ਜੋ ਖੜੇ ਨੇ ਮੇਰੀਆਂ ਰਾਹਵਾਂ ਵਿੱਚ

(ਸਮਾਜ ਵੀਕਲੀ)

ਜੋ ਖੜੇ ਨੇ ਮੇਰੀਆਂ ਰਾਹਵਾਂ ਦੇ ਵਿੱਚ ਚੱਟਾਨ ਬਣ ਕੇ ,
ਮਿੱਟੀ ਵਿੱਚ ਉਹਨਾਂ ਨੂੰ ਦੇਵਾਂਗਾ ਮਿਲਾ ਤੂਫ਼ਾਨ ਬਣ ਕੇ ।

ਨਾਲ ਖੁਸ਼ਬੋਆਂ ਦੇ ਉਹ ਥਾਂ ਭਰ ਗਿਆ ਜਿੱਥੇ ਗਿਆ ਮੈਂ ,
ਨਾ ਗਿਆ ਮੈਂ ਜਿੱਥੇ , ਉਹ ਥਾਂ ਰਹਿ ਗਿਆ ਸ਼ਮਸ਼ਾਨ ਬਣ ਕੇ ।

ਸਾਮ੍ਹਣੇ ਮੇਰੇ ਨਹੀਂ ਚਲਣੀ ਉਨ੍ਹਾਂ ਦੀ ਇਕ ਵੀ ਯਾਰੋ ,
ਜਿਹੜੇ ਮੈਨੂੰ ਦੱਸਦੇ ਨੇ ਸਭ ਤੋਂ ਬੜੇ ਸ਼ੈਤਾਨ ਬਣ ਕੇ ।

ਬਹੁਤ ਚਿਰ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਸਕਦਾ ਨਹੀਂ ਉਹ ,
ਠੱਗ ਕੇ ਜਿਹੜਾ ਉਨ੍ਹਾਂ ਨੂੰ ਬੈਠਾ ਏ ਧਨਵਾਨ ਬਣ ਕੇ ।

ਹੱਕ ਆਪਣੇ ਦੀ ਕਰੋ ਵਰਤੋਂ ਸਮਝ ਦੇ ਨਾਲ ਯਾਰੋ ,
ਦੇਸ਼ ਖਾਊ , ਚੋਰ ਜੇ ਕਰ ਬਹਿ ਗਿਆ ਪਰਧਾਨ ਬਣ ਕੇ ।

ਦੇਸ਼ ਦੇ ਵਿੱਚੋਂ ਉਦੋਂ ਹੀ ਵੰਡ ਕਾਣੀ ਖਤਮ ਹੋਣੀ ,
ਜਦ ਹਰਿਕ ਕਮਜ਼ੋਰ ਵੀ ਜਾਏਗਾ ਖੜ ਬਲਵਾਨ ਬਣ ਕੇ ।

ਆਪਾ ਲੱਭੇਗਾ ਤਾਂ ਹੀ ਤੈਨੂੰ ਮੇਰੇ ਸ਼ਿਅਰਾਂ ਦੇ ਵਿੱਚੋਂ ,
ਸ਼ਿਅਰ ਜੇ ਕਰ ਤੂੰ ਪੜ੍ਹੇਂਗਾ ਮੇਰੇ , ਮਹਿੰਦਰ ਮਾਨ ਬਣ ਕੇ ।

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲ ਨਾ ਛੱਡ ਤੂੰ ਦਿਲ ਨਾ ਛੱਡ ਤੂੰ
Next articleਭਾਵੇਂ ਮੰਜ਼ਲ ਦੇ ਰਸਤੇ ‘ਚ