(ਸਮਾਜ ਵੀਕਲੀ)
ਮੇਰੇ ਪਿੰਡ ਦਾ ਸੀਰਾ
ਦੋ ਦਹਾਕਿਆਂ ਤੋਂ
ਹਰ ਸਾਲ ਵਿਕਦਾ
ਰੋਟੀ ਖਰੀਦਣ ਲਈ
ਇੱਕ ਮਈ ਨੂੰ
ਤਪਦੀ ਦੁਪਹਿਰੇ
ਮਿੱਟੀ ਚ ਮਿੱਟੀ ਹੋ
ਇੱਟਾਂ ਕੱਢ ਰਿਹਾ ਉਹ
ਉਸਨੂੰ ਗਮ ਨਹੀਂ
ਜਾਗੀਰਦਾਰ ਦੀਆਂ
ਚਗਲੀਆਂ ਜੁਗਾਲ਼ੀਆਂ ਦਾ
ਚਾਅ ਹੈ
ਦਿਵਾਲੀ ‘ਤੇ ਮਿਲੀ
ਘੰਟੇ ਦੀ ਛੁੱਟੀ ਦਾ
ਉਸਨੇ ਨਹੀਂ ਦੇਖਿਆ
ਘਰੋਂ ਚੜ੍ਹਿਆ ਸੂਰਜ
ਨਾ ਵਿਆਹ ਸਮੇਂ ਬੰਨ੍ਹੀ ਪੱਗ
ਦੁਬਾਰਾ ਬੰਨ੍ਹੀ
ਵਿਆਹ ਵਾਲੀ ਰਕਾਬੀ ਦਾ
ਮੇਚ ਵੀ
ਨਹੀਂ ਆਉਂਦਾ
ਆਉਣ ਜਾਣ ਵਾਲੇ
ਕੱਪੜਿਆਂ ਦੀ
ਕਦੀ ਤਹਿ ਨਾ ਖੁੱਲ੍ਹੀ
ਕਾਲ਼ੇ ਅੱਖਰ
ਉਸਨੂੰ ਮੱਝ ਵਰਗੇ ਲੱਗਦੇ
ਪਿੰਡ
ਸ਼ਹਿਰ
ਦੇਸ਼
ਦੀਆਂ ਸਰਗਰਮੀਆਂ
ਉਸ ਨਾਲ ਨਹੀਂ ਖਹਿੰਦੀਆਂ
ਉਸਦੇ ਤਾਂ
ਚੇਤੇ ‘ਚ ਹੈ
ਮੰਗਲਵਾਰ ਦਿਨ
ਵੀਰਵਾਰ ਰਾਤ ਦੀ
ਪਾਣੀ ਦੀ ਵਾਰੀ
ਉਸਦੇ ਆਉਣ ਤੋਂ ਪਹਿਲਾਂ
ਬੱਚੇ ਸੌਂ ਜਾਂਦੇ
ਜਾਣ ਬਾਅਦ ਜਾਗਦੇ
ਸੁਪਨੇ ਮਰ ਜਾਂਦੇ
ਲੋੜਾਂ ਜਨਮ ਲੈਂਦੀਆਂ
ਸਰਕਾਰੀ ਸਕੀਮਾਂ
ਉਸਦੀ ਦੇਹਲੀ ਨਾ ਚੜ੍ਹਦੀਆਂ
ਨੇਤਾ ਵੋਟਾਂ ਵੇਲੇ
ਉਹਦਾ ਬਾਰ ਨੀਵਾਂ ਕਰਦਾ
ਪਰ
ਉਸ ਦੇ ਭਾਸ਼ਣ ਵਿੱਚ
ਕੋਈ ਵੀ ਸ਼ਬਦ
ਉਹਦੀ ਬੋਲੀ ਨਾ ਬੋਲਦਾ
ਉਸਦੇ ਜ਼ਹਿਨ ‘ਚ
ਉੱਕਾ ਅਹਿਸਾਸ ਨਹੀਂ
ਆਪਣੀ ਗੁਲਾਮੀ ਦਾ
ਦੇਸ਼ ਦੀ ਆਜਾਦੀ ਦਾ
ਚੇਤਨਤਾ ਕਿੱਥੇ ਹੈ?
ਦਿਲਬਾਗ ਰਿਉਂਦ
ਜਿਲ੍ਹਾ ਮਾਨਸਾ (ਪੰਜਾਬ)
9878911452
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly