(ਸਮਾਜ ਵੀਕਲੀ)
ਜਦੋਂ
ਆਪਾ ਵਾਰਨ ਤੇ ਵੀ
ਉਲਾਮਿਆਂ ਦੀ ਸੌਗਾਤ ਮਿਲੇ
ਜ਼ਿੰਦਗੀ ਭਰ ਦੇ
ਗੂੜ੍ਹ ਅਹਿਸਾਨਾਂ ਨੂੰ
ਇਲਜਾਮਾਂ ਨਾਲ
ਮੜ੍ਹ ਦਿੱਤਾ ਜਾਵੇ
ਜਿਨ੍ਹਾਂ ਲਈ
ਪਲ ਪਲ ਮਰਹਮ ਬਣੇ
ਉਹ ਦਰਦ ਦੇ ਜਾਣ
ਆਪਣੀ ਗੋਦੀ ਦਾ
ਅਹਿਸਾਸੀ ਨਿੱਘ ਦੇਣ ਤੇ ਵੀ
ਹਾਉਕੇ ਝੋਲੀ ਪੈਣ
ਜਿਨ੍ਹਾਂ ਨਾਲ
ਮੋਢਾ ਜੋੜ ਤੁਰੇ
ਉਹ ਉਂਗਲ ਫੜਨ
ਤੋਂ ਇਨਕਾਰੀ ਹੋ ਜਾਣ
ਮਾੜੇ ਸਮਿਆਂ ਚ
ਜਿਨ੍ਹਾਂ ਨੂੰ ਤੁਸੀਂ
ਰਾਹ ਰਸਤੇ
ਪਗਡੰਡੀਆਂ
ਬਖਸ਼ੀਆਂ
ਗਿਰਝ ਬਣ ਬੈਠ ਜਾਣ
ਤੁਹਾਡੀ ਹਿੱਕ ਉੱਤੇ
ਉਂਦੋਂ
ਆਵਾਜ਼ ਨਹੀਂ ਆਉਂਦੀ
ਕੁੱਝ
ਟੁੱਟਦਾ ਜਰੂਰ ਹੈ।
ਦਿਲਬਾਗ ਰਿਉਂਦ
ਘੜਮੱਸ
ਚਾਰੇ ਪਾਸੇ
ਘੜਮੱਸ ਹੀ ਘੜਮੱਸ
ਸਮਾਂ ਨਹੀਂ
ਮਾਂ ਤੋਂ
ਆਸ਼ੀਰਵਾਦ ਲੈਣ ਦਾ
ਪੁੱਤਰ ਦੀਆਂ ਤੋਤਲੀਆਂ
ਆਵਾਜਾਂ ਸੁਣਨ ਦਾ
ਹੁਣ ਕੋਈ
ਰੁੱਖਾਂ ਨਾਲ ਬਾਤ ਨਹੀਂ ਪਾਉਂਦਾ
ਪਾਣੀ ਨਾਲ
ਅਠਖੇਲੀਆਂ ਨਹੀਂ ਕਰਦਾ
ਪੰਛੀਆਂ ਨੂੰ ਚੋਗਾ ਪਾਉਂਣਾ
ਬੀਤੇ ਦੀ ਗੱਲ
ਜਮਾਨੇ ਗੁਜਰ ਗਏ
ਪੈਦਲ ਤੁਰਿਆਂ ਨੂੰ
ਸਾਧਨ ਵਧ ਗਏ
ਸਮਾਂ ਘਟ ਗਿਆ
ਤਿੱਥ ਤਿਉਹਾਰ
ਵਿਆਹ ਸ਼ਾਦੀਆਂ
ਸਿਮਟ ਗਏ
ਘੰਟਿਆਂ ਚ
ਨਾ ਲੋਕ ਗੀਤ ਰਹੇ
ਨਾ ਲੋਕ ਗੀਤ ਜਿੱਡੀ
ਉਮਰ ਦਾ ਅਹਿਸਾਸ
ਪੈਸਾ
ਲਾਲਸਾਵਾਂ
ਵਧ ਗੲਈਆਂ
ਸਤੁੰਸ਼ਟੀ ਘੱਟ ਗਈ
ਸਬਰ ਨੂੰ ਫਾਂਸੀ ਲੱਗੀ
ਭਾਈਚਾਰਾ ਕੈਦ ਚ ਹੈ
ਘੱਟ ਬੋਲਣਾ ਸ਼ਾਨ ਬਣ ਗਿਆ
ਸੰਵੇਦਨਾਵਾਂ
ਸ਼ਬਦ
ਮਰ ਰਹੇ ਨੇ
ਸਾਝਾਂ ਫਿੱਕੀਆਂ ਪੈ ਗੲਈਆਂ
ਮਤਲਬ ਸਿਰ ਚੜ
ਲਲਕਾਰੇ ਮਾਰ ਰਿਹੈ
ਬਾਜ਼ਾਰ ਘਰਾਂ ਚ ਨੇ
ਪਰ ਚਿਹਰੇ ਉਦਾਸ ਨੇ
ਵਿਸ਼ਵੀਕਰਨ
ਪੂੰਜ਼ੀਵਾਦ ਦੇ ਥੱਪੜਾਂ ਨੇ
ਮਨੁੱਖ ਬੋਲ਼ਾ ਕਰ ਦਿੱਤਾ
ਕਿਰਤੀ ਪਿਸ ਰਿਹੈ
ਚੰਦ ਗੋਗੜਾਂ ਦੀ ਚੱਕੀ ਚ
ਹਾਕਮ ਤਾਨਾਸ਼ਾਹ
ਹਰ ਪਾਸੇ ਅਨਿਆਂ
ਮਰੀਆਂ ਜਮੀਰਾਂ ਵਾਲੇ
ਸਬਕ ਪੜ੍ਹਾ ਰਹੇ ਨੇ
ਨੌਜਵਾਨ ਪੀੜ੍ਹੀ
ਮੰਜ਼ਿਲੋਂ ਬੇਮੁੱਖ ਹੈ
ਕਿਤਾਬਾਂ ਦੀ ਥਾਂ
ਹੱਥਾਂ ਚ ਮੋਬਾਇਲ ਨੇ
ਕੈਟਰੀਨਾ
ਕੰਗਨਾ
ਸੰਨੀ
ਆਦਰਸ਼ ਬਣੇ
ਭਗਤ ਸਿੰਘ ਕੁੱਝ ਨਹੀਂ ਲਗਦਾ
ਜ਼ਿੰਦਗੀ ਦੀਆਂ
ਸਹੀ ਤੰਦਾਂ
ਹੱਥੋਂ ਨਿਕਲੀਆਂ
ਹੁਣ ਚਾਰੇ ਪਾਸੇ ਹੈ
ਘੜਮੱਸ ਹੀ ਘੜਮੱਸ
ਦਿਲਬਾਗ ਰਿਉਂਦ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly