* ਮਾਲਾਗਾ ਤੋਂ ਇੰਗਲੈਂਡ ਆ ਰਹੀ ਫਲਾਈਟ ‘ਚ ਬ੍ਰਿਟਿਸ਼ ਪਰਿਵਾਰ ਦੀ ਇਸ ਹਰਕਤ ਨਾਲ ਹਵਾਈ ਯਾਤਰੀ ਸਹਿਮੇ
ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਸਪੇਨ ਦੇ ਮਾਲਾਗਾ ਹਵਾਈ ਅੱਡੇ ਤੋਂ ਇੰਗਲੈਂਡ ਦੇ ਗੈਟਵਿਕ ਹਵਾਈ ਅੱਡੇ ਵੱਲ ਆ ਰਹੀ ਈਜ਼ੀਜੈੱਟ ਏਅਰਲਾਈਨ ਦੀ ਇਕ ਉਡਾਣ ਚ ਉਸ ਸਮੇਂ ਹੈਰਾਨੀ ਅਤੇ ਦਹਿਸ਼ਤ ਦਾ ਮੰਜ਼ਰ ਬਣ ਗਿਆ, ਜਦੋਂ ਖੁਲਾਸਾ ਹੋਇਆ ਕਿ ਇਕ ਬ੍ਰਿਟਿਸ਼ ਪਰਿਵਾਰ ਆਪਣੀ 89 ਸਾਲਾ ਦਾਦੀ ਦੀ ਮ੍ਰਿਤ ਦੇਹ ਨੂੰ ਵ੍ਹੀਲਚੇਅਰ ‘ਤੇ ਬਿਠਾ ਕੇ ਜਹਾਜ਼ ‘ਚ ਚੜ੍ਹਾ ਲਿਆਇਆ।
ਚਸ਼ਮਦੀਦ ਯਾਤਰੀਆਂ ਮੁਤਾਬਕ ਪਰਿਵਾਰਕ ਮੈਂਬਰ ਬੁਜ਼ੁਰਗ ਮਹਿਲਾ ਨੂੰ ਹਵਾਈ ਅੱਡੇ ‘ਤੇ ਵ੍ਹੀਲਚੇਅਰ ‘ਚ ਬਿਠਾ ਕੇ ਲੈ ਕੇ ਆਏ ਅਤੇ ਕੈਬਿਨ ਕਰੂ ਨੂੰ ਦੱਸਿਆ ਕਿ ਮਹਿਲਾ ਬਹੁਤ ਥੱਕੀ ਹੋਈ ਹੈ ਅਤੇ ਬੋਲਣ ਦੀ ਹਾਲਤ ‘ਚ ਨਹੀਂ। ਇਸ ਗੱਲ ‘ਤੇ ਕਿਸੇ ਨੂੰ ਵੀ ਸ਼ੱਕ ਨਹੀਂ ਹੋਇਆ ਅਤੇ ਮਹਿਲਾ ਨੂੰ ਜਹਾਜ਼ ‘ਚ ਬਿਠਾ ਦਿੱਤਾ ਗਿਆ। ਉਡਾਣ ਦੌਰਾਨ ਜਦੋਂ ਕਈ ਘੰਟਿਆਂ ਤੱਕ ਮਹਿਲਾ ਵੱਲੋਂ ਨਾ ਕੋਈ ਹਿਲਜੁਲ ਹੋਈ ਅਤੇ ਨਾ ਹੀ ਉਸਨੇ ਪਾਣੀ ਜਾਂ ਖਾਣੇ ਵੱਲ ਕੋਈ ਪ੍ਰਤੀਕ੍ਰਿਆ ਦਿੱਤੀ ਤਾਂ ਜਹਾਜ਼ ‘ਚ ਬੈਠੇ ਕੁਝ ਯਾਤਰੀਆਂ ਨੂੰ ਸ਼ੱਕ ਹੋਇਆ। ਕੈਬਿਨ ਕਰੂ ਵੱਲੋਂ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਬੁਜ਼ੁਰਗ ਮਹਿਲਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਇਸ ਖੁਲਾਸੇ ਤੋਂ ਬਾਅਦ ਜਹਾਜ਼ ‘ਚ ਹੜਕੰਪ ਮਚ ਗਿਆ ਅਤੇ ਕਈ ਯਾਤਰੀ ਸਹਿਮ ਗਏ। ਜਹਾਜ਼ ਦੇ ਕਰਮਚਾਰੀਆਂ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਦਕਿ ਲੈਂਡਿੰਗ ਤੋਂ ਬਾਅਦ ਸਪੇਨੀ ਅਤੇ ਬ੍ਰਿਟਿਸ਼ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਮਹਿਲਾ ਦੀ ਮੌਤ ਕਦੋਂ ਅਤੇ ਕਿਹੜੀਆਂ ਹਾਲਾਤਾਂ ‘ਚ ਹੋਈ, ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਪਰਿਵਾਰ ਨੇ ਜਾਣਬੁੱਝ ਕੇ ਇਹ ਗੱਲ ਲੁਕਾਈ ਜਾਂ ਉਹ ਘਟਨਾ ਤੋਂ ਅਣਜਾਣ ਸੀ। ਹਵਾਈ ਕੰਪਨੀ ਵੱਲੋਂ ਵੀ ਅੰਦਰੂਨੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।ਇਸ ਅਜੀਬੋ-ਗਰੀਬ ਅਤੇ ਹੈਰਾਨੀਜਨਕ ਘਟਨਾ ਨੇ ਹਵਾਈ ਸੁਰੱਖਿਆ, ਯਾਤਰੀ ਜਾਂਚ ਪ੍ਰਕਿਰਿਆ ਅਤੇ ਹਵਾਈ ਅੱਡਿਆਂ ‘ਤੇ ਮੈਡੀਕਲ ਨਿਗਰਾਨੀ ਪ੍ਰਣਾਲੀ ‘ਤੇ ਵੀ ਕਈ ਸਵਾਲ ਖੜੇ ਕਰ ਦਿੱਤੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



