ਪੜ੍ਹ ਲਿਖ ਕੇ ਵੀ ਅਸੀਂ ਅਨਪੜ੍ਹ ਕਿਉਂ ਰਹਿ ਜਾਂਦੇ ਹਾਂ…

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਮੌਜ਼ੂਦਾ ਯੁੱਗ ਵਿਗਿਆਨ ਦਾ ਯੁੱਗ ਹੈ। ਇਸ ਯੁੱਗ ਵਿੱਚ ਮਨੁੱਖ ਬਹੁਤ ਅੱਗੇ ਵੱਧ ਰਿਹਾ ਹੈ। ਪੜ੍ਹਾਈ ਦਾ ਖੇਤਰ ਵਿਸ਼ਾਲ ਹੋ ਰਿਹਾ ਹੈ। ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ। ਲੋਕ ਨਵੇਂ ਨਵੇਂ ਢੰਗ ਅਪਣਾ ਰਹੇ ਹਨ। ਨਵੀਆਂ ਨਵੀਆਂ ਮਸ਼ੀਨਾਂ ਦੀ ਵਰਤੋਂ ਹੋ ਰਹੀ ਹੈ। ਵਿਸ਼ਵੀਕਰਣ ਹੋ ਗਿਆ ਹੈ। ਸੰਸਾਰ ਇੱਕ ਹੋ ਰਿਹਾ ਹੈ, ਦੂਰੀਆਂ ਘੱਟ ਰਹੀਆਂ ਹਨ।
ਇਸਦੇ ਨਾਲ ਲੋਕਾਂ ਦੀ ਸੋਚ ਵੀ ਵਿਸ਼ਾਲ ਹੋ ਰਹੀ ਹੈ। ਹਰ ਗੱਲ ਦੇ ਪਿੱਛੇ ਤਰਕ ਲੱਭਿਆ ਜਾਣ ਲੱਗਾ ਹੈ। ਪਰ ਸਾਡੇ ਭਾਰਤ ਵਿੱਚ ਹਜ਼ੇ ਵੀ ਲੋਕਾਂ ਦੀ ਸੋਚ ਚੰਗੀ ਤਰ੍ਹਾਂ ਵਿਕਸਿਤ ਨਹੀਂ ਹੋਈ ਹੈ। ਬਹੁਤ ਸਾਰੇ ਲੋਕ ਹਜ਼ੇ ਵੀ ਗ੍ਰਹਿ ਪੁੱਛ ਕੇ ਤੇ ਸ਼ਗਨ- ਅਪਸ਼ਗਨ ਦੇਖ ਕੇ ਕੰਮ ਕਰਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਮੱਥੇ ਟੇਕਣ ਤੇ ਅੰਨ੍ਹੇਵਾਹ ਸਮਾਂ ਖ਼ਰਾਬ ਕਰਦੇ ਹਨ।
ਮੇਰੇ ਕਹਿਣ ਦਾ ਭਾਵ ਇਹ ਨਹੀਂ ਹੈ ਕਿ ਸ਼ਰਧਾ ਨਾ ਰੱਖੋ। ਜਿਸ ਸਰਬ ਉੱਚ ਸ਼ਕਤੀ ਨੇ ਸਾਨੂੰ ਬਣਾਇਆ ਹੈ, ਇਸ ਪੂਰੀ ਕਾਇਨਾਤ ਨੂੰ ਸਿਰਜਿਆ ਹੈ,ਉਸਨੂੰ ਮੰਨਣਾ ਬਹੁਤ ਜ਼ਰੂਰੀ ਹੈ। ਪਰ ਸ਼ਰਧਾ ਤੇ ਅੰਧਸ਼ਰਧਾ ਵਿੱਚ ਫ਼ਰਕ ਹੁੰਦਾ ਹੈ। ਪਰਮਾਤਮਾ ਨੂੰ ਮੰਨਣ ਲਈ ਪੰਖਡ ਦੀ ਜ਼ਰੂਰਤ ਨਹੀਂ ਹੈ। ਅਸੀਂ ਉਸ ਪਰਮਾਤਮਾ ਨੂੰ ਹੀ ਚੜ੍ਹਾਵੇ ਚੜਾਉਂਦੇ ਹਾਂ। ਸੋਚਣ ਵਾਲੀ ਗੱਲ ਹੈ ਕਿ ਜਿਸ ਪਰਮ ਸ਼ਕਤੀ ਨੇ ਐਡੀ ਵੱਡੀ ਸ੍ਰਿਸ਼ਟੀ ਦੀ ਉੱਤਪਤੀ ਕੀਤੀ ਉਹਨੂੰ ਅਸੀਂ ਕੀ ਦੇ ਸਕਦੇ ਹਾਂ? ਕੀ ਉਸਨੇ ਸਾਨੂੰ ਕੁੱਝ ਦੇਣ ਯੋਗ ਬਣਾਇਆ ਹੈ? ਅਸੀਂ ਤਾਂ ਉਸਦੇ ਦਰ ਤੇ ਮੰਗਤੇ ਹਾਂ ਫੇਰ ਪਤਾ ਨਹੀਂ ਕਿਵੇਂ ਅਸੀਂ ਦਾਤੇ ਬਣੀ ਫਿਰਦੇ ਹਾਂ!
ਅਸੀਂ ਪੰਡਤਾਂ ਕੋਲ਼ ਜਾ ਕੇ ਗ੍ਰਹਿ ਪੁੱਛਦੇ ਹਾਂ। ਫ਼ੇਰ ਉਹਨਾਂ ਗ੍ਰਹਿਆਂ ਦਾ ਆਪਣੇ ਜੀਵਨ ਤੇ ਅਸਰ ਘੱਟ ਕਰਨ ਬਾਰੇ ਉਪਾਅ ਪੁੱਛਦੇ ਹਾਂ। ਕਮਾਲ ਦੀ ਗੱਲ ਹੈ ਕਿ ਜੇਕਰ ਪਰਮਾਤਮਾ ਨੇ ਗ੍ਰਹਿ ਬਣਾਏ ਹਨ ਤਾਂ ਅਸੀਂ ਕਿਵੇਂ ਉਹਨਾਂ ਦਾ ਅਸਰ ਘੱਟ ਵੱਧ ਕਰ ਸੱਕਦੇ ਹਾਂ। ਇਹ ਸੱਭ ਕੁਦਰਤੀ ਤੌਰ ਤੇ ਪਹਿਲਾਂ ਹੀ ਤੈਅ ਹੈ, ਸਾਡੀ ਐਨੀ ਔਕਾਤ ਹੀ ਨਹੀਂ ਕਿ ਅਸੀਂ ਇਸ ਸੱਭ ਨੂੰ ਬਦਲ ਸਕੀਏ। ਫਿਰ ਕਿਉਂ ਆਪਾਂ ਥਾਂ ਥਾਂ ਜਾ ਕੇ ਮੱਥੇ ਘਸਾਂਦੇ ਹਾਂ। ਰੱਬ ਨੂੰ ਮੰਨਣ ਦਾ ਨਾਟਕ ਕਰਦੇ ਹਾਂ।
ਸਾਡੇ ਦੇਸ਼ ਵਿੱਚ ਵੱਡੇ ਵੱਡੇ ਗੁਰੂ ਪੀਰ ਹੋਏ ਹਨ ਜਿਹਨਾਂ ਨੇ ਸਾਰੀ ਜ਼ਿੰਦਗੀ ਸਾਨੂੰ ਸਹੀ ਰਾਹ ਦਿਖਾਉਣ ਵਿੱਚ ਲਗਾ ਦਿੱਤੀ। ਅਸੀਂ ਉਹਨਾਂ ਦੇ ਉਪਦੇਸ਼ ਮੰਨੇ ਨਹੀਂ। ਬੱਸ ਉਹਨਾਂ ਦੀ ਪੂਜਾ ਭਗਤੀ ਸ਼ੁਰੂ ਕਰ ਦਿੱਤੀ । ਉਹ ਜਿਹਨਾਂ ਗਲਤ ਧਾਰਨਾਵਾਂ ਦਾ ਵਿਰੋਧ ਕਰਦੇ ਰਹੇ ਅਸੀਂ ਉਹਨਾਂ ਹੀ ਗੱਲਾਂ ‘ਚ ਪੈ ਗਏ। ਅਸੀਂ ਉਹਨਾਂ ਗੁਰੂ ਪੀਰਾਂ ਦੇ ਨਾਂ ‘ਤੇ ਧਰਮ ਸਥਾਨ ਬਣਾ ਲਏ, ਉਹਨਾਂ ਦੇ ਨਾ ਤੇ ਵੰਡੀਆਂ ਪਾ ਲਈਆਂ। ਉਹਨਾਂ ਬਾਰੇ ਕਿਸੇ ਨੇ ਜੇ ਕੁੱਝ ਚੰਗਾ ਮਾੜਾ ਕਹਿ  ਦਿੱਤਾ ਤਾਂ ਅਸੀਂ ਮਰਨ ਮਰਾਣ ਤੱਕ  ਜਾਂਦੇ ਹਾਂ ਜਿਵੇਂ ਅਸੀਂ ਆਪਣੇ ਮੰਨੇ ਰੱਬ ਦੇ ਬਹੁਤ ਵਫ਼ਾਦਾਰ  ਹੋਈਏ।
ਅਸੀਂ ਧਾਰਮਿਕ ਆਗੂਆਂ ਦੇ ਮਗਰ ਲੱਗ ਕੇ ਪਾਣੀ ਹਵਾ ਨੂੰ ਵੀ ਰੱਜ ਕੇ ਦੂਸ਼ਿਤ ਕਰ ਦਿੱਤਾ। ਕਦੇ ਪਾਣੀ ਵਿੱਚ ਨਾਰੀਅਲ ਤਾਰਦੇ ਹਾਂ ਤੇ ਕਦੇ ਹਵਾ ਵਿਚ ਧੂਫ਼ ਧੁੰਖਾਂਦੇ ਹਾਂ। ਕਿੰਨੀ ਬਰੀਕ ਬੁੱਧੀ ਦੇ ਮਾਲਕ ਹਾਂ ਅਸੀਂ। ਬੇਸ਼ੱਕ ਅਸੀਂ ਬਹੁਤ ਪੜ੍ਹ ਲਿਖ ਗਏ ਹਾਂ, ਆਧੁਨਿਕ ਹੋ ਗਏ ਹਾਂ ਪਰ ਪਤਾ ਨਹੀਂ ਪੁਰਾਣੀ ਤੇ ਆਦਿ- ਮਾਨਵ ਵਾਲ਼ੀ ਸੋਚ ਨੂੰ ਕਦੋਂ ਛੱਡਾਂਗੇ।

ਪਰਮਾਤਮਾ ਨੂੰ ਮੰਨਣਾ ਹੈ ਤਾਂ ਉਹਦੀ ਕੁਦਰਤ ਨੂੰ ਮੰਨੋਂ। ਉਸਦੀ ਪੂਜਾ ਨਾਂ ਕਰੋ ,ਉਸਦਾ ਖਿਆਲ ਰੱਖੋ। ਉਹਨੂੰ ਸਾਫ਼ ਸੁਥਰਾ ਰੱਖੋ। ਚੰਗੇ ਕਰਮ ਕਰੋ, ਮਾਨਵ ਦਯਾ ਰੱਖੋ ਅਤੇ ਜੀਵ ਦਯਾ ਰੱਖੋ। ਸੋਹਣੇ ਕਰਮ ਕਰੋਗੇ ਤਾਂ ਸਾਇਦ ਉਸਦੀ ਡਾਇਰੀ ਵਿੱਚ ਕੁੱਝ ਚੰਗੇ ਅੱਖਰ ਉੱਕਰ ਜਾਣ ਸਾਡੇ ਲਈ। ਸੋ ਲੋੜ ਹੈ ਪੜ੍ਹ ਲਿਖ ਕੇ ਸਮਝਦਾਰ ਬਣਨ ਦੀ ਨਾ ਕਿ ਪੜ੍ਹੇ ਲਿਖੇ ਬੇਵਕੂਫ਼ ਬਣਨ ਦੀ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। 

ਸੰ:9464633059

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKuwaiti Emir accepts govt’s resignation
Next articleIS-K claims responsibility for Kabul bus explosion