(ਸਮਾਜ ਵੀਕਲੀ) ਸਾਡੇ ਦੇਸ਼ ਵਿੱਚ ਪੇਪਰ ਲੀਕ ਹੋਣਾ ਇੱਕ ਆਮ ਜਿਹੀ ਗੱਲ ਹੋ ਗਈ ਹੈ ਪਹਿਲਾਂ ਵੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪੇਪਰ ਲੀਕ ਹੋਣ ਦੇ ਮਾਮਲੇ ਸਾਹਮਣੇ ਆਏ ਹਨ ਪਰ ਹੁਣੇ ਹੀ ਦੇਸ਼ ਦੇ ਸਭ ਤੋਂ ਮਹੱਤਵਪੂਰਨ ਡਾਕਟਰ ਦੀ ਪੜ੍ਹਾਈ ਲਈ ਹੋਣ ਵਾਲੀ ਪ੍ਰਿਖਿਆ ਨੀਟ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ ਜੋ ਕਿ ਦੇਸ਼ ਦੇ ਸਿੱਖਿਆ ਸਿਸਟਮ ਤੇ ਬਹੁਤ ਵੱਡਾ ਸੁਆਲੀਆ ਨਿਸ਼ਾਨ ਹੈ ਅਤੇ ਧੱਬਾ ਵੀ ਜਿਸ ਵਿੱਚ ਕੇਂਦਰ ਸਰਕਾਰ ਵੀ ਆਪਣੀ ਜ਼ਿਮੇਂਵਾਰੀ ਤੋਂ ਭੱਜ ਨਹੀਂ ਸਕਦੀ । ਇਹੋ ਜਿਹੇ ਪੇਪਰ ਲੀਕ ਮਾਮਲਿਆਂ ਵਿੱਚ ਚੰਗੇ, ਸੂਝਵਾਨ ਅਤੇ ਹੁਸ਼ਿਆਰ ਵਿਦਿਆਰਥੀਆਂ ਦਾ ਹੱਕ ਉਹ ਵਿਦਿਆਰਥੀ ਲੈ ਜਾਂਦੇ ਹਨ ਜੋ ਇਸਦੇ ਬਿਲਕੁਲ ਵੀ ਹੱਕਦਾਰ ਨਹੀਂ ਹੁੰਦੇ ਹੋਣਹਾਰ ਵਿਦਿਆਰਥੀਆਂ ਨਾਲ ਇਸ ਤੋਂ ਵੱਡਾ ਧੋਖਾ ਹੋਰ ਕੀ ਹੋ ਸਕਦਾ ਹੈ। ਨੀਟ ( NEET) ਨੈਸ਼ਨਲ ਇਲੀਜ਼ੀਬਿਟੀ ਕਮ ਐਂਟਰੈਂਸ ਟੈਸਟ ਉਹ ਪੇਪਰ ਹੈ ਜਿਸ ਵਿੱਚ ਡਾਕਟਰੀ ਦੀ ਪੜ੍ਹਾਈ ਦੇ ਚਾਹਵਾਨ ਵਿਦਿਆਰਥੀ ਸ਼ਾਮਿਲ ਹੁੰਦੇ ਹਨ। ਇਸਦੇ ਅਧਾਰ ਉੱਤੇ ਉਨ੍ਹਾਂ ਨੂੰ ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਮਿਲਦਾ ਹੈ ਇਸ ਵਾਰੀ ਦੇਸ਼ ਵਿੱਚ ਤਕਰੀਬਨ 23.33 ਲੱਖ ਬੱਚੇ ਇਮਤਿਹਾਨ ਵਿੱਚ ਬੈਠੇ ਸਨ। ਪਹਿਲਾਂ ਤੋਂ ਤੈਅ ਤਰੀਕ ਮੁਤਾਬਕ 14 ਜੂਨ ਨੂੰ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਨੀਟ ਇਮਤਿਹਾਨ ਪ੍ਰਕਿਰਿਆ ਉੱਤੇ ਨਜ਼ਰ ਰੱਖਣ ਵਾਲੇ ਜਾਣਕਾਰਾਂ ਮੁਤਾਬਕ, ਗੜਬੜੀ ਦੇ ਸ਼ੱਕ ਦਾ ਪਹਿਲਾ ਸੰਕੇਤ ਇਸੇ ਗੱਲ ਤੋਂ ਮਿਲ ਗਿਆ ਸੀ ਕਿ ਟਾਪ ਰੈਂਕ ਉੱਤੇ ਆਉਣ ਵਾਲੇ 67 ਬੱਚਿਆਂ ਵਿੱਚੋਂ ਛੇ ਅਜਿਹੇ ਹਨ ਜਿਨ੍ਹਾਂ ਨੇ ਹਰਿਆਣੇ ਦੇ ਇੱਕ ਹੀ ਪ੍ਰੀਖਿਆ ਕੇਂਦਰ ਵਿੱਚ ਇਮਤਿਹਾਨ ਦਿੱਤਾ ਸੀ ਦੂਜਾ ਗਲਤ ਉਤਰ ਲਈ ਵੀ ਗਰੇਸ ਨੰਬਰ ਦੇਣਾ। ਨੀਟ-2024 ਦੀ ਪ੍ਰੀਖਿਆ ਲੈਣ ਵਾਲੀ ਏਜੈਂਸੀ ਐੱਨ.ਟੀ.ਏ ਇਸ ਪ੍ਰੀਖਿਆ ਵਿੱਚ ਹੋਣ ਵਾਲੀਆਂ ਬੇਨਿਯਮੀਆਂ ਉੱਤੇ ਜਿੰਨਾ ਮਰਜ਼ੀ ਪਰਦਾ ਪਾਈ ਜਾਵੇ ਪਰ ਉਹ ਅਰੋਪੀਆਂ ਤੇ ਲੱਗੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਹੀਂ ਨਕਾਰ ਸਕਦੀ।
ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜੇਕਰ ਇਸ ਪ੍ਰੀਖਿਆ ਵਿੱਚ ਬੇਨਿਯਮੀਆਂ ਨਹੀਂ ਹੋਈਆਂ ਤਾਂ ਫਿਰ ਉਨ੍ਹਾਂ ਪ੍ਰੀਖਿਆ ਕੇਂਦਰਾਂ ਦੇ ਪ੍ਰੀਖਿਆਰਥੀਆਂ ਨੂੰ ਬੋਨਸ ਅੰਕ ਦੇਣ ਦੀ ਲੋੜ ਕਿਉਂ ਪਈ ਜਿਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆਰਥੀਆਂ ਦਾ ਸਮਾਂ ਖਰਾਬ ਹੋਇਆ, ਉਨ੍ਹਾਂ ਪ੍ਰੀਖਿਆ ਕੇਂਦਰਾਂ ਦੇ ਪ੍ਰਬੰਧਕਾਂ ਅਤੇ ਡਿਊਟੀ ਦੇਣ ਵਾਲੇ ਅਮਲੇ ਨੂੰ ਉਸਦਾ ਪਤਾ ਕਿਉਂ ਨਹੀਂ ਲਗਾ? ਜੇਕਰ ਉਨ੍ਹਾਂ ਪ੍ਰਬੰਧਕਾਂ ਨੇ ਐੱਨ.ਟੀ.ਏ. ਏਜੈਂਸੀ ਨਾਲ ਉਸੇ ਵੇਲੇ ਸੰਪਰਕ ਕਾਇਮ ਕਰਕੇ ਪ੍ਰੀਖਿਆਰਥੀਆਂ ਨੂੰ ਮੌਕੇ ਉੱਤੇ ਹੀ ਵਾਧੂ ਸਮਾਂ ਦਿੱਤਾ ਹੁੰਦਾ ਤਾਂ ਸ਼ਾਇਦ ਇਸਦਾ ਪਰਦਾ ਫਾਸ਼ ਨਾ ਹੁੰਦਾ। ਏਜੈਂਸੀ ਦੇ ਕਹੇ ਅਨੁਸਾਰ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਬੋਨਸ ਅੰਕ ਦੇਣ ਲੱਗਿਆਂ ਪ੍ਰੀਖਿਆਰਥੀਆਂ ਦੀ ਯੋਗਤਾ ਅਤੇ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਤਾਂ ਏਜੈਂਸੀ ਕੋਲ ਇਨ੍ਹਾਂ ਇਲਜ਼ਾਮਾਂ ਦਾ ਕੀ ਜਵਾਬ ਹੈ ਕਿ ਜਿਨ੍ਹਾਂ ਪ੍ਰੀਖਿਆਰਥੀਆਂ ਨੇ ਪੂਰੇ ਸਵਾਲ ਹੀ ਨਹੀਂ ਕੀਤੇ ਅਤੇ ਜਿਨ੍ਹਾਂ ਦੇ ਕੀਤੇ ਹੋਏ ਸਵਾਲ ਗਲਤ ਸਨ, ਉਨ੍ਹਾਂ ਨੂੰ ਵੀ ਬੋਨਸ ਅੰਕ ਕਿਵੇਂ ਮਿਲ ਗਏ ਅਤੇ ਇਕੋ ਪ੍ਰੀਖਿਆ ਕੇਂਦਰ ਦੇ 8 ਪ੍ਰੀਖਿਆਰਥੀਆਂ ਵੱਲੋਂ 720 ਵਿੱਚੋਂ 720 ਅੰਕ ਹਾਸਲ ਕਰਨਾ ਕੀ ਅਰੋਪੀਆਂ ਦੇ ਇਲਜ਼ਾਮਾਂ ਨੂੰ ਸਿੱਧ ਨਹੀਂ ਕਰਦੇ? ਕੇਵਲ 6 ਪ੍ਰੀਖਿਆ ਕੇਂਦਰਾਂ ਵਿੱਚ ਬੋਨਸ ਅੰਕ ਦੇਣ ਲੱਗਿਆਂ ਏਜੈਂਸੀ ਦੇ ਅਧਿਕਾਰੀਆਂ ਨੂੰ ਆਪਣੇ ਧਿਆਨ ਵਿੱਚ ਇਹ ਗੱਲ ਜਰੂਰ ਰੱਖਣੀ ਚਾਹੀਦੀ ਸੀ ਕਿ ਬੋਨਸ ਅੰਕਾਂ ਨਾਲ ਹੋਣਹਾਰ ਅਤੇ ਹੁਸ਼ਿਆਰ ਬੱਚਿਆਂ ਦਾ ਨੁਕਸਾਨ ਹੁੰਦਾ ਹੈ। ਮਾਨਯੋਗ ਅਦਾਲਤ ਹਾਈਕੋਰਟ ਦੇ ਪਿਛਲੇ ਫੈਸਲੇ ਅਨੁਸਾਰ ਪ੍ਰੀਖਿਆਰਥੀਆਂ ਨੂੰ ਬੋਨਸ ਅੰਕ ਦੇਣ ਲਈ ਅਨੁਪਾਤਕ ਫਾਰਮੂਲਾ ਬਣਾਉਣ ਵੇਲੇ ਇਹ ਤੱਥ ਵੀ ਮੱਦੇ ਨਜ਼ਰ ਰੱਖਿਆ ਜਾਣਾ ਜ਼ਰੂਰੀ ਸੀ ਕਿ ਦੋਵੇ ਸਮੇਂ ਕਾਰਨ ਅਤੇ ਹਾਲਾਤ ਇੱਕੋ ਜਿਹੇ ਨਹੀਂ ਹੋ ਸਕਦੇ। ਹੁਣ ਸੁਪਰੀਮ ਕੋਰਟ ਵੱਲੋਂ 1500 ਵਿਦਿਆਰਥੀਆਂ ਦੀ ਮੁੜ ਤੋਂ ਪ੍ਰੀਖਿਆ ਕਰਾਉਣ ਦਾ ਫੈਸਲਾ ਸੁਣਾਇਆ ਗਿਆ ਹੈ। ਪਰ ਇਥੇ ਵੀ ਸਵਾਲ ਖੜ੍ਹੇ ਹੋ ਜਾਂਦੇ ਹਨ ਕਿ ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਟੈੱਸਟ ਵਿੱਚ ਸਫਲ ਰਹੇ ਹੋਣ ਪਰ ਮੁੜ ਪ੍ਰੀਖਿਆ ਹੋਣ ਦੀ ਸਥਿਤੀ ਵਿੱਚ ਉਹ ਟੈੱਸਟ ਵਿੱਚ ਲੋੜੀਂਦੇ ਅੰਕ ਪ੍ਰਾਪਤ ਨਹੀਂ ਕਰ ਪਾਉਂਦੇ ਤਾਂ ਉਸਦੀ ਜ਼ਿਮੇਵਾਰੀ ਕਿਸਦੀ ਹੋਵੇਗੀ ? ਇਹ ਉਨ੍ਹਾਂ ਬੱਚਿਆਂ ਨਾਲ ਬੇਇਨਸਾਫੀ ਨਹੀਂ ਹੋਵੇਗੀ ਦੂਜਾ ਮੁੜ ਪ੍ਰੀਖਿਆ ਉੱਤੇ ਹੋਣ ਵਾਲਾ ਖਰਚਾ ਬੱਚਿਆਂ ਦੇ ਮਾਪਿਆਂ ਉੱਤੇ ਆਰਥਿਕ ਬੋਝ ਵਧਾਏਗਾ ਅਗਰ ਕਾਬਿਲ ਵਿਦਿਆਰਥੀ ਦੁਬਾਰਾ ਪਹਿਲਾਂ ਜਿਨੇ ਅੰਕ ਪ੍ਰਾਪਤ ਨਹੀਂ ਕਰ ਸਕਦਾ ਤਾਂ ਉਨ੍ਹਾਂ ਨੂੰ ਮੁੜ ਇੱਕ ਸਾਲ ਘਰ ਬੈਠਕੇ ਪ੍ਰੀਖਿਆ ਟੈੱਸਟ ਦੀ ਉਡੀਕ ਕਰਨੀ ਪਵੇਗੀ।
ਜੇਕਰ ਏਜੈਂਸੀ ਪ੍ਰੀਖਿਆ ਟੈੱਸਟ ਲੈਣ ਦੇ ਨਿਯਮਾਂ ਵਿੱਚ ਸੋਧ ਕਰ ਦਿੰਦੀ ਹੈ ਤਾਂ ਉਨ੍ਹਾਂ ਪ੍ਰੀਖਿਆਰਥੀਆਂ ਨੂੰ ਹੋਰ ਸਮੱਸਿਆ ਖੜ੍ਹੀ ਹੋ ਸਕਦੀ ਹੈ। ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀ ਲਈ ਆਖਿਰ ਕੌਣ ਜ਼ਿੰਮੇਵਾਰ ਹੋਵੇਗਾ? ਦੇਸ਼ ਦੀ ਮਹੱਤਵਪੂਰਨ ਦਾਖਲਾ ਪ੍ਰੀਖਿਆ ਨੀਟ ਦਾ ਵਿਵਾਦਾਂ ’ਚ ਘਿਰ ਜਾਣਾ ਬੇਹੱਦ ਚਿੰਤਾਜਨਕ ਤੇ ਦੁਖਦਾਈ ਹੈ ਜਿਸ ਨੇ ਲੱਖਾਂ ਵਿਦਿਆਰਥੀਆਂ ਦੇ ਮਨਾ ’ਚ ਗਲਤ ਧਾਰਨਾ ਪੈਦਾ ਕਰ ਦਿੱਤੀ ਹੈ ਹੁਣ ਕਾਬਿਲ ਉਮੀਦਵਾਰ ਨੂੰ ਵੀ ਭਰੋਸਾ ਨਹੀਂ ਕਿ ਉਸ ਦੇ ਗਿਆਨ ਦੀ ਕਸੌਟੀ ਕਿਹੜੀ ਹੈ ਸਰਕਾਰ ਵੀ ਇਸ ਗੱਲ ਨੂੰ ਮੰਨ ਰਹੀ ਹੈ ਕਿ ਦਾਲ ਵਿਚ ਕੁਝ ਕਾਲਾ ਜ਼ਰੂਰ ਹੈ ਇਸ ਮਾਮਲੇ ਵਿੱਚ ਇੱਕ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਦਾ ਉੱਪਰਲੇ ਰੈਂਕ ਹਾਸਲ ਕਰਨ ’ਤੇ ਵੀ ਸਵਾਲ ਉਠਾਏ ਜਾ ਰਹੇ ਹਨ ਹੁਣ ਇਹ NEET ਮਾਮਲਾ ਦੇਸ਼ ਦੇ ਵੱਖ ਵੱਖ ਕੋਨਿਆਂ ਵਿੱਚ ਵਿਰੋਧ ਤੋਂ ਬਾਅਦ ਸੁਪਰੀਮ ਕੋਰਟ ਪਹੁੰਚ ਗਿਆ ਹੈ ਆਖਿਰ ਸੁਪਰੀਮ ਕੋਰਟ ਨੇ ਰਿਆਇਤੀ ਅੰਕ ਵਾਪਸ ਲੈ ਕੇ 1500 ਤੋਂ ਵੱਧ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦਾ ਮੌਕਾ ਦੇ ਦਿੱਤਾ ਹੈ। ਲੇਕਿਨ ਸਵਾਲ ਇਹ ਉੱਠਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਪੇਪਰ ਲੀਕ ਮਾਮਲਿਆਂ ਵਿੱਚ ਸਰਕਾਰ ਦੀ ਕੀ ਨੀਤੀ ਹੋਵੇਗੀ ਹੈ ਤਾਂ ਕਿ ਫਿਰ ਤੋਂ ਕਾਬਿਲ ਵਿਦਿਆਰਥੀਆਂ ਨਾਲ ਬੇਇਨਸਾਫੀ ਨਾ ਹੋ ਸਕੇ ਅਤੇ ਸਾਨੂੰ ਇਹੋ ਜਿਹੇ ਸੰਜਿਦੇ ਮਾਮਲਿਆਂ ਵਿੱਚ ਦੁਨੀਆਂ ਸਾਹਮਣੇ ਸ਼ਰਮਸਾਰ ਨਾ ਹੋਣਾ ਪਵੇ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly