ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਇਸ ਸਾਲ ਹੱਡ ਚੀਰਵੀਂ ਠੰਢ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਇਕ ਪ੍ਰੇਰਨਾਦਾਇਕ ਪਹਿਲਕਦਮੀ ਵਿਚ, ਜ਼ਿਲ੍ਹਾ ਪ੍ਰਸ਼ਾਸਨ, ਸ਼ਹੀਦ ਭਗਤ ਸਿੰਘ ਨਗਰ ਨੇ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਠੰਢ ਦੇ ਪ੍ਰਭਾਵ ਨੂੰ ਘਟਾਉਣ ਲਈ ਇਕ ਅਗਾਂਹਵਧੂ ਕਦਮ ਚੁੱਕਿਆ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਹੇਠ, ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਲਈ ਬ੍ਰਾਂਡੇਡ ਤੇ ਚੰਗੀ ਗੁਣਵੱਤਾ ਵਾਲੀਆਂ ਗਰਮ ਜੈਕਟਾਂ ਅਤੇ ਮਜ਼ਬੂਤ ਸਪੋਰਟਸ ਜੁੱਤੇ ਖ਼ਰੀਦੇ। ਯੋਜਨਾ ਦੇ ਹਿੱਸੇ ਵਜੋਂ, 250 ਅਜਿਹੀਆਂ ਜੈਕਟਾਂ ਅਤੇ ਜੁੱਤੀਆਂ ਦੇ ਜੋੜੇ ਖਰੀਦੇ ਗਏ, ਜੋ ਜ਼ਿਲ੍ਹੇ ਵਿਚ ਲੋੜਵੰਦ ਵਿਅਕਤੀਆਂ ਕੋਲ ਜਾ ਕੇ ਉਨ੍ਹਾਂ ਨੂੰ ਪ੍ਰਦਾਨ ਕੀਤੇ ਗਏ। ਡਿਪਟੀ ਕਮਿਸ਼ਨਰ ਦੀ ਸੋਚ ਅਨੁਸਾਰ, ਜੇਕਰ ਕੋਈ ਵਿਅਕਤੀ ਸਹੀ ਜੈਕੇਟ ਅਤੇ ਸਹੀ ਜੁੱਤੀਆਂ ਤੋਂ ਬਿਨਾਂ ਹੈ, ਤਾਂ ਉਹ ਵਿਅਕਤੀ ਅੱਤ ਦੀ ਇਸ ਠੰਢ ਤੋਂ ਬਚਣ ਲਈ ਮੁੱਢਲੀ ਜ਼ਰੂਰਤ ਨੂੰ ਪੂਰਾ ਕਰਨ ਲਈ ਸੱਚਮੁੱਚ ਗ਼ਰੀਬ ਹੈ। ਇਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਬੰਧਤ ਸਬ-ਡਵੀਜ਼ਨਾਂ ਵਿਚ ਘੁੰਮ ਕੇ ਮਦਦ ਦੇਣ ਲਈ 250 ਤੋਂ ਵੱਧ ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ। ਇਸ ਪ੍ਰੋਜੈਕਟ ਦੀ ਸਫਲਤਾ ਲਈ ਨਿੱਜੀ ਤੌਰ ‘ਤੇ ਜੁੜੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕ੍ਰਾਸ ਸੋਸਾਇਟੀ ਰਾਜੇਸ਼ ਧੀਮਾਨ ਅਤੇ ਸਬ-ਡਵੀਜ਼ਨਲ ਮੈਜਿਸਟ੍ਰੇਟ ਨਵਾਂਸ਼ਹਿਰ-ਕਮ-ਆਨਰੇਰੀ ਸਕੱਤਰ ਜ਼ਿਲ੍ਹਾ ਰੈਡ ਕ੍ਰਾਸ ਸੋਸਾਇਟੀ ਡਾ. ਅਕਸ਼ਿਤਾ ਗੁਪਤਾ ਨੇ ਇਨ੍ਹਾਂ ਗਤੀਵਿਧੀਆਂ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ। ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ, “ਜਨਵਰੀ ਮਹੀਨੇ ਦੇ ਪਹਿਲੇ ਅੱਧ ਦਾ ਇਹ ਸਮਾਂ ਲੋੜਵੰਦ ਲੋਕਾਂ ਨੂੰ ਗਰਮ ਜੈਕਟਾਂ ਅਤੇ ਜੁੱਤੇ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਸਮਾਂ ਸੀ ਅਤੇ ਅਸੀਂ ਅਜਿਹੇ ਲੋਕਾਂ ਦੀ ਪਛਾਣ ਕਰਨ ਲਈ ਅੱਗੇ ਵਧ ਰਹੇ ਸੀ। ਇਨ੍ਹਾਂ ਲੋਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਉਨ੍ਹਾਂ ਦੀ ਸਥਿਤੀ ਅਤੇ ਉਨ੍ਹਾਂ ਦੀ ਖੁਸ਼ੀ ਬਾਰੇ ਬਹੁਤ ਕੁਝ ਬਿਆਨ ਕਰ ਰਹੀ ਸੀ। ਨਿੱਘ ਦੇ ਅਹਿਸਾਸ ਨਾਲ ਉਹਨਾਂ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਸੀ। ਮੈਂ ਡੀ.ਸੀ ਸਾਹਿਬ ਅਤੇ ਰੈੱਡ ਕਰਾਸ ਸੋਸਾਇਟੀ ਦਾ ਅਜਿਹੀ ਪਹਿਲਕਦਮੀ ਲਈ ਧੰਨਵਾਦ ਕਰਦੀ ਹਾਂ।” ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ, “ਮਾਨਵਤਾਵਾਦੀ ਯਤਨ ਸਾਡੀ ਸੇਵਾ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ, ਅਸੀਂ ਅਜਿਹੇ ਲੋੜਵੰਦ ਲੋਕਾਂ ਲਈ ਬਹੁਤ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਇੰਨੀ ਦਿਲਚਸਪ ਹੈ ਕਿ ਇਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਨਵੀਆਂ ਪਹਿਲਕਦਮੀਆਂ ਨਾਲ ਸਾਰਿਆਂ ਤੱਕ ਪਹੁੰਚਣ ਦੀ ਉਮੀਦ ਕਰਦੇ ਹਾਂ।” ਇਸੇ ਤਰ੍ਹਾਂ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੂਰਾ ਹਫ਼ਤਾ ਚਾਹ ਦੇ ਲੰਗਰ ਲਗਾ ਕੇ ਠੰਢ ਵਿਚ ਨਿੱਘ ਪ੍ਰਦਾਨ ਕਰਨ ਲਈ ਇਕ ਨਵੀਂ ਪਹਿਲ ਕੀਤੀ। ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ, ਜ਼ਿਲ੍ਹਾ ਪ੍ਰਸ਼ਾਸਨ ਠੰਡ ਵਿਚ ਰਾਹਗੀਰਾਂ ਅਤੇ ਡੀ.ਸੀ ਦਫ਼ਤਰ ਆਉਣ ਵਾਲੇ ਲੋਕਾਂ ਨੂੰ ਗਰਮ ਅਦਰਕ ਵਾਲੀ ਚਾਹ ਅਤੇ ਬਿਸਕੁਟ ਦੇਣ ਲਈ ਅੱਗੇ ਆਇਆ। ਠੰਢ ਦੇ ਪੂਰੇ ਹਫ਼ਤੇ ਦੌਰਾਨ ਰੋਜ਼ਾਨਾ ਲੱਗਭਗ 1000 ਕੱਪ ਚਾਹ ਪਿਲਾਈ ਗਈ।
https://play.google.com/store/apps/details?id=in.yourhost.samaj