(ਸਮਾਜ ਵੀਕਲੀ)
ਲੋਕਾਂ ਦੀ ਖੱਜਲ ਖੁਆਰੀ ਹਰ ਮਹਿਕਮੇ ਦੇ ਦਫਤਰ ਵਿੱਚ ਹੁੰਦੀ,ਜਿੱਥੇ ਵੀ ਉਨ੍ਹਾਂ ਨੂੰ ਕੰਮ ਪੈਂਦਾ ਹੈ।ਅਸਲ ਵਿੱਚ ਹਾਲਾਤ ਅਤੇ ਸਿਸਟਮ ਇੰਨਾ ਬੁਰੀ ਤਰ੍ਹਾਂ ਵਿਗੜਿਆ ਹੋਇਆ ਹੈ ਕਿ ਸੁਧਾਰ ਵੀ ਸੌਖਾ ਨਹੀਂ। ਦਫਤਰਾਂ ਵਿੱਚ ਬੈਠੇ ਕੁੱਝ ਕੁ ਅਫਸਰਾਂ ਅਤੇ ਵੱਖ ਵੱਖ ਸ਼੍ਰੇਣੀ ਦੇ ਮੁਲਾਜ਼ਮਾਂ ਨੂੰ ਛੱਡਕੇ ਬਾਕੀਆਂ ਦੀ ਹਾਲਤ “ਮੈਂ ਨਾ ਸੁਧਰੂੰ ਅਤੇ ਮੈਂ ਨਾ ਮਾਨੂੰ” ਵਾਲੀ ਹੈ।ਕੰਮ ਨਾ ਕਰਨ ਦੀ ਆਦਤ ਅਤੇ ਰਿਸ਼ਵਤ ਭ੍ਰਿਸ਼ਟਾਚਾਰ ਨੇ ਆਮ ਬੰਦੇ ਦੀ ਜ਼ਿੰਦਗੀ ਔਖੀ ਹੀ ਨਹੀਂ ਨਰਕ ਬਣਾ ਦਿੱਤੀ ਹੈ।ਮੈਂ ਅੱਜ ਦੇ ਵਿਸ਼ੇ ਤੇ ਆਉਂਦੀ ਹਾਂ।ਲੋਕਾਂ ਨੂੰ ਬਿਲਡਰਾਂ ਅਤੇ ਵਿਭਾਗਾਂ ਵੱਲੋਂ ਮਿਲਕੇ ਖੱਜਲ ਕੀਤਾ ਜਾਂਦਾ ਹੈ।ਅਸਲ ਵਿੱਚ ਖੱਜਲ ਖੁਆਰੀ ਇਕੱਲਾ ਬਿਲਡਰ ਨਹੀਂ ਕਰ ਸਕਦਾ।ਉਸਦੇ ਨਾਲ ਵਿਭਾਗ ਘਿਉ ਖਿੱਚੜੀ ਹਨ। ਅਣਅਧਿਕਾਰਤ ਕਲੋਨੀਆਂ ਦੀ ਗੱਲ ਛੱਡੋ।
ਪੁੱਡਾ ਤੋਂ ਪ੍ਰਮਾਣਿਤ ਅਤੇ ਗੁਮਾਡਾ ਵੱਲੋਂ ਮੁਹਾਲੀ ਦੇ ਆਸਪਾਸ ਬਣਾਏ ਜਾ ਰਹੇ ਸੈਕਟਰਾਂ ਵਿੱਚ ਵੀ ਹਾਲਤ ਬਹੁਤੀ ਵਧੀਆ ਨਹੀਂ ਹੈ।ਲੋਕ ਵਿਭਾਗਾਂ ਕੋਲ ਸ਼ਕਾਇਤ ਲੈਕੇ ਜਾਂਦੇ ਹਨ,ਕੋਈ ਸੁਣਦਾ ਹੀ ਨਹੀਂ ਆਮ ਲੋਕਾਂ ਦੀ।ਹਕੀਕਤ ਇਹ ਹੈ ਕਿ ਵਧੇਰੇ ਕਰਕੇ ਜਿੰਨ੍ਹਾਂ ਕੋਲ ਲੋਕ ਸ਼ਕਾਇਤਾਂ ਲੈਕੇ ਜਾਂਦੇ ਹਨ,ਉਹ ਬਿਲਡਰਾਂ ਦੇ ਨਾਲ ਮਿਲੇ ਹੋਏ ਹੁੰਦੇ ਹਨ।ਲੋਕ ਪ੍ਰਮਾਣਿਤ ਕਲੋਨੀਆਂ ਅਤੇ ਸੈਕਟਰਾਂ ਵਿੱਚ ਪਲਾਟ/ਫਲੈਟ ਲੈਣ ਤੋਂ ਬਾਅਦ ਵੀ ਜੇਕਰ ਧੱਕੇ ਖਾਣ ਲਈ ਮਜ਼ਬੂਰ ਹਨ,ਫੇਰ ਤਾਂ ਰੱਬ ਹੀ ਰਾਖਾ।ਵਾੜ ਹੀ ਖੇਤ ਨੂੰ ਖਾਣ ਲੱਗੀ ਹੋਈ ਹੈ।ਪ੍ਰਮਾਣਿਤ ਕਲੋਨੀਆਂ ਵਿੱਚ ਸੀਵਰੇਜ਼ ਦੀ ਹਾਲਤ ਬੇਹੱਦ ਖ਼ਰਾਬ ਹੈ।ਖਾਲੀ ਪਲਾਟਾਂ ਵਿੱਚ ਸੀਵਰੇਜ਼ ਪੈ ਰਿਹਾ ਹੈ। ਟਰੀਟਮੈਂਟ ਪਲਾਂਟ ਵਾਲੀ ਤਾਂ ਕਹਾਣੀ ਹੀ ਖਤਮ ਹੈ।ਹਾਲਤ ਇਹ ਹੈ ਕਿ ਗੰਦਗੀ ਨਾਲ ਖਾਲੀ ਪਲਾਟ ਭਰ ਗਏ।
ਪਾਈਪਾਂ ਵਿੱਚ ਗੰਦ ਜੰਮ ਗਿਆ ਅਤੇ ਸੀਵਰੇਜ਼ ਲੋਕਾਂ ਦੇ ਘਰਾਂ ਵਿੱਚ ਵਾਪਸ ਆ ਰਿਹਾ ਹੈ।ਲੋਕ ਤਾਂ ਘੁੰਮ ਫਿਰਕੇ ਇਹ ਹੀ ਵੇਖ ਸਕਦੇ ਹਨ ਕਿ ਸਰਕਾਰ ਦੀ ਪ੍ਰਮਾਣਿਤ ਕਲੋਨੀਆਂ ਹੈ।ਚੌੜੀਆਂ ਸੜਕਾਂ ਵਿਖਾ ਕੇ ਪਲਾਟ ਵੇਚ ਦਿੱਤੇ ਜਾਂਦੇ ਹਨ ਅਤੇ ਬਾਅਦ ਵਿੱਚ ਸੜਕਾਂ ਗਾਇਬ ਹੋ ਜਾਂਦੀਆਂ ਹਨ।ਇਸਦੇ ਸਬੂਤ ਸ਼ਿਵਾਲਿਕ ਇਨਕਲੇਵ ਸੈਕਟਰ 115 ਖਰੜ,ਮੁਹਾਲੀ ਦੇ ਵਸਨੀਕ ਹਰ ਜਗ੍ਹਾ ਵਿਖਾ ਚੁੱਕੇ ਹਨ।ਸੀਨੀਅਰ ਸਿਟੀਜ਼ਨ ਦਫਤਰਾਂ ਦੇ ਚੱਕਰ ਲਗਾਉਣ ਲਗਾਕੇ ਪ੍ਰੇਸ਼ਾਨ ਹੋ ਚੁੱਕੇ ਹਨ।
ਹਰ ਰੋਜ਼ ਇਵੇਂ ਦੇ ਮਸਲਿਆਂ ਨਾਲ ਜੂਝਦੇ ਲੋਕਾਂ ਦੀਆਂ ਖਬਰਾਂ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲ ਜਾਂਦੀਆਂ ਹਨ।ਜ਼ੀਰਕਪੁਰ ਦੀ ਵੀ ਪਿੱਛਲੇ ਦਿਨੀਂ ਖਬਰ ਪੜ੍ਹੀ।ਫਲੈਟਾਂ ਵਿੱਚ ਰਹਿਣ ਵਾਲੇ ਤਾਂ ਕਹਿ ਰਹੇ ਹਨ ਕਿ ਬਿਜਲੀ ਕੱਟ ਦਿੱਤੀ ਅਤੇ ਲਿਫਟਾਂ ਵਿੱਚ ਲੋਕ ਫਸ ਗਏ।ਬਿਲਡਰ ਇਸਨੂੰ ਗਲਤ ਕਹਿ ਰਿਹਾ ਹੈ।ਅਸਲ ਵਿੱਚ ਲੋਕ ਮਜ਼ਬੂਰੀ ਵਿੱਚ ਫਲੈਟਾਂ ਵਿੱਚ ਸ਼ਿਫਟ ਕਰ ਲੈਂਦੇ ਹਨ।ਬਿਲਡਰਾਂ ਕੋਲ ਕੰਪਲੀਸ਼ਨ ਸਰਟੀਫਿਕੇਟ ਹੁੰਦਾ ਨਹੀਂ।ਮੈਨਟੈਨਿਸ ਪੈਸੇ ਬਿਲਡਰ ਲੈਣ ਲੱਗ ਜਾਂਦੇ ਹਨ ਪਰ ਸਹੂਲਤਾਂ ਵੇਲੇ ਪੂਰੇ ਨਹੀਂ ਉਤਰਦੇ।
ਹਕੀਕਤ ਇਹ ਹੈ ਕਿ ਲੋਕ ਸਥਾਨਕ ਸਰਕਾਰਾਂ ਦੇ ਮੰਤਰਾਲੇ ਕੋਲ ਜਾਣ,ਸ਼ਹਿਰੀ ਵਿਕਾਸ ਮੰਤਰਾਲੇ ਕੋਲ ਜਾਣ,ਨਗਰ ਕੌਂਸਲ ਕੋਲ ਜਾਣ,ਐਸ ਡੀ ਐਮ ਕੋਲ ਜਾਣ,ਡੀ ਸੀ ਕੋਲ ਜਾਣ,ਇਸ ਬਾਰੇ ਹੀ ਸਮਝ ਨਹੀਂ ਆਉਂਦੀ। ਜਿੱਥੇ ਜਾਂਦੇ ਹਨ,ਉੱਥੇ ਸੁਣਵਾਈ ਨਹੀਂ ਹੁੰਦੀ।ਅਖੀਰ ਲੋਕ ਪ੍ਰੈਸ ਕਾਨਫਰੰਸ ਕਰਕੇ ਆਪਣੀ ਗੱਲ ਜਨਤਿਕ ਕਰਦੇ ਹਨ।ਪਰ ਲੱਗਦਾ ਹੈ,ਉਸਦਾ ਵੀ ਅਸਰ ਘੱਟ ਹੀ ਹੁੰਦਾ ਹੈ।ਲੋਕਾਂ ਨੇ ਤੰਗ ਆਇਆਂ ਨੇ ਮੌਜੂਦਾ ਸਰਕਾਰ ਨੂੰ ਬਹੁਮੱਤ ਦੇਕੇ ਲਿਆਂਦਾ ਹੈ।ਜੇਕਰ ਮੰਤਰੀਆਂ ਨੇ ਆਪਣੇ ਵਿਭਾਗਾਂ ਨੂੰ ਨਾ ਸੁਧਾਰਿਆ ਤਾਂ ਨਤੀਜੇ ਵੱਖਰੇ ਹੋ ਸਕਦੇ ਹਨ।
ਪਿੱਛਲੇ ਦਿਨੀਂ ਗੁਮਾਡਾ ਵੱਲੋਂ ਪ੍ਰਾਈਵੇਟ ਬਿਲਡਰਾਂ ਦੁਆਰਾ ਡਿਵੈਲਪਮੈਂਟ ਕਰਨ ਲਈ ਦਿੱਤੇ ਸੈਕਟਰ ਦੇ ਲੋਕ ਆਪਣਾ ਰੋਣਾ ਰੋ ਰਹੇ ਸਨ।ਬਿਜਲੀ ਦੇ ਕੁਨੈਕਸ਼ਨ ਦੀ ਸਮੱਸਿਆ ਹੈ।ਲੋਕਾਂ ਨੇ ਇੰਨਾ ਸੈਕਟਰਾਂ ਵਿੱਚ ਮਹਿੰਗੇ ਪਲਾਟ ਖਰੀਦੇ ਹਨ ਕਿਉਂਕਿ ਇਹ ਗੁਮਾਡਾ ਅਧੀਨ ਹੈ।ਇੱਥੇ ਜੇਕਰ ਸੀਵਰੇਜ਼,ਬਿਜਲੀ ਜਾਂ ਇਵੇਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ ਤਾਂ ਫੇਰ ਅਣਅਧਿਕਾਰਤ ਕਲੋਨੀਆਂ ਵਿੱਚ ਅਤੇ ਇੰਨਾਂ ਵਿੱਚ ਕੋਈ ਫਰਕ ਨਹੀਂ ਹੈ।ਬਿਲਡਰ ਦਾ ਪੱਖ ਵੀ ਪੜ੍ਹਿਆ।ਜਿਸ ਵਿੱਚ ਉਸਨੇ ਕਿਹਾ ਕਿ ਨਕਸ਼ੇ ਪਾਸ ਨਹੀਉਂ,ਡਿਫਾਲਟਰ ਹਨ ਬਹੁਤੇ ਲੋਕ। ਪਰ ਸੋਚਣ ਅਤੇ ਵੇਖਣ ਵਾਲੀ ਗੱਲ ਹੈ ਕਿ ਵਿਭਾਗ ਨੇ ਲੋਕਾਂ ਨੂੰ ਘਰ ਬਣਾਉਣੇ ਸ਼ੁਰੂ ਕਰਨ ਵੇਲੇ ਕਿਉਂ ਨਹੀਂ ਰੋਕਿਆ,ਬਿਲਡਰ ਨੇ ਲੋਕਾਂ ਨੂੰ ਕਿਉਂ ਨਹੀਂ ਰੋਕਿਆ।
ਖੈਰ ਸਰਕਾਰਾਂ ਪਹਿਲਾਂ ਆਪਣੇ ਵਿਭਾਗਾਂ ਨੂੰ ਲੋਹੇ ਲਿਆ ਕੇ ਪ੍ਰਮਾਣਿਤ ਕਲੋਨੀਆਂ/ਸੁਸਾਇਟੀਆਂ ਦੀ ਹਾਲਤ ਸੁਧਾਰਨ।ਅਸਲ ਵਿੱਚ ਲੋਕ ਵਿਭਾਗਾਂ ਵਿੱਚ ਸ਼ਕਾਇਤਾਂ ਦਿੰਦੇ ਹਨ,ਪਰ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸੁਣਵਾਈ ਨਹੀਂ ਹੋਣੀ।ਜਿੰਨ੍ਹਾਂ ਦੀ ਛਤਰ ਛਾਇਆ ਹੇਠ ਸਾਰਾ ਕੁੱਝ ਹੋ ਰਿਹਾ ਹੈ ਅਤੇ ਹੋਇਆ ਹੈ,ਉਹ ਬਿਲਡਰਾਂ ਨਾਲ ਹੀ ਖੜ੍ਹੇ ਹੋਣਗੇ ਅਤੇ ਲੋਕਾਂ ਨੂੰ ਖੱਜਲ ਕਰਨਗੇ।ਲੋਕਾਂ ਦੁਆਰਾ ਕੀਤੀਆਂ ਜਾ ਰਹੀਆਂ ਪ੍ਰੈਸ ਕਾਨਫਰੰਸ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦਾ ਰਸਤਾ ਹੈ।
ਮੇਰਾ ਹਰ ਉਸ ਸੰਬੰਧਿਤ ਵਿਭਾਗ ਨੂੰ ਸਵਾਲ ਹੈ ਕਿ ਤੁਹਾਡੇ ਵੱਲੋਂ ਪਾਸ ਕੀਤਾ ਕੋਈ ਪ੍ਰੋਜੈਕਟ 10_12 ਸਾਲ ਪੂਰਾ ਨਾ ਹੋਵੇ,ਉਸਦੇ ਪਾਰਕਾਂ ਨੂੰ ਖੇਡ ਦਾ ਮੈਦਾਨ ਬਣਾਇਆ ਹੋਵੇ।ਜਿੱਥੇ ਜਿਹਦੇ ਜੀ ਕਰੇ ਉਹ ਨਕਸ਼ੇ ਵਿੱਚ ਬਦਲਾਅ ਕਰ ਲਵੇ,ਫੇਰ ਵਿਭਾਗ ਦਾ ਫਾਇਦਾ ਕੀ ਹੈ।ਵਿਭਾਗ ਜਿਵੇਂ ਨਕਸ਼ਾ ਪਾਸ ਹੋਇਆ,ਜਿਵੇਂ ਲੋਕਾਂ ਨੂੰ ਵੇਚਿਆ ਗਿਆ ਉਸ ਤੇ ਬਾਜ਼ ਨਜ਼ਰ ਰੱਖਣ ਲਈ ਹੈ।ਲੋਕਾਂ ਦੀਆਂ ਜ਼ਿੰਦਗੀਆਂ ਨਰਕ ਬਣੀਆਂ ਹੋਈਆਂ ਹਨ।
ਕਦੇ ਵਿਭਾਗ ਨੇ ਇਹ ਵੇਖਣ ਦੀ ਕੋਸ਼ਿਸ਼ ਕੀਤੀ ਕਿ ਬਹੁ ਮੰਜਿਲ ਇਮਾਰਤਾਂ ਵਿੱਚ ਲਿਫਟਾਂ ਲੱਗੀਆਂ ਹਨ?ਜੇ ਲੱਗੀਆਂ ਹਨ ਤਾਂ ਉਹ ਚੱਲਦੀਆਂ ਹਨ? ਲਿਫਟਾਂ ਲਈ ਬੈਕ ਅੱਪ ਲਈ ਜਰਨੇਟਰ ਲੱਗਿਆ ਹੋਇਆ ਹੈ? ਘੱਟੋ ਘੱਟ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਤੋਂ ਬਾਅਦ ਹੀ ਮਸਲੇ ਹੱਲ ਕਰਨ ਲਈ ਗੰਭੀਰ ਹੋ ਜਾਉ।ਹਕੀਕਤ ਇਹ ਹੈ ਕਿ ਬਿਲਡਰਾਂ ਦੇ ਨਾਲ ਵਿਭਾਗ ਵੀ ਜ਼ਿੰਮੇਵਾਰ ਹਨ ਲੋਕਾਂ ਨੂੰ ਖੱਜਲ ਕਰਨ ਲਈ। ਮੈਂ ਕੁੱਝ ਫੋਟੋ ਲਗਾ ਰਹੀ ਹਾਂ ਨਾਲ ਇਹ ਹਕੀਕਤ ਹਨ ਅਤੇ ਮੈਂ ਪੂਰੀ ਜ਼ਿੰਮੇਵਾਰੀ ਨਾਲ ਇਹ ਭੇਜ ਰਹੀ ਹਾਂ ਮੀਡੀਆ ਵਿੱਚ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
ਮੋਬਾਈਲ ਨੰਬਰ 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly