ਜਦੋਂ ਸ਼ਬਦ ਮੁੱਕ ਗਏ…!

ਬਰਜਿੰਦਰ ਕੌਰ ਬਿਸਰਾਓ...

(ਸਮਾਜ ਵੀਕਲੀ)

ਪਾਲਾ ਸਿੰਘ ਸਾਈਕਲ ਤੇ ਮੰਡੀ ਤੋਂ ਪਿੰਡ ਵੱਲ ਨੂੰ ਆਉਂਦੀ ਸੜਕ ਤੇ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਤੇਜ਼ ਤੇਜ਼ ਪੈਡਲ ਮਾਰਦਾ ਪਿੰਡ ਵੱਲ ਨੂੰ ਵਧਦਾ ਆ ਰਿਹਾ ਸੀ। ਉਸ ਦੀਆਂ ਸੋਚਾਂ ਦੀ ਡੂੰਘਾਈ ਐਨੀ ਸੀ ਕਿ ਉਸ ਨੂੰ ਆਲ਼ੇ ਦੁਆਲ਼ੇ ਲੰਘਦੀਆਂ ਗੱਡੀਆਂ ਜਾਂ ਲੋਕਾਂ ਦੀ ਕੋਈ ਸਾਰ ਨਹੀਂ ਸੀ। ਗਰਮੀ ਨਾਲ ਉਸ ਦਾ ਮੂੰਹ ਲਾਲ ਅਤੇ ਮੱਥਾ ਪਸੀਨੇ ਨਾਲ ਚਮਕ ਰਿਹਾ ਸੀ।ਉਹ ਮੰਡੀਓਂ ਆੜਤੀਏ ਕੋਲੋਂ ਵਾਪਸ ਆ ਰਿਹਾ ਸੀ।ਉਸ ਦਾ ਸਾਹ ਨਾਲ ਸਾਹ ਨਹੀਂ ਸੀ ਰਲ਼ ਰਿਹਾ।ਉਸ ਦੇ ਕੰਨਾਂ ਵਿੱਚ ਆੜਤੀਏ ਦੇ ਬੋਲ ਵਾਰ ਵਾਰ ਦਸਤਕ ਦੇ ਰਹੇ ਸਨ। ਜਿਵੇਂ ਜਿਵੇਂ ਅੱਡ ਅੱਡ ਗੱਲਾਂ ਦੇ ਖਿਆਲ ਆਉਂਦੇ ਤਿਵੇਂ ਤਿਵੇਂ ਉਸ ਦੇ ਚਿਹਰੇ ਦੇ ਹਾਵ ਭਾਵ ਬਦਲੀ ਜਾਂਦੇ। ਵੈਸੇ ਤਾਂ ਉਸ ਕੋਲ ਸਕੂਟਰ ਵੀ ਸੀ ਪਰ ਪੈਟਰੋਲ ਐਨਾ ਮਹਿੰਗਾ ਹੋ ਗਿਆ ਸੀ ਕਿ ਹੁਣ ਮੰਡੀ ਤੱਕ ਸਕੂਟਰ ਲਿਜਾਣਾ ਉਸ ਦੇ ਵਸ ਦੀ ਗੱਲ ਨਹੀਂ ਰਹੀ ਸੀ।ਉਹ ਤਾਂ ਸਕੂਟਰ ਨੂੰ ਕਿਤੇ ਸਾਕ ਸਬੰਧੀਆਂ ਦੇ ਜਾਣ ਲਈ ਅੰਦਰਲੀ ਦਲਾਨ ਵਿੱਚੋਂ ਕਦੇ ਕਦੇ ਹੀ ਬਾਹਰ ਕੱਢਦਾ ਸੀ ਨਹੀਂ ਤਾਂ ਉੱਥੇ ਹੀ ਉੱਪਰ ਕੱਪੜਾ ਪਾ ਕੇ ਖੜ੍ਹਾ ਕੀਤਾ ਰਹਿੰਦਾ।

ਪਾਲਾ ਸਿੰਘ ਕੋਲ਼ ਆਪਣੇ ਤਾਂ ਸਿਰਫ਼ ਪੰਜ ਕਿੱਲੇ ਹੀ ਸਨ ।ਉਹ ਹੋਰ ਨਾਲ਼ ਲੱਗਦੇ ਪੰਜ ਕਿੱਲਿਆਂ ਨੂੰ ਠੇਕੇ ਤੇ ਲੈਕੇ ਕੱਠੇ ਦਸ ਕਿੱਲਿਆਂ ਦੀ ਖੇਤੀ ਕਰਦਾ ਸੀ। ਨਾਲ਼ ਦੀ ਜ਼ਮੀਨ ਵਾਲ਼ੇ ਵੀ ਆਏ ਸਾਲ ਠੇਕੇ ਦਾ ਰੇਟ ਚੱਕ ਦਿੰਦੇ ਸਨ ਕਿਉਂਕਿ ਜ਼ਮੀਨ ਨਾਲ਼ ਲੱਗਦੀ ਹੋਣ ਕਰਕੇ ਪਾਲੇ ਨੂੰ ਬੀਜਾਈ,ਕਟਾਈ ਜਾਂ ਹੋਰ ਸਭ ਕੰਮਾਂ ਵਿੱਚ ਮਸ਼ੀਨਰੀ ਵਗੈਰਾ ਲਿਜਾਣ ਦੀ ਸੁੱਖ ਸਹੂਲਤ ਰਹਿੰਦੀ ਸੀ।ਇਸੇ ਲਈ ਉਹ ਭਾਅ ਖਾਂਦੇ ਸਨ। ਜਦ ਜ਼ਰੂਰਤ ਹੁੰਦੀ ਉਹ ਮਾਮਲਾ ਮੰਗ ਲੈਂਦੇ,ਪਾਲਾ ਉਸੇ ਸਮੇਂ ਆੜ੍ਹਤੀਆਂ ਤੋਂ ਫੜਕੇ ਉਹਨਾਂ ਨੂੰ ਦੇ ਦਿੰਦਾ ,ਕਈ ਵਾਰ ਤਾਂ ਸਾਲ ਦਾ ਠੇਕਾ ਪਹਿਲਾਂ ਹੀ ਲੈ ਲੈਂਦੇ ਸਨ। ਇਸ ਵਾਰ ਵੀ ਉਹਨਾਂ ਨੇ ਠੇਕਾ ਪਹਿਲਾਂ ਹੀ ਲੈ ਲਿਆ ਸੀ।ਪਾਲਾ ਸਿੰਘ ਨੇ ਉਹ ਸਾਰਾ ਪੈਸਾ ਵੀ ਆੜਤੀਆਂ ਤੋਂ ਫ਼ੜ ਕੇ ਦਿੱਤਾ ਸੀ। ਫਿਰ ਵਿੱਚ ਦੀ ਟਰੈਕਟਰ ਦੀਆਂ ਕਿਸ਼ਤਾਂ ਲਾਹੁਣੀਆਂ,ਵੱਡੀ ਕੁੜੀ ਦੇ‌ ਵਿਆਹ ਤੇ ਚਾਹੇ ਅਗਲਿਆਂ ਖ਼ਰਚਾ ਨਹੀਂ ਕਰਵਾਇਆ ਸੀ ਤੇ ਆਪਣੇ ਲਈ ਕੋਈ ਟੂੰਮ ਨਹੀਂ ਪੁਆਈ ਸੀ ,ਪਰ ਕੱਪੜਿਆਂ ਤੇ, ਰੋਟੀ ਪਾਣੀ ਤੇ ਨਾ ਨਾ ਕਰਦੇ ਵੀ ਡੇਢ ਦੋ ਲੱਖ ਰੁਪਿਆ ਖਰਚ ਹੋ ਹੀ ਗਿਆ ਸੀ। ਉਂਝ ਤਾਂ ਕੁੜੀ ਦਾ ਵਿਆਹ ਚਾਹੇ ਦੋ ਸਾਲ ਰੁਕ ਕੇ ਕਰ ਦਿੰਦਾ ਪਰ ਐਨੇ ਚੰਗੇ ਬੰਦਿਆਂ ਦਾ ਰਿਸ਼ਤਾ ਪਾਲਾ ਵੀ ਹੱਥੋਂ ਨਹੀਂ ਨਿਕਲਣ ਦੇਣਾ ਚਾਹੁੰਦਾ ਸੀ,ਇਸੇ ਲਈ ਉਸ ਨੇ ਔਖ਼ੇ ਸੌਖੇ ਹੋ ਕੇ ਕੁੜੀ ਦਾ ਵਿਆਹ ਕਰ ਦਿੱਤਾ ਸੀ।ਉਹ ਵੀ ਉਸ ਨੇ ਆੜ੍ਹਤੀਆਂ ਤੋਂ ਫੜੇ ਸਨ।

ਪਾਲਾ ਸਿੰਘ ਦੀ ਵੱਡੀ ਕੁੜੀ ਸੁੱਖੀ ਦੇ ਵਿਆਹ ਨੂੰ ਮਸਾਂ ਛੇ ਮਹੀਨੇ ਹੋਏ ਸੀ। ਉਸ ਨੇ ਵੀ ਸਿਆਲ਼ ਚੜ੍ਹਦੇ ਕਨੇਡਾ ਚਲੇ ਜਾਣਾ ਸੀ।ਉਸ ਦੇ ਪ੍ਰਾਹੁਣੇ ਨੇ ਉਸ ਦੇ ਕਾਗਜ਼ ਲਾਏ ਹੋਏ ਸਨ ਤੇ ਉਹ ਕਹਿੰਦਾ ਸੀ ਕਿ ਛੇਤੀ ਵੀਜ਼ਾ ਲੱਗ ਕੇ ਆ ਜਾਵੇਗਾ। ਇਸ ਕੁੜੀ ਦਾ ਰਿਸ਼ਤਾ ਤਾਂ ਕਿਸਮਤ ਨਾਲ ਪਾਲੇ ਦੀ ਭੈਣ ਦੇ ਮੁੰਡੇ ਦੇ ਵਿਆਹ ਤੇ ਗਈ ਦਾ ਤੱਤ- ਭੜੱਤੇ ਵਿੱਚ ਹੋ ਗਿਆ ਸੀ। ਸੁੱਖੀ ਇੱਕ ਤਾਂ ਸੁਨੱਖੀ ਬਹੁਤ ਸੀ ਉੱਤੋਂ ਪੜ੍ਹੀ ਲਿਖੀ ਤੇ ਲਿਆਕਤ ਵਾਲੀ ਵੀ ਸੀ‌। ਭੂਆ ਦੇ ਮੁੰਡੇ ਦੇ ਵਿਆਹ ਵਿੱਚ ਨੱਚਦੀ ਟੱਪਦੀ,ਹੱਸਦੀ ਖੇਡਦੀ ਦੇਖ ਕੇ ਉਹਨਾਂ ਦੇ ਗੁਆਂਢੀਆਂ ਨੇ ਆਪ ਰਿਸ਼ਤਾ ਮੰਗਿਆ ਸੀ। ਸਾਰਾ ਟੱਬਰ ਬਾਹਰ ਸੀ ,ਬੰਦੇ ਵੀ ਅੰਤਾਂ ਦੇ ਸ਼ਰੀਫ ਸਨ। ਸਬੱਬ ਨਾਲ ਹਫ਼ਤਾ ਪਹਿਲਾਂ ਹੀ ਬਾਹਰੋਂ ਆਏ ਸਨ। ਉਹਨਾਂ ਦਾ ਕੱਲਾ ਕੱਲਾ ਮੁੰਡਾ ਸੀ। ਲਾਲਚੀ ਤਾਂ ਉਹ ਬਿਲਕੁਲ ਵੀ ਨਹੀਂ ਸਨ। ਉਹਨਾਂ ਨੇ ਗੁਰਦੁਆਰੇ ਅਨੰਦ ਕਾਰਜ ਕਰਵਾ ਕੇ ਸਾਦਾ ਜਿਹਾ ਵਿਆਹ ਕੀਤਾ ਸੀ। ਉਹਨਾਂ ਨੇ ਪਾਲੇ ਤੇ ਕੋਈ ਬੋਝ ਨਹੀਂ ਪਾਇਆ ਸੀ।ਇਹੋ ਜਿਹੇ ਬੰਦੇ ਤਾਂ ਕਰਮਾਂ ਵਾਲਿਆਂ ਨੂੰ ਮਿਲ਼ਦੇ ਹਨ। ਜਦੋਂ ਦਾ ਪਾਲੇ ਦੀ ਵੱਡੀ ਕੁੜੀ ਦਾ ਵਿਆਹ ਹੋਇਆ ਸੀ ਸ਼ਰੀਕਾਂ ਦੀਆਂ ਹਿੱਕਾਂ ਮੱਚਦੀਆਂ ਸਨ।

ਵਿਚਾਲੜੀ ਕੁੜੀ ਵੀ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਸ ਨੇ ਇਸੇ ਸਾਲ ਕਾਲਜ ਵਿੱਚ ਦਾਖਲਾ ਲੈ ਕੇ ਡਾਕਟਰੀ ਦੀ ਪੜ੍ਹਾਈ ਸ਼ੁਰੂ ਕੀਤੀ ਸੀ।ਉਸ ਦੇ ਪਹਿਲੇ ਸਮੈਸਟਰ ਦੀ ਫ਼ੀਸ ਵੀ ਉਸ ਨੇ ਭਰ ਦਿੱਤੀ ਸੀ ਪਰ ਦੂਜੇ ਸਮੈਸਟਰ ਦੀ ਫ਼ੀਸ ਸਿਰ ਤੇ ਆ ਰਹੀ ਸੀ।ਉਸੇ ਲਈ ਉਹ ਆੜ੍ਹਤੀਆਂ ਕੋਲ ਗਿਆ ਸੀ। ਆੜਤੀਏ ਨੇ ਉਸ ਨੂੰ ਮੂਲ ਅਤੇ ਵਿਆਜ ਲਾ ਕੇ ਪਹਿਲਾਂ ਹੀ ਅੱਠ ਲੱਖ ਦਾ ਕਰਜ਼ਾ ਉਸ ਦੇ ਸਿਰ ਦੱਸ ਦਿੱਤਾ ਸੀ। ਐਤਕੀਂ ਦੀ ਕਣਕ ਵਿੱਚੋਂ ਉਹ ਸੋਚਦਾ ਸੀ ਕਿ ਉਹ ਤਿੰਨ ਲੱਖ ਆੜ੍ਹਤੀਏ ਨੂੰ ਮੋੜ ਦੇਵੇਗਾ ਪਰ ਆੜਤੀਆ ਉਸ ਨੂੰ ਪੰਜ ਲੱਖ ਮੋੜਨ ਤੇ ਜ਼ੋਰ ਪਾ ਰਿਹਾ ਸੀ। ਉਸ ਦੀ ‌‌‌ਸੜਕ ਤੇ ਆਉਂਦੇ ਆਉਂਦੇ ਆਪਣੇ ਖੇਤਾਂ ਵੱਲ ਨਿਗਾਹ ਪਈ ਤਾਂ ਉਸ ਦੀ ਰੂਹ ਖੁਸ਼ ਹੋ ਗਈ।ਉਹ ਸੋਚਦਾ ਸੀ ਕਿ ਝਾੜ ਤਾਂ ਸੋਹਣਾ ਨਿੱਕਲੂ ਇਸ ਵਾਰ, ਕੀ ਪਤਾ ਪੰਜ ਲੱਖ ਮੋੜਿਆ ਈ ਜਾਵੇ।

ਖੇਤਾਂ ਵੱਲ ਨਿਗਾਹ ਮਾਰ ਕੇ ਉਸ ਦਾ ਦਿਲ ਖੁਸ਼ ਜਿਹਾ ਹੋ ਗਿਆ। ਛੋਟੀ ਕੁੜੀ ਦਸਵੀਂ ਤੇ ਸਭ ਤੋਂ ਛੋਟਾ ਇਕਲੌਤਾ ਪੁੱਤ ਅੱਠਵੀਂ ਵਿੱਚ ਪੜ੍ਹਦਾ ਸੀ। ਉਹਨਾਂ ਦੇ ਤਾਂ ਖਰਚੇ ਬਹੁਤੇ ਭਾਰੇ ਨਹੀਂ ਸਨ।
“ਪਾਪਾ ਜੀ ਇਸ ਵਾਰ ਦੀ ਫ਼ਸਲ ਤੇ ਮੈਂ ਨੀਂ ਕੱਲੇ ਸੂਟ ਨਾਲ ਸਾਰਨਾ…..” ਜਿਵੇਂ ਹੀ ਪਾਲਾ ਸਿੰਘ ਸਾਈਕਲ ਵਿਹੜੇ ਵਿੱਚ ਖੜ੍ਹਾ ਕਰ ਕੇ ਅੰਦਰ ਆ ਕੇ ਬੈਠਾ ਈ ਸੀ ਕਿ ਛੋਟੀ ਕੁੜੀ ਨੇ ਗਲਾਸ ਪਾਣੀ ਦਾ ਉਸ ਵੱਲ ਵਧਾਉਂਦਿਆਂ ਲਾਡ ਨਾਲ਼ ਆਪਣੇ ਪਿਓ ਨੂੰ ਆਖਿਆ। ” ਕੀ ਲੈਣਾ ਮੇਰੇ ਪੁੱਤ ਨੇ ਐਤਕੀਂ…ਓਏ! ਹਰਮਨ ਤੂੰ ਵੀ ਦੱਸ ਦੇ …… ਤੂੰ ਕੀ ਲੈਣਾ…?” ਪਾਲਾ ਸਿੰਘ ਨੇ ਪਰਨੇ ਨਾਲ ਮੱਥੇ ਤੋਂ ਪਸੀਨਾ ਪੂੰਝਿਆ ਤੇ ਛੋਟੀ ਕੁੜੀ ਦੀ ਮੰਗ ਦੇ ਨਾਲ ਨਾਲ ਆਪਣੇ ਮੁੰਡੇ ਨੂੰ ਵੀ ਪੁੱਛ ਲਿਆ। “ਮੈਂ ਤਾਂ ਲਾਲ ਰੰਗ ਦਾ ਮੋਟੇ ਟੈਰਾਂ ਵਾਲ਼ਾ ਲੇਡੀ ਸਾਈਕਲ ਲੈਣੇਂ… ਨਾਲ਼ੇ ਮੈਨੂੰ ਬਸਤਾ ਰੱਖਣ ਲਈ ਮੂਰ੍ਹੇ ਟੋਕਰੀ ਵੀ ਲਵਾ ਦਿਓ…।”ਕੁੜੀ ਨੇ‌ ਆਪਣੇ ਦਿਲ ਦੀ ਗੱਲ ਦੱਸੀ,” ਹਾਂ ਪਾਪਾ ਜੀ…. ਇੱਕ ਚੀਜ਼ ਹੋਰ ਲੈਣੀ ਆਂ…….ਜਿਹੜਾ ਐਤਕੀਂ ਸੂਟ ਲੈ ਕੇ ਦਿਓਂਗੇ ਨਾ ,ਓਹਦੇ ਨਾਲ ਦੀ ਮੈਂ ਉੱਚੀ ਅੱਡੀ ਆਲ਼ੀ ਗੁਰਗਾਬੀ ਵੀ ਲੈਣੀ ਆ, ਮੈਂ ਮੰਮੀ ਜੀ ਨੂੰ ਪਹਿਲਾਂ ਹੀ ਦੱਸਤਾ…..।”

ਫਿਰ ਕਿਹਾ। ਪਾਲੇ ਨੇ ਨਸੀਹਤ ਦਿੰਦੇ ਹੋਏ ਲਾਡ ਨਾਲ ਕਿਹਾ,”ਐਂ ਮਰ ਜਾਣੀਏ, ਤੂੰ ਸੂਟ ਨਾਲ ਦੀ ਗੁਰਗਾਬੀ ਪਾ ਕੇ ਕਿੱਥੇ ਜਾਣਾਂ….ਪੁੱਤ ਕੁੜੀਆਂ ਬਹੁਤੇ ਫੈਸ਼ਨ ਨੀ ਕਰਦੀਆਂ ਹੁੰਦੀਆਂ….।” ਕੁੜੀ ਨੇ ਦੱਸਿਆ,”ਪਾਪਾ ਜੀ ਇੱਕ ਨਾਟਕ ਵਿੱਚ ਕੁੜੀ ਦੇ ਪਾਇਆ ਹੁੰਦਾ, ਜਮਾਂ ਈ ਓਵੇਂ ਦਾ ਮੇਰੀ ਜਮਾਤ ਦੀ ਕੁੜੀ ਵੀ ਫੰਕਸ਼ਨ ਤੇ ਪਾ ਕੇ ਆਈ ਸੀ, ਬੜੀਆਂ ਟੌਰਾਂ ਮਾਰ ਮਾਰ ਕੇ ਸਾਨੂੰ ਸੜਾਉਂਦੀ ਸੀ…..ਹੂੰ….।” “ਹਾ ਹਾ ਹਾ… ਮਰ ਜਾਣੀ….ਓਏ ਹਰਮਨ ਤੂੰ ਚੁੱਪ ਕਰਿਆ ਬੈਠਾਂ…… ਤੂੰ ਨੀ ਕੁਛ ਬੋਲਦਾ….?” ਪਾਲੇ ਨੇ ਮੁੰਡੇ ਨੂੰ ਫੇਰ ਪੁੱਛਿਆ।”ਪਾਪਾ ਜੀ ਮੈਂ ਦੀਦੀ ਨਾਲ ਈ ਸਾਈਕਲ ਤੇ ਸਕੂਲੇ ਚਲਿਆ ਜਾਇਆ ਕਰੂੰਗਾ, ਮੈਨੂੰ ਤਾਂ ਕੁਛ ਨੀ ਚਾਹੀਦਾ।” ਮੁੰਡੇ ਨੇ ਹੌਲੀ ਜਿਹੀ ਅਵਾਜ਼ ਵਿੱਚ ਕਿਹਾ। ਅਸਲ ਵਿੱਚ ਮੁੰਡਾ ਜਮਾਂ ਈ ਮਾਂ ਵਰਗਾ ਸੀ ਤੇ ਬੋਲਦਾ ਵੀ ਮਾਂ ਵਾਂਗ ਹੀ ਸੀ।”ਜਿਊਂਦਾ ਰਹਿ ਪੁੱਤਰਾ, ਤੇਰੀਆਂ ਸਿਆਣੀਆਂ ਗੱਲਾਂ ਸੁਣ ਕੇ ਮੇਰਾ ਕਿੱਲੋ ਖੂਨ ਵਧ ਜਾਂਦਾ। ਤੂੰ ਹੀ ਤਾਂ ਸਾਡੇ ਬੁਢਾਪੇ ਦਾ ਸਹਾਰਾ ਐਂ….. ਕੁੜੀਆਂ ਨੇ ਤਾਂ ਤੁਰ ਜਾਣਾ ਆਪੋ ਆਪਣੇ ਘਰਾਂ ਨੂੰ….”

ਹਜੇ ਉਸ ਦੀ ਗੱਲ ਵਿਚਾਲੇ ਹੀ ਸੀ ਕਿ ਵਿਚਕਾਰਲੀ ਕੁੜੀ ਬੋਲੀ,” ਪਾਪਾ ਜੀ ਅੱਜ ਕੱਲ੍ਹ ਕੁੜੀਆਂ ਮੁੰਡੇ ਬਰਾਬਰ ਈ ਹੁੰਦੇ ਨੇ…. ਤੁਸੀਂ ਆਏਂ ਨਾ ਸੋਚਿਆ ਕਰੋ। ਹਾਂ ਸੱਚ ਪਾਪਾ ਜੀ ਮੈਨੂੰ ਲੈਪਟਾਪ ਚਾਹੀਦਾ ਸੀ……. ਉਹਦੇ ਬਿਨਾਂ ਮੇਰੀ ਪੜ੍ਹਾਈ ਵਿੱਚ ਦਿੱਕਤ ਆਉਂਦੀ ਆ…….।” ਪਾਲਾ ਸਿੰਘ ਜਵਾਕਾਂ ਦੇ ਵਿਚਾਲੇ ਖੁਸ਼ ਹੋਇਆ ਬੈਠਾ ਆਪਣੀ ਘਰਵਾਲੀ ਨੂੰ ਪੁੱਛਦਾ,” ਭਾਗਵਾਨੇ! ਤੂੰ ਵੀ ਦੱਸਦੇ ਕੋਈ ਛਾਂਪ -ਛੂਪ ਬਣਾਉਣੀ ਆ……. ਜੱਟ ਦੇ ਖੇਤਾਂ ਚ ਨਿਰਾ ਸੋਨਾ ਸੈਨਤਾਂ ਮਾਰ ਮਾਰ ਬੁਲਾਉਂਦਾ….. ਅੱਜ ਦੀ ਘੜੀ ਜੱਟ ਰਾਜਾ ਤੇ ਤੂੰ ਰਾਣੀ ਆਂ….” ਪਾਲਾ ਸਿੰਘ ਦੀ ਘਰਵਾਲ਼ੀ ਜੀਤੀ ਨੇ ਮੁਸਕਰਾਉਂਦਿਆਂ ਹੌਲੀ ਜਿਹੀ ਮਿੱਠੀ ਜਿਹੀ ਆਵਾਜ਼ ਵਿੱਚ ਕਿਹਾ,” ਜੀ, ਮੈਂ ਤਾਂ ਜਿਸ ਦਿਨ ਇਸ ਘਰ ਵਿੱਚ ਆ ਗਈ, ਮੈਂ ਤਾਂ ਉਦੋਂ ਤੋਂ ਈ ਰਾਣੀ ਆਂ …. ਦੱਸੋ ਭਲਾ ਰੱਬ ਨੇ ਕੋਈ ਤੋਟ ਰੱਖੀ ਆ…?”ਸਾਰੇ ਜਣੇ ਹੱਸ ਪੈਂਦੇ ਹਨ ਤੇ ਸਾਰਾ ਟੱਬਰ ਖੁਸ਼ ਬੈਠਾ ਇਸ ਫ਼ਸਲ ਤੋਂ ਹੋਣ ਵਾਲੀ ਆਮਦਨ ਤੋਂ ਭਵਿੱਖ ਦੀਆਂ ਖੁਸ਼ੀਆਂ ਲੱਭ ਰਹੇ ਸਨ।ਦੋ ਘੜੀ ਪਾਲੇ ਨੂੰ ਕੁੜੀ ਦੀ ਫ਼ੀਸ ਤੇ ਆੜਤੀਆਂ ਦੇ ਪੰਜ ਲੱਖ ਕਰਜ਼ੇ ਦਾ ਚੇਤਾ ਹੀ ਭੁੱਲ ਗਿਆ ਸੀ।

ਅੱਧੀ ਰਾਤ ਨੂੰ ਸਾਰਾ ਟੱਬਰ ਵਿਹੜੇ ਵਿੱਚ ਸੁੱਤਾ ਪਿਆ ਸੀ ਕਿ ਪਿੰਡ ਦੇ ਤਿੰਨ ਚਾਰ ਚੋਬਰ ਪਾਲੇ ਨੂੰ ਉੱਚੀ ਉੱਚੀ ਹਾਕਾਂ ਮਾਰਦੇ ਕਾਹਲੀ ਨਾਲ ਬਾਹਰ ਬੁਲਾ ਰਹੇ ਸਨ। ਇੱਕ ਦਮ ਸਾਰਾ ਟੱਬਰ ਅੱਭੜਵਾਹੇ ਉੱਠ ਕੇ ਘਬਰਾਹਟ ਵਿੱਚ ਦਰਵਾਜ਼ੇ ਕੋਲ ਗਏ ਤਾਂ ਦੂਜੀ ਪੱਤੀ ਵਾਲੇ ਸੇਮੇ ਦੀ ਅਵਾਜ਼ ਸੀ ,ਜਿਸ ਦਾ ਪਾਲੇ ਨਾਲ ਕਾਫ਼ੀ ਸਹਿਚਾਰ ਸੀ। ਸਾਰੇ ਪਿੰਡ ਦੇ ਮੁੰਡਿਆਂ ਨੂੰ ਅਵਾਜ਼ਾਂ ਮਾਰਦੇ ਪਾਲੇ ਦੇ ਖੇਤਾਂ ਵੱਲ ਨੂੰ ਜਾਣ ਲਈ ਕਹਿ ਰਹੇ ਸਨ।ਪਾਲੇ ਦੇ ਸਾਹ ਸੁੱਕੇ ਪਏ ਸਨ,ਜੀਭ ਤਾਲੂਏ ਨੂੰ ਲੱਗ ਰਹੀ ਸੀ, ਬੁੱਲਾਂ ਤੇ ਸਿੱਕਰੀ,ਉਸ ਨੂੰ ਕੁਛ ਸਮਝ ਨਹੀਂ ਆ ਰਿਹਾ ਸੀ।ਮਗਰੇ ਸਾਰਾ ਟੱਬਰ ਖੇਤਾਂ ਵੱਲ ਨੂੰ ਭੱਜਿਆ ਜਾ ਰਿਹਾ ਸੀ। ਖੇਤਾਂ ਵਿੱਚ ਖੜੀਆਂ ਸੋਨੇ ਰੰਗੀਆਂ ਫ਼ਸਲਾਂ ਵਿੱਚੋਂ ਉੱਚੀਆਂ ਉੱਚੀਆਂ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖ ਪਾਲਾ ਇੱਕ ਦਮ ਬੇਹੋਸ਼ ਹੋ ਕੇ ਡਿੱਗ ਪਿਆ, ਲੋਕਾਂ ਨੇ ਪਾਣੀ ਪੂਣੀ ਪਿਆ ਕੇ ਹੋਸ਼ ਵਿੱਚ ਲਿਆਂਦਾ,ਉਹ ਹੁਣ ਪੱਥਰ ਦੀ ਮੂਰਤੀ ਵਾਂਗ ਖੜ੍ਹਾ ਬਿਟ ਬਿਟ ਅੱਗ ਦੀਆਂ ਲਾਟਾਂ ਵੱਲ ਤੱਕ ਰਿਹਾ ਸੀ,ਉਸ ਵਿੱਚੋਂ ਉਸ ਨੂੰ ਜਵਾਕਾਂ ਦੇ ਸੁਪਨੇ ਸੜਦੇ ਹੋਏ ਨਜ਼ਰ ਆ ਰਹੇ ਸਨ। ਰੱਬ ਜਾਣੇ,ਅੱਗ ਸ਼ਰੀਕਾਂ ਨੇ ਲਾਈ ਸੀ ਜਾਂ ਆਪੇ ਲੱਗੀ ਸੀ।ਪਰ ਪਾਲਾ ਗੁੰਮ ਸੁੰਮ ਬੈਠਾ, ਕੋਈ ਉਸ ਨੂੰ ਧਰਵਾਸਾ ਦੇ ਰਿਹਾ ਸੀ, ਕੋਈ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।ਇਹੀ ਹਾਲਤ ਨਾਲ ਹਫ਼ਤਾ ਨਿਕਲ ਗਿਆ।ਘਰ ਵਿੱਚ ਮਾਤਮ ਛਾਇਆ ਹੋਇਆ ਸੀ,ਨਾ ਉਸ ਦਿਨ ਤੋਂ ਰੋਟੀ ਚੱਜ ਨਾਲ ਬਣੀ ਸੀ ਨਾ ਕਿਸੇ ਨੇ ਖਾਧੀ ਸੀ।

ਆੜਤੀਏ ਦੀ ਗੱਡੀ ਦਰਵਾਜ਼ੇ ਵਿੱਚ ਰੁਕੀ ਤਾਂ ਉਸ ਦਾ ਮੱਥਾ ਠਣਕਿਆ ਪਰ ਆੜਤੀਏ ਨੇ ਬੈਠ ਕੇ ਅਫ਼ਸੋਸ ਕੀਤਾ ਤੇ ਧੰਨਵਾਦ ਕੀਤਾ ਤੇ ਆਖਿਆ,”ਪਾਲਾ ਸਿੰਘ, ਐਨੀ ਵੱਡੀ ਦੁਰਘਟਨਾ ਤੋਂ ਬਾਅਦ ਵੀ ਤੂੰ ਮੇਰਾ ਸਾਰਾ ਕਰਜਾ ਲਾਹ ਦਿੱਤਾ ਹੈ।ਇਹੋ ਜਿਹੇ ਔਖ਼ੇ ਸਮੇਂ ਵਿੱਚ ਜੇ ਤੈਨੂੰ ਹੋਰ ਪੈਸੇ ਧੇਲੇ ਦੀ ਲੋੜ ਹੈ ਤਾਂ ਦੱਸੋ।” ਪਾਲਾ ਇੱਕ ਦਮ ਅੱਖਾਂ ਅੱਡ ਕੇ ਹੈਰਾਨੀ ਨਾਲ ਉਸ ਵੱਲ ਦੇਖਦਾ ਹੈ। ਆੜਤੀਆ ਹੱਥ ਬੰਨ੍ਹ ਕੇ ਸਤਿ ਸ੍ਰੀ ਆਕਾਲ ਬੁਲਾ ਕੇ ਚਲਾ ਗਿਆ।ਪਾਲੇ‌ ਦੇ ਕੁਛ ਪੱਲੇ ਨਾ ਪਿਆ। ਪਰਿਵਾਰ ਵੀ ਹੈਰਾਨ ਸੀ। ਕੁੜੀ ਨੂੰ ਕਾਲਜ ਤੋਂ ਫੋਨ ਆਇਆ ਕਿ ਅਗਲੇ ਸਮੈਸਟਰ ਦੀ ਉਸ ਦੀ ਫ਼ੀਸ ਆ ਗਈ ਹੈ ਇਸ ਲਈ ਸੋਮਵਾਰ ਤੋਂ ਕਾਲਜ ਆਉਣਾ ਸ਼ੁਰੂ ਕਰ ਦੇਵੇ।

ਸਾਰੇ ਟੱਬਰ ਨੂੰ ਕੁਛ ਸਮਝ ਨਹੀਂ ਆ ਰਿਹਾ ਸੀ। ਦਰਵਾਜ਼ੇ ਵੱਲ ਦੇਖਿਆ ਤਾਂ ਸੁੱਖੀ ਤੇ ਉਸ ਦਾ ਪ੍ਰਾਹੁਣਾ ਅੰਦਰ ਆ ਰਹੇ ਸਨ। ਸੁੱਖੀ ਦੇ ਪ੍ਰਾਹੁਣੇ ਹਰਜੀਤ ਨੇ ਕਿਹਾ,” ਪਾਪਾ ਜੀ, ਮੈਨੂੰ ਉਸੇ ਦਿਨ ਸਭ ਕੁਝ ਪਤਾ ਲੱਗ ਗਿਆ ਸੀ, ਮੈਂ ਉਦੋਂ ਹੀ ਟਿਕਟ ਕਰਾ ਲਈ ਸੀ । ਕੱਲ੍ਹ ਹੀ ਇੰਡੀਆ ਆਇਆਂ, ਪੁੱਤਾਂ ਵਾਂਗ ਪਾਲੀ ਫ਼ਸਲ ਤਾਂ ਮੈਂ ਵਾਪਸ ਨਹੀਂ ਕਰ ਸਕਦਾ,ਪਰ ਤੁਹਾਡੇ ਘਰ ਦਾ ਵੱਡਾ ਜਵਾਈ ਇੱਕ ਪੁੱਤਰ ਬਣ ਕੇ ਤੁਹਾਡਾ ਬੋਝ ਜ਼ਰੂਰ ਘੱਟ ਕਰ ਸਕਦਾਂ।” ਸਾਰੇ ਟੱਬਰ ਦੀਆਂ ਅੱਖਾਂ ਵਿੱਚ ਉਸ ਫ਼ਰਿਸ਼ਤੇ ਲਈ ਧੰਨਵਾਦੀ ਹੰਝੂਆਂ ਦਾ ਠਾਠਾਂ ਮਾਰਦਾ ਦਰਿਆ ਉਛਾਲੇ ਮਾਰ ਰਿਹਾ ਸੀ‌ ਪਰ ਬੋਲਣ ਲਈ ਸ਼ਬਦ ਮੁੱਕ ਗਏ ਸਨ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਗਦੇ ਦਰਿਆਵਾਂ ਦੇ ਹਾਣੀ….
Next articleਧੰਨ ਧੰਨ ਕੁੱਲਾ ਦੀ ਸਰਕਾਰ ਬਾਬਾ ਸਰਬਣ ਦਾਸ ਜੀ ਮਹਾਰਾਜ ਡੇਰਾ ਬੌੜੀ ਸਾਹਿਬ ਵਿਖੇ ਸੰਗਤਾਂ ਨੇ ਵਿਸਾਖੀ ਮੇਲਾ ਸਰਧਾ ਨਾਲ ਮਨਾਇਆ