ਕੌਣ ਬਣੇਗਾ ਪਟਵਾਰੀ ?

ਪਰਮਜੀਤ ਕੌਰ

(ਸਮਾਜ ਵੀਕਲੀ)

ਸ਼ੋਸਲ ਮੀਡੀਆ ਤੇ ਪਟਵਾਰੀ ਦੀ ਭਰਤੀ ਦਾ ਇਸ਼ਤਿਹਾਰ ਬਹੁਤ ਘੁੰਮ ਰਿਹਾ ਸੀ..ਅਚਾਨਕ ਹੀ ਮੈਨੂੰ ਮੇਰੀ ਇੱਕ ਸਹੇਲੀ ਦਾ ਫ਼ੋਨ ਆਇਆ ਤੇ ਉਸਨੇ ਮੈਨੂੰ ਕਿਹਾ ਕਿ ਆਪਾ ਇਹ ਪੋਸਟ ਅਪਲਾਈ ਕਰਨੀ ਤੇ ਮੈਂ ਉਸਨੂੰ ਹਾਂ ਕਰ ਦਿੱਤੀ । ਪੇਪਰ ਦਾ ਦਿਨ ਆ ਗਿਆ … ਅਲੱਗ -ਅਲੱਗ ਸਥਾਨਾਂ ਤੋਂ ਆਉਣ ਕਰਕੇ ਅਸੀਂ ਪਟਿਆਲਾ ਇੱਕਠੇ ਹੋਣ ਦੀ ਸੋਚੀ. ਮੈਂ ਆਪਣੇ ਮਿੱਥੇ ਸਮੇਂ ਤੋ ਮਲੇਰਕੋਟਲਾ ਬੱਸ ਸਟੈਂਡ ਤੋਂ ਬੱਸ ਲਈ..ਦੇਖਦੇ ਹੀ ਦੇਖਦੇ ਬੱਸ ਮਲੇਰਕੋਟਲਾ ਤੋਂ ਹੀ ਭਰ ਗਈ ਕਿਉੰਕਿ ਸਾਰੇ ਪਟਵਾਰੀ ਦੀ ਪ੍ਰੀਖਿਆ ਦੇਣ ਵਾਲੇ ਹੀ ਸੀ .. ਜਿਵੇਂ ਹੀ ਬੱਸ ਨਾਭਾ ਬੱਸ ਸਟੈਂਡ ਪਹੁੰਚੀ ਤਾਂ ਮੈਂ ਦੇਖ ਕੇ ਹੈਰਾਨ ਹੀ ਰਹਿ ਗਈ.. ਏਨਾ ਇਕੱਠ ?

ਸਾਰੇ ਹੀ ਪਟਵਾਰੀ ਬਣਨ ਵਾਲੇ ਸੀ…ਕੰਡਕਟਰ ਨੇ ਡਰਾਈਵਰ ਨੂੰ ਕਿਹਾ ਕਿ ਬੱਸ ਦੇ ਬ੍ਰੇਕ ਮੁੰਡਿਆਂ ਕੋਲ ਜਾ ਕੇ ਲਗਾਈ ਕਿਉੰਕਿ ਬੱਸ ਸਰਕਾਰੀ ਤੇ ਕੁੜੀਆਂ ਨੇ ਕਿਹੜਾ ਕਰਾਇਆ ਦੇਣਾ ? ਮੈ ਬੱਸ ਦੀ ਮੁਹਰਲੀ ਖਿੜਕੀ ਵਿੱਚ ਬੈਠੀ ਸੀ.. ਜਦੋਂ ਬੱਸ ਰੁੱਕੀ ਤਾਂ ਹਰ ਕੋਈ ਬੱਸ ਚੜਣ ਲਈ ਧੱਕਾ – ਮੁੱਕੀ ਹੋਣ ਲੱਗਿਆ.. ਭੀੜ ਵਿੱਚੋਂ ਇੱਕ ਮੁੰਡੇ ਨੇ ਕੁੜੀ ਨੂੰ ਜ਼ੋਰ ਦੀ ਧਕੇਲਦੇ ਕਿਹਾ ,” ਤੁਸੀ ਕਿਹੜਾ ਕਿਰਾਇਆ ਦੇਣਾ ? ਅਸੀਂ ਤਾਂ ਪੈਸੇ ਦੇ ਕੇ ਸਫ਼ਰ ਕਰਨਾ …ਆਹ ! ਮੁਫ਼ਤ ਦੇ ਚੱਕਰ ਵਿੱਚ ਤੁਹਾਡੇ ਘਰ ਵਾਲਿਆਂ ਨੇ ਤੁਹਾਡੇ ਨਾਲ ਮਾਵਾਂ ਨੂੰ ਵੀ ਭੇਜ ਦਿੱਤਾ… ਜਾਓ ਬੱਸ ਦੇ ਉੱਪਰ ਚੜ ਜਾਓ..”ਇਹ ਗੱਲ ਸੁਣਦੇ ਹੀ 10 -12 ਕੁੜੀਆਂ ਦਾ ਟੋਲਾ ਹਿੰਮਤ ਨਾਲ ਬੱਸ ਦੀ ਛੱਤ ਤੇ ਜਾ ਚੜਿਆ ਤੇ ਮੁੰਡੇ ਬੱਸ ਦੇ ਵਿੱਚ ਸਵਾਰ ਹੋ ਗਏ ।

ਬੱਸ ਜਦੋ ਪਟਿਆਲਾ ਪਹੁੰਚੀ ਤਾਂ ਲੱਗ ਰਿਹਾ ਸੀ ਕਿ ਬੱਸ ਸਟੈਂਡ ਵਿੱਚ ਕੋਈ ਵੱਡਾ ਮੇਲਾ ਲੱਗਿਆ ਹੋਵੇ.. ਚੰਡੀਗੜ ਨੂੰ ਜਾਣ ਵਾਲੀ ਬੱਸ ਵਿੱਚ ਲੋਕ ਭੱਜ ਕੇ ਬਾਹਰੋ ਹੀ ਚੜ ਜਾਂਦੇ..ਅਸੀਂ ਦੋਵੋ ਸਹੇਲੀਆਂ ਪਟਿਆਲਾ ਇਕੱਠੀਆਂ ਹੋਇਆਂ ਜੋਂ ..ਲਗਭਗ ਇੱਕ ਘੰਟੇ ਦੇ ਇੰਤਜ਼ਾਰ ਪਿੱਛੋ ਵੀ ਅਸੀਂ ਕਿਸੇ ਬੱਸ ਵਿੱਚ ਨਹੀਂ ਚੜ ਸਕੀਆਂ..ਫਿਰ ਅਖ਼ੀਰ ਬਹੁਤ ਹੀ ਮੁਸ਼ਕਿਲ ਨਾਲ ਅਸੀਂ ਇੱਕ ਮੁਹਾਲੀ ਵਾਲੀ ਬੱਸ ਲਈ ..ਸਾਨੂੰ ਲੱਗਿਆ ਕਿ ਅਸੀਂ ਜਿਵੇ ਜੰਗ ਜਿੱਤ ਲਈ ਹੋਵੇ ਕਿਉੰਕਿ ਪੇਪਰ ਵਿੱਚ ਅਜੇ ਵੀ ਕਾਫੀ ਵਕਤ ਸੀ..ਮੁਹਾਲੀ ਦੇ ਬਾਹਰ ਹੀ ਸਾਡੀ ਬੱਸ ਇੱਕ ਵੱਡੇ ਜਾਮ ਵਿੱਚ ਫੱਸ ਗਈ..ਜਿਸਤੋਂ ਨਿਕਲਣਾ ਬਹੁਤ ਮੁਸ਼ਕਿਲ ਸੀ

..ਬੱਸ ਵਿੱਚ ਤਕਰੀਬਨ ਸਾਰੇ ਪੇਪਰ ਦੇਣ ਵਾਲੇ ਹੀ ਸੀ.. ਬੱਸ ਦੇ ਡਰਾਈਵਰ ਦੇ ਮਨ ਵਿੱਚ ਬਹਤ ਰਹਿਮ ਆਇਆ ..ਕੰਡਕਟਰ ਤੇ ਡਰਾਈਵਰ ਨੇ ਬੜੀ ਹੀ ਫੁਰਤੀ ਨਾਲ ਬੱਸ ਨੂੰ ਕਿਸੇ ਹੋਰ ਰਸਤੇ ਪਾ ਲਿਆ ਪਰ ਵਕਤ ਬਹੁਤ ਲੱਗਿਆ..ਹੁਣ ਸਮਾਂ ਬਹੁਤ ਹੋ ਚੁੱਕਿਆ ਸੀ ਹਰ ਪਾਸੇ ਜਾਮ ਲੱਗੇ ਸੀ..ਸਾਡੇ ਨਾਲ ਸੀਟ ਤੇ ਇੱਕ ਔਰਤ ਬੈਠੀ ਸੀ ਉਹ ਵੀ ਪ੍ਰੀਖਿਆ ਦੇਣ ਹੀ ਜਾ ਰਹੀ ਸੀ ਤੇ ਅਚਾਨਕ ਉਸਦੇ ਫੋਨ ਦੀ ਘੰਟੀ ਵੱਜੀ ..ਫੋਨ ਉਸਦੇ ਪਤੀ ਦਾ ਸੀ ਜਿਹੜਾ ਉਸਨੂੰ ਪਹੁੰਚਣ ਬਾਰੇ ਪੁੱਛ ਰਿਹਾ ਸੀ ਪਰ ਜਦੋਂ ਉਸਨੂੰ ਹਕੀਕਤ ਦੱਸੀ ਕਿ ਉਹ ਭੀੜ ਕਰਕੇ ਚੰਡੀਗੜ੍ਹ ਵਾਲੀ ਨਹੀਂ ਸਗੋਂ ਮੁਹਾਲੀ ਵਾਲੀ ਬੱਸ ਬੈਠੀ ਤਾਂ ਉਸਦਾ ਪਤੀ ਗੁੱਸੇ ਵਿੱਚ ਪਤਾ ਨੀ ਕੀ ਕੀ ਸੁਣਾ ਰਿਹਾ ਸੀ..

ਤੇ ਅਖੀਰ ਉਸਨੇ ਇਹ ਕਹਿ ਕਿ ਫੋਨ ਕੱਟਿਆ ਕਿ ਵੀਡਿਓ ਕਾਲ ਕਰਕੇ ਦੇਖ ਲਓ ਮੈਂ ਕਿੱਥੇ ਤੇ ਕਿੰਨੀ ਭੀੜ ਬੱਸ ਵਿਚ ਤੇ ਮੇਰੇ ਖਿਆਲਾਂ ਵਿੱਚ ਇੱਕ ਗੀਤ ਘੁੰਮਣ ਲੱਗਿਆ , ‘ ਆਂਚਲ ਮੈ ਹੈ ਦੂਧ ਔਰ ਆਂਖੋ ਮੇ ਪਾਣੀ… ਹਾਏ !ਔਰਤ ਤੇਰੀ ਯਹੀ ਕਹਾਣੀ ‘.. ਮੈਂ ਸੋਚਣ ਲੱਗੀ ਕਿ ਵਕਤ ਤੇ ਪਹੁੰਚ ਕੇ ਪਟਵਾਰੀ ਦੀ ਪ੍ਰੀਖਿਆ ਇਹ ਦੇਵੇ ਜਾ ਨਾ ਪਰ ਆਪਣੇ ਪਤੀ ਨੂੰ ਵੀਡਿਓ ਕਾਲ ਤੇ ਤਸੱਲੀ ਕਰਵਾ ਕੇ ਇਹ ਅਗਨੀ ਪ੍ਰੀਖਿਆ ਜਰੂਰ ਦੇ ਚੁੱਕੀ ਹੈ । ਆਖਿਰ ਅਸੀਂ ਮੁਹਾਲੀ ਪਹੁੰਚ ਗਏ ਤੇ ਮੁਹਾਲੀ ਜਾ ਕੇ ਜਦੋਂ ਆਪਣੇ ਸੈਂਟਰਾਂ ਵਿੱਚ ਜਾਣ ਲਈ ਆਟੋ ਵਾਲਿਆ ਨੂੰ ਪੁੱਛਿਆਂ ਤਾਂ ਉਹਨਾਂ ਨੇ ਦਿਲ ਖੋਲ੍ਹ ਕੇ ਕਿਰਾਏ ਦੀ ਗੱਲ ਕੀਤੀ..ਕਿਉੰਕਿ ਉਹਨਾਂ ਨੂੰ ਵੀ ਪਤਾ ਸੀ ਕਿ ਪੇਪਰ ਸੁਰੂ ਹੋਣ ਵਿੱਚ ਘੱਟ ਸਮਾਂ ਰਹਿ ਗਿਆ ਤੇ ਉਹਨਾਂ ਲਈ ਲੁੱਟ ਕਰਨ ਦਾ ਸੁਨਹਿਰੀ ਮੌਕਾ ਸੀ ।

ਮੇਰੇ ਪ੍ਰੀਖਿਆਂ ਸੈਟਰ ਜਾਣ ਵਾਲੀ ਇੱਕ ਹੋਰ ਲੜਕੀ ਮੈਨੂੰ ਮਿਲ ਗਈ ਤੇ ਅਸੀ ਵਕਤ ਖਰਾਬ ਨਾ ਕਰਦੇ ਹੋਏ ਆਟੋ ਵਾਲੇ ਦੇ ਮੂੰਹ ਮੰਗੇ ਕਿਰਾਏ ਨਾਲ ਸਹਿਮਤ ਹੁੰਦੀਆ ਹੋਈਆ ਆਟੋ ਵਿੱਚ ਬੈਠ ਗਈਆਂ ਤੇ ਬੈਠਦੇ ਹੋਏ ਹੀ ਆਟੋ ਵਾਲੇ ਨੇ ਪੁੱਛਿਆ ਕਿ ਤੁਸੀਂ 39 ਕਿਹੜੇ ਸੈਕਟਰ ਜਾਣਾ ਬੀ ਜਾ ਸੀ ..ਅਸੀਂ ਦੋਵੇਂ ਜਾਣੀਆਂ ਨੇ ਇੱਕ – ਦੂਜੇ ਦੇ ਮੂੰਹ ਵੱਲ ਵੇਖਿਆ ਕਿਉੰਕਿ ਸਾਡੀ ਰੋਲ ਨੰਬਰ ਸਲਿਪ ਤੇ ਸਿਰਫ ਸੈਕਟਰ 39 ਹੀ ਲਿਖਿਆ ਸੀ । ਪਤਾ ਨਾ ਹੋਣ ਕਰਕੇ ਉਹ ਸਾਨੂੰ 39 ਬੀ ਵਿੱਚ ਲੈ ਗਿਆ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਪ੍ਰੀਖਿਆ ਕੇਂਦਰ 39ਸੀ ਵਿੱਚ ਬਣਿਆ..ਤੇ ਆਟੋ ਵਾਲਾ ਕਹਿੰਦਾ ਕਿ ਪਿਛਲਾ ਕਿਰਾਇਆ ਦੇਵੋ ਜੇਕਰ ਹੁਣ 39ਸੀ ਵਿੱਚ ਜਾਣਾ ਤਾਂ ਇਸ ਲਈ ਵੱਖਰਾ ਕਿਰਾਇਆ ਦੇਣਾ ਪਊ…ਬੜਾ ਹੀ ਗੁੱਸਾ ਆ ਰਿਹਾ ਸੀ ਉਸ ਤੇ ਕਿਉੰਕਿ 10 ਮਿੰਟ ਦੇ ਰਸਤੇ ਲਈ ਉਹ ਪਹਿਲਾ ਹੀ 100 ਰੁਪਏ ਵਸੂਲ ਚੁੱਕਿਆ ਸੀ ।

ਨਾ ਚਾਹੁੰਦੇ ਹੋਏ ਵੀ ਉਸਨੂੰ ਹਾਂ ਕਰਨੀ ਪਈ ਕਿਉੰਕਿ ਟਾਈਮ ਬਹੁਤ ਹੋ ਚੁੱਕਿਆ ਸੀ । ਜਦੋ ਅਸੀ ਪ੍ਰੀਖਿਆ ਕੇਂਦਰ ਪਹੁੰਚੇ ਤਾਂ ਗੇਟ ਬੰਦ ਹੋ ਚੁੱਕਿਆ ਸੀ …ਬੜੀਆਂ ਹੀ ਮਿੰਨਤਾ ਨਾਲ ਅਸੀਂ ਇਹ ਗੇਟ ਖੁਲਵਾਇਆ ..ਪ੍ਰੀਖਿਆਂ ਸੁਰੂ ਹੋਣ ਵਿੱਚ 15ਮਿੰਟ ਬਾਕੀ ਸੀ ਪਰ ਜਿਵੇਂ ਹੀ ਅਸੀਂ ਬਿਲਡਿੰਗ ਅੰਦਰ ਵੜੇ ਤਾਂ ਕੰਟਰੋਲਰ ਮੈਡਮ ਨੇ ਸਾਨੂੰ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਦੀ ਆਗਿਆ ਨਾ ਦਿੱਤੀ .ਅਸੀਂ ਉਸਨੂੰ ਹਰ ਮੁਸ਼ਕਿਲ ਦੱਸੀ ਪਰ ਉਸਦੀ ਤਸ਼ੀਰ ਮੈਨੂੰ ਜਨਰਲ ਡਾਇਰ ਵਰਗੀ ਲੱਗੀ ਕਿਉੰਕਿ ਉਸਦਾ ਵਿਵਹਾਰ ਬਹੁਤ ਨਿਰਦਈ ਕਿਸਮ ਦਾ ਸੀ.. ਇੰਨੇ ਨੂੰ ਲਗਭਗ ਸਾਡੇ ਵਰਗੇ 15 ਜਾਣੇ ਹੋਰ ਪਹੁੰਚ ਗਏ ਉਹਨਾਂ ਵਿੱਚੋ ਇੱਕ ਦਾ ਤਾਂ ਤਾਜ਼ਾ ਐਕਸੀਡੈਂਟ ਹੋਇਆ ਸੀ ਤੇ ਉਹ ਜਖਮਾਂ ਦੀ ਪਰਵਾਹ ਕਰੇ ਬਿਨਾਂ ਪ੍ਰੀਖਿਆ ਦੇਣਾ ਚਾਹੁੰਦਾ ਸੀ ..

ਉਸ ਨੇ ਵੀ ਬਹੁਤ ਮਿੰਨਤਾ ਕੀਤੀਆਂ ਮੈਡਮ ਦੇ ਪੈਰਾਂ ਤੱਕ ਹੱਥ ਲਗਾ ਦਿੱਤੇ ਪਰ ਮੈਡਮ ਤੇ ਜ਼ਰਾ ਵੀ ਅਸਰ ਨਾ ਹੋਇਆ ..ਪ੍ਰੀਖਿਆਂ ਸੁਰੂ ਹੋਣ ਵਿੱਚ 15 ਮਿੰਟ ਸੀ ਜੇਕਰ ਉਹ ਚਾਹੁੰਦੀ ਤਾਂ ਸਾਨੂੰ ਪ੍ਰੀਖਿਆਂ ਦੇਣ ਦੀ ਆਗਿਆ ਦੇ ਸਕਦੀ ਸੀ..ਪਰ ਉਸਦੀ ਤਾਨਾਸ਼ਾਹੀ ਜ਼ਮੀਰ ਨੇ ਉਸਨੂੰ ਅਜਿਹਾ ਨਾ ਕਰਨ ਦਿੱਤਾ..ਮੈਨੂੰ ਤਾਂ ਅਜਿਹੀ ਤਾਨਾਸ਼ਾਹੀ ਔਰਤ ਤੋਂ ਕੋਈ ਉਮੀਦ ਨਜ਼ਰ ਨਹੀਂ ਸੀ ਆ ਰਹੀ ਤੇ ਮੈਂ ਚੁੱਪ – ਚਾਪ ਪ੍ਰੀਖਿਆ ਕੇਂਦਰ ਤੋਂ ਬਾਹਰ ਆ ਗਈ ਤੇ ਕੁਝ ਸਮੇਂ ਬਾਅਦ ਪੁਲਿਸ ਨੇ ਧੱਕੇ ਨਾਲ ਉਹਨਾਂ ਉਮੀਦਵਾਰਾਂ ਨੂੰ ਬਾਹਰ ਕੱਢਿਆ..ਇਸ ਸਮੇਂ ਇੱਕ ਲੜਕੀ ਪ੍ਰੀਖਿਆ ਨਾ ਦੇ ਸਕਣ ਕਾਰਣ ਉੱਚੀ – ਉੱਚੀ ਰੋਣ ਲੱਗੀ ਤੇ ਮੇਰੇ ਪੁੱਛਣ ਤੇ ਉਸ ਲੜਕੀ ਨੇ ਦੱਸਿਆ ਕਿ ਉਹ ਇੱਕ ਮਜ਼ਦੂਰ ਦੀ ਧੀ ਹੈ …ਪਿਛਲੇ 6 ਮਹੀਨਿਆਂ ਤੋਂ ਉਸਦਾ ਪਿਤਾ ਪੈਸੇ ਉਧਾਰ ਮੰਗ ਕੇ ਉਸਨੂੰ ਕੋਚਿੰਗ ਦਵਾ ਰਿਹਾ ਸੀ ਤੇ ਉਸਨੇ ਤਿਆਰੀ ਵੀ ਬਹੁਤ ਕੀਤੀ ਸੀ ਪਰ ਉਸਦੀ ਉਮੀਦ ਟੁੱਟ ਗਈ..

ਪ੍ਰੀਖਿਆ ਕੇਂਦਰ ਦੇ ਬਾਹਰ ਪ੍ਰੀਖਿਆਰਥੀਆਂ ਨਾਲ ਆਏ ਹੋਏ ਮਾਤਾ – ਪਿਤਾ, ਭੈਣ – ਭਰਾ ਤੇ ਬੱਚੇ ਬਾਹਰ ਖੜੇ ਸੀ । ਯੋਗ ਪ੍ਰਬੰਧ ਨਾ ਹੋਣ ਕਰਕੇ ਉਹ ਸਾਰੇ ਧੁੱਪ ਤੇ ਪਿਆਸ ਨਾਲ ਵਿਲਕ ਰਹੇ ਸੀ । ਅਸੀ ਉਥੋਂ ਵਾਪਸੀ ਕਰ ਲਈ ਕਿਉੰਕਿ ਹੁਣ ਮੈਨੂੰ ਡਰ ਸੀ ਕਿ ਪੇਪਰ ਖਤਮ ਹੁੰਦੇ ਹੀ ਬੱਸਾਂ ਭਰਨੀਆ ਸੁਰੂ ਹੋ ਜਾਣੀਆਂ ..ਵਾਪਸੀ ਵਕਤ ਵਾਰ – ਵਾਰ ਉਸ ਵਿਲਕਦੀ ਲੜਕੀ ਦਾ ਚਿਹਰਾ ਸਾਹਮਣੇ ਆ ਰਿਹਾ ਸੀ । ਆਖਿਰ ਇਸਦਾ ਜਿੰਮੇਵਾਰ ਕੌਣ ਸੀ ? ਕਿੰਨੇ ਘਟੀਆ ਤਰੀਕੇ ਨਾਲ ਬੇਰੁਜ਼ਗਾਰਾਂ ਦਾ ਸੋਸ਼ਣ ਹੋ ਰਿਹਾ .. ਪਹਿਲਾ ਤਾਂ ਪ੍ਰੀਖਿਆ ਦੇਣ ਲਈ ਕਿੰਨੀਆ ਫੀਸਾਂ ਭਰਵਾ ਲੈਂਦੇ ਤੇ ਪ੍ਰੀਖਿਆ ਪ੍ਰਬੰਧ ਬਿਲਕੁਲ ਘਟੀਆ ਹੁੰਦੇ ..ਸਮਝ ਨਹੀਂ ਲੱਗਦੀ ! ਆਖਿਰ ਚਾਰ – ਚਾਰ ਜ਼ਿਲੇ ਛੱਡ ਕੇ ਪ੍ਰੀਖਿਆ ਕੇਂਦਰ ਕਿਉੰ ਬਣਾਏ ਜਾਂਦੇ ?

ਕੀ ਇਹ ਪ੍ਰੀਖਿਆ ਜ਼ਿਲਾ ਪੱਧਰ ਤੇ ਨਹੀਂ ਸੀ ਹੋ ਸਕਦੀ ? ਰੋਲ ਨੰਬਰ ਸਲਿੱਪਾ ਵਿੱਚ ਸਹੀ ਢੰਗ ਨਾਲ ਪ੍ਰੀਖਿਆ ਕੇਂਦਰ ਦਾ ਪਤਾ ਨਾ ਦੇਣਾ ਸਾਰੇ ਪ੍ਰੀਖਿਆਰਥੀਆਂ ਨੂੰ ਪ੍ਰੇਸ਼ਾਨ ਕਰਨ ਦਾ ਬਹੁਤ ਹੀ ਘਟੀਆ ਤਰੀਕਾ..ਇੰਨੇ ਕਸ਼ਟ ਸਹਿ ਕੇ ਹਰ ਕਿਸੇ ਨੇ ਪ੍ਰੀਖਿਆ ਦਿੱਤੀ ਜੇਕਰ ਉਹ ਇਸ ਪ੍ਰੀਖਿਆਂ ਨੂੰ ਪਾਸ ਕਰ ਲੈਂਦੇ ਹਨ ਤਾਂ ਥੋੜੇ ਜਿਹੇ ਪ੍ਰੀਖਿਆਰਥੀਆਂ ਦੀ ਚੋਣ ਕੀਤੀ ਜਾਵੇਗੀ ਤੇ ਉਸਤੋ ਬਾਅਦ ਵੀ ਉਹਨਾਂ ਨੂੰ ਇੱਕ ਹੋਰ ਪ੍ਰੀਖਿਆ ਤੇ ਇੰਟਰਵਿਊ ਦਾ ਪੜਾਅ ਪਾਰ ਕਰਨਾ ਪੈਣਾ ਪਰ ਸਰਕਾਰ ਦਾ ਕਾਰਜ਼ਕਾਲ ਵੀ ਬਹੁਤ ਹੀ ਘੱਟ ਸਮੇਂ ਦਾ ਰਹਿ ਗਿਆ .. ਇਸ ਕਾਰਜ਼ਕਾਲ ਵਿੱਚ ਪਟਵਾਰੀ ਦੀ ਕੁਰਸੀ ਮਿਲਣੀ ਅਸੰਭਵ ਹੀ ਲੱਗਦੀ .. ਚਲੋ ਦੇਖਦੇ ਹਾਂ ਮੇਰੇ ਰਿਸ਼ਤੇਦਾਰਾਂ ਤੇ ਦੋਸਤਾਂ ਵਿੱਚੋ ਕਿਸਨੂੰ ਇਹ ਕੁਰਸੀ ਨਸ਼ੀਬ ਹੋਣੀ ਤੇ ਕੌਣ ਬਣੂ ਪਟਵਾਰੀ ?

ਪਰਮਜੀਤ ਕੌਰ

ਸ਼ੇਖੂਪੁਰ ਕਲਾ ,
(ਮਲੇਰਕੋਟਲਾ)

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਰਾਸਤੀ ਪ੍ਰੋਗਰਾਮ ‘ਤੀਆਂ ਤੀਜ ਦੀਆਂ’ ਦਿ ਪਿੰਡ ਸੂਸਾਂ ਵਿਚ ਪਈ ਧਮਾਲ
Next articleਪਿੰਡ ਬਿਹਾਰੀਪੁਰ ਦੇ ਲੋਕਾਂ ਨੂੰ ਖੋਜੇਵਾਲ ਨੇ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮ ਤੋਂ ਕਰਵਾਇਆ ਜਾਣੂ