ਜਦੋਂ ਮਾਸਟਰ ਨੇ ਮੇਰੀ ਸੇਵਾ ਕੀਤੀ

ਡਾ ਇੰਦਰਜੀਤ ਕਮਲ
(ਸਮਾਜ ਵੀਕਲੀ) ਅਸੀਂ ਦਸਵੀਂ ‘ਚ ਹੋਏ ਤਾਂ ਸਾਡੇ ਵਿਗਿਆਨ ਦੇ ਅਧਿਆਪਕ ਦੀ ਬਦਲੀ ਹੋ ਗਈ । ਬੋਰਡ ਦੇ ਇਮਤਿਹਾਨ ਹੋਣ ਕਰਕੇ ਚਿੰਤਾ ਹੋਣੀ ਲਾਜ਼ਮੀ ਸੀ । ਪੁਰਾਣੇ ਅਧਿਆਪਕ ਨੇ ਸਾਨੂੰ ਹਾਲੇ ਪੜ੍ਹਾਉਣਾ ਸ਼ੁਰੂ ਹੀ ਕੀਤਾ ਸੀ ਕਿ ਉਹਦੀ ਬਦਲੀ ਹੋ ਗਈ । ਨਵੇਂ ਅਧਿਆਪਕ ਦੀ ਇੰਤਜ਼ਾਰ ਵਿੱਚ ਅਸੀਂ ਬੋਰਡ ਵੱਲੋ ਲੱਗੀ ਕਿਤਾਬ ਤੋਂ ਆਪ ਹੀ ਪੜ੍ਹਦੇ ਰਹੇ । ਉਸ ਦਿਨ ਬਹੁਤ ਖੁਸ਼ੀ ਹੋਈ ਜਿਸ ਦਿਨ ਇੱਕ ਸੁੰਦਰ ਜਿਹੇ ਬਿਲਕੁਲ ਨੌਜਵਾਨ ਮੁੰਡੇ ਨੇ ਵਿਗਿਆਨ ਦੇ ਅਧਿਆਪਕ ਵੱਜੋ ਆਪਣਾ ਅਹੁਦਾ ਸੰਭਾਲਿਆ ।
            ਨਵੇਂ ਅਧਿਆਪਕ ਕੁਲਦੀਪ ਸ਼ਰਮਾ ਨੇ ਪਹਿਲੇ ਦਿਨ ਵਿਦਿਆਰਥੀਆਂ ਨਾਲ ਜਾਣ ਪਹਿਚਾਣ ਕੀਤੀ ਤਾਂ ਹੋਰ ਵੀ ਚੰਗਾ ਲਗਾ । ਜਮਾਤ ਵਿੱਚ ਮਨੀਟਰ ਹੋਣ ਕਰਕੇ ਇਹ ਸਾਰਾ ਕੰਮ ਮੈਂ ਹੀ ਭੁਗਤਾਇਆ ਸੀ । ਇੱਕ ਦੋ ਦਿਨ ਹਾਸੇ ਮਜ਼ਾਕ ਨਾਲ ਨਿਕਲਣ ਤੋਂ ਬਾਅਦ ਜਦੋਂ ਪੜ੍ਹਾਈ ਦੀ ਗੱਲ ਚੱਲੀ ਤਾਂ ਮਨ ਉਦਾਸ ਹੋ ਗਿਆ , ਕਿਓਂਕਿ ਨਵੇਂ ਆਏ ਵਿਗਿਆਨ ਦੇ ਅਧਿਆਪਕ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਗਵਾਈ ਕਿਤਾਬ ਤੋਂ ਪੜ੍ਹਾਉਣ ਤੋਂ ਨਾਂਹ ਕਰ ਦਿਤੀ ਤੇ ਮਹਾਂਵੀਰ ਬੁੱਕ ਸਟਾਲ ਤੋਂ ਵਿਗਿਆਨ ਦੀ ਗਾਇਡ ਖਰੀਦ ਕੇ ਲਿਆਉਣ ਦਾ ਹੁਕਮ ਚਾੜ੍ਹ ਦਿਤਾ । ਮੈਂ ਅਧਿਆਪਕ ਨੂੰ ਬਥੇਰਾ ਕਿਹਾ ਕਿ ਸਾਡੇ ਕੋਲ ਸਕੂਲ ਦੇ ਬੋਰਡ ਵੱਲੋਂ ਲੱਗੀ ਕਿਤਾਬ ਹੈਗੀ ਹੈ , ਉਹਦੇ ਤੋਂ ਹੀ ਸਾਨੂੰ ਕੰਮ ਕਰਵਾਓ , ਪਰ ਉਹ ਟੱਸ ਤੋਂ ਮੱਸ ਹੋਣ ਲਈ ਤਿਆਰ ਨਹੀਂ ਸੀ ।
            ਮਹਾਂਵੀਰ ਬੁੱਕ ਸਟਾਲ ਵਾਲਿਆਂ ਦਾ ਮੁੰਡਾ ਮਹਿੰਦਰ ਜੈਨ ਵੀ ਸਾਡੇ ਨਾਲ ਹੀ ਪੜ੍ਹਦਾ ਸੀ , ਜਿਸ ਤੋਂ ਮੈਨੂੰ ਇਹ ਵੀ ਪਤਾ ਲੱਗਾ ਕਿ ਗਾਇਡ ਲਗਵਾਉਣ ਬਦਲੇ ਕੰਪਨੀ ਵਾਲਿਆਂ ਨੇ ਮਾਸਟਰ ਨੂੰ ਕਮਿਸ਼ਨ ਦਾ ਲਾਲਚ ਦਿਤਾ ਹੈ । ਮੇਰੇ ਬੜਾ ਜ਼ੋਰ ਲਗਾਉਣ ‘ਤੇ ਵੀ ਮਾਸਟਰ ਕੁਲਦੀਪ ਸ਼ਰਮਾ ਨੇ ਬੋਰਡ ਦੀ ਕਿਤਾਬ ਤੋਂ ਪੜ੍ਹਾਉਣਾ ਨਾ ਮੰਨਿਆਂ ਤਾਂ ਮਨ ਹੋਰ  ਪਰੇਸ਼ਾਨ ਹੋ ਗਿਆ ।  ਮੇਰੇ ਸਾਥੀਆਂ ਨੇ ਗਾਇਡ ਖਰੀਦਣੀ ਸ਼ੁਰੂ ਕਰ ਦਿਤੀ ਸੀ , ਪਰ ਮੈ ਆਪਣੀ ਬੋਰਡ ਦੀ ਕਿਤਾਬ ਤੋਂ ਹੀ ਕੰਮ ਕਰਨਾ ਜਾਰੀ ਰੱਖਿਆ । ਉਸ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਮਾਸਟਰ ਨੇ ਮੈਨੂੰ ਗਾਇਡ ਨਾ ਖਰੀਦਣ ਬਦਲੇ ਜਮਾਤ ‘ਚੋਂ ਨਿਕਲ ਜਾਣ ਲਈ ਕਿਹਾ । ਇੱਕ ਦੰਮ  ਆਈ ਇਸ ਮੁਸੀਬਤ ਤੋਂ ਘਬਰਾਉਣ ਦੀ ਥਾਂ ਮੈਂ ਸਿਧਾ ਸਕੂਲ ਦੇ ਪ੍ਰਿੰਸਿਪਲ ਦੇ ਕਮਰੇ ਵਿੱਚ ਪਹੁੰਚ ਗਿਆ । ਪ੍ਰਿਸੀਪਲ ਸਤਿੰਦਰ ਨਾਥ ਬਾਲੀ ਸਾਨੂੰ ਅੰਗ੍ਰੇਜ਼ੀ ਪੜ੍ਹਾਉਂਦੇ ਸਨ , ਜਿਸ ਕਾਰਨ  ਮੇਰੀ ਉਹਨਾਂ ਨਾਲ ਸਿੱਧੀ  ਜਾਣ ਪਹਿਚਾਣ ਸੀ । ਮੈਂ ਸਾਰੀ ਗੱਲ ਜਾਕੇ ਦੱਸ ਦਿਤੀ , ਪਰ ਉਸ ਵਕਤ ਘੰਟੀ ਵੱਜ ਚੁੱਕੀ ਸੀ । ਪ੍ਰਿਸੀਪਲ ਨੇ ਮੈਨੂੰ ਅਗਲੇ ਦਿਨ ਯਾਦ ਕਰਵਾਉਣ ਲਈ ਕਿਹਾ ।
        ਅਗਲੇ ਦਿਨ ਸਭ ਕੁਝ ਤਰੀਕੇ ਨਾਲ ਹੋਇਆ । ਮਿਥੇ ਵਕਤ ਮੁਤਾਬਿਕ ਵਿਗਿਆਨ ਦੀ ਘੰਟੀ ਸਮੇਂ ਪ੍ਰਿੰਸਿਪਲ ਤੇ ਮੈਂ ਦੋਵੇਂ ਹੀ ਇਕੱਠੇ ਜਮਾਤ ਵਿੱਚ ਪਹੁੰਚੇ । ਪ੍ਰਿੰਸਿਪਲ ਨੇ ਵਿਗਿਆਨ ਦੀ ਕਿਤਾਬ ਮੰਗੀ ਤਾਂ ਮੇਰੇ ਬਿਨ੍ਹਾਂ ਕੋਈ ਨਾ ਵਿਖਾ ਸਕਿਆ , ਕਿਓਂਕਿ ਸਾਰਿਆਂ ਕੋਲ ਗਾਇਡ ਸੀ । ਪ੍ਰਿੰਸਿਪਲ ਨੇ ਮਾਸਟਰ ਕੁਲਦੀਪ ਸ਼ਰਮਾ ਨੂੰ ਬਹੁਤ ਡਾਂਟਿਆ ਤੇ ਉਹ ਗੁੱਸੇ ਵਿੱਚ  ਆਕੇ ਆਪਣੀ ਨੌਕਰੀ ਤੋਂ  ਅਸਤੀਫਾ  ਦੇਕੇ ਚਲਾ ਗਿਆ । ਮੈਂ ਇਸ ਘਟਨਾ ਤੋਂ ਵੀ ਪਰੇਸ਼ਾਨ ਹੋਇਆ , ਪਰ ਪ੍ਰਿੰਸਿਪਲ ਨੇ ਸਾਡੇ ਵਾਸਤੇ ਵਿਗਿਆਨ ਦੇ ਅਧਿਆਪਕ ਦਾ ਪ੍ਰਬੰਧ ਕਰ ਦਿਤਾ ਸੀ । ਸਭ ਕੁਝ ਠੀਕਠਾਕ ਹੋ ਗਿਆ ।
     ਕੁਝ ਮਹੀਨਿਆਂ ਬਾਅਦ ਮੈਂ ਕਿਸੇ ਕੰਮ ਅੰਮ੍ਰਿਤਸਰ ਗਿਆ ਤੇ ਮੈਨੂੰ ਕਚਹਿਰੀਆਂ ਦੇ ਵਿੱਚੋਂ ਲੰਘ ਕੇ ਜਾਣਾ ਪਿਆ । ਉੱਥੋਂ ਲੰਘਦੇ ਹੋਏ ਕਿਸੇ ਨੇ ਮੇਰਾ ਨਾਂ ਲੈਕੇ ਆਵਾਜ਼ ਮਾਰੀ । ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਕਾਲਾ ਕੋਟ ਪਾਈ ਮਾਸਟਰ ਕੁਲਦੀਪ  ਸ਼ਰਮਾ ਖੜਾ ਸੀ । ਮੇਰੀ ਹਵਾ ਸਰਕ ਗਈ । ਆਸਪਾਸ ਕੋਈ ਵੀ ਮੇਰਾ ਜਾਣਕਾਰ ਨਹੀਂ ਸੀ । ਉਹ ਅੱਗੇ ਵਧਿਆ ਤਾਂ ਮੇਰੇ ਸਾਹ ਸੁੱਕ ਗਏ । ਮੈਂ ਸੋਚਿਆ ਅੱਜ ਇਹ ਪੂਰਾ ਬਦਲਾ ਲਏਗਾ । ਮੇਰੇ ਕੋਲ ਆਕੇ ਉਹਨੇ ਆਪਣੀਆਂ ਦੋਵੇਂ ਬਾਹਾਂ ਮੇਰੇ ਵੱਲ ਵਧਾਈਆਂ ਮੈਂ ਹੋਰ ਘਬਰਾਹ ਗਿਆ , ਪਰ ਉਹਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਇੱਕ ਕੈਬਿਨ ਵਿੱਚ ਲੈ ਗਿਆ । ਉੱਥੇ ਬੈਠਕੇ ਉਹਨੇ ਦੱਸਿਆ ਕਿ ਉਹਨੇ ਵਿਗਿਆਨ ਦੀ ਪੜ੍ਹਾਈ ਦੇ ਨਾਲ ਵਕਾਲਤ ਦੀ ਪੜ੍ਹਾਈ ਵੀ ਕੀਤੀ ਹੋਈ ਸੀ । ਉਹਨੂੰ ਸਕੂਲ ‘ਚ ਨੌਕਰੀ ਕਰਨਾ ਬਿਲਕੁਲ ਵੀ ਪਸੰਦ ਨਹੀਂ ਸੀ ਇਸੇ ਕਰਕੇ ਉਹਦਾ ਪੜ੍ਹਾਉਣ ਵੱਲ ਕੋਈ ਧਿਆਨ ਨਹੀਂ ਸੀ । ਮੇਰੇ ਸ਼ਿਕਾਇਤ ਕਰਨ ਤੋਂ ਬਾਅਦ ਉਹਨੇ ਅੰਮ੍ਰਿਤਸਰ ਵਿੱਚ ਇੱਕ ਵਕੀਲ ਨਾਲ ਵਕਾਲਤ ਦਾ ਕੰਮ ਸ਼ੁਰੂ ਕਰ ਦਿਤਾ ਜੋ ਚੰਗਾ ਚੱਲ ਪਿਆ ਸੀ । ਉਹਨੇ ਚਾਹ ਪਾਣੀ ਮੰਗਵਾਇਆ ਤੇ ਸੇਵਾ ਕਰਨ ਤੋਂ ਬਾਅਦ ਮੇਰਾ ਧੰਨਵਾਦ ਕਰਕੇ ਵਿਦਾ ਕੀਤਾ ।
ਡਾ ਇੰਦਰਜੀਤ ਕਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ਹੀਦ ਭਗਤ ਸਿੰਘ ਨਰਸਰੀ ਬਨੂੜ ਅਪਡੇਟ
Next articleਹੱਕ ਦੀ ਕਮਾਈ