ਕਦੋਂ ਹੋਵੇਗੀ ‘ਚੀਨ ਉਤੇ ਚਰਚਾ’: ਕਾਂਗਰਸ

ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਦੋਸ਼ ਲਾਇਆ ਕਿ ਉਹ ਸੰਸਦ ਵਿਚ ਐਲਏਸੀ ’ਤੇ ਬਣੀ ਸਥਿਤੀ ਬਾਰੇ ਚਰਚਾ ਨਹੀਂ ਹੋਣ ਦੇ ਰਹੇ ਹਨ। ਵਿਰੋਧੀ ਧਿਰ ਨੇ ਸਵਾਲ ਉਠਾਇਆ ਕਿ ਕਿਉਂ ਉਹ ਚੀਨ ਨਾਲ ਬਣੇ ਟਕਰਾਅ ਬਾਰੇ ‘ਦੇਸ਼ ਨੂੰ ਭਰੋਸੇ ਵਿਚ ਨਹੀਂ ਲੈ ਰਹੇ?’ ਕਾਂਗਰਸ ਨੇ ਦਾਅਵਾ ਕੀਤਾ ਕਿ ਡੋਕਲਾਮ ਵਿਚ ਚੀਨੀ ਫ਼ੌਜ ਦਾ ਜਮ੍ਹਾਂ ਹੋਣਾ ਰਣਨੀਤਕ ‘ਸਿਲੀਗੁੜੀ ਕੌਰੀਡੋਰ’ ਲਈ ਖ਼ਤਰਾ ਬਣ ਰਿਹਾ ਹੈ ਜੋ ਕਿ ਉੱਤਰ-ਪੂਰਬੀ ਸੂਬਿਆਂ ਨੂੰ ਜਾਣ ਦਾ ਰਾਹ ਹੈ।’ ਪਾਰਟੀ ਨੇ ਸਵਾਲ ਕੀਤਾ ਕਿ ਦੇਸ਼ ਆਖ਼ਰ ਕਦੋਂ ‘ਚੀਨ ਉਤੇ ਚਰਚਾ’ ਕਰੇਗਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘ਡੋਕਲਾਮ ਵਿਚ ਜੰਫਰੀ ਰਿਜ ਤੱਕ ਜਮ੍ਹਾਂ ਚੀਨ ਦੀ ਫ਼ੌਜ ਭਾਰਤ ਦੇ ਰਣਨੀਤਕ ਸਿਲੀਗੁੜੀ ਕੌਰੀਡੋਰ ਲਈ ਖ਼ਤਰਾ ਬਣੀ ਹੋਈ ਹੈ। ਇਹ ਕੌਮੀ ਸੁਰੱਖਿਆ ਦਾ ਗੰਭੀਰ ਮਾਮਲਾ ਹੈ ਤੇ ਤੁਰੰਤ ਧਿਆਨ ਮੰਗਦਾ ਹੈ। ਦੇਸ਼ ‘ਚਾਈਨਾ ਪੇ ਚਰਚਾ’ ਕਦੋਂ ਕਰੇਗਾ।’

ਖੜਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾਂਦੇ ਪ੍ਰੋਗਰਾਮ ‘ਚਾਏ ਪੇ ਚਰਚਾ’ ਉਤੇ ਵਿਅੰਗ ਕਰ ਰਹੇ ਸਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪ੍ਰਧਾਨ ਮੰਤਰੀ ਦਾ ਸਿਆਸੀ ਫ਼ਰਜ਼ ਤੇ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਵਿਰੋਧੀ ਧਿਰ ਵੱਲੋਂ ਪੁੱਛੇ ਸੱਤ ਸਵਾਲਾਂ ’ਤੇ ‘ਆਪਣੇ ਮਨ ਦੀ ਗੱਲ’ (ਮਨ ਕੀ ਬਾਤ) ਦੱਸਣ। ਦੇਸ਼ ਜਾਣਨਾ ਚਾਹੁੰਦਾ ਹੈ…ਤੁਸੀਂ ਇਸ ਗੱਲ ਉਤੇ ਕਿਉਂ ਜ਼ੋਰ ਦੇ ਰਹੇ ਹੋ ਕਿ ਸੰਸਦ ਵਿਚ ਸਰਹੱਦੀ ਸਥਿਤੀ ਅਤੇ ਚੀਨ ਵੱਲੋਂ ਮਿਲ ਰਹੀ ਚੁਣੌਤੀ ਬਾਰੇ ਕੋਈ ਵਿਚਾਰ-ਚਰਚਾ ਨਾ ਹੋਵੇ?’ ਕਾਂਗਰਸ ਆਗੂ ਨੇ ਸਵਾਲ ਕੀਤਾ, ‘ਤੁਸੀਂ ਚੀਨ ਦੀ ਚੋਟੀ ਦੀ ਲੀਡਰਸ਼ਿਪ ਨੂੰ 18 ਵਾਰ ਮਿਲੇ ਜੋ ਕਿ ਸਾਧਾਰਨ ਗੱਲ ਨਹੀਂ ਹੈ ਤੇ ਹਾਲ ਹੀ ਵਿਚ ਬਾਲੀ ’ਚ ਸ਼ੀ ਜਿਨਪਿੰਗ ਨਾਲ ਹੱਥ ਮਿਲਾਇਆ। ਚੀਨ ਨੇ ਉਸ ਤੋਂ ਜਲਦੀ ਬਾਅਦ ਤਵਾਂਗ ਵੱਲ ਆਉਣਾ ਸ਼ੁਰੂ ਕਰ ਦਿੱਤਾ ਤੇ ਸਰਹੱਦ ’ਤੇ ਉਹ ਹਾਲਾਤਾਂ ਨੂੰ ਇਕਪਾਸੜ ਢੰਗ ਨਾਲ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।’ ਰਮੇਸ਼ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨੇ ਜੂਨ, 2020 ਵਿਚ ਕਿਉਂ ਕਿਹਾ ਸੀ ਕਿ ‘ਚੀਨ ਨੇ ਪੂਰਬੀ ਲੱਦਾਖ ਵਿਚ ਕੋਈ ਘੁਸਪੈਠ ਨਹੀਂ ਕੀਤੀ। ਕਿਉਂ ਚੀਨ ਨੂੰ ਇਹ ਇਜਾਜ਼ਤ ਦਿੱਤੀ ਗਈ ਕਿ ਉਹ ਸਾਡੇ ਸੈਨਿਕਾਂ ਨੂੰ ਪੂਰਬੀ ਲੱਦਾਖ ਵਿਚ ਹਜ਼ਾਰਾਂ ਸਕੁਏਅਰ ਕਿਲੋਮੀਟਰ ਇਲਾਕੇ ਵਿਚ ਗਸ਼ਤ ਕਰਨ ਤੋਂ ਰੋਕਣ, ਉਹ ਥਾਵਾਂ ਜਿੱਥੇ ਅਸੀਂ ਮਈ, 2020 ਤੋਂ ਪਹਿਲਾਂ ਗਸ਼ਤ ਕਰਦੇ ਰਹੇ ਹਾਂ।’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀਐੱਸਟੀ ਦੀਆਂ ਕੁਝ ਗੜਬੜੀਆਂ ਅਪਰਾਧ ਸ਼੍ਰੇਣੀ ਤੋਂ ਬਾਹਰ ਰੱਖਣ ਦਾ ਫੈਸਲਾ
Next articleਗਲਵਾਨ ਤੇ ਤਵਾਂਗ ਵਿੱਚ ਭਾਰਤੀ ਫ਼ੌਜ ਵੱਲੋਂ ਦਿਖਾਈ ਬਹਾਦਰੀ ਦੀ ਜਿੰਨੀ ਪ੍ਰਸ਼ੰਸਾ ਹੋਵੇ, ਘੱਟ ਹੈ: ਰਾਜਨਾਥ