ਕਿੱਧਰ ਨੂੰ ਸਮਾਜ ਜਾ ਰਿਹਾ ਹੈ?

ਸੰਜੀਵ ਸਿੰਘ ਸੈਣੀ,

(ਸਮਾਜ ਵੀਕਲੀ)-ਅੱਜ ਸਮਾਜ ਵਿੱਚ ਮਾੜੇ ਅਨਸਰਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅਸੀਂ ਸਾਰੇ ਹੀ ਸਮਾਜ ਦਾ ਹਿੱਸਾ ਹਨ। ਦੇਖਿਆ ਹੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚੋਰੀ, ਡਕੈਤੀ ,ਮਾਰ ਕੁਟਾਈ ,ਪਰਸ ਖੋਣਾ, ਝਪਟ ਮਾਰਾਂ ਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਹੋਰ ਤਾਂ ਹੋਰ ਕਤਲ ਤੱਕ ਕਰ ਦਿੱਤੇ ਜਾ ਰਹੇ ਹਨ। ਸਮਾਜ ਵਿੱਚ ਰਹਿ ਰਹੇ ਲੋਕ ਚਿੰਤਤ ਹਨ। ਕਿਸੇ ਨੂੰ ਕਹਿਣ ਦਾ ਵੇਲਾ ਨਹੀਂ ਹੈ। ਜੇ ਕੋਈ ਬਰਾਬਰੀ ਕਰਦਾ ਹੈ ਤਾਂ ਚਾਕੂ ਮਾਰ ਦਿੱਤਾ ਜਾਂਦਾ ਹੈ। ਇੰਝ ਜਾਪਦਾ ਹੈ ਕਿ ਲੋਕ ਘਰ ਤੋਂ ਹੀ ਚਾਕੂ ਨਾਲ ਲੈ ਕੇ ਨਿਕਲਦੇ ਹਨ ।ਜੇ ਕਿਸੇ ਨੇ ਪਾਰਕਿੰਗ ਵਿੱਚ ਠੀਕ ਗੱਡੀ ਨਹੀਂ ਲਗਾਈ ਹੈ, ਜੇ ਉਸਨੂੰ ਕਿਹਾ ਜਾਂਦਾ ਹੈ ਕਿ ਤੂੰ ਗੱਡੀ ਸਹੀ ਲਗਾ, ਉਲਟਾ ਲੜਨ ਨੂੰ ਆਉਂਦਾ ਹੈ। ਇੱਥੋਂ ਤੱਕ ਕਿ ਮਾਰ ਕੁਟਾਈ ਵੀ ਕਰ ਦਿੰਦਾ ਹੈ । ਗਲੀਆਂ ਵਿੱਚ ਜੇ ਗੁਆਂਢੀ ਠੀਕ ਤਰ੍ਹਾਂ ਨਾਲ ਪਾਰਕਿੰਗ ਨਹੀਂ ਕਰਦੇ, ਉਹ ਵੀ ਲੜਾਈ ਝਗੜਾ ਕਰਨ ਨੂੰ ਆ ਜਾਂਦੇ ਹਨ। ਸੜਕ ਤੇ ਜਾਂਦੇ ਹੋਏ ਜੇ ਕੋਈ ਤੁਹਾਡੀ ਗੱਡੀ ਨੂੰ ਸਾਈਡ ਨਹੀਂ ਦਿੰਦਾ ਹੈ ,ਤੇਜ਼ ਗੱਡੀ  ਮੂਹਰੇ ਲਿਆ ਕੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਹਨ। ਪਿੱਛੇ ਜਿਹੇ ਤਾਂ ਇੱਕ ਬੰਦੇ ਨੇ ਰਿਵਾਲਵਰ ਹੀ ਕੱਢ ਲਈ ਸੀ। ਅੱਜ ਇਹ ਹਾਲਾਤ ਹੋ ਗਏ ਹਨ। ਵਿਚਾਰਨ ਵਾਲੀ ਗੱਲ ਹੈ ਕਿ ਕਿਹੋ ਜਿਹੇ ਸਮਾਜ ਵਿੱਚ ਅਸੀਂ ਰਹਿ ਰਹੇ ਹਨ। ਅੱਜ ਘਰਾਂ ਵਿੱਚ ਸ਼ਹਿਣਸ਼ੀਲਤਾ ਖਤਮ ਹੋ ਚੁੱਕੀ ਹੈ। ਬੱਚੇ ਮਾਂ ਬਾਪ ਦਾ ਬਿਲਕੁਲ ਵੀ ਕਹਿਣਾ ਨਹੀਂ ਮੰਨਦੇ ਹਨ। ਮਾਂ ਬਾਪ ਦਾ ਬਿਲਕੁਲ ਵੀ ਡਰ ਨਹੀਂ ਹੈ। ਭਰਾ ਭਰਾ ਦਾ ਦੁਸ਼ਮਣ ਬਣ ਗਿਆ ਹੈ ।ਪੈਸੇ ਦੀ ਚਕਾਚੌਂਧ ਵਿੱਚ ਧੁੰਦਲੇ ਰਿਸ਼ਤੇ ਪੈ ਗਏ ਹਨ। ਲਾਲਸਾ ਕਾਰਨ ਭਰਾ ਹੱਥੋਂ ਭਰਾ ਦਾ ਕਤਲ ਹੋ ਰਿਹਾ ਹੈ। ਤਲਾਕ ਦੇ ਕੇਸਾਂ ਵਿੱਚ ਲਗਾਤਾਰ ਵੱਧ ਹੁੰਦਾ ਜਾ ਰਿਹਾ ਹੈ। ਬਜ਼ੁਰਗਾਂ ਦਾ ਸਤਿਕਾਰ ਘੱਟ ਗਿਆ ਹੈ । ਆਤਮ ਹੱਤਿਆ, ਖੁਦਕੁਸ਼ੀ ਦਾ ਰੁਝਾਨ ਵੱਧ ਗਿਆ ਹੈ।

ਪਹਿਲਾਂ ਬਹੁਤ ਵੱਡੇ ਪਰਿਵਾਰ ਹੁੰਦੇ ਸਨ ।ਇੱਕ ਦੂਜੇ ਦੀ ਇੱਜਤ  ਤੱਕ ਕਰੀ ਜਾਂਦੀ ਸੀ ।ਬਜ਼ੁਰਗਾਂ ਦਾ ਘਰ ਵਿੱਚ ਰੋਬ ਹੁੰਦਾ ਸੀ ।ਬੱਚੇ ਵੀ ਟੋਕਾ ਟਾਕੀ ਨਹੀਂ ਕਰਦੇ ਸਨ। ਗੱਲ ਨੂੰ ਸੁਣ ਲੈਂਦੇ ਸਨ, ਇਥੋਂ ਤੱਕ ਕਿ ਜੇ ਕੋਈ ਬੱਚਾ ਗਲਤ ਹੁੰਦਾ ਸੀ ਜੇ ਪਿੰਡ ਦਾ ਕੋਈ ਥੱਪੜ ਵੀ ਮਾਰ ਦੇਵੇ ,ਮਜਾਲ ਹੈ !ਜੇ ਘਰ ਉਸ ਦੇ ਲਾਂਬਾ ਵੀ ਲੈ ਕੇ ਚਲੇ ਜਾਵੇ ਕਿ ਭਾਈ ਤੂੰ ਸਾਡੇ ਜੁਆਕ ਨੂੰ ਥੱਪੜ ਕਿਉਂ ਮਾਰਿਆ ਹੈ। ਜੇ ਅੱਜ ਸਕੂਲ ਵਿੱਚ ਅਧਿਆਪਕ ਬੱਚੇ ਨੂੰ ਝਿੜਕ ਦਿੰਦਾ ਹੈ ਤਾਂ ਸਾਰਾ ਹੀ ਟੱਬਰ ਸਕੂਲ ਪਹੁੰਚ ਜਾਂਦਾ ਹੈ ਕਿ ਸਾਡੇ ਬੱਚੇ ਨੂੰ ਕਿਉਂ ਝਿੜਕਿਆ। ਅੱਜ ਜਮਾਨਾ ਬਦਲ ਚੁੱਕਿਆ ਹੈ। ਇਹ ਵੀ ਸੁਣਨ ਨੂੰ ਮਿਲਿਆ ਸੀ  ਕਿ ਜਿਸ ਬੱਚੇ ਨੂੰ ਝਿੜਕਿਆ ਉਸਨੇ ਆਪਣੇ ਦੋਸਤਾਂ ਨਾਲ ਮਾਸਟਰ ਦਾ ਰਸਤਾ ਰੋਕ ਕੇ ਉਸਦੀ ਮਾਰ ਕੁਟਾਈ ਵੀ ਕੀਤੀ। ਹਾਲਾਤ ਕਿਹੋ ਜਿਹੇ ਬਣ ਗਏ ਹਨ ਜੋ ਅਧਿਆਪਕ ਗੁਰੂ ਹੁੰਦਾ ਹੈ ,ਉਸਨੂੰ ਹੀ ਕੁੱਟਿਆ। ਬੱਚਿਆਂ ਦਾ ਭਵਿੱਖ ਸਵਾਰਦਾ ਹੈ। ਅੱਜ ਕੱਲ ਤਾਂ ਸਕੂਲ ਦੇ ਮਾਲਕਾਂ ਵੱਲੋਂ ਸਾਫ ਆਪਣੇ ਸਟਾਫ਼ ਮੈਂਬਰਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਕੋਈ ਵੀ ਬੱਚਾ ਜੋ ਮਰਜ਼ੀ ਕਰੇ, ਤੁਸੀਂ ਬਿਲਕੁਲ ਵੀ ਝਿੜਕਣਾ ਨਹੀਂ ਹੈ।
ਅੱਜ ਇੱਕ ਪ੍ਰੀ ਵੈਡਿੰਗ ਦਾ ਰਿਵਾਜ਼ ਜਿਹਾ ਚੱਲ ਪਿਆ ਹੈ। ਵਿਆਹ ਤੋਂ ਪਹਿਲਾਂ ਲੱਖਾਂ ਰੁਪਏ ਇਸ ਉੱਤੇ ਖਰਚ ਕਰ ਦਿੱਤੇ ਜਾਂਦੇ ਹਨ। ਮੁੰਡਾ ਤੇ ਕੁੜੀ ਇੱਥੇ ਆ ਕੇ ਜੋ ਵੀ ਚੀਜ਼ਾਂ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਰਹੀਆਂ ਹਨ, ਉਹਨਾਂ ਨਾਲ ਫੋਟੋ ਖਿਚਵਾਉਂਦੇ ਹਨ। ਜਿੱਥੇ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਉਹ ਆਪਣੇ ਇੱਥੇ ਪ੍ਰੋਗਰਾਮ ਕਰਨ ਲਈ ਲੱਖਾਂ ਰੁਪਏ ਲੈ ਲੈਂਦੇ ਹਨ ।ਦੇਖੋ ਇੱਕ ਤਰ੍ਹਾਂ ਨਾਲ ਇਹ ਫਜ਼ੂਲ ਖਰਚੀ ਹੀ ਹੈ। ਵਿਆਹਾਂ ਤੇ ਤਾਂ ਪਤਾ ਹੀ ਨਹੀਂ ਕਿੰਨਾ ਪੈਸਾ ਪਾਣੀ ਦੀ ਤਰ੍ਹਾਂ ਰੋੜਿਆ ਜਾਂਦਾ ਹੈ। ਅੱਜ ਕੱਲ ਤਾਂ ਜਿੰਨੇ ਵਿਆਹ ਤੋਂ ਪਹਿਲੇ ਛੋਟੇ  ਪ੍ਰੋਗਰਾਮ ਹੁੰਦੇ ਹਨ ,ਹਰ ਪ੍ਰੋਗਰਾਮ ਲਈ  ਨਵੇਂ ਨਵੇਂ  ਲੀੜੇ ਸੁਆਏ ਜਾਂਦੇ ਹਨ। ਚਾਹੇ ਉਹ ਮਰਦ ਹੋਵੇ ਜਾਂ ਔਰਤ ਹੋਵੇ। ਫ਼ਿਰ ਡੀਜੇ ਸਿਸਟਮ ਤੇ ਖਰਚਾ ਕੀਤਾ ਜਾਂਦਾ ਹੈ । ਮਹਿੰਗੇ ਤੋਂ ਮਹਿੰਗਾ ਮੈਰਿਜ ਪੈਲੇਸ ਬੁੱਕ ਕੀਤਾ ਜਾਂਦਾ ਹੈ।ਖਾਣ ਪੀਣ ਤੇ ਬਹੁਤ ਖਰਚ ਕੀਤਾ ਜਾਂਦਾ ਹੈ ।ਲੋਕ ਭਰ ਭਰ ਪਲੇਟਾਂ ਡਸਟਬੀਨ ਵਿੱਚ ਇਸ ਤਰ੍ਹਾਂ ਸੁੱਟ ਦਿੰਦੇ ਹਨ, ਕਿਉਂਕਿ ਮਸਾਲੇ ਜਿਆਦਾ ਲਗਾਏ ਜਾਂਦੇ ਹਨ ।ਹਰ ਚੀਜ਼ ਵਿੱਚ ਮਸਾਲਾ ਹੁੰਦਾ ਹੈ ।ਕਈ ਚੀਜ਼ਾਂ ਸਵਾਦ ਨਹੀਂ ਹੁੰਦੀਆਂ। ਲੋਕ ਪਹਿਲਾਂ ਪਲੇਟਾਂ ਭਰ ਲੈਂਦੇ ਹਨ ,ਫਿਰ ਸੁੱਟ ਦਿੰਦੇ ਹਨ। ਆਖਿਰ ਨੂੰ ਖਰਚਾ ਤਾਂ ਮਾਲਕ ਦੀ ਜੇਬ ਤੇ ਪੈਂਦਾ ਹੈ। ਤਕਰੀਬਨ ਇੱਕ ਪਲੇਟ 1500 ਤੋਂ 2000 ਦੇ ਵਿੱਚ ਪੈ ਜਾਂਦੀ ਹੈ। ਜੇ ਗੱਲ ਪੁਰਾਣੇ ਵੇਲਿਆਂ ਦੀ ਕਰੀਏ ਤਾਂ ਖੁੱਲੇ ਵਿੱਚ ਟੈਂਟ ਲਗਾ ਕੇ ਲੱਡੂ ਜਲੇਬੀ ਬਣਾਈ ਜਾਂਦੀ ਸੀ। ਸਾਦਾ ਖਾਣਾ ਹੁੰਦਾ ਸੀ। ਆਸਾਨੀ ਨਾਲ ਸਭ ਨੂੰ ਪਚ ਜਾਂਦਾ ਸੀ। ਅੱਜ ਦੇ ਵਿਆਹ ਸਿਰਫ ਇਕ ਜਾਂ ਦੋ ਦਿਨ ਦੇ ਰਹਿ ਚੁੱਕੇ ਹਨ। ਪੁਰਾਣੇ ਵੇਲਿਆਂ ਵਿੱਚ ਅੱਠ ਤੋਂ 10 ਦਿਨ ਲਗਾਤਾਰ ਰਾਤ ਨੂੰ ਔਰਤਾਂ ਗੀਤ ਗਾਉਂਦੀਆਂ ਸਨ। ਤਕਰੀਬਨ ਰਿਸ਼ਤੇਦਾਰ ਵੀ ਆ ਜਾਂਦੇ ਸਨ। ਜੇ ਅੱਜ ਘਰ ਵਿੱਚ ਦੋ ਜਾਂ ਤਿੰਨ ਦਿਨ ਤੋਂ ਵੱਧ ਰਿਸ਼ਤੇਦਾਰ ਰਹਿ ਜਾਣ ਤਾਂ ਘਰ ਵਿੱਚ ਕਲੇਸ਼ ਪੈਣਾ ਸ਼ੁਰੂ ਹੋ ਜਾਂਦਾ ਹੈ।
ਅੱਜ ਦੇ ਜਮਾਨੇ ਵਿੱਚ ਪੈਸੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਜਿਸ ਦੀ ਜੇਬ ਵਿੱਚ ਪੈਸਾ ਜਿਆਦਾ ਹੁੰਦਾ ,ਉਸ ਦੇ ਵੱਧ ਮਿੱਤਰ ਹੁੰਦੇ ਹਨ ।ਜਿਸ ਕੋਲ ਸਾਈਕਲ ਹੈ ਲੋਕ ਉਸ ਨੂੰ ਆਪਣੇ ਪ੍ਰੋਗਰਾਮ ਵਿੱਚ ਬੁਲਾਉਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਗਲੀ ਗੁਆਂਢ ਵਿੱਚ ਜਿਸ ਕੋਲ ਕਾਰ ਨਹੀਂ ਹੁੰਦੀ, ਜੇ ਉਹ ਸਕੂਟਰ ਤੇ ਕਿਸੇ ਦੇ ਵਿਆਹ ਵਿੱਚ ਚਲੇ ਜਾਂਦਾ ਹੈ, ਤਾਂ ਉਸਨੂੰ  ਪ੍ਰੋਗਰਾਮ ਵਿੱਚ  ਬੁਲਾਉਣ  ਲਈ ਬੇਇਜ਼ਤੀ ਮਹਿਸੂਸ ਕਰਦੇ ਹਨ। ਕਰੋਨਾ ਦੇ ਸਮੇਂ ਅਸੀਂ ਦੇਖਿਆ ਹੀ ਹੈ ਕਿ ਇਨਸਾਨੀਅਤ ਖਤਮ ਹੋ ਚੁੱਕੀ ਸੀ ।ਜਿਸ ਇਨਸਾਨ ਨੇ ਆਪਣੇ ਟੱਬਰ ਲਈ ਪੈਸਾ ਕਮਾਇਆ ਹੋਵੇ, ਉਸ ਦਾ ਹੀ ਟੱਬਰ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੰਦਾ ਸੀ। ਪੁਲਿਸ ਪ੍ਰਸ਼ਾਸਨ ਤੇ ਬਾਹਰ ਦੇ ਬੰਦਿਆਂ ਨੇ ਹੀ ਉਸ ਇਨਸਾਨ  ਦੀਆਂ ਅੰਤਿਮ ਰਸਮਾਂ ਨਿਭਾਈਆਂ। ਪੈਸਾ ਜਰੂਰਤ ਲਈ ਹੋਣਾ ਚਾਹੀਦਾ ਹੈ । ਔਖੇ ਵੇਲੇ ਪੈਸਾ ਹੀ ਕੰਮ ਨਹੀਂ ਆਉਂਦਾ। ਅੱਜ ਇਨਸਾਨ ਨੇ ਪੈਸੇ ਨੂੰ ਹੀ ਸਾਰਾ ਕੁਝ ਮੰਨ ਲਿਆ ਹੈ। ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦਾ ।ਕਰਜ਼ਾ ਚੁੱਕ ਲੈਂਦਾ ਹੈ। ਜਮੀਨ ਗਹਿਣੇ ਤੱਕ ਰੱਖ ਦਿੰਦਾ ਹੈ। ਜੇ ਬੈਂਕਾਂ ਦਾ ਸਮੇਂ ਸਿਰ ਕਰਜ਼ਾ ਨਹੀਂ ਉਤਰਦਾ, ਤਾਂ ਫਿਰ ਖੁਦਕੁਸ਼ੀ ਦੇ ਰਾਹ ਵੀ ਪੈ ਜਾਂਦਾ ਹੈ। ਹਰ ਕੋਈ ਵਿਦੇਸ਼ ਜਾਣ ਲਈ ਕਾਹਲਾ ਹੈ ।ਹਰ ਰੋਜ਼ ਪਤਾ ਨਹੀਂ ਕਿੰਨੇ ਹਜ਼ਾਰ  ਪਾਸਪੋਰਟ ਬਣ ਰਹੇ ਹਨ। ਤਕੜੇ ਤਕੜੇ ਕਾਰੋਬਾਰੀ ਵੀ ਹੁਣ ਵਿਦੇਸ਼ ਜਾ ਰਹੇ ਹਨ। ਕਿਉਂਕਿ ਸਮਾਜ ਵਿੱਚ ਕਈ ਅਜਿਹੀ ਘਟਨਾਵਾਂ ਵਾਪਰੀਆਂ, ਜਿਸ ਕਰਕੇ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ। ਜਿਨ੍ਹਾਂ ਲੋਕਾਂ ਦੀ ਪੰਜਾਬ ਵਿੱਚ ਲੱਖਾਂ ਰੁਪਏ ਮਹੀਨਾ ਆਮਦਨ ਹੈ, ਉਹ ਵੀ ਹੁਣ ਬਾਹਰਲੇ ਮੁਲਕਾਂ ਨੂੰ ਤਰਜੀਹ ਦੇ ਰਹੇ ਹਨ।
ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਾ ਲਈ ਹੈ। ਹਰ ਰੋਜ਼ ਚਿੱਟੇ ਨਾਲ ਦੋ ਚਾਰ ਮੌਤਾਂ ਹੋ ਰਹੀਆਂ ਹਨ ।ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਸ਼ਰਾਰਤੀ ਅਨਸਰਾਂ ਨੂੰ ਵੀ ਫੜਿਆ ਜਾ ਰਿਹਾ ਹੈ। ਫਿਰ ਵੀ ਨਸ਼ਾਂ ਨਹੀਂ ਰੁਕ ਰਿਹਾ ਹੈ। ਘੁਣ ਵਾਂਗੂੰ ਸਮਾਜ ਨੂੰ ਖਾ ਰਿਹਾ ਹੈ। ਘਰ ਦੇ ਘਰ ਤਬਾਹ ਹੋ ਚੁੱਕੇ ਹਨ ।ਨਸ਼ਿਆਂ ਦੀ ਪ੍ਰਾਪਤੀ ਲਈ ਘਰ ਤੱਕ ਦਾ ਨਸ਼ੇੜੀ ਸਮਾਨ ਵੇਚ ਰਹੇ ਹਨ। ਪਿੰਡਾਂ ਵਿੱਚ ਸੱਥਰ ਵਿਛ ਚੁੱਕੇ ਹਨ। ਨਸ਼ੇੜੀ ਆਪਣਾ ਸਰੀਰ ਤਾਂ ਖਰਾਬ ਕਰਦੇ ਹੀ ਹਨ। ਮਾਂ ਬਾਪ ਨੂੰ ਵੀ ਮਾਰ ਕੁਟਾਈ ਕਰਦੇ ਹਨ।
ਕਿਹੋ ਜਿਹਾ ਸਮਾਂ ਆ ਚੁੱਕਿਆ ਹੈ। ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਵਿਚਾਰਨ ਵਾਲੀ ਗੱਲ ਹੈ ਨੌਜਵਾਨ ਪੀੜੀ ਨੂੰ ਸੰਭਾਲਣ ਦਾ ਵੇਲਾ ਹੈ ।ਆਪਣੀ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ ।ਬੱਚਿਆਂ ਤੇ ਪੂਰਾ ਕੰਟਰੋਲ ਕਰਨਾ ਚਾਹੀਦਾ ਹੈ ।ਸਮਾਜ ਵਿੱਚ ਬੱਚੇ ਕਿਸ ਕੋਲ ਖੜਦੇ ਹਨ ਉਹਨਾਂ ਤੇ ਪੂਰੀ ਨਜ਼ਰ ਰੱਖਣੀ ਚਾਹੀਦੀ ਹੈ। ਜੇ ਬੱਚੇ ਅੱਜ ਆਪਣਾ ਵਧੀਆ ਭਵਿੱਖ ਬਣਾ ਲੈਂਦੇ ਹਨ ਤਾਂ ਉਹ ਮਾਂ ਬਾਪ ਦੀ ਚੰਗੀ ਪ੍ਰਾਪਰਟੀ ਹਨ।
ਸੰਜੀਵ ਸਿੰਘ ਸੈਣੀ
ਮੋਹਾਲੀ,7888966168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਲੰਬੀ ਵਿਖੇ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਦੀ ਇੱਕ ਦਿਨਾਂ ਵਰਕਸ਼ਾਪ ਆਯੋਜਿਤ ਸਿੱਖਣ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਦਿੱਤੀ ਗਈ ਜਾਣਕਾਰੀ 
Next article   ਏਹੁ ਹਮਾਰਾ ਜੀਵਣਾ ਹੈ -488