ਨਵੀਂ ਦਿੱਲੀ (ਸਮਾਜ ਵੀਕਲੀ): ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ ਅੱਜ ਸੁਪਰੀਮ ਕੋਰਟ ਵੱਲੋਂ ਰੱਦ ਕੀਤੇ ਜਾਣ ਮਗਰੋਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ਉਹ ਅਜੈ ਮਿਸ਼ਰਾ ਨੂੰ ਆਪਣੀ ਕੇਂਦਰੀ ਕੈਬਨਿਟ ’ਚੋਂ ਕਦੋਂ ਬਾਹਰ ਕੱਢਣਗੇ। ਪਾਰਟੀ ਦੀ ਜਨਰਲ ਸਕੱਤਰ ਤੇ ਯੂਪੀ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘‘ਲਖੀਮਪੁਰ ਕਿਸਾਨ ਕਤਲੇਆਮ ਦੇ ਪੀੜਤ ਪਰਿਵਾਰ ਸੰਘਰਸ਼ਾਂ ਨਾਲ ਭਰੀ ਨਿਆਂ ਦੀ ਲੜਾਈ ਲੜ ਰਹੇ ਹਨ। ਸੱਤਾਧਾਰੀਆਂ ਦੀ ਸਰਪ੍ਰਸਤੀ ਵਿੱਚ ਉਨ੍ਹਾਂ ’ਤੇ ਸਿਖਰਲੇ ਦਰਜੇ ਦਾ ਅਨਿਆਂ ਤੇ ਜ਼ੁਲਮ ਹੋਇਆ। ਅੰਨਦਾਤਿਆਂ ਦੇ ਇਨ੍ਹਾਂ ਪੀੜਤ ਪਰਿਵਾਰਾਂ ਦੀ ਨਿਆਂ ਦੀ ਲੜਾਈ ਵਿੱਚ ਅਖੀਰ ਤੱਕ ਖੜ੍ਹੇ ਰਹਿਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ, ਫਿਰ ਚਾਹੇ ਸੰਘਰਸ਼ ਕਿੰਨਾ ਹੀ ਲੰਮਾ ਹੋਵੇ।’’
ਉਧਰ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ‘‘ਆਖਿਰ ਨੂੰ ਸਿਖਰਲੀ ਅਦਾਲਤ ਨੇ ਲਖੀਮਪੁਰ ਵਿੱਚ ਕਿਸਾਨਾਂ ਨੂੰ (ਐੱਸਯੂਵੀ ਹੇਠ) ਦਰੜਨ ਵਾਲੇ ਮੰਤਰੀ ਦੇ ਪੁੱਤਰ ਦੀ ਜ਼ਮਾਨਤ ਰੱਦ ਕਰ ਦਿੱਤੀ। ਹੁਣ ਮੋਦੀ ਜੀ ਆਪਣੀ ਵਜ਼ਾਰਤ ’ਚੋਂ ਅਜੈ ਮਿਸ਼ਰਾ ਟੈਨੀ ਨੂੰ ਕਦੋਂ ਬਰਖ਼ਾਸਤ ਕਰਨਗੇ? ਕਿਸਾਨਾਂ ਨਾਲ ਵਿਸਾਹਘਾਤ ਤੇ ਹੱਤਿਆਰੇ ਨੂੰ ਬਚਾਅ ਕੇ ਤਾਕਤ ਦੇਣਾ, ਭਾਜਪਾ ਕਦੋਂ ਬੰਦ ਕਰੇਗੀ? ਮੋਦੀ ਸਰਕਾਰ ਕਦੋਂ ਤੱਕ ਕਿਸਾਨਾਂ ’ਤੇ ਜ਼ੁਲਮ ਢਾਹੁੰਦੀ ਰਹੇਗੀ?’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly