(ਸਮਾਜ ਵੀਕਲੀ)
ਸਾਲ ਕੁ ਹੋਇਆ ਸੀ ਉਨ੍ਹਾਂ ਦੇ ਵਿਆਹ ਨੂੰ। ਇੱਕ ਛੁੱਟੀ ਵਾਲ਼ੇ ਦਿਨ ਪਤਨੀ ਜੀ ਨੇ ਪਤੀ ਨੂੰ ਪੁੱਛਿਆ
” ਗੱਲ ਸੁਣੋ ! ਮੇਰੇ ਮਨ ਵਿੱਚ ਨ, ਚਾਰ ਕੁ ਸਵਾਲ ਉੱਠਦੇ ਨੇ ਘੜੀ ਮੁੜੀ, ਅੱਜ ਤੁਸੀਂ ਉਨ੍ਹਾਂ ਦੇ ਜਵਾਬ ਦਿਓ ਠੀਕ ਐ•!!”
” ਠੀਕ ਆ ! ਪੁੱਛ ?
” ਪਹਿਲਾ ਸਵਾਲ ! ਦੁਨੀਆਂ ‘ਚ ਸਾਰਿਆਂ ਨਾਲ਼ੋਂ ਪਿਆਰਾ ਕੌਣ ਏ ਤੁਹਾਨੂੰ ?’
ਤਤਕਾਲ ਜਵਾਬ ਮਿਲ਼ਦਾ ਹੈ ” ਮੰਮੀ!”
” ਤੇ ਦੁਨੀਆਂ ‘ਚ ਸਾਰਿਆਂ ਤੋਂ ਜ਼ਿਆਦਾ ਕੰਮ ਕੌਣ ਕਰਦਾ ਏ ?”
” ਬਾਪੂ !!”
” ਤੇ ਦੁਨੀਆਂ ‘ਚ ਹਰ ਵੇਲ਼ੇ ਸਾਥ ਕੌਣ ਦਿੰਦਾ ਹੈ ਤੁਹਾਡਾ ?”
” ਮੇਰੀ ਭੈਣ !!”
ਹੁਣ ਅਵਾਜ਼ ਦਾ ਲੈਵਲ ਥੋੜ੍ਹਾ ਜਿਹਾ ਹਾਈ ਹੋ ਜਾਂਦਾ ਹੈ
” ਤੇ ਦੁਨੀਆਂ ‘ਚ ਸਾਰਿਆਂ ਤੋਂ ਵਧੀਆ ਸਾਥੀ ਕੌਣ ਏ ਤੁਹਾਡਾ ?”
” ਮੇਰਾ ਭਰਾ !!”
” ਤੇ ਦੁਨੀਆਂ ‘ਚ ਹਰ ਕਾਂਡ ਵਿੱਚ ਤੁਹਾਡਾ ਸਾਥ ਦੇਣ ਵਾਲ਼ਾ ਕੌਣ ਏ ?”
ਹੱਸ ਕੇ ” ਮੇਰਾ ਮੁਬਾਇਲ !!”
ਹਾਸੇ ਨੇ ਅੱਗ ਵਿੱਚ ਘਿਓ ਦਾ ਕੰਮ ਕੀਤਾ । ਅਵਾਜ਼ ਦਾ ਲੈਵਲ ਤੇ ਦਿਮਾਗ਼ ਦਾ ਪਾਰਾ ਸਿਖ਼ਰ ਤੇ ਜਾ ਪਹੁੰਚਿਆ। ਬੜੀ ਔਖ਼ ਨਾਲ਼ ਜ਼ਬਤ ਕਰਕੇ ਪਤਨੀ ਜੀ ਬੋਲੀ
” ਤੇ ਦੁਨੀਆਂ ਵਿੱਚ ਹਰ ਵਕ਼ਤ ਕੰਮ ਆਉਣ ਵਾਲ਼ਾ ਕੌਣ ਏ?”
” ਪੈਸਾ!!”
” ਤੇ ਦੁਨੀਆਂ ‘ਚ ਜਿੱਥੇ ਆ ਕੇ ਸਭ ਤੋਂ ਵੱਧ ਸਕੂਨ ਮਿਲਦਾ ਹੈ,ਉਹ ਥਾਂ ਕਿਹੜੀ ਏ ?”
” ਆਪਣਾ ਘਰ!!!”
ਇਹ ਸੁਣਦਿਆਂ ਹੀ ਬਲਾਸਟ ਹੋ ਗਿਆ
” ਤੇ ਵਿਆਹ ਕੀ ਸਿਰਫ਼ ਭੱਠ ਫੂਕਣ ਨੂੰ ਕਰਾਇਆ ਸੀ ਮੇਰੇ ਨਾਲ਼ ! ਮੇਰਾ ਤਾਂ ਕਿਸੇ ਚੀਜ਼ ਵਿੱਚ ਤੁਸੀਂ ਨਾਂ ਈ ਨਹੀਂ ਲਿਆ!! ਮੈਨੂੰ ਕੀ ਸਿਰਫ਼ ਰੋਟੀਆਂ ਪਕਾਉਣ ਵਾਲ਼ੀ ਬਾਈ ਸਮਝ ਰੱਖਿਆ ਹੈ ਤੁਸੀਂ !!!”
ਗੱਡੀ ਨੇ ਨਾਨ ਸਟਾਪ ਲੀਹ ਫੜ੍ਹ ਲਈ ਸੀ
” ਤੁਹਾਡਾ ਸਾਥ ਦੇਣ ਵਾਲ਼ਾ ਕੋਈ ਹੋਰ , ਪਿਆਰ ਕਰਨ ਵਾਲ਼ਾ ਕੋਈ ਹੋਰ , ਕੰਮ ਕਰਨ ਵਾਲ਼ਾ ਕੋਈ ਹੋਰ , ਫੇਰ ਮੈਂ ਇੱਥੇ ਕੀ ਕਰਦੀ ਆਂ !! ਐਹ ਸਾਂਭੋ ਆਪਣਾ ਘਰ !! ਮੈਂ ਚੱਲੀ ਆਂ ਪੇਕਿਆਂ ਨੂੰ !!!”
ਵਕ਼ਤ ਵਿਚਾਰੇ ਸੁ ਬੰਦਾ ਹੋਇ।
—-
ਸ਼ਿੰਦਾ ਬਾਈ –
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly