ਐਸ.ਏ.ਐਸ. ਨਗਰ (ਮੁਹਾਲੀ) (ਸਮਾਜ ਵੀਕਲੀ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਪਾਕਿਸਤਾਨ ਤੋਂ ਸਿਫ਼ਾਰਸ਼ ਆਉਣ ਦੇ ਕੀਤੇ ਖ਼ੁਲਾਸੇ ਬਾਰੇ ਸਵਾਲ ਕੀਤਾ ਕਿ ਜੇ ਕੈਪਟਨ ਨੂੰ ਇਸ ਬਾਰੇ ਪਾਕਿਸਤਾਨ ਤੋਂ ਫੋਨ ਅਤੇ ਮੈਸੇਜ ਆਏ ਸਨ ਤਾਂ ਹੁਣ ਤੱਕ ਉਨ੍ਹਾਂ ਇਹ ਗੱਲ ਲੁਕਾ ਕੇ ਕਿਉਂ ਰੱਖੀ।
ਅੱਜ ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਤਾਂ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਘਰ ਵਿੱਚ ਰਹਿੰਦਾ ਰਿਹਾ। ਸਿਰਫ਼ ਮੰਤਰੀ ਹੀ ਨਹੀਂ ਸੂਬੇ ਦੇ ਡੀਜੀਪੀ ਅਤੇ ਮੁੱਖ ਸਕੱਤਰ ਵੀ ਪਾਕਿਸਤਾਨ ਤੋਂ ਪੁੱਛ ਕੇ ਨਿਯੁਕਤ ਕੀਤੇ ਜਾਂਦੇ ਸਨ। ਪੰਜਾਬ ਦੇ ਉੱਚ ਅਧਿਕਾਰੀਆਂ ਤੋਂ ਕੈਪਟਨ ਆਪਣੇ ਸਿਸਵਾਂ ਫਾਰਮ ਹਾਊਸ ਵਿੱਚ ਲੱਗੇ ਸੀਤਾਫਲ ਅਤੇ ਚੀਕੂ ਦੀ ਰਖਵਾਲੀ ਕਰਵਾਉਂਦੇ ਸਨ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕੈਪਟਨ ਪਾਕਿਸਤਾਨ ਦੇ ਨਾਂ ਦਾ ਸਹਾਰਾ ਲੈ ਰਹੇ ਹਨ।
ਅਮਰਿੰਦਰ ਵੱਲੋਂ ‘ਕਾਮੇਡੀਅਨ’ ਕਹਿਣ ’ਤੇ ਮਾਨ ਨੇ ਕਿਹਾ ਕਿ ਕੈਪਟਨ ਜਿਸ ਨੂੰ ਕਾਮੇਡੀਅਨ ਕਹਿ ਰਹੇ ਹਨ, ਉਸ ਨੇ ਹਮੇਸ਼ਾ ਸੰਸਦ ਵਿੱਚ ਪੰਜਾਬ ਦੇ ਪਾਣੀਆਂ, ਖੇਤੀ, ਕਿਸਾਨੀ, ਕੈਂਸਰ ਅਤੇ ਮਾਫ਼ੀਆ ਰਾਜ ਦੇ ਮੁੱਦੇ ਚੁੱਕੇ ਹਨ। ਜਦੋਂ ਕੈਪਟਨ ਸੰਸਦ ਮੈਂਬਰ ਸਨ ਤਾਂ ਉਹ ਸੰਸਦ ਵਿੱਚ ਜਾਂਦੇ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਸਿਰੇ ਦਾ ਧੋਖਾ ਕੀਤਾ। ਚੋਣ ਵਾਅਦੇ ਪੂਰੇ ਕਰਨ ਦੀ ਥਾਂ ਉਹ ਸਾਢੇ ਚਾਰ ਸਾਲ ਆਪਣੇ ਸਿਸਵਾਂ ਫਾਰਮ ਵਿੱਚ ਅਰਾਮ ਫਰਮਾਉਂਦੇ ਰਹੇ। ਪੰਜਾਬ ਦੇ ਲੋਕਾਂ ਨਾਲ ਜੋ ਵਿਸ਼ਵਾਸਘਾਤ ਕੈਪਟਨ ਨੇ ਕੀਤਾ ਹੈ, ਅੱਜ ਉਸ ਦਾ ਫਲ ਉਨ੍ਹਾਂ (ਕੈਪਟਨ) ਨੂੰ ਮਿਲ ਰਿਹਾ ਹੈ।
ਭਗਵੰਤ ਮਾਨ ਨੇ ਨਵਜੋਤ ਸਿੱਧੂ ਨੂੰ ਸ਼ਬਦਾਂ ਦੀ ਮਰਿਆਦਾ ਦਾ ਖ਼ਿਆਲ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਇੱਜ਼ਤ ਪਾਉਣ ਲਈ ਇੱਜ਼ਤ ਦੇਣੀ ਪੈਂਦੀ ਹੈ। ਜੇ ਸਿੱਧੂ ਦੀ ਮੁੱਖ ਮੰਤਰੀ ਬਣਨ ਦੀ ਐਨੀ ਹੀ ਤਾਂਘ ਹੈ ਤਾਂ ਉਹ ਕਾਂਗਰਸ ਵੱਲੋਂ ਸਰਵੇਖਣ ਕਰਵਾ ਲੈਣ, ਜਿਸ ਨਾਲ ਉਨ੍ਹਾਂ ਨੂੰ ਸੱਚਾਈ ਦਾ ਪਤਾ ਲੱਗ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly