(ਸਮਾਜ ਵੀਕਲੀ)
ਪਰਚੀਨ ਸਮੇਂ ਵਿੱਚ ਲੋਕ ਜੰਗਲਾਂ, ਪਹਾੜਾਂ ਅਤੇ ਗੁਫਾਵਾਂ ਵਿੱਚ ਰਹਿੰਦੇ ਸਨ। ਜਿਉਣ ਵਾਸਤੇ ਉਹਨਾਂ ਵਿੱਚ ਆਪਸ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਹੌਲੀ ਹੌਲੀ ਸਭਿਅਤਾ ਦਾ ਵਿਕਾਸ ਹੋਇਆ। ਸ਼ਹਿਰ, ਖੇਤੀਬਾੜੀ, ਵਪਾਰ, ਉਦਯੋਗ ਆਦਿ ਜੀਵਨ ਦਾ ਆਧਾਰ ਬਣਨ ਲੱਗੇ। ਅਜਿਹੇ ਹਾਲਾਤ ਵਿੱਚ.. ਪਰਿਵਾਰ.. ਰੂਪੀ ਸੰਸਥਾ ਹੋਂਦ ਵਿੱਚ ਆਈ ਹਾਈ। ਸਮਝਦਾਰ ਲੋਕਾਂ ਨੇ ਸੋਚਿਆ ਕਿ ਜੇਕਰ ਪਰਿਵਾਰ ਹੋਵੇਗਾ ਤਾ ਪਤੀ, ਪਤਨੀ, ਬੱਚੇ, ਰਿਸ਼ਤੇਦਾਰ ਅਤੇ ਹੋਰ ਜਾਣ ਪਛਾਣ ਵਾਲੇ ਇਕੱਠੇ ਰਹਿਣਗੇ। ਉਹਨਾਂ ਵਿੱਚ ਆਪਸ ਵਿੱਚ ਲੜਾਈ ਝਗੜੇ ਅਤੇ ਫਸਾਦ ਨਹੀਂ ਹੋਣਗੇ। ਆਪਸ ਵਿੱਚ ਪ੍ਰੇਮ ਪਿਆਰ ਵਧੇਗਾ, ਪਤੀ ਪਤਨੀ ਅਤੇ ਬੱਚੇ ਇੱਕ ਦੂਜੇ ਦਾ ਧਿਆਨ ਰੱਖਣਗੇ। ਬੱਚੇ ਜਨਮ ਦੇਣ ਵਾਲੇ ਆਪਣੇ ਮਾਂ ਪਿਓ ਦਾ ਇਹਸਾਨ ਮਨਦੇ ਹੋਏ ਉਹਨਾਂ ਦੀ ਸੇਵਾ ਕਰਨਗੇ। ਪਰਿਵਾਰ ਰੂਪੀ ਸੰਸਥਾ ਦਾ ਨਿਰਮਾਣ ਕਰਨ ਵਾਲੇ ਵਾਲੇ ਸਮਝਦਾਰ ਲੋਕਾਂ ਨੇ ਪਰਿਵਾਰ ਦੇ ਅਧਿਕਾਰਾਂ , ਜਿੰਮੇਵਾਰੀਆਂ ਅਤੇ ਅਧਿਆਤਮਿਕਤਾ ਨੂੰ ਵੀ ਪਰਿਵਾਰ ਦੇ ਨਾਲ ਜੋੜ ਦਿਤਾ। ਪਰਿਵਾਰ ਰੂਪੀ ਸੰਸਥਾ ਨੂੰ ਸੰਯੁਕਤ ਪਰਿਵਾਰ ਦੇ ਤੌਰ ਤੇ ਹੀ ਦੇਖਿਆ ਜਾਂਦਾ ਹੈ ਜਿਸ ਵਿੱਚ ਮਾਂ ਬਾਪ, ਦਾਦਾ ਅਤੇ ਪੜਦਾਦਾ ਅਤੇ ਚਾਚੇ ਤਾਏ ਇਕੱਠੇ ਹੀ ਰਹਿੰਦੇ ਹਨ। ਇੱਕ ਦੂਜੇ ਦੇ ਸੁਖ ਦੁੱਖ ਨੂੰ ਸਾਂਝਾ ਕਰਦੇ ਹਨ । ਸਾਰੇ ਇਕ ਵਾਸਤੇ ਔਰ ਇੱਕ ਸਾਰਿਆਂ ਵਾਸਤੇ,,,, ਦੇ ਸਿਧਾਂਤ ਤੇ ਅਮਲ ਕੀਤਾ ਜਾਂਦਾ ਹੈ। ਖਾਨਦਾਨੀ ਕੰਮ ਹੁੰਦਾ ਹੈ । ਮੁੰਡਿਆਂ ਵਾਸਤੇ ਵੱਡੇ ਹੋ ਕੇ ਕੰਮ ਲੱਭਣ ਦੀ ਕੋਈ ਸਮੱਸਿਆ ਨਹੀਂ ਹੁੰਦੀ। ਸੰਯੁਕਤ ਪਰਿਵਾਰ ਵਿੱਚ ਵਿੱਚ ਜਰੂਰਤ ਦੇ ਮੁਤਾਬਿਕ ਸਾਧਨਾ ਤੇ ਸਭ ਦਾ ਅਧਿਕਾਰ ਹੁੰਦਾ ਹੈ। ਕੋਈ ਕਿਸੇ ਤੋਂ ਕੁਝ ਨਹੀਂ ਲੁਕਾਉਂਦਾ। ਕਿਸੇ ਹੋਰ ਦੇ ਨਾਲ ਲੜਾਈ ਝਗੜਾ ਝਗੜਾ ਹੋਣ ਤੇ ਸਾਰੇ ਦਾ ਸਾਰਾ ਪਰਿਵਾਰ ਇਕੱਠਾ ਹੋ ਕੇ ਉਸ ਦਾ ਮੁਕਾਬਲਾ ਕਰਦਾ ਹੈ। ਘਰ ਦੀਆਂ ਬੇਟੀਆਂ ਅਤੇ ਬਹੂਆਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਘਰ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਦਰਜਾ ਮਿਲਿਆ ਹੋਇਆ ਹੁੰਦਾ ਹੈ। ਸਾਰੇ ਲੋਕ ਉਹਨਾਂ ਦੀ ਆਗਿਆ ਦੀ ਪਾਲਣਾ ਕਰਦੇ ਹਨ । ਬੁੱਢਾ ਹੋਣ ਤੇ ਸਾਰਾ ਪਰਿਵਾਰ ਉਸਦੀ ਦੇਖਭਾਲ ਕਰਦਾ ਹੁੰਦਾ ਸੀ। ਅਜਿਹੀ ਸੀ ਰੂਪ ਰੇਖਾ ਮੁਢਲੇ ਪਰਿਵਾਰਾਂ ਦੀ।
ਲੇਕਿਨ ਅਫਸੋਸ ਦੀ ਗੱਲ ਹੈ ਕਿ ਅੱਜ ਕਲ ਪਰਿਵਾਰ ਨਿਖੜ ਰਹੇ ਹਨ । ਪਰਿਵਾਰਾਂ ਵਿੱਚ ਮਾਨ ਮਰਿਆਦਾ, ਵੱਡੇ ਛੋਟੇ ਦਾ ਲਿਹਾਜ ਬਿਲਕੁਲ ਨਹੀਂ ਕੀਤਾ ਜਾਂਦਾ। ਪਤੀ ਪਤਨੀ ਸਾਰੀ ਉਮਰ ਇਕੱਠੇ ਰਹਿੰਦੇ ਹਨ ਇਸਦੇ ਬਾਵਜੂਦ ਵੀ ਉਹਨਾਂ ਵਿੱਚ ਆਪਸ ਵਿੱਚ ਪ੍ਰੇਮ ਪਿਆਰ, ਵਿਸ਼ਵਾਸ, ਤਿਆਗ, ਸੇਵਾ ਭਾਵਨਾ, ਇੱਕ ਦੂਜੇ ਨੂੰ ਦਿਲ ਦੀ ਗੱਲ ਦੱਸਣਾ ਆਦੀ ਦੇਖਣ ਵਿੱਚ ਨਹੀਂ ਮਿਲਦੇ। ਪਰਿਵਾਰ ਦੇ ਲੋਕ ਇੱਕ ਦੂਜੇ ਨਾਲ ਈਰਖਾ ਕਰਦੇ ਹਨ। ਇੱਕ ਦੂਜੇ ਤੋਂ ਗੱਲਾਂ ਛੁਪਾਉਂਦੇ ਹਨ । ਪਰਿਵਾਰ ਦੇ ਮੈਂਬਰ ਨੂੰ ਛੱਡ ਕੇ ਬਾਹਰ ਦੇ ਬੰਦੇ ਨੂੰ ਆਪਣਾ ਜਿਆਦਾ ਹਿਤੈਸ਼ੀ ਸਮਝਦੇ ਹਨ। ਕਈ ਵਾਰੀ ਪਤੀ ਪਤਨੀ ਜੋ ਕਮਾ ਕੇ ਲਿਆਂਦੇ ਹਨ ਆਪਣੀ ਕਮਾਈ ਨੂੰ ਆਪਣੇ ਕੋਲ ਹੀ ਰੱਖਦੇ ਹਨ ਇੱਕ ਦੂਜੇ ਨੂੰ ਦੱਸਦੇ ਨਹੀਂ। ਘਰ ਵਿੱਚ ਵਹੁਟੀਆਂ ਸਸ, ਸਹੁਰੇ, ਜੇਠ ਜੇਠਾਣੀ, ਨਿਨਾਣ ਆਦੀ ਦੀ ਇੱਜਤ ਨਹੀਂ ਕਰਦੀਆਂ। ਇਹਨਾਂ ਦੀ ਦੇਖਭਾਲ ਕਰਨਾ ਉਹ ਆਪਣਾ ਧਰਮ ਨਹੀਂ ਸਮਝਦੀਆਂ। ਬੇਟੇ ਵੀ ਕਈ ਵਾਰ ਆਪਣੇ ਮਾਂ ਬਾਪ ਨੂੰ ਛੱਡ ਕੇ ਆਪਣੇ ਸੱਸ ਸਹੁਰਿਆਂ ਵੱਲ ਜਿਆਦਾ ਝੁਕੇ ਰਹਿੰਦੇ ਹਨ। ਬੁੱਢੇ ,ਬਿਮਾਰ ਅਤੇ ਲਾਚਾਰ ਮਾਂ ਬਾਪ ਨੂੰ ਕੋਈ ਨਹੀਂ ਪੁੱਛਦਾ। ਜਾਂ ਤਾਂ ਉਹਨਾਂ ਨੂੰ ਘਰ ਦੇ ਕਿਸੇ ਖੁੰਜੇ ਵਿੱਚ ਜਗਹਾ ਦਿੱਤੀ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਵਿਰਧ ਆਸ਼ਰਮ ਵਿੱਚ ਧੱਕਾ ਦੇ ਦਿੱਤਾ ਜਾਂਦਾ ਹੈ ਜਿੱਥੇ ਘਰ ਦਾ ਕੋਈ ਬੰਦਾ ਉਹਨਾਂ ਨੂੰ ਮਿਲਣ ਵਾਸਤੇ ਕਦੇ ਨਹੀਂ ਆਉਂਦਾ। ਕਦੇ ਘਰ ਦਾ ਮਾਲਕ ਰਿਹਾ ਬੰਦਾ ਆਪਣੇ ਕਰਮਾਂ ਨੂੰ ਰੋਂਦਾ ਹੈ, ਪਛਤਾਉਂਦਾ ਹੈ, ਮਰਨ ਲਈ ਦੁਆ ਕਰਦਾ ਹੈ, ਕੀ ਕਿਸੇ ਬੰਦੇ ਨੂੰ ਮੰਗਣ ਨਾਲ ਮੌਤ ਮਿਲ ਜਾਂਦੀ ਹੈ? ਕੀ ਇਸ ਨੂੰ ਪਰਿਵਾਰ ਕਹਿੰਦੇ ਹਨ? ਕੀ ਸਾਡੇ ਬਜ਼ੁਰਗਾਂ ਨੇ ਇਹੋ ਜਿਹੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਪਰਿਵਾਰ ਨਾਮ ਦੀ ਸੰਸਥਾ ਦੀ ਸਥਾਪਨਾ ਕੀਤੀ ਸੀ?
ਅੱਜ ਕੱਲ ਸੰਯੁਕਤ ਪਰਿਵਾਰ ਤਾਂ ਦੇਖਣ ਵਿੱਚ ਮਿਲਦੇ ਹੀ ਨਹੀਂ ਉਸ ਦੇ ਬਦਲੇ ਕੱਲੇ ਕੱਲੇ ਪਰਿਵਾਰਾਂ ਦੀ ਪਰਵਰਤੀ ਵਜਦੀ ਜਾ ਰਹੀ ਹੈ ਜਿਸ ਵਿੱਚ ਪਤੀ, ਪਤਨੀ ਅਤੇ ਬੱਚੇ ਹੀ ਰਹਿੰਦੇ ਹਨ । ਮਾਪਿਓ ਨੌਕਰੀ ਕਰਦੇ ਹਨ ਅਤੇ ਬੱਚੇ ਸਕੂਲ ਜਾਂਦੇ ਹਨ। ਮਾਂ ਪਿਓ ਕੋਲ ਇਨਾ ਸਮਾਂ ਨਹੀਂ ਕਿ ਉਹ ਇਹ ਜਾਣ ਸਕਣ ਕੇ ਛੁੱਟੀ ਤੋਂ ਬਾਅਦ ਉਹਨਾਂ ਦੇ ਬੱਚੇ ਕੀ ਕਰਦੇ ਹਨ, ਕਿੱਥੇ ਜਾਂਦੇ ਹਨ , ਕਿਸ ਦੇ ਨਾਲ ਸਮਾਂ ਬਿਤਾਉਂਦੇ ਹਨ। ਆਪਣੇ ਬੱਚਿਆਂ ਨੂੰ ਮੋਬਾਈਲ, ਇੰਟਰਨੈਟ ਦੀ ਸੁਵਿਧਾ ਅਤੇ ਲੈਪਟਾਪ ਦੇਣ ਤੋਂ ਬਾਅਦ ਉਹ ਇਹ ਸਮਝਦੇ ਹਨ ਕਿ ਉਹਨਾਂ ਦਾ ਫਰਜ਼ ਪੂਰਾ ਹੋ ਗਿਆ ਹੈ ਅਤੇ ਉਹ ਸੰਤੁਸ਼ਟ ਹੋ ਜਾਂਦੇ ਹਨ। ਮਾਂ ਬਾਪ ਨਾ ਤਾਂ ਖੁਦ ਸੰਸਕਾਰੀ ਹੁੰਦੇ ਹਨ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਸਕਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਜਿਆਦਾਤਰ ਬੱਚੇ ਅਹੰਕਾਰੀ, ਗੁੱਸੇ ਵਾਲੇ, ਜਿਦੀ ,ਝੂਠੇ, ਕਲਾਸਾਂ ਵਿੱਚੋਂ ਗੈਰ ਹਾਜਰ ਹੁੰਦੇ ਰਹਿੰਦੇ ਹਨ। ਘਰ ਵਿੱਚ ਬੱਚਿਆਂ ਦੀ ਦੇਖਭਾਲ ਕਰਨ ਵਾਸਤੇ ਜੋ ਨੌਕਰ ਹੁੰਦੇ ਹਨ ਉਹ ਬੱਚਿਆਂ ਦਾ ਸਤਿਆਨਾਸ ਕਰਕੇ ਰੱਖ ਦਿੰਦੇ ਹਨ। ਕਿਉਂਕਿ ਦਿਸ਼ਾ ਨਿਰਦੇਸ਼ ਦੇਣ ਵਾਲਾ ਅਤੇ ਕੰਟਰੋਲ ਕਰਨ ਵਾਲਾ ਘਰ ਵਿੱਚ ਕੋਈ ਬਜ਼ੁਰਗ ਤਾਂ ਹੁੰਦਾ ਹੀ ਨਹੀਂ ਇਸ ਲਈ ਘਰ ਵਿੱਚ ਕਿਸੇ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਕੋਈ ਕਿਸੇ ਦੀ ਸ਼ਰਮ ਨਹੀਂ ਕਰਦਾ ਕੋਈ ਕਿਸੇ ਤੋਂ ਸੰਕੋਚ ਨਹੀਂ ਕਰਦਾ। ਪਤਨੀ ਨੂੰ ਮਿਲਣ ਵਾਸਤੇ ਉਸਦੇ ਦਫਤਰ ਵਾਲੇ ਜਾਂ ਗੁਆਂਢੀ ਲੋਕ ਆਂਦੇ ਜਾਂਦੇ ਰਹਿੰਦੇ ਹਨ ਜੋ ਕਿ ਉਸ ਦੇ ਮਨ ਵਿੱਚ ਜਹਿਰ ਭਰ ਦਿੰਦੇ ਹਨ। ਪਤੀ ਵੀ ਆਪਣੀਆਂ ਔਰਤ ਮਿੱਤਰਾਂ ਦੇ ਨਾਲ ਮੌਜ ਮੇਲਾ ਅਤੇ ਗੁਲ ਛਰੇ ਉਡਾਉਂਦਾ ਹੈ। ਘਰ ਵਿੱਚ ਕਈ ਵਾਰੀ ਕਿਟੀ ਪਾਰਟੀਆਂ ਅਤੇ ਸ਼ਰਾਬ ਪਾਰਟੀਆਂ ਹੁੰਦੀਆਂ ਰਹਿੰਦੀਆਂ ਹਨ। ਅਜਿਹੇ ਹਾਲਾਤ ਵਿੱਚ ਪਤੀ ਪਤਨੀ ਅਤੇ ਬੱਚਿਆਂ ਦੇ ਨੈਤਿਕ ਪਤਨ ਦਾ ਹੋਣਾ ਸੁਭਾਵਿਕ ਹੈ। ਅੱਜ ਕੱਲ ਤਾਂ ਪਰਿਵਾਰ ਨਾਮਕ ਸੰਸਥਾ ਦੇ ਪਤਨ ਵਿੱਚ ਲਿਵ ਇਨ ਰਿਲੇਸ਼ਨਸਿ਼ਪ ਵੀ ਮਹੱਤਵਪੂਰਨ ਭੂਮਿਕਾ ਅਦਾ ਕਰਨ ਲੱਗਿਆ ਹੈ ਜਿਸ ਵਿੱਚ ਵਿਆਹੇ ਹੋਏ ਪਤੀ ਪਤਨੀ ਅਤੇ ਬਿਨਾਂ ਵਿਆਹੇ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਮੌਜ ਮਸਤੀ ਕਰਦੇ ਹਨ ਅਤੇ ਜਦੋਂ ਉਹਨਾਂ ਦਾ ਦਿਲ ਇੱਕ ਦੂਜੇ ਤੋਂ ਭਰ ਜਾਂਦਾ ਹੈ ਤਾਂ ਇੱਕ ਦੂਜੇ ਨੂੰ ਛੱਡ ਦਿੰਦੇ ਹਨ। ਅਜੇਹੇ ਹਾਲਾਤ ਵਿੱਚ ਪਰਿਵਾਰ ਦਾ ਮਹੱਤਵ ਹੀ ਖਤਮ ਹੁੰਦਾ ਜਾ ਰਿਹਾ ਹੈ। ਇਹਨਾਂ ਗੱਲਾਂ ਦੇ ਵਧਦੇ ਹੋਏ ਖਤਰੇ ਨੂੰ ਦੇਖ ਕੇ ਪਰਿਵਾਰ ਵਿੱਚ ਮਿਲਣ ਵਾਲੀ ਸੁਖ ਸ਼ਾਂਤੀ ਸੰਤੋਖ ਪ੍ਰੇਮ ਲਭਣ ਤੇ ਵੀ ਨਹੀਂ ਮਿਲਦਾ। ਉਹ ਦਿਨ ਗਏ ਜਦੋਂ ਕਿਹਾ ਕਰਦੇ ਸੀ ਜੋ ਸੁਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ –124001(ਹਰਿਆਣਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly