(ਸਮਾਜ ਵੀਕਲੀ)
ਜਿੱਤਾਂ ਹਾਰਾਂ ਉਨ੍ਹਾਂ ਦੀ ਜਿੰਦਗੀ ਵਿੱਚ ਹੀ ਵਾਪਰਦੀਆਂ ਹਨ ਜੋ ਕਿਸੇ ਵੀ ਮੁਕਾਬਲੇ ਵਿੱਚ ਬਤੌਰ ਪ੍ਰਤੀਯੋਗੀ ਸਾਮਿਲ ਹੁੰਦੇ ਹਨ। ਮੈਦਾਨ ਦੇ ਬਾਹਰ ਬੈਠ ਕੇ ਵਾਹ-ਵਾਹ ਜਾਂ ਆਲੋਚਨਾ ਦੇ ਤੰਦ ਕੱਸਣ ਵਾਲਿਆਂ ਨੂੰ ਜਿੱਤਾਂ-ਹਾਰਾਂ ਦਾ ਕੋਈ ਅਤਾ ਪਤਾ ਨਹੀਂ ਹੁੰਦਾ। ਪਰ ਇੱਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਜਿੱਤ ਦੀ ਖੁਸ਼ੀ ਨਾਲੋਂ ਹਾਰ ਨੂੰ ਸੰਜਮ ਵਿੱਚ ਰਹਿ ਕੇ ਬਰਦਾਸਤ ਕਰ ਵਾਲਾ ਅਤੇ ਹਾਰ ਤੋਂ ਸਿੱਖ ਕੇ ਅੱਗੇ ਵਧਣ ਵਾਲਾ ਅਸਲ ਪ੍ਰਤਿਯੋਗੀ ਅਖਵਾਉਂਦਾ ਹੈ। ਮੈਂ ਗੱਲ ਕਰਨ ਲੱਗਾ ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ, ਜਿੰਨਾਂ ਨੇ 2022 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਮਾਨਸਾ ਤੋਂ ਚੋਣ ਲੜੀ ਅਤੇ ਹਾਰ ਗਏ। ਜਿਸ ਤਰ੍ਹਾਂ ਲੋਕਾਂ ਨੇ ਵੋਟਾਂ ਮੰਗਣ ਗਏ ਬਾਕੀ ਉਮੀਦਵਾਰ, ਖਾਸ ਕਰਕੇ ਹੁਣੇ ਹੁਣੇ ਰਾਜ ਕਰਕੇ ਗਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜੋ ਸਵਾਲ ਕੀਤੇ, ਉਹੀ ਸਵਾਲ ਸਿੱਧੂ ਮੂਸੇਵਾਲਾ ਨੂੰ ਕੀਤੇ ਗਏ, ਜਿੰਨਾਂ ਦੇ ਜਵਾਬ ਸਿੱਧੂ ਆਪਣੇ ਗੀਤਾਂ ਰਾਹੀਂ ਲਗਾਤਾਰ ਭੱਦੀ ਸ਼ਬਦਾਵਲੀ ਨਾਲ ਦੇ ਰਹੇ ਹਨ। ਕੀ ਸਿੱਧੂ ਮੂਸੇਵਾਲਾ, ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਦੀ ਵੋਟਾਂ ਦੌਰਾਨ ਸਟੇਜਾਂ ਤੋਂ ਮਾਰੀ ਗਈ ਕੁੱਤੇ ਭਕਾਈ ਤੋਂ ਅਣਜਾਣ ਸੀ? ਜਾਂ ਰਾਜੇ ਵੜਿੰਗ ਦੁਆਰਾ ਰਾਜਨੀਤਕ ਸਰਗਰਮੀਆਂ ਵਿੱਚ ਅਫ਼ਸਾਨਾ ਤੋਂ ਕਰਵਾਏ ਗਏ ਲੋਕਾਂ ਦੇ ਮਨੋਰੰਜਨ ਤੋਂ ਅਣਜਾਣ ਸੀ?
ਜਨਾਨੀਆਂ ਨਾਲ ਬੈਠ ਕੇ ਚੁਗਲੀਆਂ ਕਰਨ ਵਾਲੇ ਦੇ ਵਿਚਾਰ, ਟਿਕਟ ਮਿਲਦਿਆਂ ਹੀ ਚੱਜ ਭਰਪੂਰ ਹੋ ਗਏ ਅਤੇ ਫਿਰ ਹਾਰ ਜਾਣ ਤੇ ਇੱਕਦਮ ‘FUCK EM ALL” ਵਰਗਾ ਗੀਤ ਗਾਉਣਾ, ਕਿੱਹੋ ਜਿਹਾ ਸਮਾਜ ਸਿਰਜਣਾ ਚਾਹ ਰਹੇ ਹੋ ਸਿੱਧੂ ਸਾਬ? ਅਤੇ ਆਪਣੇ ਦੂਸਰੇ ਗੀਤ ‘SCAPEGOAT’ ਵਿੱਚ ਲੋਕੋ ਤੁਸੀਂ ਐਵੇਂ ਲੋਕੋ ਤੁਸੀਂ ਓਵੇਂ ਕਹਿਣਾ ਕਿੰਨਾ ਕੁ ਸਹੀ ਹੈ? ਲੋਕਤੰਤਰ ਵਿੱਚ, ਬਹੁਤਾਤ ਵਿੱਚ ਲੋਕ ਜਿਸ ਬੰਦੇ ਨੂੰ ਪਸੰਦ ਕਰਨਗੇ,ਉਸੇ ਦੀ ਸਰਕਾਰ ਬਣੇਗੀ। ਲੋਕਤੰਤਰਿਕ ਫੈਸਲੇ ਨੂੰ ਨਤੀਜੇ ਤੋਂ ਬਾਅਦ ਵਿੱਚ ਉਮੀਦਵਾਰ ਦੁਆਰਾ ਅਜਿਹੀ ਭੱਦੀ ਸ਼ਬਦਾਵਲੀ ਵਿੱਚ ਨਕਾਰਨਾ ਕਿੱਥੋਂ ਤੱਕ ਸਹੀ ਹੈ? ਅਸਲ ਵਿੱਚ ਸਿੱਧੂ ਮੂਸੇਵਾਲਾ ਅਜਿਹੇ ਸਦਮੇ ਵਿੱਚੋਂ ਗੁਜਰ ਰਹੇ ਹਨ, ਜਿੱਥੇ ਗਿਆਨ ਦੀ ਅਣਹੋਂਦ ਵਿੱਚ ਜਵਾਨੀ ਦੀ ਅਗਨੀ ਬਿਨਾਂ ਕਿਸੇ ਵਿਕਾਸਸ਼ੀਲ ਮੰਤਵ ਤੋਂ ਠਾਠਾਂ ਮਾਰ ਰਹੀ ਹੈ। ਪੰਜਾਬ ‘ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਹਾਂ’ ਵਰਗੇ ਗੀਤ ਗਾਉਣ ਵਾਲਿਆਂ ਕੋਲੋਂ ਕਦੇ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਆਸ ਨਹੀਂ ਰੱਖਦਾ, ਬਤੌਰ ਸਰੋਤੇ ਕਲਾਕਾਰਾਂ ਤੋਂ ਕੁਝ ਚੰਗਾ ਸੁਣਨ ਦੀ ਆਸ ਵਿੱਚ…
ਅਮਨ ਜੱਖਲਾਂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly