ਅਹਿਮ ਮੁੱਦੇ ਮਨਫ਼ੀ ਕਿਉਂ?

ਸੰਜੀਵ ਸਿੰਘ ਸੈਣੀ,
 (ਸਮਾਜ ਵੀਕਲੀ)-1 ਜੂਨ  ਨੂੰ ਪੰਜਾਬ ਵਿੱਚ ਲੋਕ ਸਭਾ ਲਈ ਵੋਟਾ ਪੈਣਗੀਆਂ।ਸੱਤਾ ਵਿਚ ਆਉਣ ਲਈ ਹਰ ਪਾਰਟੀ ਵਲੋਂ ਵੋਟਰਾਂ ਨੂੰ ਭਰਮਾਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਹਰ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ। ਅਜੇ ਤੱਕ ਕਿਸੇ ਵੀ ਪਾਰਟੀ ਨੇ ਹਰੇ-ਭਰੇ ਵਾਤਾਵਰਨ,  ਮਿਲਾਵਟਖੋਰੀ , ਸਾਫ਼-ਸੁਥਰਾ ਪਾਣੀ ,ਪ੍ਰਦੂਸ਼ਣ ਦੀ ਰੋਕਥਾਮ ਲਈ ਕੋਈ ਠੋਸ ਗੱਲ ਨਹੀਂ ਕੀਤੀ ਹੈ।ਹਾਲ ਹੀ ਵਿੱਚ ਨਸ਼ਰ ਹੋਈ ਇੱਕ ਰਿਪੋਰਟ ਮੁਤਾਬਕ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। 40 ਫੀਸਦੀ ਪਾਣੀ ਖ਼ਰਾਬ ਹੋ ਚੁੱਕਾ ਹੈ।ਪੰਜਾਬ ਦੇ ਕਈ ਜਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਜੇ ਸਮਾਂ ਰਹਿੰਦਿਆਂ ਕੋਈ ਠੋਸ ਨੀਤੀ ਨਾ ਉਲੀਕੀ ਗਈ , ਤਾਂ ਜਲਦੀ ਹੀ ਪੂਰਾ ਪੰਜਾਬ ਕੈਂਸਰ ਨਾਲ ਪ੍ਰਭਾਵਿਤ ਹੋ ਜਾਵੇਗਾ। ਮਾਲਵਾ ਖੇਤਰ ਅੱਜ ਕੈਂਸਰ ਦੀ ਮਾਰ ਹੇਠ ਹੈ। ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ ਹੈ।
       ਅੱਜ ਮਿਲਾਵਟ ਦਾ ਬਹੁਤ ਬੋਲਬਾਲਾ ਹੈ। ਹਰ ਚੀਜ਼ ਮਿਲਾਵਟ ਦਾ ਰੂਪ ਧਾਰਨ ਕਰ ਗਈ ਹੈ। ਬਾਜ਼ਾਰ ਵਿੱਚੋਂ ਕੋਈ ਵੀ ਚੀਜ਼ ਲੈ ਲਓ ਚਾਹੇ ਉਹ ਕੱਪੜਾ, ਐਲਮੀਨੀਅਮ, ਕਾਂਸਾ,ਸਟੀਲ ਕੋਈ ਵੀ ਵਸਤੂ  ਹੋਵੇ ਜਾਂ ਖਾਣ-ਪੀਣ ਵਾਲੀ ਵਸਤੂ ਹੋਵੇ ਹਰ ਚੀਜ਼ ਵਿੱਚ ਮਿਲਾਵਟ ਹੈ।ਆਜ਼ਾਦੀ ਦੇ ਇੰਨੇ ਵਰ੍ਹਿਆਂ ਬਾਅਦ ਵੀ ਮਿਲਾਵਟ ਨੂੰ ਪੂਰੀ ਤਰ੍ਹਾਂ ਠੱਲ੍ਹ ਨਹੀਂ ਪਈ ਹੈ।  ਖਾਣਾ- ਪੀਣਾ ਸਭ ਕੁਝ ਅਸ਼ੁੱਧ ਹੋ ਚੁਕਿਆ ਹੈ। ਤਿਉਹਾਰਾਂ ਦੇ ਸੀਜਨ ਵਿੱਚ ਖੁਰਾਕ ਸਪਲਾਈ ਵਿਭਾਗ ਥੋੜਾ ਜਿਹਾ ਸਖ਼ਤ ਹੁੰਦਾ ਹੈ। ਜਦੋਂ ਤਿਉਹਾਰਾਂ ਦਾ ਸੀਜ਼ਨ ਹੁੰਦਾ ਹੈ ਤਾਂ ਸਿਹਤ ਮੰਤਰਾਲਾ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਖੋਆ, ਮਿਠਾਈਆਂ ਫੜਦਾ ਹੈ। ਤੇ ਅਜਿਹੇ ਲੋਕਾਂ ਖਿਲਾਫ ਕਾਰਵਾਈ ਵੀ ਹੁੰਦੀ ਹੈ। ਪਰ ਜਦ ਆਮ ਦਿਨ ਹੁੰਦੇ ਹਨ ਤਾਂ ਸਿਹਤ ਮੰਤਰਾਲਾ ਕੋਈ ਵੀ ਕਾਰਵਾਈ ਨਹੀਂ ਕਰਦਾ ਹੈ। ਅਜਿਹੇ ਲੋਕ ਪੈਸੇ ਦੀ ਖਾਤਰ ਲੋਕਾਂ ਦੀ ਸਿਹਤ ਨਾਲ ਲਗਾਤਾਰ ਖਿਲਵਾੜ ਕਰ ਰਹੇ ਹਨ। ਪਾਰਟੀਆਂ ਨੂੰ ਅਜਿਹਾ ਮਿਲਾਵਟ ਵਾਲਾ ਮੁੱਦਾ ਚੋਣ ਮੈਨੀਫੈਸਟੋ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।
    ਨਿੱਜੀ ਸਵਾਰਥਾਂ ਖਾਤਰ ਇਨਸਾਨ ਅੱਜ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਜਨ ਸੰਖਿਆ ਨੂੰ ਵਸਾਉਣ ਲਈ ਲਗਾਤਾਰ ਜੰਗਲਾਂ ਦੀ ਕਟਾਈ ਹੋ ਰਹੀ ਹੈ। ਅਕਸਰ ਅਸੀ ਦੇਖਦੇ ਹਨ ਕਿ ਗਰਮੀਆਂ ਵਿਚ ਤਾਪਮਾਨ 50 ਡਿਗਰੀ ਦੇ ਆਸ ਪਾਸ ਹੋ ਜਾਂਦਾ ਹੈ। ਸੜਕਾਂ ਦਾ ਲਗਾਤਾਰ ਜਾਲ ਵਿੱਛ ਰਿਹਾ ਹੈ। ਫ਼ਸਲਾਂ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਨਾੜ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਜਿਸ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ। ਫੈਕਟਰੀਆਂ ਦਾ ਗੰਦਾ ਪਾਣੀ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ। ਜਿਸ ਕਾਰਨ ਜੀਵ-ਜੰਤੂ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਜਦੋਂ ਤਾਲਾਬੰਦੀ ਕਰ ਦਿੱਤੀ ਗਈ ਸੀ, ਤਾਂ ਦਰਿਆਵਾਂ ਦਾ ਪਾਣੀ ਸਾਫ਼ ਸੁਥਰਾ ਹੋ ਚੁਕਿਆ ਸੀ। ਘੱਗਰ ਤੋਂ ਲੈ ਕੇ ਗੰਗਾ ਨਦੀ ਵਿੱਚ ਜੀਵ ਜੰਤੂਆਂ ਨੇ ਸੁੱਖ ਦਾ ਸਾਹ ਲਿਆ ਸੀ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਸਾਰਾ ਵਾਤਾਵਰਣ ਸਾਫ਼-ਸੁਥਰਾ ਹੋ ਚੁੱਕਿਆ ਸੀ।ਇਹ ਮੁੱਦੇ ਬਹੁਤ ਹੀ ਗੰਭੀਰ ਹਨ।
ਔਰਤਾਂ ਅੱਜ ਕੱਲ ਸੁਰੱਖਿਤ ਨਹੀਂ ਹਨ ।ਛੇਡਛਾੜ ,ਤੇਜਾਬੀ ਹਮਲੇ ਦਾ ਲਗਾਤਾਰ ਸ਼ਿਕਾਰ ਹੋ ਰਹੀਆਂ ਹਨ। ਜੋ ਮਣੀਪੁਰ ਵਿੱਚ ਹੋਇਆ ਪਿਛਲੇ ਸਾਲ ਉਹ ਭੁਲਾਇਆ ਨਹੀਂ ਜਾ ਸਕਦਾ ਕਿ ਕਿਸ ਤਰ੍ਹਾਂ ਔਰਤ ਨੂੰ ਬਿਨਾਂ ਕੱਪੜਿਆਂ ਤੋਂ ਘੁਮਾਇਆ ਗਿਆ ਸੀ। ਇਨਸਾਨੀਅਤ ਸ਼ਰਮਸ਼ਾਰ ਹੋ ਚੁੱਕੀ ਸੀ। ਅਵਾਰਾ ਕੁੱਤੇ ,ਅਵਾਰਾ ਪਸ਼ੂਆਂ ਦਾ ਕਹਿਰ ਦਿਨ ਪ੍ਰਤੀ  ਦਿਨ ਵੱਧ ਰਿਹਾ ਹੈ। ਅਵਾਰਾ ਕੁੱਤਿਆਂ ਨੇ ਤਾਂ ਪਤਾ ਨਹੀਂ ਕਿੰਨੀ ਹੀ ਜਾਨਾਂ ਲੈ ਲਈਆਂ। ਹਾਲ ਹੀ ਵਿੱਚ ਖਬਰ ਪੜੀ ਕਿ ਗੁਰਦਾਸਪੁਰ ਵਿਖੇ ਇੱਕ ਫੌਜੀ ਦੀ ਘਰਵਾਲੀ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਦਿੱਤਾ। ਛੋਟੇ ਜਾਂ  ਬਜ਼ੁਰਗਾਂ ਨੂੰ ਇਹ ਅਵਾਰਾ ਕੁੱਤੇ ਆਪਣਾ ਚੰਗੀ ਤਰ੍ਹਾਂ ਨਿਸ਼ਾਨਾ ਬਣਾਉਂਦੇ ਹਨ। ਅਵਾਰਾ ਪਸ਼ੂਆਂ ਦੀ ਤਾਂ ਗੱਲ ਹੀ ਨਾ ਕਰੋ ਇਹਨਾਂ ਨੇ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕਰ ਦਿੱਤਾ ਹੈ। ਸ਼ਹਿਰ ਵਿੱਚ ਅਵਾਰਾ ਪਸ਼ੂ ਕਈ ਤਰ੍ਹਾਂ ਦੇ ਹਾਦਸਿਆਂ ਨੂੰ ਅੰਜਾਮ ਦੇ ਰਹੇ ਹਨ। ਜਿਸ ਕਰਕੇ ਬੇਕਸੂਰ ਲੋਕਾਂ ਦੀ ਮੌਤ ਲਗਾਤਾਰ ਹੋ ਰਹੀ ਹੈ। ਸੜਕ ਦੁਰਘਟਨਾਵਾਂ ਵਿੱਚ ਅਕਸਰ ਅਵਾਰਾ ਪਸ਼ੂ ਵੀ ਲੋਕਾਂ ਲਈ ਮੁਸੀਬਤ ਬਣ ਰਹੇ ਹਨ।
ਨੁਮਾਇੰਦਿਆਂ ਨੂੰ  ਵਿੱਚ ਅਜਿਹੇ ਮੁੱਦੇ ਬਹੁਤ ਹੀ ਸੰਜੀਦਗੀ ਨਾਲ ਚੁੱਕਣੇ ਚਾਹੀਦੇ ਹਨ।ਨੁਮਾਇੰਦਿਆਂ ਵੱਲੋਂ ਅਜਿਹੇ  ਮਸਲਿਆਂ ਤੇ ਗੱਲਬਾਤ ਕਰਕੇ ਲੋਕਾਂ ਦਾ ਦਿਲ ਜਿੱਤਣਾ ਚਾਹੀਦਾ ਹੈ।
ਸੰਜੀਵ ਸਿੰਘ ਸੈਣੀ,
ਮੋਹਾਲੀ,7888966168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਪੰਜਾਬੀ ਸਾਹਿਤ ਜਗਤ ਦੇ ਉੱਘੇ ਕਵੀ ਪਦਮਸ਼੍ਰੀ ਪ੍ਗਤੀਸ਼ੀਲ ਸਾਹਿਤਕਾਰ ਸੁਰਜੀਤ ਪਾਤਰ ਦੇ ਬੇਵਕਤ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
Next articleਕਵਿਤਾ /   ਯਾਦ ਆਉਂਦੀ ਹੈ ਮਾਂ