾਹ ਪਾ ਦਿੱਤੇ ਗਏ ਹਨ। ਗੈਂਗਸਟਰ ਕਾਕਿਓ, ਆਪਾ-ਪੜਚੋਲ ਜ਼ਰੂਰ ਕਰਿਓ ਕਿ ਤੁਹਾਨੂੰ ਇਹੋ ਜਿਹੀ ਕਿਹੜੀ ਸਮਝ ਆ ਗਈ ਹੈ ਕਿ ਤੁਸੀਂ ਸਟੇਟ ਤੇ ਪੁਲਿਸ ਨਾਲ ਆਢਾ ਲਾਉਣ ਨੂੰ ‘ਜੀਵਨ ਨੀਤੀ’ ਮਿੱਥ ਲਿਐ। ਮੈਂ ਤਾਂ ਗਿਣਾਅ ਚੁੱਕਾ ਹਾਂ ਕਿ ਘਟੀਆ ਬਾਲੀਵੁੱਡ ਫਿਲਮਾਂ, ਵਾਹਯਾਤ ਪੰਜਾਬੀ ਗਾਇਕੀ ਤੇ ਸਰਕਾਰਾਂ ਦੀ ਨਖਿੱਧ ਭੂਮਿਕਾ ਕਾਰਨ ਤੁਸੀਂ ਇਹ ਗ਼ਲਤ ਰਾਹ ਚੁਣਿਆ ਹੈ, ਸੋਚੋ! ਕੀ ਸਿਰਫ ਚਾਰ ਦਿਨਾਂ ਦੀ ਚਕਾਚੌਂਧ ਤੇ ਫੇਰ “ਪੁਲਸ ਮੁਕਾਬਲੇ” ਵਿਚ ਮਾਰੇ ਜਾਣਾ ਹੀ ਤੁਹਾਡੀ ਹੋਣੀ ਸੀ? ਕੀ ਕਿਸੇ ਜਵਾਨ ਮੁੰਡੇ ਦੇ ਮਾਪੇ ਉਸ ਨੂੰ ਏਸ ਕਰ ਕੇ ਜੰਮਦੇ ਤੇ ਵੱਡਾ ਕਰਦੇ ਨੇ ਕਿ ਮੁੰਡਾ ਮੁੜ ਕੇ ਸਰਕਾਰ ਦੇ ਸੇਵਕਾਂ ਹੱਥੋਂ ਮਾਰਿਆ ਜਾਵੇ? ਸੋਚੋ! ਕੌਣ ਨੇ ਉਹ ਘਾਗ ਸਿਆਸੀ ਬੰਦੇ ਜਿਹੜੇ ਇਹ ਕੁ-ਚੱਕਰ ਸਿਰਜਦੇ ਹਨ, ਉਹ ਆਪਣੀ ਚਮੜੀ ਤਾਂ ਸੁਰੱਖਿਅਤ ਰੱਖਦੇ ਹਨ ਪਰ ਲੋਕਾਂ ਦੇ ਪੁੱਤਰ ਮਰਵਾ ਕੇ ਮੁੜ ਕੇ ਭੋਗਾਂ ‘ਤੇ ਭਾਸ਼ਣ ਝਾੜਣ ਆ ਜਾਂਦੇ ਹਨ। ਗੈਂਗਸਟਰਾਂ ਨਾਲੋਂ ਵੱਡੇ ਘਾਗ ਅਪਰਾਧੀ ਵੀ ਇਸ ਦੁਨੀਆਂ ਵਿਚ ਬੈਠੇ ਹਨ।

ਸੋਚੋ ਤਾਂ ਸਹੀ! ਕਿੰਨੀ ਜ਼ਾਲਿਮ ਹੈ ਇਹ ਦੁਨੀਆਂ। ਇਕ ਦੇਸ ਤੋਂ ਦੂਜੇ ਦੇਸ ਜਾਣ ਲਈ ਵੀਜ਼ਾ ਲੁਆਉਣਾ ਪੈਂਦਾ ਹੈ, ਵੀਜ਼ਾ ਹਾਸਿਲ ਕਰਨ ਲਈ ਬਹੁਤ ਜੱਦੋਜਹਿਦ ਕਰਨੀ ਪੈਂਦੀ ਹੈ। ਜਦੋਂ ਇਹ ਧਰਤੀ ਇਕ ਹੈ, ਗਲੋਬ ਇਕ ਹੈ, ਕਿਤੇ ਵੀ ਕੋਈ ਹੱਦ ਜਾਂ ਸਰਹੱਦ ਕੁਦਰਤ ਨੇ ਨਹੀਂ ਬਣਾਈ ਤਾਂ ਦੇਸ਼ਾਂ/ਰਾਸ਼ਟਰਾਂ ਦੇ ਮੁਖੀਆਂ ਨੂੰ ਇਹ ਹੱਕ ਅਸੀਂ ਕਿਉਂ ਦਿੱਤਾ ਹੈ ਕਿ ਅਸੀਂ ਆਪਣੇ ਵਰਗੇ ਮਨੁੱਖਾਂ ਨੂੰ ਮਿਲ ਨਹੀਂ ਸਕਦੇ, ਉਨ੍ਹਾਂ ਦੇ ਮੁਲਕਾਂ ਵਿਚ ਨਹੀਂ ਜਾ ਸਕਦੇ। ਹੋਰ ਤਾਂ ਹੋਰ, ਗੁਆਂਢੀ ਮੁਲਕ ਜਾਣ ਲਈ ਸੌ ਰੱਫੜ ਕਰਨੇ ਪੈਣਗੇ। ਹਰ ਮੁਲਕ ਦੀ ਅੰਦਰੂਨੀ ਸਰਮਾਏਦਾਰੀ ਨੇ ਪੁਲਿਸ ਤੇ ਸਟੇਟ ਦੀਆਂ ਹੋਰਨਾਂ ਤਾਕਤਾਂ ਨੂੰ ਕੱਠਪੁਤਲੀ ਵਾਂਗ ਨਚਾਇਆ ਹੋਇਆ ਹੈ, ਹਰ ਪਾਸੇ # ਜਾਤ-ਗੋਤ ਅਧਾਰਤ ਨਫ਼ਰਤ ਹੈ, ਵਰਗ ਅਧਾਰਤ ਮੁਕਾਬਲੇ ਹਨ, ਵਣ-ਮਾਨਸਾਂ ਦੇ ਜ਼ਮਾਨੇ ਤੋਂ ਤੁਰੇ ਆਉਂਦੇ ਵਹਿਮ ਹਨ,

ਇਕ ਦੇਸ ਦੀ ਸਰਮਾਏਦਾਰੀ ਆਪਣੀ ਜਨਤਾ ਨੂੰ ਦੂਜੇ ਦੇਸ ਦੇ ਆਮ ਲੋਕਾਂ ਨਾਲ ਨਫ਼ਰਤ ਕਰਨਾ ਸਿਖਾਉਂਦੀ ਹੈ, ਇਹ ਸਾਰੇ ਉਹ ਖੇਤਰ ਹਨ, ਜਿਨ੍ਹਾਂ ਵਿਚ ਕੁੱਦ ਕੇ ਅਸੀਂ ਚੰਗਾ ਕੰਮ ਕਰ ਸਕਦੇ ਹੁੰਦੇ ਹਾਂ। ਅਮਨ-ਕਾਨੂੰਨ ਬਹਾਲ ਰੱਖਣ ਦੇ ਨਾਂਅ ‘ਤੇ ਸਰਕਾਰਾਂ ਕੀ ਨਹੀਂ ਕਰਦੀਆਂ? ਅਮਨ-ਅਮਾਨ ਬਹਾਲ ਰੱਖਣ ਦੇ ਨਾਂਅ ‘ਤੇ ਕਿੰਨੀਆਂ ਨਾ-ਵਾਜਿਬ ਜੰਗਾਂ ਮਾਸੂਮਾਂ ‘ਤੇ ਥੋਪ ਦਿੱਤੀਆਂ ਗਈਆਂ ਹਨ। ਇਹ ਮਜ਼ਲੂਮ ਰੋਹਿੰਗਿਆ ਮੁਸਲਮਾਨ ਕੌਣ ਹਨ? ਇਰਾਕੀ ਜਾਂ ਇਰਾਨੀ ਜਨਤਾ ਦਾ ਘਾਣ ਕੌਣ ਕਰ ਰਿਹੈ? ਸਰੱਹਦਾਂ ‘ਤੇ ਇਕ-ਦੂਜੇ ਦੇਸ ਦੇ ਸੈਨਿਕ ਦੀ ਗੋਲੀ ਖਾਣ ਵਾਲੇ ਗ਼ਰੀਬ ਫ਼ੌਜੀ ਕਿਸੇ ਮਾਂ ਦੇ ਪੁੱਤ ਨਹੀਂ ਹੁੰਦੇ? ਕਿਉਂ ਹਥਿਆਰਾਂ ਦੇ ਦਲਾਲ ਤੇ ਹਥਿਆਰਾਂ ਦੇ ਕਾਰਖ਼ਾਨੇਦਾਰ ਦੁਨੀਆਂ ਨੂੰ ਰਾਸ਼ਟਰਾਂ/ਕੌਮਾਂ ਦੇ ਨਾਂਅ ‘ਤੇ ਲੜਾ ਕੇ ਰੱਖਦੇ ਹਨ? ਕਿਉਂ ਇਹ ਜ਼ੁਲਮ ਲਗਾਤਾਰ ਹੁੰਦਾ ਹੈ।

ਗੈਂਗਸਟਰ ਕਾਕੇ ਹੀ ਕਿਉਂ, ਹਰ ਬੰਦੇ ਨੂੰ ਇਹ ਸੋਚਣਾ ਪਵੇਗਾ ਕਿ ਸੰਸਾਰ ਦੀ ਕੁਲ ਦੌਲਤ 8 ਜਾਂ 10 ਫ਼ੀਸਦ ਬੰਦਿਆਂ ਕੋਲ ਹੈ ਤੇ ਕੁਲ ਦੁਨੀਆਂ 90 ਫ਼ੀਸਦ ਅਬਾਦੀ ਇਨ੍ਹਾਂ ਦੀ ਸੇਵਕਾਈ ਕਰਦੀ ਹੈ। ਬਦਲੇ ਵਿਚ ਮਿਲਦਾ ਕੀ ਹੈ!!! ਸਰਕਾਰੀ ਹਸਪਤਾਲਾਂ ਵਿਚ ਚਲੇ ਜਾਓ, ਇਨਸਾਨਾਂ ਦੀ ਬੇਕਦਰਦੀ ਕੀਤੀ ਜਾਂਦੀ ਹੈ। ਛੋਟੇ-ਛੋਟੇ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਨੂੰ ਵੱਢ-ਟੁੱਕ ਕੇ ਅੰਗ ਵੇਚੇ ਜਾਂਦੇ ਹਨ, ਮਨੁੱਖੀ ਅੰਗਾਂ ਦੀ ਸਮੱਗਲਿੰਗ ਆਮ ਵਰਤਾਰਾ ਹੈ। ਇਹ ਉਹ ਬੁਰਾਈਆਂ ਹਨ, ਜਿਨ੍ਹਾਂ ਵਿਰੁੱਧ # ਜਿਹਾਦ ਕਰਨ ਦੀ ਜ਼ਰੂਰਤ ਹੈ, ਜਿਨ੍ਹਾਂ ਵਿਰੁੱਧ ਧਰਮ ਯੁੱਧ ਛੇੜਣ ਦੀ ਲੋੜ ਹੈ। ਜਦਕਿ ਸਾਡੀਆਂ ਸਰਕਾਰਾਂ, ਸਾਡੇ ਅਖੌਤੀ ਰਹਿਬਰ ਸਾਨੂੰ ਇਹ ਸਭ ਕੁਝ ਨਹੀਂ ਸਮਝਣ ਦਿੰਦੇ। ਸਾਨੂੰ ਗੁਆਂਢੀ ਮੁਲਕ ਦੇ ਲੋਕਾਂ ਨਾਲ, ਉਨ੍ਹਾਂ ਦੇ “ਧਰਮ” ਵਿਰੁੱਧ ਭੜਕਾਇਆ ਜਾਂਦਾ ਹੈ ਤਾਂ ਜੋ ਹਰ ਪਾਸੇ ਬਦਅਮਨੀ ਤੇ ਭੈਅ ਦਾ ਮਾਹੌਲ ਬਣਿਆ ਰਹੇ ਤੇ ਇਸੇ ਮਾਹੌਲ ਨੂੰ ‘ਅਮਨ-ਕਾਨੂੰਨ’ ਦਾ ਵਾਸਤਾ ਦੇ ਕੇ ਬਰਕਰਾਰ ਰੱਖਿਆ ਜਾਵੇ। ਇਹ ਸਭ ਸਾਜ਼ਿਸ਼ਾਂ ਸਾਡੇ ਸਮਿਆਂ ਦੀ ਪੈਦਾਵਾਰ ਹਨ। ਗੈਂਗਸਟਰ ਹੀ ਕਿਉਂ ਹਰ ਤਰ੍ਹਾਂ ਦੇ ਗ਼ਰਮਖ਼ੂਨ ਨੂੰ ਇਹ ਪੱਖ ਵਿਚਾਰਨੇ ਚਾਹੀਦੇ ਹਨ।

ਯਾਦਵਿੰਦਰ
919465329617

ਸਰੂਪ ਨਗਰ, ਪਿੰਡ ਰਾਓਵਾਲੀ,

ਪਠਾਣਕੋਟ ਬਾਈਪਾਸ, ਜਲੰਧਰ ਦਿਹਾਤੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia-SL series hits Covid roadblock, stares at cancellation
Next articleਭਗਤ ਬਾਬਾ ਪ੍ਰਕਾਸ਼ ਸਿੰਘ ਜੀ ਦਾ ਸਾਲਾਨਾ ਭੰਡਾਰਾ ਅਤੇ ਮੇਲਾ 12 ਨੂੰ