ਜਦ ਵੀ ਲਿਖਿਆ 

   ਹਰੀਸ਼ ਪਟਿਆਲਵੀ
(ਸਮਾਜ ਵੀਕਲੀ)
ਜਦ ਵੀ ਲਿਖਿਆ ਤੁੰਨ ਕੇ ਲਿਖਿਆ
ਸ਼ਬਦ -ਜਾਲ ਨੂੰ  ਗੁੰਨ ਕੇ ਲਿਖਿਆ
ਕਦੇ  ਨਾ  ਗੱਲ  ਦਿਮਾਗ ਦੀ ਮੰਨੀ
ਦਿਲ ਦੇ ਮਾਸ ਨੂੰ  ਭੁੰਨ  ਕੇ ਲਿਖਿਆ
ਹੱਕ  ਸੱਚ  ਦੀ   ਹਾਮੀ  ਭਰ ਕੇ
ਜਾਬਰ ਜ਼ੁਲਮ ਪਰੁੰਨ ਕੇ ਲਿਖਿਆ
ਚੋਟ   ਚਪੇੜ  ਕਰਾਰੀ  ਜੜੀ  ਆ
ਵੱਜਦਾ  ਕੋਈ  ਘਸੁੰਨ  ਕੇ ਲਿਖਿਆ
ਲਾਲਚ ਡਰ  ਕੋਈ ਮੇਰ ਤੇਰ ਨਹੀਂ
ਭੇਡਾਂ  ਭੂਡਾਂ  ਨੂੰ  ਮੁੰਨ ਕੇ ਲਿਖਿਆ
ਤੀਰ  ਨਿਸ਼ਾਨੇ  ਜੜ  ਜੜ ਮਾਰੇ
ਬੇਸ਼ੱਕ  ਸਿੰਨ  ਸੁੰਨ ਕੇ ਲਿਖਿਆ
ਹਰੀਸ਼  ਨਸ਼ੇ ਦਾ ਆਦੀ  ਤਾਂ ਨਹੀਂ
ਜਦ ਵੀ ਲਿਖਿਆ ਟੂੰਨ ਕੇ ਲਿਖਿਆ
ਨਾਲੇ  ਆਪਣੇ  ਰੋਣੇ  ਘੱਟ  ਹੀ  ਰੋਏ
ਪੀੜ ਪਰਾਈ   ਨੂੰ ਸੁਣ ਕੇ ਲਿਖਿਆ
ਲਿਖਣ ਲਈ ਕਦੇ ਲਿਖਿਆ  ਨਹੀਂ
ਮਕਸਦ   ਮੌਕਾ   ਚੁਣ  ਕੇ ਲਿਖਿਆ
ਰੀਝਾਂ   ਨਾਲ    ਸਵੈਟਰ  ਵਾਂਗੋਂ
ਬੁਣਤੀਆਂ ਪਾ ਪਾ ਬੁਣ ਕੇ ਲਿਖਿਆ
ਦੋਸ਼ ਮੜ੍ਹੇ ਸਿਰ ਕਿਸੇ ਚੜ੍ਹੇ ਨਹੀਂ
ਪਾਣੀ ਨੂੰ ਵੀ ਪੁਣ ਪੁਣ ਲਿਖਿਆ
ਪਿਆਰ ਮੁਹੱਬਤ ਰਚੀ ਹੋਈ ਏ
ਤਾਂ ਹੀ ਜਿਆਦਾ ਤੁਣ ਤੁਣ ਲਿਖਿਆ
ਪੜਿਆ ਤਾਂ ਬੜਾ ਘੱਟ ਕਿਸੇ ਨੂੰ
ਬਹੁਤਾ ਜਿਆਦਾ ਸੁਣ ਸੁਣ ਲਿਖਿਆ
ਕੋਰੀ  ਗੱਲ   ਕਰਨ ਦੇ ਆਦੀ
ਐਵੇਂ ਨਹੀਂ ਜੀ ਗੁਣ ਗੁਣ ਲਿਖਿਆ
ਸ਼ਾਇਰੀ ਹਰੀਸ਼ ਦੇ ਨਾਲ ਹੀ ਜਾਣੀ
ਇਹ ਕਿਹੜਾ ਬੱਸ ਹੁਣ ਹੁਣ ਲਿਖਿਆ
     ਹਰੀਸ਼ ਪਟਿਆਲਵੀ
Previous articleਖਾਮੋਸ਼ੀ ਤੋਂ ਲਲਕਾਰ ਵੱਲ 
Next articleਦੋ ਟੋਟੇ ਦੇਸ਼