(ਸਮਾਜ ਵੀਕਲੀ)
ਜਿਸ ਕੋਠੀ ਦੇ ਵਿੱਚ ਰਹਿੰਨੇ ਆਂ।
ਸੋਫ਼ੇ, ਕੁਰਸੀ ‘ਤੇ ਬਹਿੰਦੇ ਆਂ।
ਬੈੱਡਾਂ, ਮੰਜਿਆ ‘ਤੇ ਪੈਨੇ ਆਂ।
ਇਹ ਸਭ ਕੁੱਝ ਜੀਹਨੇ ਬਣਾਇਆ ਏ।
ਕਦੇ ਗਿਣਤੀ ਦੇ ਵਿੱਚ ਆਇਆ ਏ ?
ਇਹ ਸੜਕਾਂ ਦਾ ਜੋ ਜਾਲ਼ ਦਿੱਸੇ
ਤੇ ਪੁਲ਼ਾਂ ਵਾਲ਼ਾ ਵੀ ਨਾਲ਼ ਦਿੱਸੇ।
ਲੁੱਕ, ਬਜਰੀ ਰਲ਼ਿਆ ਮਾਲ ਦਿੱਸੇ।
ਪਰ ਮੁੜਕਾ ਜਿਸ ਵਿੱਚ ਪਾਇਆ ਏ।
ਕਦੇ ਗਿਣਤੀ ਦੇ ਵਿੱਚ ਆਇਆ ਏ ?
ਇਹ ਭੱਜਦੀਆਂ ਗੱਡੀਆਂ, ਕਾਰਾਂ ਜੋ
ਤੇ ਭਰਨ ਜਹਾਜ਼ ਉਡਾਰਾਂ ਜੋ।
ਰੇਲਾਂ ਦੀਆਂ ਲੱਗੀਆਂ ਲਾਰਾਂ ਜੋ।
ਜਿਸ ਲੋਹਾ ਇਹ ਪਿਘਲਾਇਆ ਏ ?
ਕਦੇ ਗਿਣਤੀ ਦੇ ਵਿੱਚ ਆਇਆ ਏ ?
ਪਾਣੀ, ਸਪਰੇਹਾਂ ਲਾਉਣ ਵਾਲ਼ਾ।
ਅੰਨ, ਦਾਲਾਂ ਆਦਿ ਉਗਾਉਣ ਵਾਲ਼ਾ।
ਕੱਢਣ, ਲੱਦਣ ਤੇ ਲਾਹੁਣ ਵਾਲ਼ਾ।
ਜਿਸ ਖੁਦ ਨੂੰ ਹਰਦਮ ਵਾਹਿਆ ਏ।
ਕਦੇ ਗਿਣਤੀ ਦੇ ਵਿੱਚ ਆਇਆ ਏ ?
ਜੋ ਲੋੜਾਂ ਲਈ ਮਜ਼ਬੂਰ ਸਦਾ।
ਥੋੜਾਂ ਵਿੱਚ ਹੀ ਭਰਪੂਰ ਸਦਾ।
ਰੋਮੀਆਂ ਮਜੇ ਤੋਂ ਦੂਰ ਸਦਾ।
ਕਦੇ ਧਿਆਨ ਘੜਾਮੇਂ ਲਾਇਆ ਏ।
ਕਿਉਂ ਗਿਣਤੀ ਵਿੱਚ ਨਾ ਆਇਆ ਏ।
ਰੋਮੀ ਘੜਾਮੇਂ ਵਾਲ਼ਾ।
9855281105
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly