(ਸਮਾਜ ਵੀਕਲੀ)
ਜੋ ਦਿੱਲੀ ਗਏ ਅੰਦੋਲਨ ਲਈ, ਉਹਨਾਂ ਵੀਰਾਂ ਲਈ ਅਰਦਾਸ ਕਰੋ
ਟੁੱਟ ਜਾਣ ਸਾਰੀਆਂ ਜ਼ੁਲਮ ਦੀਆਂ, ਜ਼ੰਜੀਰਾਂ ਲਈ ਅਰਦਾਸ ਕਰੋ ।।
ਜੋ ਹੱਕ ਦਾ ਨਾਅਰਾ ਲਾਉਂਦੇ ਨੇ, ਤੇ ਰਬ ਦਾ ਨਾਮ ਧਿਆਉਂਦੇ ਨੇ
ਜੋ ਸੜਕਾਂ ਉੱਤੇ ਬੈਠੇ ਨੇ, ਦਿਲਗੀਰਾਂ ਲਈ ਅਰਦਾਸ ਕਰੋ ।।
ਜੋ ਧਰਤੀ ਦਾ ਕਰਜ਼ ਉਤਾਰ ਗਏ,ਜੋ ਜ਼ਿਂਦ ਸਾਡੇ ਲਈ ਵਾਰ ਗਏ
ਜੋ ਘਰਾਂ ਨੂੰ ਮੁੜ ਕੇ ਆਏ ਨਹੀਂ ਉਹਨਾਂ ਵੀਰਾਂ ਲਈ ਅਰਦਾਸ ਕਰੋ ।।
ਕਿਰਦਾਰ ਤੇ ਦਾਗ਼ ਵੀ ਲੱਗੇ ਨਾ, ਦਸਤਾਰ ਤੇ ਦਾਗ਼ ਵੀ ਲੱਗੇ ਨਾ
ਜ਼ੁਲਮ ਦੇ ਅਗੇ ਝੁਕਣ ਨਾ ਇਹ, ਸ਼ਮਸ਼ੀਰਾਂ ਲਈ ਅਰਦਾਸ ਕਰੋ ।।
ਸਾਡੇ ਵੀਰ ਭਗਤ ਸਿੰਘ ਸ਼ੇਰ ਜਿਹੇ, ਭਾਈ ਉਂਦਮ ਸਿੰਘ ਦਲੇਰ ਜਿਹੇ
ਹੁਣ ਕੋਈ ਵੀ ਸੁਪਨਾ ਟੁੱਟੇ ਨਾ, ਤਾਬੀਰਾਂ ਲਈ ਅਰਦਾਸ ਕਰੋ ।।
ਜੋ ਧੁੱਪਾਂ ਛਾਵਾਂ ਵਿੱਚ ਖੜ੍ਹੇ ਰਹੇ, ਜੋ ਸਿਦਕ ਆਪਣੇ ਤੇ ਅੜੇ ਰਹੇ
ਜੋ ਸੱਚਾਈ ਤੋਂ ਡੋਲੇ ਨਹੀਂ, ਸ਼ਬਬੀਰਾਂ ਲਈ ਅਰਦਾਸ ਕਰੋ ।।
ਅਸੀਂ ਹੱਕ ਮੰਗਦੇ ਹਾਂ ਭੀਖ ਨਹੀਂ, ਇਹ ਧੱਕੇ ਸ਼ਾਹੀ ਠੀਕ ਨਹੀਂ
ਜੋ ਲਿਖੀਆਂ ਮੇਹਨਤ ਨਾਲ ਅਸੀਂ, ਤਕਦੀਰਾਂ ਲਈ ਅਰਦਾਸ ਕਰੋ ।।
ਕਦੇ ਜੰਗ ਲੜੇ ਸੀ ਮੁਗ਼ਲਾਂ ਨਾਲ ਹੁਣ ਜੰਗ ਹੈ ਚੋਰ ਤੇ ਚੁਗਲਾਂ ਨਾਲ
ਕਦੇ ਹਾਰ ਅਸਾਡੀ ਹੋਵੇ ਨਾ ਤੌਕੀਰਾਂ ਲਈ ਅਰਦਾਸ ਕਰੋ ।।
ਜਿਨ੍ਹਾਂ ਮੋਢੇ ਨਾਲ ਮੋਢਾ ਲਾਇਆ ਏ, ਜਿਨ੍ਹਾਂ ਸੱਚ ਦਾ ਸਾਥ ਨਿਭਾਇਆ ਏ
ਉਨਾਂ ਬੀਬੀਆਂ, ਸ਼ੇਰਨੀਆਂ ਦੀਆਂ, ਤਦਬੀਰਾਂ ਲਈ ਅਰਦਾਸ ਕਰੋ ।।
ਹੁਣ ਸਾਰੇ ਮਸਲੇ ਹੱਲ ਹੋਵਣ, ਹੁਣ ਸਾਡੇ ਨਾਲ ਨਾਂ ਛਲ ਹੋਵਣ
ਜੋ ਜ਼ੇਹਨਾਂ ਦੇ ਵਿੱਚ ਬਣੀਆਂ ਨੇ, ਤਸਵੀਰਾਂ ਲਈ ਅਰਦਾਸ ਕਰੋ ।।
‘ਫ਼ਲਕ’ ਇਹੀ ਦੁਆਵਾਂ ਕਰਦੀ ਏ ਵੀਰ ਜਿਤ ਕੇ ਘਰਾਂ ਨੂੰ ਮੁੜ ਆਵਣ
ਹੁਣ ਸਾਥੋਂ ਖੋਈਆਂ ਜਾਵਣ ਨਾਂ ਜਾਗੀਰਾਂ ਲਈ ਅਰਦਾਸ ਕਰੋ ।।
ਜਸਪ੍ਰੀਤ ਕੌਰ ਫ਼ਲਕ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly