(ਸਮਾਜਵੀਕਲੀ)- ਪਦਾਰਥਵਾਦ ਯੁੱਗ ਵਿੱਚ ਹਰ ਖੇਤਰ ਜਾਂ ਕਿਤੇ ਦੇ ਲੋਕਾਂ ਦੀ ਸੋਚ ਤੇ ਕੰਮ ਕਰਨ ਵਿੱਚ ਗਿਰਾਵਟ ਆ ਚੁੱਕੀ ਹੈ ਜੁਬਾਨ ਦੀ ਥਾਂ ਲਿਖਤੀ ਪੇਪਰਾਂ ਤੇ ਵੱਧ ਭਰੋਸਾ ਕੀਤੀ ਜਾ ਰਿਹਾ ਹੈ । ਅਯੋਕੇ ਮਨੁੱਖ ਦੇ ਕਿਰਦਾਰ ਨੇ ਸਮੇਂ ਦੀ ਮਜਬੂਰੀ ਬਣਾ ਦਿੱਤੀ ਹੈ। ਗੁਰਬਾਣੀ ਦਾ ਵਾਕ ਹੈ”ਬਚਨ ਕਰੇ ਸੋ ਖਿਸਕ ਜਾਏ ਸੋਈ ਨਰ ਕੱਚਾ” ਇੱਕ ਨਜ਼ਰ ਨਾਲ ਵੇਖਿਆ ਜਾਵੇ ਤਾਂ ਬੰਦੇ ਲਈ ਮਾਣ ਵਾਲੀ ਗੱਲ ਨਹੀਂ ਨਮੋਸ਼ੀ ਦਾ ਲੇਬਲ ਹੀ ਕਹਿਆ ਜਾ ਸਕਦਾ ਹੈ। ਇਹ ਕੋਈ ਅਤਿਕਥਨੀ ਨਹੀਂ ਕਿ ਇਹ ਦੇਣ ਵੀ ਬੰਦੇ ਦੀ ਈ ਹੈ ।
ਸਾਨੂੰ ਬਹੁਤ ਵਾਰ ਇਸ ਗੱਲ ਤੇ ਰੋਸ ਵੀ ਆਉਂਦਾ ਹੈ ਕਿ ਏਅਰਪੋਰਟਾਂ ਤੇ ਪੱਗ ਤੱਕ ਲਹਾਉਣ ਦੀ ਦਿੱਕਤ ਵੀ ਆ ਜਾਂਦੀ ਹੈ ਤੇ ਅਸੀਂ ਇਸ ਨੂੰ ਧਾਰਮਿਕ ਚਿੰਨ ਤੇ ਹਮਲੇ ਵਜੋਂ ਦੇਖਦੇ ਹਾਂ ਇਸ ਦਾ ਕਾਰਨ ਵੀ ਅਸੀਂ ਉਹ ਪੱਗ ਦੀ ਕਦਰ ਨੂੰ ਨਾ ਸਮਝਣ ਵਾਲੇ ਹੀ ਬਣਦੇ ਹਾਂ ਜੋ ਪੱਗ ਦੀ ਆੜ ਵਿੱਚ ਨਸ਼ੇ ਜਾਂ ਗਲਤ ਚੀਜਾਂ ਲਕੋ ਕੇ ਇਸ ਕਦਰ ਬੇਅਦਬੀ ਦੇ ਰਾਹ ਖੋਲਦੇ ਹਾਂ। ਮੰਦਰਾਂ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਗੁਰੂ ਕੀਆਂ ਗੋਲਕਾਂ ਦੀ ਚੋਰੀ ,ਭਰਾ ਭਰਾ ਦੀ ਜਾਇਦਾਦ ਹੜੱਪਣ ਦੇ ਕੇਸ, ਪਿਓ ਧੀ ਦੇ ਪਵਿੱਤਰ ਰਿਸ਼ਤੇ ਦਾ ਤਾਰ ਤਾਰ ਹੋਣਾ,ਡਾਕਟਰੀ ਕਿੱਤੇ ਵਿੱਚ ਅੰਗ ਵੇਚਣਾ ਏਥੋਂ ਤੱਕ ਬੱਚੇ ਵੇਚਣ ਦੇ ਇਲਯਾਮ ਵੀ ਲਗਦੇ ਸੁਣਦੇ ਹਾਂ ਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਧੋਖਾਧੜੀ ਦੀਆਂ ਨਿਤ ਖਬਰਾਂ ਪੜਨ ਸੁਣਨ ਨੂੰ ਮਿਲ ਜਾਂਦੀਆਂ ਹਨ ਇਹ ਉਸ ਮੁਲਕ ਦੀ ਗੱਲ ਹੈ ਜਿਥੇ ਬਹੁ ਗਿਣਤੀ ਧਰਮ(ਮਜਹਬ) ਵਿੱਚ ਵੱਧ ਵਿਸ਼ਵਾਸ ਰੱਖਦੀ ਹੈ ਅਤੇ ਸ਼ਾਮ ਸਵੇਰੇ ਰੱਬ ਦੇ ਨਾਮ ਤੇ ਲੰਮਾ ਸਮਾਂ ਬੰਦਗੀ ਵਿੱਚ ਗੁਜਾਰਿਆ ਜਾਂਦਾ ਹੈ ਇਹ ਹਰਗਿਜ਼ ਨਹੀਂ ਕਿ ਕੋਈ ਮਜਹਬ ਇਨ੍ਹਾਂ ਲਾਂਨਤਾਂ ਲਈ ਉਕਸਾਉਣ ਦਾ ਕੰਮ ਕਰਦਾ ਹੈ ਸਗੋਂ ਹਰ ਧਰਮ ਚੰਗੇ ਜੀਵਨ ਪੱਧਰ ਦੀ ਗੱਲ ਕਰਦਾ ਹੈ ਪਰ ਫਿਰ ਵੀ ਸਮਾਜ ਦਿਨ ਬੇ ਦਿਨ ਨੀਚਤਾ ਵੱਲ ਧੱਸਦਾ ਜਾ ਰਿਹਾ ਹੈ।
ਏਸੇ ਹੀ ਸਮਾਜ ਵਿਚੋਂ ਪੈਦਾ ਹੋਣਾ ਹੁੰਦਾ ਹੈ ਦੇਸ਼ ਨੂੰ ਚਲਾਉਣ ਵਾਲੇ ਰਾਜ ਨੇਤਾਵਾਂ ਨੇ ਅਜੋਕੇ ਸਮੇਂ ਵਿੱਚ ਰਾਜਨੀਤੀ ਕੂੜੇ ਦੇ ਢੇਰ ਨਾਲੋਂ ਵੀ ਵੱਧ ਬਦਬੂ ਮਾਰਦੀ ਹੈ ਜਿੰਨਾ ਕਿਸੇ ਦਾ ਜੀਵਨ ਘਟੀਆ ਹੋਵੇਗਾ ਓਨਾ ਹੀ ਰਾਜਨੀਤਕ ਕੱਦ ਵੱਡਾ ਸਗੋਂ ਡਿਗਰੀਆਂ ਵਾਂਗ ਧੜੱਲੇਦਾਰ, ਖਾੜਕੂ, ਘੈਂਟ,ਬਦਮਾਸ਼, ਬੇਪ੍ਰਵਾਹ ਨਾਮ ਨਾਲ ਵੱਡਾ ਵੱਡਾ ਸਮਝਿਆ ਜਾਂਦਾ ਹੈ ਜਿਵੇਂ ਸੁਣਿਆ ਕਿ ਰਾਵਾਂ ਦੀ ਬਰਾਦਰੀ ਵਿੱਚ ਜੇ ਕਿਸੇ ਮੁੰਡੇ ਤੇ ਪੁਲਿਸ ਕੇਸ ਨਾ ਹੋਵੇ ਤਾਂ ਰਿਸ਼ਤਾ ਕਰਨਾ ਬਹੁਤ ਔਖਾ ਹੁੰਦਾ ਹੈ ਏਸੇ ਤਰ੍ਹਾਂ ਕਈਆਂ ਘਪਲਿਆਂ ਵਿੱਚ ਫਸਿਆ ਲੀਡਰ ਕੱਦਵਾਰ ਬਣ ਜਾਂਦਾ ਹੈ। ਕਿਉਂਕਿ ਸਮਾਜ ਵੀ ਏਹੋ ਚਾਹੁੰਦਾ ਹੈ। ਪੜਿਆ ਲਿਖਿਆ ਤੇ ਸੁਧਰਿਆ ਸਮਾਜ ਇਨ੍ਹਾਂ ਨੂੰ ਹਜ਼ਮ ਨਹੀਂ ਤੇ ਨਾ ਚੰਗੇ ਸਮਾਜ ਲਈ ਇਨ੍ਹਾਂ ਦੇ ਉਪਰਾਲੇ ਹੁੰਦੇ ਹਨ।
ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਨੂੰ ਬਰਬਾਦ ਵੀ ਇਹਦੇ ਜਾਇਆਂ ਲੀਡਰਾਂ ਨੇ ਕੀਤਾ ਹੈ ਕੋਈ ਬਾਹਰੋਂ ਨਹੀਂ ਆਇਆ ।ਉਹ ਪੰਜਾਬ ਜੋ ਹਰ ਦੁਨੀਆਂ ਦੀ ਕੀਮਤੀ ਚੀਜ਼ ਨਾਲੋਂ ਵੱਧ ਕੀਮਤੀ ਪਾਣੀ ਦਾ ਅਮੀਰ ਖਜਾਨਾ ਹੈ ਪਰ ਇਹਦੇ ਜਾਇਆਂ ਨੇ ਬਿਨਾਂ ਤਰਸ ਕਰਿਆਂ ਬਿਨਾਂ ਕੀਮਤ ਤੋਂ ਲੁਟਾਇਆ ਹੈ ।ਚਾਹੇ ਹਰੀ ਕ੍ਰਾਂਤੀ ਦੇ ਨਾਮ ਤੇ ਝੋਨੇ ਦੀ ਫਸਲ ਜੋ ਪੰਜਾਬ ਦੀ ਫਸਲ ਨਹੀਂ ਉਗਾ ਕੇ ਪਾਣੀਆਂ ਦਾ ਵੱਡਾ ਨੁਕਸਾਨ ਕੀਤਾ ਤੇ ਲਗਾਤਾਰ ਹੋ ਰਿਹਾ ਹੈ ਕੋਈ ਫਸਲੀ ਬਦਲ ਦੇਣ ਲਈ ਸਰਕਾਰਾਂ ਕੋਲ ਯੋਜਨਾ ਨਹੀਂ ।ਰਾਜਸਥਾਨ ਨੂੰ ਕੱਢੀਆਂ ਨਹਿਰਾਂ, ਹਰਿਆਣਾ ਨੂੰ ਪਾਣੀ ਦੇਣ ਦੀ ਸਿਆਸਤ,ਦਰਿਆਵਾਂ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਸੁੱਟਣਾ ਅਤੇ ਫ੍ਰੀ ਟਿਊਬਵੈੱਲ ਬਿਜਲੀ ਵੀ ਕਿਤੇ ਨਾ ਕਿਤੇ ਪਾਣੀਆਂ ਦੇ ਖਾਤਮੇ ਲਈ ਘਾਤਕ ਸਿੱਧ ਹੋ ਰਹੀ ਹੈ ।ਅੱਜ ਇੱਥੇ ਤੱਕ ਨੌਬਤ ਆ ਪਹੁੰਚੀ ਹੈ ਕਿ ਪੰਜਾਬ ਦੇ ਦੋ ਜੋਨਾ ਨੂੰ ਛੱਡ ਕੇ ਬਾਕੀ ਸਾਰੇ ਜੋਨ ਡਾਰਕ ਜੋਨ ਵਿੱਚ ਜਾ ਪਹੁੰਚੇ ਹਨ ਤੇ ਪਾਣੀ ਕੱਢਣਾ ਅਜੇ ਵੀ ਲਗਾਤਾਰ ਜਾਰੀ ਹੈ ਇੱਕ ਜੋਨ ਗਰੀਨ ਨਹੀਂ ਹੈ ਸਿਰਫ ਦੋ ਜੋਨ ਜੈਲੋ ਹਨ। ਪਾਣੀਆਂ ਦੇ ਖੋਜਕਾਰ ਚਿੰਤਤ ਹਨ ਕਿ ਅਗਲੀ ਪੀੜ੍ਹੀ ਕਿਸ ਤਰ੍ਹਾਂ ਜੀਵਨ ਬਤੀਤ ਕਰੇਗੀ ਵਿਗਿਆਨੀ ਤਾਂ ਏਥੋਂ ਤੱਕ ਕਹਿੰਦੇ ਹਨ ਕਿ ਅਗਲੀ ਸੰਸਾਰ ਜੰਗ ਪਾਣੀ ਲਈ ਹੋਵੇਗੀ।ਅੱਜ਼ ਤਾਂ ਇਹ ਸਾਰੀਆਂ ਖੋਜਾਂ ਕਿਸੇ ਫਿਲਮ ਦੀ ਕਹਾਣੀ ਵਾਂਗ ਲਗਦੀਆਂ ਹਨ ਪਰ ਬਿੱਲੀ ਵੱਲ ਵੇਖ ਕੇ ਕਬੂਤਰ ਅੱਖਾਂ ਮੀਟ ਕੇ ਬਚ ਨਹੀਂ ਸਕਦਾ ।
ਅੱਜ ਵਾਤਾਵਰਨ ਦੇ ਪੱਖੋਂ ਉਹ ਧਰਤ ਜਿੱਥੋਂ ਹੋਕਾ ਦਿੱਤਾ ਗਿਆ ਹੋਵੇ”ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ”ਏਨੀ ਦੂਸ਼ਿਤ ਕਰ ਦਿੱਤੀ ਹੈ ਲੈਣਾਂ ਮੁਸ਼ਕਲ ਹੋ ਗਿਆ ਹੈ। ਕਮਾਲ ਤਾਂ ਇਹ ਇਸ ਸ਼ਬਦ ਦਾ ਗਿਆਤਾ ਬਾਬਾ ਨਾਨਕ ਰੱਬ ਵਾਂਗੂ ਪੂਜਿਆ ਤੇ ਸਤਿਕਾਰਿਆ ਜਾਂਦਾ ਹੈ ਪਰ ਕਹਿਣਾ ਨਹੀਂ ਮੰਨਣ ਦੀ ਠਾਣ ਰੱਖੀ ਹੈ । ਹਵਾ ਇਸ ਨੂੰ ਗੁਰੂ ਦਾ ਦਰਜ਼ਾ ਹੈ ਵੱਡੇ ਪੱਧਰ ਤੇ ਦੂਸ਼ਿਤ ਹੋ ਚੁੱਕੀ ਹੈ ਸੜਕਾਂ ਖੁੱਲੀਆਂ ਕਰਨ ਕਰਕੇ ਬਚੇ ਰੁੱਖ ਵੱਢੀ ਜਾ ਰਹੇ ਹਨ ਨਵੇਂ ਲਾਉਣ ਦੀ ਕੋਸ਼ਿਸ਼ ਨਹੀਂ ਜੰਗਲਾਤ ਵਿਭਾਗ ਖਾਨਾ ਪੂਰਤੀ ਜਾਂ ਕਮਾਈ ਕਰਨ ਲਈ ਦਿਖਵਾ ਮਾਤਰ ਕੋਸ਼ਿਸ਼ਾਂ ਕਰਦਾ ਹੈ ਜਿਸ ਨਾਲ ਨੌਕਰੀ ਤੇ ਤਨਖਾਹਾਂ ਚਲਦੀਆਂ ਰਹਿਣ। ਕੁੱਝ ਸੁਹਿਰਦ ਲੋਕ ਵਾਤਾਵਰਨ ਸੁਸਾਇਟੀਆਂ ਬਣਾ ਕੇ ਕਾਰਜ ਜਰੂਰ ਕਰਦੇ ਹਨ ਪਰ ਕੁਝ ਸੀਮਤ ਬੁੱਧੀ ਤੇ ਛੋਟੀ ਸੋਚ ਦੇ ਲੋਕ ਰੁੱਖਾਂ ਦੇ ਦੁਸ਼ਮਣ ਬਣੇ ਹੋਏ ਹਨ ਉਹਨਾਂ ਮੁਤਾਬਕ ਰੁੱਖਾਂ ਨੇੜੇ ਫਸਲ ਚੰਗਾ ਝਾੜ ਨਹੀਂ ਦਿੰਦੀ ਉਹ ਆਪਣੇ ਨਿੱਜੀ ਅਤੇ ਨਾ ਮਾਤਰ ਨੁਕਸਾਨ ਕਰਕੇ ,ਰੁੱਖ ਜੋ ਸਮੁੱਚੀ ਮਨੁੱਖਤਾ ਨੂੰ ਬਿਨਾਂ ਜਾਤ,ਪਾਤ,ਧਰਮ ਦੇ ਵਿਤਕਰੇ ਕੀਤਿਆਂ ਜੀਵਨ ਵੰਡਦੇ ਹਨ ਵੱਡ ਦਿੰਦੇ ਹਨ ਜਾਂ ਨਾੜ ਨੂੰ ਅੱਗ ਲਾਉਣ ਬਹਾਨੇ ਸਾੜ ਦਿੰਦੇ ਹਨ।ਭਾਵੇਂ ਕਰੋਨਾ ਕਾਲ ਸਮੇਂ ਆਕਸੀਜਨ ਦੀ ਵੱਡੀ ਕੀਮਤ ਜਾਨਾ ਗਵਾ ਕੇ ਚੁਕਾਉਣੀ ਪਈ ਹੈ ।
ਪੰਜਾਬ ਵਿੱਚ ਅਸਲ ਮੁੱਦੇ ਮੂੰਹ ਅੱਡ ਕੇ ਖੜੇ ਹਨ ਸਿਹਤ ਸਹੂਲਤਾਂ ਜਿਵੇਂ ਜਾਨ ਲੈਣ ਲਈ ਬਣੀਆਂ ਹੋਣ ਸਰਕਾਰੀ ਹਸਪਤਾਲਾਂ ਦਾ ਏਨਾ ਮਾੜਾ ਹਾਲ ਕਿਸੇ ਕੋਲੋਂ ਗੁੱਝਾ ਨਹੀਂ ਜਣੇਪੇ ਸਮੇਂ ਬਾਹਰ ਪਾਰਕਾਂ ਵਿੱਚ ਬੱਚਿਆਂ ਨੂੰ ਜਨਮ ਦੇਣ ਦੀਆਂ ਖਬਰਾਂ ਕੋਈ ਇੱਕ ਵਾਰ ਨਹੀਂ ਸੁਣੀਆਂ। ਸਰਕਾਰੀ ਹਸਪਤਾਲ ਤਾਂ ਕੇਵਲ ਝੂਠੀਆਂ ਛੱਬੀਆਂ ਬਣਾਉਣ ਲਈ ਹੀ ਚਲਾਏ ਜਾਂਦੇ ਹੋਣ।ਮਰੀਜਾਂ ਨੂੰ ਜੇ ਡਾਕਟਰ ਮਿਲ ਵੀ ਜਾਵੇ ਤਾਂ ਦਵਾਈ ਨਹੀਂ ਮਿਲਦੀ ਹਾਲਾਂਕਿ ਬੋਰਡਾਂ ਉੱਤੇ ਅਨੇਕਾਂ ਪ੍ਰਕਾਰ ਦੀ ਮੁਫਤ ਦੇਣ ਦਾ ਲਿਖਿਆ ਮਿਲਦਾ ਹੈ। ਮਰੀਜਾਂ ਨੂੰ ਟੈਸਟ ਬਾਹਰੋਂ ਕਮੀਸ਼ਨ ਲੈਣ ਲਈ ਕਰਾਉਣ ਲਈ ਕਿਹਾ ਜਾਂਦਾ ਹੈ ਜੇ ਹਸਪਤਾਲ ਦੇ ਅੰਦਰਲੀ ਲੈਬ ਦਾ ਮਰੀਜ ਕਹਿ ਵੀ ਦੇਵੇ ਤਾਂ ਮੈਨੂੰ ਇਸ ਲੈਬ ਤੇ ਯੁਕੀਨ ਨਹੀਂ ਡਾਕਟਰ ਸ਼ਪੱਸ਼ਟ ਆਖਦਾ ਹੈ । ਗਰੀਬ ਜਾਵੇ ਤਾਂ ਕਿੱਥੇ ਜਾਵੇ।
ਸਰਕਾਰੀ ਦਫਤਰਾਂ ਵਿੱਚ ਆਮ ਮਨੁੱਖ ਦੀ ਸੁਣਵਾਈ ਨਹੀਂ ਜਿਹਦੇ ਕੋਲ ਜਿੰਨੀ ਵੱਡੀ ਸ਼ਪਾਰਸ਼ ਜਾਂ ਗਾਂਧੀ ਨੋਟ ਹੋਣ ਓਨਾ ਜਲਦੀ ਕੰਮ ਉਹ ਵੀ ਘਰ ਬੈਠੇ । ਸ਼ਾਇਦ ਉਸ ਸਮੇਂ ਇਹੋ ਜਿਹੀ ਹੀ ਸਮਾਜ ਦੀ ਹਾਲਤ ਦੇਖ ਕੇ ਹੀ ਬਾਬੇ ਨੇ ਕਿਹਾ ਸੀ”ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਏ”।
ਪੰਜਾਬ ਨੂੰ ਛੱਡਕੇ ਪੜੇ ਲਿਖੇ ਨੌਜਵਾਨ ਬੇਰੁਜ਼ਗਾਰੀ ਦੇ ਸਤਾਏ ਹੋਏ ਬਾਹਰਲੇ ਮੁਲਕਾਂ ਨੂੰ ਚੰਗੇ ਭਵਿੱਖ ਦੀ ਆਸ ਲਈ ਕਰਜ਼ਾ ਚੁੱਕ ਕੇ ਭੱਜੀ ਜਾ ਰਹੇ ਹਨ ਦੁਆਬਾ ਖੇਤਰ ਦੇ ਬਹੁਤਿਆਂ ਪਿੰਡਾਂ ਦੀਆਂ ਖਾਲੀ ਪਈਆਂ ਕੋਠੀਆਂ ਵਿੱਚ ਕਬੂਤਰ ਬੋਲਦੇ ਹਨ । ਨਕੱਮੀ ਸਾਬਤ ਹੋਈ ਲੀਡਰਸ਼ਿਪ ਨੂੰ ਬਚਿਆ ਖੁਚਿਆ ਪੰਜਾਬ ਚਰੂੰਡਣ ਲਈ ਛੱਡੀ ਜਾ ਰਹੇ ਹਨ। ਪਰ ਆਪਣੀ ਜੁਮੇਵਾਰੀ ਤੋਂ ਭੱਜ ਕੇ ਉਲਾਂਭੇ ਮਾਰਨ ਨਾਲ ਪੰਜਾਬ ਬਚਾਇਆ ਨਹੀਂ ਜਾ ਸਕਦਾ ਬੇਸ਼ਕ ਇਹ ਬਹੁਤ ਕਠਿਨ ਕੰਮ ਹੈ ਪਰ ਨਾ ਮੁਨਕਿਨ ਨਹੀਂ।”ਚੜਿਆ ਸੋਧਣ ਧਰਤ ਲੋਕਾਈ” ਦੇ ਕਿਰਦਾਰ ਨੂੰ ਪੱਲੇ ਬੰਨ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਹੀਆ ਕੀਤੇ ਬਿਨ ਗੁਜ਼ਾਰਾ ਨਹੀਂ। ਏਦਾਂ ਹੀ ਚਲਦਾ ਰਿਹਾ ਤਾਂ ਇਸ ਧਰਤ ਉੱਤੇ ਹੋਰ ਕਿੰਨਾ ਕੁ ਚਿਰ ਜੀਆ ਜਾ ਸਕਦਾ ਹੈ ਪੰਜਾਬ ਡੈਨਾਸੋਰ ਬਣਨ ਜਾ ਰਿਹਾ ਹੈ ਕੇਵਲ ਆਉਣ ਵਾਲੀਆਂ ਪੀੜੀਆਂ ਲਈ ਇਤਿਹਾਸ ਬਣਕੇ ਰਹਿ ਜਾਵੇਗਾ ਇਹ ਪੰਜਾਬ। ਇਸ ਧਰਤ ਦੇ ਇੰਨਕਲਾਬੀ ਜੋਧਿਆਂ ਦੀ ਗਾਥਾ ਪੜਨ,ਸੁਣਨ ਲਈ ਰਹਿ ਜਾਵੇਗੀ ਤੇ ਅਸੀਂ ਵਿਕਸਤ ਮੁਲਕਾਂ ਵਿੱਚ ਬੈਠੇ ਡਰਪੋਕ ਤੇ ਕਾਇਰ ਮਹਿਸੂਸ ਕਰਾਂਗੇ । ਜਦੋਂ ਕਿਤੇ ਗੂੜ੍ਹੀ ਨੀਂਦ ਵਿਚੋਂ ਉਠਾਂਗੇ ਤਦ ਤੱਕ ਭੋਗ ਪੈ ਚੁੱਕਾ ਹੋਵੇਗਾ ਚਿੜੀਆ ਖੇਤ ਚੁਗ ਚੁੱਕੀ ਹੋਵੇਗੀ।ਗੁਰੂਆਂ ਦੀਆਂ ਕੁਰਬਾਨੀਆਂ, ਸਿੰਘਾਂ ਦਾ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਇਕ ਮਿਥਿਹਾਸ ਵਾਂਗੂੰ ਕਬੂਲਣ ਤੋਂ ਸਿਵਾਏ ਮਨੁ ਨੂੰ ਦਿਲਾਸਾ ਦੇਣ ਤੋਂ ਬਿਨਾਂ ਕੁੱਝ ਨਹੀਂ ਬਚੇਗਾ। ਅਬਦਾਲੀਆਂ,ਨਾਦਰਾਂ ਤੋਂ ਕੁਰਬਾਨੀਆਂ ਕਰਕੇ ਪੁਰਖਿਆਂ ਨੇ ਬਚਾਇਆ ਪੰਜਾਬ ਅੱਜ ਆਪ ਉਜਾੜੀ ਜਾ ਰਹੇ ਹਾਂ।ਅਸੀਂ ਨਿੱਜ ਵਿੱਚ ਏਨਾ ਗਰਕ ਜਾਵਾਂਗੇ ਆਸ ਨਹੀਂ ਸੀ।ਗਿਆਨ ਵਾਨ ਮਹਿੰਗੇ ਮੁੱਲ ਗਿਆਨ ਵੇਚ ਰਹੇ ਹਨ ਜਿਸ ਪ੍ਰਥਾਏ ਗੁਰੂ ਦੀ ਕਹਿੰਦੇ ਹਨ”ਲਿਖ ਲਿਖ ਵੇਚੇ ਨਾਮ”ਚਾਰ ਕਿਤਾਬਾਂ ਪੜਨ ਦਾ ਮੁੱਲ ਖਟਿਆ ਜਾ ਰਿਹਾ ਹੈ।ਅੱਜ ਦੇ ਪੰਜਾਬੀ ਗੀਤਾਂ ਵਿੱਚ ਹੰਕਾਰ ਦੀ ਬਦਬੂ ਆਉਂਦੀ ਹੈ ਪਿਆਰ ਦੀ ਮਹਿਕ ਨਹੀਂ।ਨੌਜਵਾਨੀ ਨੂੰ ਗੈਂਗਵਾਰ ਤੇ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ ।
ਕੁੱਝ ਫਕੀਰ ਬਿਰਤੀ ਦੇ ਲੋਕ ਕਿਸੇ ਅਲੌਕਿਕ ਵਰਤਾਰੇ ਦੇ ਵਰਤਣ ਦੀ ਆਸ ਤੇ ਤੰਤਰ ਮੰਤਰ ਦੀ ਉਡੀਕ ਵਿੱਚ ਹਨ ਜਿਵੇਂ ਬਾਬਰ ਦੇ ਚੜਕੇ ਆਉਣ ਤੋਂ ਪਹਿਲਾਂ ਉਸ ਵੇਲੇ ਦੇ ਤਪੱਸਵੀ ਕਹਿੰਦੇ ਸੀ ਕਿ ਅਸੀਂ ਮੰਤਰ ਮਾਰ ਕੇ ਬਾਬਰ ਦੇ ਸਿਪਾਹੀ ਅੰਨ੍ਹੇ ਕਰ ਦਿਆਂਗੇ ਪਰ ਹੋਇਆ ਇੰਝ ਨਹੀਂ ਨਾ ਹੀ ਕੁਦਰਤ ਦੇ ਨਿਯਮ ਵਿੱਚ ਹੈ ਹੀਲਾ ਕਰਨ ਨਾਲ ਹੀ ਵਸੀਲਾ ਬਣਦਾ ਹੈ।”ਅਜੇ ਕਿਛ ਬਿਗੜਿਓ ਨਾਹੀ” ਦਾ ਸਹਾਰਾ ਲੈ ਕੇ “ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ” ਦੇ ਧਾਰਨੀ ਬਣਕੇ ਮੈਦਾਨ ਵਿੱਚ ਆਉਣ ਬਿਨਾਂ ਗੁਜ਼ਾਰਾ ਨਹੀਂ। ਦੂਜਿਆਂ ਦੇ ਘਰ ਭਗਤ ਸਿੰਘ ਪੈਦਾ ਹੋਣ ਦੀ ਝੂਠੀ ਆਸ ਲਗਾਈ ਰੱਖਣਾ ਖੁਦ ਨਾਲ ਥੋਖੇ ਤੋਂ ਸਿਵਾ ਕੁਝ ਵੀ ਨਹੀਂ ।।
( ਰਾਣਾ ਸੈਦੋਵਾਲ 9855463377 )
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly